Loading Now

ਕੌਕਰੋਚ ਜਨਤਾ ਪਾਰਟੀ ਆਗੂਆਂ ਸੌਰਵ ਦਾਸ ਤੇ ਆਸ਼ੂਤੋਸ਼ ਰਾਂਕਾ ਜੇਲ੍ਹ ’ਚੋਂ ਰਿਹਾਅ

ਕੌਕਰੋਚ ਜਨਤਾ ਪਾਰਟੀ ਆਗੂਆਂ ਸੌਰਵ ਦਾਸ ਤੇ ਆਸ਼ੂਤੋਸ਼ ਰਾਂਕਾ ਜੇਲ੍ਹ ’ਚੋਂ ਰਿਹਾਅ

ਨਵੀਂ ਦਿੱਲੀ – 22 ਅਕਤੂਬਰ ਵਿਸ਼ੇਸ਼ ਕਾਰਜਕਾਰੀ ਮੈਜਿਸਟਰੇਟ ਨੇ ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਆਗੂਆਂ ਸੌਰਵ ਦਾਸ ਤੇ ਆਸ਼ੂਤੋਸ਼ ਰਾਂਕਾ ਦੇ ਅਦਾਲਤੀ ਹਿਰਾਸਤ ਦੀ ਮਿਆਦ ਮੁੱਕਣ ਮਗਰੋਂ ਅੱਜ ਦੇਰ ਰਾਤ ਦੋਵਾਂ ਦੀ ਜੇਲ੍ਹ ’ਚੋਂ ਰਿਹਾਈ ਹੋ ਗਈ। ਪਾਰਟੀ ਦੇ ਸਹਿ-ਕਨਵੀਨਰਾਂ ਨੂੰ ਅੱਜ ਹਿਰਾਸਤ ਦੀ ਮਿਆਦ ਖ਼ਤਮ ਹੋਣ ਮਗਰੋਂ ਮੰਦਰ ਮਾਰਗ ਥਾਣੇ ਵਿੱਚ ਐੱਸ ਈ ਐੱਮ ਕੋਲ ਪੇਸ਼ ਕੀਤਾ ਗਿਆ, ਜਿੱਥੇ ਕਾਰਵਾਈ ਦੌਰਾਨ ਉਨ੍ਹਾਂ ਦੀਆਂ ਜ਼ਾਮਨੀਆਂ ਭਰੀਆਂ ਗਈਆਂ। ਐੱਸ ਈ ਐੱਮ ਰਿਤੂ ਰਾਜ ਨੇ ਜ਼ਾਮਨੀਆਂ ਸਵੀਕਾਰ ਕਰਦਿਆਂ ਦੋਵਾਂ ਦੀ ਰਿਹਾਈ ਦੇ ਹੁਕਮ ਦਿੱਤੇ।

ਸੌਰਵ ਦਾਸ ਤੇ ਰਾਂਕਾ ਨੂੰ 14 ਅਕਤੂਬਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਇਨ੍ਹਾਂ ’ਤੇ ਦੋਸ਼ ਹੈ ਕਿ ਉਹ ਜੰਤਰ ਮੰਤਰ, ਜਿੱਥੇ ਹੁਣ ਮੁਜ਼ਾਹਰੇ ਕਰਨ ਦੀ ਇਜਾਜ਼ਤ ਨਹੀਂ ਹੈ, ਵਿੱਚ ਦਾਖ਼ਲ ਹੋਏ ਅਤੇ ਸ਼ਾਂਤੀ ਬਣਾਈ ਰੱਖਣ ਸਬੰਧੀ ਦਿੱਤੇ ਗਏ ਮੁਚੱਲਕਿਆਂ ਦੀ ਉਲੰਘਣਾ ਕੀਤੀ। ਮਗਰੋਂ ਕੋਰਟ ਨੇ ਇਨ੍ਹਾਂ ਨੂੰ ਪੰਜ ਦਿਨਾ ਅਦਾਲਤੀ ਹਿਰਾਸਤ ਵਿੱਚ ਭੇਜ ਦਿੱਤਾ ਸੀ। ਸੋਮਵਾਰ (19 ਅਕਤੂਬਰ) ਨੂੰ ਇਨ੍ਹਾਂ ਦੇ ਅਦਾਲਤੀ ਹਿਰਾਸਤ ਦੀ ਮਿਆਦ ਦੋ ਦਿਨ ਹੋਰ ਵਧਾ ਦਿੱਤੀ ਗਈ, ਜੋ ਅੱਜ ਖ਼ਤਮ ਹੋ ਗਈ ਸੀ। ਸੁਣਵਾਈ ਦੌਰਾਨ ਦਿੱਲੀ ਪੁਲੀਸ ਦੀ ਟੀਮ ਨੇ ਅਦਾਲਤੀ ਹਿਰਾਸਤ ’ਚ ਪੰਜ ਦਿਨਾਂ ਦੇ ਵਾਧੇ ਦੀ ਮੰਗ ਕੀਤੀ ਸੀ।

ਉੱਧਰ, ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੀ ਜੇ ਪੀ ਆਗੂਆਂ ਦੀ ਰਿਹਾਈ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਪੂਰਾ ਦੇਸ਼ ਉਨ੍ਹਾਂ ਨਾਲ ਖੜ੍ਹਾ ਹੈ। ਸਾਬਕਾ ਮੁੱਖ ਮੰਤਰੀ ਨੇ ਐਕਸ ਉੱਤੇ ਕਿਹਾ, ‘‘ਆਸ਼ੂਤੋਸ਼ ਤੇ ਸੌਰਵ ਨੂੰ ਜ਼ਮਾਨਤ ਮਿਲਣ ਦੀ ਵਧਾਈ। ਦੇਸ਼ ਲਈ ਇੰਝ ਹੀ ਲੜਾਈ ਲੜਦੇ ਰਹੋ। ਪੂਰਾ ਦੇਸ਼ ਤੁਹਾਡੇ ਨਾਲ ਖੜ੍ਹਾ ਹੈ।’’

ਇਸ ਦਾ ਮਤਲਬ ਤੁਸੀਂ ਜੈੱਨ-ਜ਼ੀ ਨਹੀਂ…

ਦਿੱਲੀ ਹਾਈ ਕੋਰਟ ਨੇ ਅੱਜ ਸੌਰਵ ਦਾਸ ਤੇ ਆਸ਼ੂਤੋਸ਼ ਰਾਂਕਾ ਨੂੰ ਕੋਈ ਰਾਹਤ ਦੇਣ ਤੋਂ ਨਾਂਹ ਕਰ ਦਿੱਤੀ। ਸੁਣਵਾਈ ਦੌਰਾਨ ਜਦੋਂ ਕੋਰਟ ਨੂੰ ਦੱਸਿਆ ਗਿਆ ਕਿ ਸੌਰਵ ਤੇ ਰਾਂਕਾ ਕ੍ਰਮਵਾਰ 27 ਤੇ 31 ਸਾਲ ਦੇ ਹਨ ਤਾਂ ਕੋਰਟ ਨੇ ਕਿਹਾ, ‘‘ਇਸ ਦਾ ਮਤਲਬ ਕਿ ਤੁਸੀਂ ਜੈੱਨ-ਜ਼ੀ ਨਹੀਂ ਹੋ।’’ ਇਸ ਉੱਤੇ ਵਕੀਲ ਨੇ ਕਿਹਾ, ‘‘ਉਹ ਪ੍ਰੇਰਨਾ ਹਨ।’’ ਜਸਟਿਸ ਸੁਬਰਾਮਨੀਅਮ ਪ੍ਰਸਾਦ ਨੇ ਸੀ ਜੇ ਪੀ ਦੇ ਸਹਿ-ਕਨਵੀਨਰਾਂ ਨੂੰ ਆਪਣੀ ਅਰਜ਼ੀ ਵਾਪਸ ਲੈਣ ਦੀ ਖੁੱਲ੍ਹ ਦਿੰਦਿਆਂ ਟਿੱਪਣੀ ਕੀਤੀ ਕਿ ‘ਸ਼ਾਂਤੀ’ ਬਾਂਡ ਦੀ ਮੁੜ ਉਲੰਘਣਾ ਲਈ ਸੰਵਿਧਾਨ ਦੀ ਧਾਰਾ 226 ਤਹਿਤ ਰਿੱਟ ਪਟੀਸ਼ਨ ਦਾਖ਼ਲ ਕਰਨਾ ਕੋਈ ਢੁਕਵਾਂ ਉਪਾਅ ਨਹੀਂ ਹੈ। -ਪੀਟੀਆਈ

ਨੇਹਾ ਬੋਰਾ ਦੀ ਪਟੀਸ਼ਨ ’ਤੇ ਸੁਣਵਾਈ ਅੱਜ

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਕਿਹਾ ਕਿ ਉਹ ‘ਆਇਸਾ’ ਪ੍ਰਧਾਨ ਨੇਹਾ ਬੋਰਾ ਵੱਲੋਂ ਦਿੱਲੀ ਪੁਲੀਸ ਦੇ ਨੋਟਿਸ ਖ਼ਿਲਾਫ਼ ਦਾਇਰ ਪਟੀਸ਼ਨ ’ਤੇ 22 ਅਕਤੂਬਰ ਨੂੰ ਸੁਣਵਾਈ ਕਰੇਗੀ। ਨੋਟਿਸ ਵਿੱਚ ਬੋਰਾ ਨੂੰ ਵਿਸ਼ੇਸ਼ ਕਾਰਜਕਾਰੀ ਮੈਜਿਸਟਰੇਟ ਦੀ ਕੋਰਟ ਵਿੱਚ ‘ਸ਼ਾਂਤੀ’ ਬਣਾ ਕੇ ਰੱਖਣ ਸਬੰਧੀ ਮੁਚੱਲਕਾ ਭਰਨ ਲਈ ਕਿਹਾ ਗਿਆ ਹੈ। ਬੋਰਾ, ਜੋ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਵਿੱਚ ਕਥਿਤ ਬੇਨਿਯਮੀਆਂ ਖ਼ਿਲਾਫ਼ ਅੰਦੋਲਨ ਵਿੱਚ ਮੋਹਰੀ ਰਹੀ ਹੈ, ਨੇ ਨੋਟਿਸ ਰੱਦ ਕਰਨ ਅਤੇ ਪੁਲੀਸ ਨੂੰ ਉਸ ਖ਼ਿਲਾਫ਼ ਸਖ਼ਤ ਕਾਰਵਾਈ ਤੋਂ ਰੋਕਣ ਸਬੰਧੀ ਹਦਾਇਤਾਂ ਦੇਣ ਦੀ ਮੰਗ ਕੀਤੀ ਹੈ

Share this content:

Post Comment