Loading Now

‘ਕੌਮਾਂਤਰੀ ਮਜਦੂਰ ਦਿਹਾੜੇ’ ਦੀ ਇਨਕਲਾਬੀ ਰੂਹ/ਵਿਰਾਸਤ/ਯਸ਼ ਪਾਲ

‘ਕੌਮਾਂਤਰੀ ਮਜਦੂਰ ਦਿਹਾੜੇ’ ਦੀ ਇਨਕਲਾਬੀ ਰੂਹ/ਵਿਰਾਸਤ/ਯਸ਼ ਪਾਲ

●ਸਾਂਝੇ ਜਮਾਤੀ ਸੰਘਰਸ਼ਾਂ ਦਾ
ਝੰਡਾ ਬੁਲੰਦ ਕਰੋ!

●ਹਾਕਮਾਂ ਦੇ ਫਿਰਕੂ-ਫਾਸ਼ੀ
ਹੱਲੇ ਨੂੰ ਠੱਲ੍ਹਣ ਲਈ
ਅੱਗੇ ਵਧੋ!!

●ਅਮਰੀਕੀ-ਇਜ਼ਰਾਈਲੀ
ਸਾਮਰਾਜੀ ਗੱਠ-ਜੋੜ ਦੀ
ਧੌਂਸਗਿਰੀ ਦਾ ਵਿਰੋਧ ਕਰੋ!!!

●ਪਹਿਲੀ ਮਈ 1886 ਨੂੰ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੀ ਮਜਦੂਰ ਜਮਾਤ ਵੱਲੋਂ ਮੁੱਖ ਤੌਰ ਤੇ 8 ਘੰਟੇ ਦੀ ਕੰਮ ਦਿਹਾੜੀ ਦੀ ਮੰਗ ਨੂੰ ਲੈ ਕੇ ਬੇਮਿਸਾਲ ਹੜਤਾਲ ਕੀਤੀ ਗਈ। ਇਸ ਹੜਤਾਲ ਦੌਰਾਨ ਹੀ 3 ਤੇ 4 ਮਈ ਨੂੰ ਕੀਤੇ ਗਏ ਭਾਰੀ ਮੁਜਾਹਰਿਆਂ ਅੰਦਰ ਅਮਰੀਕੀ ਸਰਮਾਏਦਾਰੀ ਜਮਾਤ ਵੱਲੋਂ ਖੇਡੀ ਗਈ ਖੂਨੀ ਹੋਲੀ ਵਿਚ ਸੱਤ ਮਜਦੂਰ ਸ਼ਹੀਦ ਹੋਏ ਅਤੇ ਗ੍ਰਿਫਤਾਰ ਕੀਤੇ ਗਏ, ਚਾਰ ਮਜਦੂਰ ਆਗੂਆਂ ਸਪਾਈਸ, ਪਾਰਸਨਜ਼, ਈਸ਼ਰ ਤੇ ਏਂਜ਼ਲ ਨੂੰ ਝੂਠਾ ਮੁਕੱਦਮਾ ਚਲਾ ਕੇ ਝੂਠੀਆਂ ਗਵਾਹੀਆਂ ਦੇ ਆਧਾਰ ਤੇ 11 ਨਵੰਬਰ 1887 ਨੂੰ ਫਾਂਸੀ ਤੇ ਲਟਕਾਇਆ ਗਿਆ। ਹੋਰਨਾਂ ਅਨੇਕਾਂ ਆਗੂਆਂ ਨੂੰ ਲੰਬੀਆਂ ਸਜਾਵਾਂ ਸੁਣਾਈਆਂ ਗਈਆਂ। ਉਸ ਸਮੇਂ ਮਜਦੂਰ ਲਹਿਰ ਦੀ ਅਗਵਾਈ ਕਰਨ ਵਾਲੀ ਜਥੇਬੰਦੀ ‘ਅਮਰੀਕੀ ਫੈਡਰੇਸ਼ਨ ਆਫ ਲੇਬਰ’ਵੱਲੋਂ 1 ਮਈ 1890 ਨੂੰ ‘ਕੌਮਾਂਤਰੀ ਮੁਜ਼ਾਹਰੇ’ ਦੇ ਦਿਹਾੜੇ ਵੱਜੋਂ ਮਨਾਉਣ ਦੇ ਫੈਸਲੇ ਤੋਂ ਬਾਅਦ ‘ਪਹਿਲੀ ਮਈ ਦਾ ਦਿਹਾੜਾ ’‘ਕੌਮਾਂਤਰੀ ਮਜਦੂਰ ਦਿਹਾੜੇ’ ਵਜੋਂ ਦੁਨੀਆਂ ਭਰ ਦੀ ਮਜਦੂਰ ਜਮਾਤ ਤੇ ਦੱਬੇ-ਕੁਚਲੇ ਲੋਕਾਂ ਦਾ ਕੌਮਾਂਤਰੀ ਤਿਉਹਾਰ ਦਾ ਰੂਪ ਧਾਰਨ ਕਰ ਗਿਆ।

●8 ਘੰਟੇ ਕੰਮ-ਦਿਹਾੜੀ
ਪੂੰਜੀਵਾਦੀ ਜੂਲੇ ਤੋਂ
ਮੁਕਤੀ ਵੱਲ ਕਦਮ

●ਉਸ ਸਮੇਂ ਮਜਦੂਰ ਹੜਤਾਲ ਦੀ ਫੌਰੀ ਮੁੱਖ ਮੰਗ 8 ਘੰਟੇ ਦੀ ਕੰਮ ਦਿਹਾੜੀ ਹੋਣ ਕਾਰਨ ਇਸ ‘ਕੌਮਾਂਤਰੀ ਮਜਦੂਰ ਦਿਵਸ’ ਨੂੰ ਕੇਵਲ ਇਸੇ ਮੰਗ ਨਾਲ ਹੀ ਜੁੜੇ ਹੋਣ ਦੀ ਗਲਤ ਆਮ ਧਾਰਨਾ ਪਾਈ ਜਾਂਦੀ ਹੈ। ਸੰਸਾਰ ਪੱਧਰ ’ਤੇ ਰਸਮੀ ਕਾਨੂੰਨੀ ਤੌਰ ਤੇ ਇਸ ਮੰਗ ਦੇ ਸਵੀਕਾਰ ਹੋ ਜਾਣ ਉਪਰੰਤ ਇਸ ਦਿਹਾੜੇ ਨੂੰ ਸ਼ਿਕਾਗੋ ਦੇ ਉਨ੍ਹਾਂ ਸ਼ਹੀਦਾਂ ਦੀ ਯਾਦ ’ਚ ਕੀਤੇ ਜਾਂਦੇ ਸਮਾਗਮਾਂ / ਝੰਡਾ ਝੁਲਾਉਣ ਰਸਮਾਂ ਤੱਕ ਹੀ ਸੀਮਿਤ ਸਮਝਿਆ ਜਾਂਦਾ ਹੈ। ਜਦਕਿ ਇਹ ਧਾਰਨਾ ਭਟਕਾਊ ਹੈ ਅਤੇ ਹਕੀਕਤ ਤੋਂ ਕੋਹਾਂ ਦੂਰ ਹੈ। ਉਵੇਂ ਤਾਂ ਅਜੋਕੇ ਸਾਮਰਾਜੀ ਵਿਸ਼ਵੀਕਰਨ ਦੇ ਦੌਰ ਅੰਦਰ ਘੱਟ ਤੋਂ ਘੱਟ 8 ਘੰਟੇ ਦੀ ਕੰਮ ਦਿਹਾੜੀ ਦੀ ਮੰਗ ਕਾਨੂਨੀ ਤੌਰ ਤੇ ਮੰਨੀ ਹੋਣ ਦੇ ਬਾਵਜੂਦ ਕਾਰਪੋਰੇਟ ਖੇਤਰ ਅਤੇ ਹੋਰਨਾਂ ਸੇਵਾਵਾਂ ਦੇ ਖੇਤਰਾਂ ਅੰਦਰ ਅਮਲੀ ਤੌਰ ਤੇ ਪੁੱਠਾ ਗੇੜ ਸ਼ੁਰੂ ਹੋ ਚੁੱਕਿਆ ਹੈ ਜਿਸ ਨੂੰ ‘ਮੋਦੀ ਸਰਕਾਰ’ ਦੇ 4 ‘ਲੇਬਰ ਕੋਡਾਂ’ ਰਾਹੀਂ ਕਾਨੂੰਨੀ ਜਾਮਾ ਵੀ ਪਹਿਨਾਇਆ ਜਾ ਚੁੱਕਿਆ ਹੈ (ਪਿਛਲੇ ਦਿਨੀਂ ਮਨੇਸਰ,ਗੁੜਗਾਉਂ, ਨੋਇਡਾ, ਪਾਨੀਪਤ ਤੇ ਮੁਲਕ ਦੇ ਹੋਰ ਹਿੱਸਿਆਂ ਅੰਦਰ ਘੱਟ ਉਜਰਤ ਵੱਧ ਕੰਮ ਘੰਟੇ ,ਓਵਰ ਟਾਈਮ ਤੇ ਮਾੜੀਆਂ ਕੰਮ-ਹਾਲਤਾਂ ਨੂੰ ਲੈਕੇ ਮਜ਼ਦੂਰ ਜਮਾਤ ਅੰਦਰ ਉੱਠਿਆ ਉਭਾਰ,ਜਿਸ ਨੂੰ ਜ਼ਬਰ ਨਾਲ ਕੁਚਲਿਆ ਜਾ ਰਿਹਾ ਹੈ, ਇਸ ਦੀ ਸ਼ਾਅਦੀ ਭਰਦਾ ਹੈ) ਪਰੰਤੂ ਇਤਿਹਾਸਿਕ ਤੇ ਜਮਾਤੀ ਨਜ਼ਰੀਏ ਤੋਂ ਦੇਖਿਆਂ,ਇਹ ਦਿਹਾੜਾ ਕਿਸੇ ਇਕ ਮੰਗ, ਕਿਸੇ ਇਕ ਕਾਰਖਾਨੇ ਜਾਂ ਕਿਸੇ ਇਕ ਮੁਲਕ ਨਾਲ ਨਹੀਂ ਜੁੜਿਆ ਹੋਇਆ।
ਸਗੋਂ ਇਹ ਦਿਹਾੜਾ ਤਾਂ ਦੁਨੀਆ ਭਰ ਦੀ ਸਮੁੱਚੀ ਮਜ਼ਦੂਰ ਜਮਾਤ ਤੇ ਦੱਬੇ- ਕੁਚਲੇ ਲੋਕਾਂ ਵੱਲੋਂ ਸਾਮਰਾਜੀ-ਸਰਮਾਏਦਾਰੀ ਤੇ ਜਾਗੀਰੂ ਪ੍ਰਬੰਧ ਦੀ ਅੰਨ੍ਹੀ ਲੁੱਟ-ਖਸੁੱਟ ਅਤੇ ਜਮਾਤੀ ਵਿਤਕਰੇ ਤੋਂ ਮੁਕਤ ਸਮਾਜਿਕ-ਆਰਥਿਕ ਪ੍ਰਬੰਧ ਕਾਇਮ ਕਰਨ ਲਈ ਲੜੇ ਜਾ ਰਹੇ ਸੰਘਰਸ਼ਾਂ ਨੂੰ ਜਾਰੀ ਰੱਖਣ ਦਾ ਅਤੇ ਇਸ ਨੂੰ ਅੰਤਿਮ ਜਿੱਤ ਤੱਕ ਪਹੁੰਚਾਉਣ ਦੇ ਪ੍ਰਣ ਦੁਹਰਾਉਣ ਦਾ ਪ੍ਰਤੀਕ ਹੈ।

●ਉਨ੍ਹੀਵੀਂ ਸਦੀ ਦੇ ਮਜਦੂਰ ਸੰਘਰਸ਼ ’ਚ ਵੀ 8 ਘੰਟੇ ਦੀ ਕੰਮ ਦਿਹਾੜੀ ਦੀ ਮੰਗ ਨੂੰ ਇਸ ਲੰਬੀ ਲੜਾਈ ਦੀ ਇਕ ਕੜੀ ਵਜੋਂ ਹੀ ਦੇਖਿਆ ਜਾਂਦਾ ਸੀ। ‘ਅਮਰੀਕੀ ਨੈਸ਼ਨਲ ਫੈਡਰੇਸ਼ਨ ਆਫ ਲੇਬਰ’ ਵੱਲੋਂ ਵੀ ਇਸ ਨੂੰ ਇਉਂ ਬਿਆਨਿਆ ਗਿਆ ਸੀ- “ਇਸ ਦੇਸ਼ ਦੇ ਮਜਦੂਰਾਂ ਨੂੰ ਪੂੰਜੀਵਾਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਅੱਜ ਵੀ ਪਹਿਲੀ ਤੇ ਜ਼ਰੂਰੀ ਗੱਲ ਇਹ ਹੈ ਕਿ ਅਜਿਹਾ ਕਾਨੂੰਨ ਬਣਾਇਆ ਜਾਵੇ ਜਿਸ ਨਾਲ ਅਮਰੀਕਾ ਦੇ ਹਰ ਸੂਬੇ ਵਿਚ ਆਮ ਤੌਰ ਤੇ 8 ਘੰਟੇ ਦਾ ਕੰਮ ਲਿਆ ਜਾਵੇ।”ਮਜਦੂਰ ਜਮਾਤ ਦੇ ਮਹਾਨ ਰਹਿਬਰ ਕਾਰਲ ਮਾਰਕਸ ਦੀ ਅਗਵਾਈ ਹੇਠ ਜਥੇਬੰਦ ਹੋਈ ਕੌਮਾਂਤਰੀ ਜਥੇਬੰਦੀ ‘ਪਹਿਲੀ ਕੌਮਾਂਤਰੀ’ ਨੇ ਵੀ ਇਸ ਮੰਗ ਦੀ ਵਿਆਖਿਆ ਇਸੇ ਸੰਦਰਭ ’ਚ ਹੀ ਕੀਤੀ ਸੀ ਕਿ “ਜਦੋਂ ਤੱਕ ਕੰਮ ਕਰਨ ਦੇ ਘੰਟਿਆਂ ਦੀ ਕਾਨੂੰਨੀ ਤੌਰ ਤੇ ਹੱਦ ਨਹੀਂ ਮਿਥੀ ਜਾਂਦੀ ਉਦੋਂ ਤੱਕ ਮਜਦੂਰ ਜਮਾਤ ਦੀ ਬਿਹਤਰੀ ਤੇ ਮੁਕਤੀ ਲਈ ਹੋਣ ਵਾਲੀਆਂ ਸਾਰੀਆਂ ਕੋਸ਼ਿਸ਼ਾਂ ਅਧੂਰੀਆਂ ਰਹਿ ਜਾਣਗੀਆਂ।”

●ਫਾਂਸੀ ਦੇ ਤਖਤੇ ਤੋਂ
ਸ਼ਹੀਦਾਂ ਦੀ ਵੰਗਾਰ!

●ਸੂਲੀ ਤੇ ਲਟਕ ਜਾਣ ਤੋਂ ਪਹਿਲਾਂ ਚਲਾਏ ਗਏ ਮੁੱਕਦਮੇ ਦੌਰਾਨ, ਮਜਦੂਰ ਲਹਿਰ ਦੇ ਸੂਰਬੀਰ ਯੋਧੇ ਸ਼ਹੀਦ ‘ਸਪਾਈਸ’ ਵਲੋ ਅਦਾਲਤ ਅੰਦਰ ਬੋਲੇ ਗਰਜਵੇਂ ਬੋਲ ਕਿ ” ਮੈਂ ਇਥੇ ਦੂਜੀਆਂ ਜਮਾਤਾਂ ਦੇ ਨੁਮਾਇੰਦਿਆਂ ਸਾਹਮਣੇ ਇਕ ਜਮਾਤ ਦੇ ਨੁਮਾਇੰਦੇ ਦੀ ਹੈਸੀਅਤ ’ਚ ਬੋਲ ਰਿਹਾ ਹਾਂ। ਜੇ ਤੁਸੀਂ ਸਮਝਦੇ ਹੋ ਕਿ ਸਾਨੂੰ ਫਾਹੇ ਲਾ ਕੇ ਮਜ਼ਦੂਰ ਲਹਿਰ ਦਾ ਗਲਾ ਘੁੱਟ ਸਕਦੇ ਹੋ ਤਾਂ ਲਾ ਦਿਓ ਫਾਹੇ, ਫਿਰ ਦੇਖਣਾ, ਤੁਸੀਂ ਚੰਗਿਆੜਿਆਂ ਉਪਰ ਚੱਲਦੇ ਹੋਵੋਗੇ, ਚੰਗਿਆੜੇ ਜਿਹੜੇ ਇਥੇ-ਉਥੇ, ਤੁਹਾਡੇ ਅੱਗੇ-ਪਿਛੇ , ਹਰ ਥਾਂ ਭਾਂਬੜ ਬਣ ਕੇ ਮੱਚਣਗੇ। ਇਹ ਜਵਾਲਾ ਹੈ,ਜਵਾਲਾ ਜਿਸਨੂੰ ਤੁਸੀਂ ਬੁਝਾ ਨਹੀਂ ਸਕਦੇ …………!” ਵੀ ਇਸੇ ਸੱਚ ਨੂੰ ਉਜਾਗਰ ਕਰਦੇ ਹਨ। ‘ਮਈ ਦਿਵਸ’ ਦੇ ਦੂਜੇ ਅਮਰ ਸ਼ਹੀਦ ‘ਪਾਰਸਨਜ਼’ ਵੱਲੋਂ ਫਾਂਸੀ ਦੇ ਤਖਤੇ ਤੇ ਝੂਲ ਜਾਣ ਤੋਂ ਪਹਿਲਾਂ ਆਪਣੀ ਪਤਨੀ ਲੂਸੀ ਦੇ ਨਾਂ ਲਿਖੇ ਆਪਣੇ ਖਤ ’ਚ ਲਿਖੇ ਇਹ ਸ਼ਬਦ- “ਕਾਸ਼ ! ਮੇਰਾ ਵੱਸ ਚਲਦਾ ਤਾਂ ਮੈਂ ਛਲ-ਕਪਟ ਤੇ ਜ਼ਬਰ-ਜ਼ੁਲਮ ‘ਤੇ ਉਸਰੇ ਸੁਰੱਖਿਅਤ ਕਿਲ੍ਹਿਆਂ ਨੂੰ ਢਹਿ-ਢੇਰੀ ਕਰ ਦਿੰਦਾ ਤੇ ਉਨ੍ਹਾਂ ਖੰਡਰਾਂ ਉੱਪਰ ਮਨੁੱਖਤਾ ਦਾ ਝੰਡਾ ਗੱਡ ਦਿੰਦਾ ..ਮੈਂ ਇਕ ਸਮਾਜਵਾਦੀ ਹਾਂ,ਸਮਾਜਵਾਦ! ਚੰਦ ਸ਼ਬਦਾਂ ’ਚ ਪੈਦਾਵਾਰ ਦੇ ਸਾਧਨਾਂ ਉੱਪਰ ਮਿਹਨਤਕਸ਼ ਲੋਕਾਂ ਦਾ ਆਜ਼ਾਦ ਹੱਕ ਹੈ, ਪੈਦਾਵਾਰ ਕਰਨ ਵਾਲਿਆਂ ਦਾ ਹੱਕ ਹੈ ……..।” ਵੀ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਭਾਵੇਂ 8 ਘੰਟੇ ਦੀ ਕੰਮ ਦਿਹਾੜੀ ਮੁੱਖ ਮੰਗ ਸੀ, ਪਰ ਮਜਦੂਰ ਜਮਾਤ ਦੀ ਲਹਿਰ ਦਾ ਚੇਤੰਨ ਉਦੇਸ਼ ਸਰਮਾਏਦਾਰੀ ਪ੍ਰਬੰਧ ਨੂੰ ਫ਼ਨਾਹ ਕਰਕੇ ਇਸ ਦੇ ਖੰਡਰਾਂ ‘ਤੇ ਝੰਡਾ ਗੱਡ ਕੇ ਲੁੱਟ ਤੇ ਜ਼ਬਰ ਤੋਂ ਮੁਕਤ ਸਮਾਜ ਦੀ ਸਿਰਜਣਾ ਸੀ।

●ਕੌਮਾਂਤਰੀ ਮਜਦੂਰ ਦਿਹਾੜੇ’ ਦੀ
ਇਨਕਲਾਬੀ ਵਿਰਾਸਤ!

●ਇਹੋ ਹੀ ਇਨਕਲਾਬੀ ਵਿਰਾਸਤ ਤੇ ਇਹੋ ਹੀ ਰੂਹ ਹੈ,ਕੌਮਾਂਤਰੀ ਮਜਦੂਰ ਦਿਹਾੜੇ ‘ਮਈ ਦਿਵਸ’ ਦੀ। ਪਰੰਤੂ ਜਿਥੇ ਸਰਮਾਏਦਾਰ ‘ਮਈ ਦਿਹਾੜੇ’ ਦੀ ਇਸ ਰੂਹ ਨੂੰ ਕਤਲ ਕਰਨ ਲਈ ਅਤੇ ਇਸ ਦੀ ਇਨਕਲਾਬੀ ਵਿਰਾਸਤ ਨੂੰ ਧੁੰਦਲਾ ਕਰਨ ਲਈ ਇਸ ਦਿਹਾੜੇ ਨੂੰ ਕਿਰਤੀਆਂ ਦੇ ਇਕ ਦਿਹਾੜੇ ਵਜੋਂ ਇਕ ਦਿਨ ਦੀ ਛੁੱਟੀ ਕਰਕੇ, ਮਜਦੂਰਾਂ ਨੂੰ ਤੁੱਛ ਤੋਹਫੇ ਆਦਿ ਭੇਟ ਕਰਕੇ ਜਾਂ ਅਜਿਹੇ ਹੋਰ ਕਈ ਖੇਖਣ ਕਰਕੇ, ਮਜ਼ਦੂਰ ਜਮਾਤ ਨੂੰ ਭਰਮਾਉਣ-ਭਟਕਾਉਣ ਦਾ ਯਤਨ ਕਰਦੀ ਹੈ, ਉੱਥੇ ਮਜ਼ਦੂਰਾਂ-ਮੁਲਾਜ਼ਮਾਂ ਦੇ ਹਿੱਤਾਂ ਦਾ ਦਮ ਭਰਨ ਵਾਲੀਆਂ ਬਹੁਤ ਸਾਰੀਆਂ ਜਥੇਬੰਦੀਆਂ / ਪਾਰਟੀਆਂ ਵੱਲੋਂ ਵੀ ਇਸ ਦਿਹਾੜੇ ਨਾਲ ਜੁੜੀ ਸਰਗਰਮੀ ਤੇ ਸਮਾਗਮਾਂ ਨੂੰ ਮਜਦੂਰਾਂ-ਮੁਲਾਜਮਾਂ ਦੀਆਂ ਰੋਜ਼-ਮਰ੍ਹਾ ਦੀਆਂ ਮੰਗਾਂ ਤੇ ਮਸਲਿਆਂ ਦੇ ‘ਮੰਗ ਦਿਵਸ’ ਵਜੋਂ ਮਨਾਉਣ ਤੱਕ ਹੀ ਸੀਮਿਤ ਕੀਤਾ ਜਾਂਦਾ ਹੈ। ਇਨ੍ਹਾਂ ਰੋਜ਼-ਮਰ੍ਹਾ ਦੀਆਂ ਮੰਗਾਂ ਨੂੰ ਤੇ ਸੰਘਰਸ਼ਾਂ ਨੂੰ ਬੁਨਿਆਦੀ ਸਮਾਜਿਕ ਤਬਦੀਲੀ ਦੇ ਅੰਤਿਮ ਨਿਸ਼ਾਨੇ ਦੇ ਸੰਦਰਭ ’ਚ ਰੱਖ ਕੇ ਨਹੀਂ ਦੇਖਿਆ ਜਾਂਦਾ ਤੇ ਇਉਂ ਉਨ੍ਹਾਂ ਵੱਲੋਂ ਵੀ ਇਸ ਕੌਮਾਂਤਰੀ ਮਜਦੂਰ ਦਿਹਾੜੇ ਦੀ ਇਨਕਲਾਬੀ ਵਿਰਾਸਤ ਨੂੰ ਖੋਰਾ ਲਾਇਆ ਜਾਂਦਾ ਹੈ। ਸਗੋਂ ਉਨ੍ਹਾਂ ਵਲੋਂ ਮਜ਼ਦੂਰ ਜਮਾਤ ਦੀ ਮੁਕਤੀ ਲਈ ਬੁਨਿਆਦੀ ਸਮਾਜਿਕ ਤਬਦੀਲੀ ਦੀ ਬਜਾਇ ਚੋਣਾਂ ਰਾਹੀਂ ਹਾਕਮ ਜਮਾਤੀ ਪਾਰਟੀਆਂ ਦੀ ਇਕ ਜਾਂ ਦੂਜੀ ਸਰਕਾਰ ਨੂੰ ਹਰਾਉਣਾ ਜਾਂ ਜਿਤਾਉਣਾ ਹੀ ਅੰਤਿਮ ਨਿਸ਼ਾਨਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਜਦ ਕਿ ਸਾਮਰਾਜੀ ਵਿਸ਼ਵੀਕਰਨ ਦੀ ਨੀਤੀ ਤਹਿਤ ਅੱਜ ਸਭਨਾਂ ਵੰਨਗੀ ਦੀਆਂ ਹਾਕਮ ਜਮਾਤੀ ਪਾਰਟੀਆਂ ਦੀਆਂ ਸਰਕਾਰਾਂ, ਸਾਮਰਾਜੀ ਵਿੱਤੀ ਸੰਸਥਾਵਾਂ, ‘ਸੰਸਾਰ ਬੈਂਕ-ਮੁਦਰਾ ਕੋਸ਼-ਵਿਸ਼ਵ ਵਪਾਰ ਸੰਸਥਾ’ ਦੀ ਤਿੱਕੜੀ ਵੱਲੋਂ ਨਿਰਦੇਸ਼ਤ ‘ਖੁਲ੍ਹੀ ਮੰਡੀ-ਖੁੱਲ੍ਹਾ ਵਪਾਰ’ ਦੇ ਨਵ-ਉਦਾਰਵਾਦੀ ਏਜੰਡੇ ਨੂੰ ਲਾਗੂ ਕਰਨ ਤੇ ਇਕ ਮੱਤ ਹਨ। ਇਸੇ ਏਜੰਡੇ ਤਹਿਤ ਹੀ ਉਹ ਗਰੀਬ ਮਜਦੂਰਾਂ, ਕਿਸਾਨਾਂ, ਦਲਿਤਾਂ, ਆਦਿ-ਵਾਸੀਆਂ ਤੇ ਛੋਟੇ ਕਾਰੋਬਾਰੀਆਂ ਨੂੰ ਕੰਗਾਲ ਕਰਨ ਤੇ ਉਜਾੜਨ ਵਾਲੇ, ਰੁਜਗਾਰ ਦੇ ਵਸੀਲਿਆਂ ਨੂੰ ਖੋਹਣ ਵਾਲੇ, ਪੱਕੇ ਰੁਜਗਾਰ ਦੀ ਥਾਂ ਠੇਕਾ ਭਰਤੀ/ਆਊਟਸੋਰਸਿੰਗ ਪ੍ਰਣਾਲੀ ਵਾਲੇ, ਪੈਨਸ਼ਨ ਵਰਗੀਆਂ ਹਰ ਕਿਸਮ ਦੀਆਂ ਪਹਿਲਾਂ ਮਿਲ ਗਈਆਂ ਆਰਥਿਕ ਤੇ ਸਮਾਜਿਕ ਸਹੂਲਤਾਂ ’ਤੇ ਕੈਂਚੀ ਫੇਰਨ ਵਾਲੇ, ਸਰਕਾਰੀ ਤੇ ਪਬਲਿਕ ਸੈਕਟਰ ਦੇ ਸਮੂਹ ਅਦਾਰਿਆਂ ਦਾ ਭੋਗ ਪਾ ਕੇ, ਦੇਸੀ ਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੀਆਂ ਤਿਜੋਰੀਆਂ ਭਰਨ ਵਾਲੇ ‘ਜੀ.ਡੀ.ਪੀ. ਮਾਰਕਾ’ “ਆਰਥਿਕ ਵਿਕਾਸ ਮਾਡਲ” ਨੂੰ ਇਕ ਦੂਜੇ ਨਾਲੋਂ ਅੱਗੇ ਵੱਧ ਕੇ ਜ਼ੋਰ-ਸ਼ੋਰ ਨਾਲ ਲਾਗੂ ਕਰਨ ਲਈ ਤਹੂ ਹਨ।ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਕੇਂਦਰ ਦੀ ਮੋਦੀ ਸਰਕਾਰ ਦੇ ਇਸੇ ਨਕਸ਼-ਏ-ਕਦਮ ‘ਤੇ ਹੀਚੱਲ ਰਹੀ ਹੈ। ਮੋਦੀ ਦੇ ‘ਮੇਕਇਨ ਇੰਡੀਆ’, ‘ਸਮਾਰਟ ਇੰਡੀਆ’, ‘ਡਿਜੀਟਲ ਇੰਡੀਆ’, ‘ਕੈਸ਼ਲੈਸ ਇੰਡੀਆ’, ‘ਨੋਟਬੰਦੀ’ ‘ਅੰਮ੍ਰਿਤਕਾਲ’ ਆਦਿ ਅਤੇ 2047 ਦੇ 10 ਖ਼ਰਬ ਜੀਡੀਪੀ ਵਾਲੇ ‘ਵਿਕਸਤ ਭਾਰਤ’ ਵਰਗੇ ਸ਼ਬਦੀ ਮਾਇਆ ਜਾਲ ਰਾਹੀਂ ਪ੍ਰਚਾਰੇ ਜਾ ਰਹੇ ‘ਭਰਮਾਊ ਪ੍ਰਾਜੈਕਟ’ ਵੀ ਇਸੇ ਕਾਰਪੋਰੇਟ ਵਿਕਾਸ ਮਾਡਲ ਦਾ ਹੀ ਹਿੱਸਾ ਹਨ।

●ਕੇਂਦਰ/ਰਾਜ ਸਰਕਾਰਾਂ ਵੱਲੋਂ ਪਹਿਲਾਂ ਹੀ ਲਾਗੂ ਕੀਤੇ ਜਾ ਰਹੇ ਕਾਰਪੋਰੇਟ ਪੱਖੀ ਨਵ-ਉਦਾਰਵਾਦੀ ਏਜੰਡੇ ਨੂੰ, ਕੋਰੋਨਾ ਮਹਾਂ-ਮਾਰੀ ਸੰਕਟ ਦੀ ਆੜ ‘ਚ ਹੋਰ ਅੱਗੇ ਵਧਾਇਆ ਗਿਆ। ਕੇਂਦਰ ਦੀ ਮੋਦੀ ਸਰਕਾਰ ਨੇ ਤਾਂ ‘ਕਰੋਨਾ ਲਾਕਡਾਊਨ’ ਦੇ ਸਹਾਰੇ ਕਾਰਪੋਰੇਟ ਏਜੰਡੇ ਤਹਿਤ ਹੀ,ਕਿਰਤ ਕਾਨੂੰਨਾਂ ਦੀ ਸੋਧ ਵੱਜੋਂ,ਮਈ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਰਾਹੀਂ ਹਾਸਿਲ ਕੀਤੀ 8 ਘੰਟੇ ਦੀ ਕੰਮ ਦਿਹਾੜੀ ਵਧਾ ਕੇ 12 ਘੰਟੇ ਕਰਨ ਅਤੇ ‘ਇੰਡਸਟਰੀਅਲ ਡਿਸਪਿਊਟ ਐਕਟ’ ਤਹਿਤ ਮਜ਼ਦੂਰਾਂ ਨੂੰ ਯੂਨੀਅਨ ਬਣਾਉਣ ਦੇ ਮਿਲੇ ਅਧਿਕਾਰ ਉੱਪਰ ਸਾਲ-ਦੋ ਸਾਲ ਲਈ ਪਾਬੰਦੀ ਲਾਉਣ ਦੀਆਂ ਯੋਜਨਾ ਘੜੀ ਗਈ। ਦੂਜੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਨਾਲ ਦੀ ਨਾਲ ਹੀ ਮਜ਼ਦੂਰਾਂ , ਕਿਸਾਨਾਂ,ਵਿਦਿਆਰਥੀਆਂ, ਦਲਿਤਾਂ,ਆਦਿਵਾਸੀਆਂ ਤੇ ਘੱਟ ਗਿਣਤੀਆਂ ਦੇ ਹੱਕ’ਚ ਆਵਾਜ ਉਠਾਉਣ ਵਾਲੇ ਅਤੇ ਸਰਕਾਰ ਦੀਆਂ ਜ਼ਾਬਰ ਨੀਤੀਆਂ ਉੱਪਰ ਕਿੰਤੂ ਕਰਨ ਵਾਲੇ ਲੇਖਕਾਂ,ਪੱਤਰਕਾਰਾਂ,ਬੁੱਧੀ-ਜੀਵੀਆਂ ਅਤੇ ‘ਨਾਗਰਿਕਤਾ ਸੋਧ ਕਨੂੰਨ’ ਅੰਦੋਲਨ ਦੀ ਅਗਵਾਈ ਕਰਨ ਵਾਲੇ ਨੌਜੁਆਨਾਂ ਵਿਦਿਆਰਥੀਆਂ ਨੂੰ “ਸ਼ਹਿਰੀ ਨਕਸਲੀ”, “ਜਿਹਾਦੀ”, “ਦੇਸ਼ ਧ੍ਰੋਹੀ” ਆਦਿ ਗਰਦਾਨ ਕੇ ਦੇਸ਼ ਧ੍ਰੋਹ ਦੇ ਝੂਠੇ ਕੇਸਾਂ ‘ਚ ਫਸਾ ਕੇ ਜੇਲ੍ਹੀਂ ’ਸੁੱਟਿਆ ਗਿਆ। ਇਸੇ ਕਾਰਪੋਰੇਟ- ਫਿਰਕੂ-ਫਾਸ਼ੀਵਾਦ ਦੇ ਜੜੁੱਤ ਏਜੰਡੇ ਨੂੰ ਮੋਦੀ ਸਰਕਾਰ ਵੱਲੋਂ ਮੁਲਕ ਦੀਆਂ ਸਮੂਹ ਸੰਵਿਧਾਨਿਕ ਸੰਸਥਾਵਾਂ ਦੇ ਮੁਕੰਮਲ ਕੇਂਦਰੀਕਰਨ ਰਾਹੀਂ, ਰਾਜਾਂ ਦੇ ਸੰਵਿਧਾਨਿਕ-ਕਨੂੰਨੀ ਅਧਿਕਾਰਾਂ ਨੂੰ ਉਲੰਘ ਕੇ ਹੋਰ ਅੱਗੇ ਵਧਾਇਆ ਜਾ ਰਿਹਾ ਹੈ।ਮਜਦੂਰ ਵਿਰੋਧੀ 4 ‘ਲੇਬਰ ਕੋਡ’,ਕਿਸਾਨ ਵਿਰੋਧੀ ‘ਤਿੰਨ ਖੇਤੀ ਕਾਨੂੰਨਾਂ’ ਦੀ ਵਾਪਸੀ ਦਾ ਕੌੜਾ ਅੱਕ ਚੱਬਣ ਤੋਂ ਬਾਅਦ,’ਐਮ.ਐਸ.ਪੀ’ ਦੀ ਕਾਨੂੰਨੀ ਗਰੰਟੀ ਤੇ ਹੋਰ ਲਟਕਦੀਆਂ ਮੰਗਾਂ ਮੰਨਣ ਤੋਂ ਇਨਕਾਰੀ ਹੋਣਾ,ਸਿੱਖਿਆ ਦੇ ਕਾਰਪੋਰੇਟੀਕਰਨ, ਕੇਂਦਰੀਕਰਨ ਤੇ ਫਿਰਕੂਕਰਨ ਵਾਲੀ ‘ਕੌਮੀ ਸਿੱਖਿਆ ਨੀਤੀ-2020’ ਨੂੰ ਸਮੁੱਚੇ ਮੁਲਕ ਉੱਪਰ ਮੜ੍ਹਨਾ, ‘ਬਿਜਲੀ ਸੋਧ ਬਿੱਲ’,’ਜੰਗਲ ਸੋਧ ਬਿੱਲ’,’ਨਾਗਰਿਕਤਾ ਸੋਧ ਬਿੱਲ’,’ਇੱਕਸਾਰ ਸਿਵਲ ਕੋਡ’,’ਵਕਫ਼ ਸੋਧ ਬਿੱਲ’ ਕੌਮੀ ਜਲ ਨੀਤੀ’ ਆਦਿ ਲਾਗੂ ਕੀਤੇ ਜਾ ਰਹੇ ਕਾਨੂੰਨ ਉਸੇ ਕਾਰਪੋਰੇਟ- ਫਿਰਕੂ-ਫਾਸ਼ੀ ਏਜੰਡੇ ਦੀ ਪੂਰਤੀ ਦੇ ਸਾਧਨ ਹੀ ਹਨ। ਸੰਵਿਧਾਨਿਕ ਅਹੁਦਿਆਂ ‘ਤੇ ਬਿਰਾਜਮਾਨ ਸਖ਼ਸ਼ੀਅਤਾਂ- ਪ੍ਰਧਾਨ ਮੰਤਰੀ,ਮੁੱਖ ਮੰਤਰੀਆਂ ਵੱਲੋਂ ਸੰਵਿਧਾਨ ਦੀ ਮੂਲ ਭਾਵਨਾ ‘ਧਰਮ ਨਿਰਲੇਪਤਾ’ ਦੀ ਉਲੰਘਣਾ ਕਰ ਕੇ ਇੱਕ ਧਰਮ ਵਿਸ਼ੇਸ਼ ਦੀ ਪੁਸ਼ਤ-ਪਨਾਹੀ ਕਰਨੀ ਵੀ ਉਕਤ ਏਜੰਡੇ ਦੀ ਦਿਸ਼ਾ- ਸੇਧ ਵੱਲ ਪੁੱਟੇ ਜਾ ਰਹੇ ਕਦਮ ਹਨ।

●ਸਾਮਰਾਜੀ ਨੀਤੀਆਂ ਵਿਰੁੱਧ
ਝੰਡਾ ਬੁਲੰਦ ਰੱਖੋ!

●ਅੱਜ ਦਾ ਮਈ ਦਿਹਾੜਾ ਜਿਥੇ ਕੌਮੀ ਪੱਧਰ ਤੇ ਸਾਮਰਾਜੀ ਨੀਤੀਆਂ ਕਾਰਨ ਪੈਦਾ ਹੋਈਆਂ ਉਕਤ ਗੰਭੀਰ ਚੁਣੌਤੀਆਂ ਸੰਗ ਭਿੜਨ ਦਾ ਤਹੱਈਆ ਕਰਨ ਦਾ ਦਿਹਾੜਾ ਹੈ ਉਥੇ ਕੌਮਾਂਤਰੀ ਪੱਧਰ ਤੇ ਵੀ ਅਮਰੀਕਾ ਦੀ ਅਗਵਾਈ ਹੇਠ ਸਾਮਰਾਜੀ ਸ਼ਕਤੀਆਂ ਵੱਲੋਂ ਵੱਖ-ਵੱਖ ਮੁਲਕਾਂ ਦੀ ਖੁਦ-ਮੁਖਤਿਆਰੀ ਤੇ ਪ੍ਰਭੂਸਤਾ ਭੰਗ ਕਰਨ, ਉਨ੍ਹਾਂ ਅੰਦਰ ਸਿੱਧੀ ਫੌਜੀ ਦਖਲ ਅੰਦਾਜੀ ਰਾਹੀਂ (ਅਫਗਾਨਿਸਤਾਨ,ਇਰਾਕ, ਲਿਬੀਆ, ਸੀਰੀਆ ਤੋਂ ਬਾਅਦ ਇਜ਼ਰਾਈਲ ਰਾਹੀਂ ਫ਼ਲਸਤੀਨ/ਗਾਜਾ ਨਸਲਕੁਸ਼ੀ,ਤਾਜਾ ਵੈਂਜੂਏਲਾ ਅਤੇ ਈਰਾਨ ਉੱਪਰ ਕੀਤਾ ਹਮਲਾ, ਕਿਊਬਾ ਤੇ ਹੋਰ ਮੁਲਕਾਂ ‘ਤੇ ਕਬਜ਼ਾ ਕਰਨ ਦੀਆਂ ਧਮਕੀਆਂ) ਅਤੇ ਅਸਿੱਧੇ ਨਵਉਦਾਰਵਾਦੀ ਏਜੰਡੇ ਰਾਹੀਂ ਸੱਤਾ ਪਲਟਣ ਜਾਂ ਨੀਤੀਆਂ ਨੂੰ ਸਾਮਰਾਜ ਪੱਖੀ ਮੋੜਾ ਦਿਵਾਉਣ ਦੇ ਕੀਤੇ ਜਾ ਰਹੇ ਕੁਕਰਮਾਂ ਵਿਰੁੱਧ ਵੀ ਆਵਾਜ ਬੁਲੰਦ ਕਰਨ ਦੀ ਮੰਗ ਕਰਦਾ ਹੈ।

●ਅੱਜ ਦਾ ਮਈ ਦਿਹਾੜਾ ਇਸ ਮੌਕੇ ਮਨਾਇਆ ਜਾ ਰਿਹਾ ਹੈ ਜਦ ਕੇਂਦਰ ਦੀ ਮੋਦੀ ਸਰਕਾਰ ਅਤੇ ਉਸ ਦੀ ਛਤਰ-ਛਾਇਆ ਹੇਠ ਪਲ ਰਹੀਆਂ ਫਿਰਕੂ ਰੰਗਤ ਵਾਲੀਆਂ ਸੰਸਥਾਵਾਂ/ਜਥੇਬੰਦੀਆਂ ਵੱਲੋਂ,ਕਸ਼ਮੀਰ ਅੰਦਰ ਵਾਪਰੇ ਪਿਛਲੇ ‘ਪੁਲਵਾਮਾ ਬੰਬ ਕਾਂਡ’ ਵਾਂਗ ਹੀ ‘ਪਹਿਲਗਾਮ ਗੋਲੀਕਾਂਡ’ ਵਰਗੀਆਂ ਦਰਦਨਾਕ ਘਟਨਾਵਾਂ ਨੂੰ ਵੀ, ਆਪਣੇ ਚੋਣ ਰਣਨੀਤਕ ਏਜੰਡੇ ‘ਚ ਫਿਟ ਕਰਨ ਲਈ,ਅੰਨ੍ਹੇ ਫਿਰਕੂ-ਰਾਸ਼ਟਰਵਾਦ ਨੂੰ ਹੱਥਾ ਬਣਾਇਆ ਜਾ ਰਿਹਾ ਹੈ।ਤੇ ਲੋਕਾਂ ਦੀ ਜਾਨ ਦੀ ਰਾਖੀ ਕਰਨ ਦੀ ਸਰਕਾਰ ਦੀ ਜ਼ਿੰਮੇਵਾਰੀ ਦੀ ਕੁਤਾਹੀ ਸੰਬੰਧੀ ਉਠ ਰਹੇ ਸਵਾਲਾਂ ਤੋਂ ਪਾਸਾ ਵੱਟਿਆ ਜਾ ਰਿਹਾ ਹੈ।ਹੋਰ ਹਕੂਮਤੀ ਪਾਰਟੀਆਂ/ਰਾਜ ਸਰਕਾਰਾਂ ਵੀ ਇਸ ਦਾ ਸ਼ਿਕਾਰ ਹੋ ਰਹੀਆਂ ਹਨ।ਇਸ ਲਈ ਅੱਜ ਦਾ ਇਹ ‘ਕੌਮਾਂਤਰੀ ਮਈ ਦਿਹਾੜਾ’,ਵਰਤੇ ਜਾ ਰਹੇ ਅਜਿਹੇ ਚੋਣ- ਹੱਥਕੰਡਿਆਂ ਦਾ ਪਰਦਾਫਾਸ਼ ਕਰਦੇ ਹੋਏ,ਸਮੂਹ ਪੀੜਤ ਵਰਗਾਂ ਦੀਆਂ ਸਾਂਝੀਆਂ ਮੰਗਾਂ/ਮਸਲਿਆਂ ਨੂੰ ਬੁਨਿਆਦੀ ਕਾਰਪੋਰੇਟ ਪੱਖੀ ਨੀਤੀਆਂ ਨਾਲ ਜੋੜਦਿਆਂ, ਲੁੱਟ-ਖਸੁੱਟ ਤੇ ਜਮਾਤੀ ਵਿਤਕਰੇ ਤੋਂ ਮੁਕਤ ਸਮਾਜ ਦੀ ਸਿਰਜਣਾ ਦੇ ਸੰਦਰਭ ’ਚ ਰੱਖ ਕੇ, ਸਾਂਝੇ ਜਮਾਤੀ ਸੰਘਰਸ਼ਾਂ ਨੂੰ ਵਿੱਢਣ ਤੇ ਜਾਰੀ ਰੱਖਣ ਦਾ ਪ੍ਰਣ ਕਰਨ ਦਾ ਦਿਹਾੜਾ ਹੈ।

-ਯਸ਼ ਪਾਲ

ਸੰਪਰਕ:
(9814535005)

Share this content:

Post Comment