Loading Now

ਕੌਕਰੋਚਾਂ ਦਾ ਕਦੇ ਨਾ ਮੱਧਮ ਪੈਣ ਵਾਲਾ ਸੰਘਰਸ਼

ਕੌਕਰੋਚਾਂ ਦਾ ਕਦੇ ਨਾ ਮੱਧਮ ਪੈਣ ਵਾਲਾ ਸੰਘਰਸ਼

ਅੱਜ ਦੁਪਹਿਰ ਜਦੋਂ ‘ਕੌਕਰੋਚ ਜਨਤਾ ਪਾਰਟੀ’ ਅੰਦੋਲਨ ਦੇ ਕਾਰਕੁਨ ਸੰਸਦ ਵੱਲ ਮਾਰਚ ਕਰ ਰਹੇ ਸਨ ਤਾਂ ਸੱਤਾ ਦੇ ਨਸ਼ੇ ਵਿੱਚ ਚੂਰ ਹਕੂਮਤ (ਜੋ ਵਿਰੋਧ ਤਾਂ ਦੂਰ, ਅਸਹਿਮਤੀ ਦੀ ਮਾਮੂਲੀ ਸੁਰ ਵੀ ਬਰਦਾਸ਼ਤ ਨਹੀਂ ਕਰ ਸਕਦੀ) ਨੇ ਆਪਣੇ ਹੰਕਾਰ ਵਿੱਚ ਉਨ੍ਹਾਂ ਨੌਜਵਾਨਾਂ ’ਤੇ ਜਬਰ ਢਾਹਿਆ ਜੋ ਭੁੱਖ ਹੜਤਾਲ ’ਤੇ ਸਨ, ਸ਼ਾਂਤੀ ਨਾਲ ਇਕੱਠੇ ਹੋਏ ਸਨ ਅਤੇ ਆਪਣੀ ਆਵਾਜ਼ ਬੁਲੰਦ ਕਰ ਰਹੇ ਸਨ। ਅੱਜ ਦੁਪਹਿਰ ਵੇਲੇ ਹੋਈ ਖਿੱਚ-ਧੂਹ, ਲਾਠੀਚਾਰਜ, ਵਗਦੇ ਖ਼ੂਨ ਅਤੇ ਅੱਥਰੂ ਗੈਸ ਦੀਆਂ ਤਸਵੀਰਾਂ ਲੋਕ ਮਨਾਂ ਵਿੱਚੋਂ ਮਿਟਾਉਣੀਆਂ ਸੌਖੀਆਂ ਨਹੀਂ ਹੋਣਗੀਆਂ। ਇਹ ਸਾਰਾ ਘਟਨਾਕ੍ਰਮ ਸ਼ਨਿੱਚਰਵਾਰ ਸਵੇਰ 18 ਜੁਲਾਈ ਤੋਂ ਸ਼ੁਰੂ ਹੋਇਆ ਸੀ ਜਦੋਂ ਇਸ ਅੰਦੋਲਨ ਦਾ ਸਭ ਤੋਂ ਪ੍ਰਮੁੱਖ ਚਿਹਰਾ ਮੰਨੇ ਜਾਂਦੇ ਸੋਨਮ ਵਾਂਗਚੁਕ ਨੂੰ ਪੁਲੀਸ ਨੇ ਬਿਨਾ ਕਿਸੇ ਠੋਸ ਕਾਰਨ ਦੇ ਹਿਰਾਸਤ ਵਿੱਚ ਲਿਆ ਸੀ। ਸ਼ਨਿੱਚਰਵਾਰ ਅਤੇ ਐਤਵਾਰ ਨੂੰ ਉਨ੍ਹਾਂ ਦੀ ਗ਼ੈਰ-ਹਾਜ਼ਰੀ ਦੇ ਬਾਵਜੂਦ ਜੰਤਰ-ਮੰਤਰ ਵਿੱਚ ਚੱਲ ਰਿਹਾ ਪ੍ਰਦਰਸ਼ਨ ਬਿਨਾਂ ਕਿਸੇ ਖ਼ੌਫ਼ ਤੋਂ ਨਿਰੰਤਰ ਜਾਰੀ ਰਿਹਾ।

ਜੇਕਰ ਇਸ ਹਿੰਸਾ ਦੇ ਪਿੱਛੇ ਸਰਕਾਰ ਦਾ ਮਕਸਦ ਅੰਦੋਲਨ ਨੂੰ ਲੀਹੋਂ ਲਾਹੁਣਾ ਸੀ ਤਾਂ ਪਿਛਲੇ ਦਿਨਾਂ ਨੇ ਇਸ ਤੋਂ ਬਿਲਕੁਲ ਉਲਟ ਸਾਬਤ ਕਰ ਦਿੱਤਾ ਹੈ। ਹੁਣ ਇਹ ਗੱਲ ਕੋਈ ਮਾਅਨੇ ਨਹੀਂ ਰੱਖਦੀ ਕਿ ਅੰਦੋਲਨ ਕਿਸ ਨੇ ਸ਼ੁਰੂ ਕੀਤਾ, ਹੁਣ ਇਸ ਦੀ ਅਗਵਾਈ ਕੌਣ ਕਰ ਰਿਹਾ ਹੈ ਜਾਂ ਉੱਥੇ ਖੜ੍ਹਾ ਹਰ ਵਿਅਕਤੀ ਸਾਰੇ ਮੁੱਦਿਆਂ ’ਤੇ ਸਹਿਮਤ ਹੈ ਜਾਂ ਨਹੀਂ। ਅਸਲ ਗੱਲ ਇਹ ਹੈ ਕਿ ਨੌਜਵਾਨਾਂ ਨੇ ਇੰਨੀ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਇਸ ਅੰਦੋਲਨ ਉੱਤੇ ਸਮੂਹਿਕ ਤੌਰ ’ਤੇ ਆਪਣਾ ਹੱਕ ਜਤਾਇਆ ਹੈ। ਇਹ ਲਹਿਰ ਹੁਣ ਕਿਸੇ ਇੱਕ ਚਿਹਰੇ, ਨਾਮ ਜਾਂ ਪਾਰਟੀ ਤੋਂ ਕਿਤੇ ਉੱਪਰ ਉੱਠ ਚੁੱਕੀ ਹੈ, ਇਹ ਖ਼ੁਦ ਜਮਹੂਰੀਅਤ ਦਾ ਇੱਕ ਪ੍ਰਚੰਡ ਉਭਾਰ ਹੈ।

ਮੈਂ ਇਹ ਸਭ ਕੁਝ ਆਪਣੀਆਂ ਅੱਖਾਂ ਨਾਲ ਪਹਿਲਾਂ ਸ਼ਨਿੱਚਰਵਾਰ ਅਤੇ ਫਿਰ ਅੱਜ ਦੇਖਿਆ। ਮੈਂ 18 ਜੁਲਾਈ ਨੂੰ ਮਰਨ-ਵਰਤ ’ਤੇ ਬੈਠੇ ਵਿਦਿਆਰਥੀਆਂ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਜੰਤਰ-ਮੰਤਰ ਗਿਆ ਸੀ। ਮੈਂ ਦਿੱਲੀ ਤੋਂ ਬਾਹਰ ਆਪਣੇ ਸੂਬੇ ਵਿੱਚ ਕੁਝ ਜ਼ਰੂਰੀ ਰੁਝੇਵਿਆਂ ਕਾਰਨ ਪਹਿਲਾਂ ਉੱਥੇ ਨਹੀਂ ਪਹੁੰਚ ਸਕਿਆ ਸੀ। ਜਦੋਂ ਸ਼ਨਿੱਚਰਵਾਰ ਸਵੇਰੇ ਸੋਨਮ ਵਾਂਗਚੁਕ ਨੂੰ ਹਿਰਾਸਤ ਵਿੱਚ ਲੈਣ ਦੀ ਖ਼ਬਰ ਆਈ ਤਾਂ ਇੱਕ ਪਲ ਲਈ ਮੇਰੇ ਮਨ ਵਿੱਚ ਸਵਾਲ ਉੱਠਿਆ ਕਿ ਕੀ ਅਜਿਹੇ ਮਾਹੌਲ ਵਿੱਚ ਪ੍ਰਦਰਸ਼ਨ ਵਾਲੀ ਥਾਂ ’ਤੇ ਜਾਣਾ ਠੀਕ ਹੋਵੇਗਾ? ਮੈਂ ਸੋਚਿਆ ਕਿ ਉੱਥੋਂ ਦਾ ਮਾਹੌਲ ਲਾਜ਼ਮੀ ਤੌਰ ’ਤੇ ਉਦਾਸ ਅਤੇ ਮਾਯੂਸ ਕਰਨ ਵਾਲਾ ਹੋਵੇਗਾ। ਪਰ ਫਿਰ ਮੈਂ ਆਪਣੇ ਆਪ ਨੂੰ ਯਾਦ ਕਰਵਾਇਆ ਕਿ ‘ਇਕਜੁੱਟਤਾ’ ਦੇ ਅਸਲ ਮਾਅਨੇ ਉਦੋਂ ਹੀ ਹੁੰਦੇ ਹਨ ਜਦੋਂ ਅੰਦੋਲਨਾਂ ਨੂੰ ਡਰਾਉਣ, ਧਮਕਾਉਣ ਜਾਂ ਉਨ੍ਹਾਂ ਦੇ ਹੌਸਲੇ ਪਸਤ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹੋਣ।

ਜੰਤਰ-ਮੰਤਰ ਵਿੱਚ ਜੋ ਕੁਝ ਮੇਰੇ ਸਾਹਮਣੇ ਆਇਆ, ਉਹ ਮੇਰੀ ਕਲਪਨਾ ਨਾਲੋਂ ਬਿਲਕੁਲ ਵੱਖਰਾ ਸੀ। ਉੱਥੇ ਮਾਯੂਸੀ ਅਤੇ ਥਕਾਵਟ ਦੀ ਥਾਂ ਦ੍ਰਿੜ੍ਹਤਾ ਅਤੇ ਸਿਰੜ ਦਾ ਪਹਿਰਾ ਸੀ। ਉੱਥੋਂ ਦੇ ਮਾਹੌਲ ਵਿੱਚ ਉਮੀਦ, ਨੈਤਿਕ ਵਿਸ਼ਵਾਸ ਅਤੇ ਸਮੂਹਿਕ ਮਕਸਦ ਦੀ ਇੱਕ ਅਦਭੁਤ ਭਾਵਨਾ ਹੁਲਾਰੇ ਮਾਰ ਰਹੀ ਸੀ। ਇਹ ਨੌਜਵਾਨ ‘ਕੌਕਰੋਚ ਜਨਤਾ ਪਾਰਟੀ’ ਦੇ ਬੈਨਰ ਹੇਠ ਇਕੱਠੇ ਹੋਏ ਸਨ, ਇਹ ਨਾਮ ਆਪਣੇ ਆਪ ਵਿੱਚ ਹੀ ਇੱਕ ਵੱਡੀ ਬਗ਼ਾਵਤ ਦਾ ਪ੍ਰਤੀਕ ਹੈ। ਜਦੋਂ ਉੱਚੇ ਅਹੁਦੇ ’ਤੇ ਬੈਠੇ ਇੱਕ ਵਿਅਕਤੀ ਵੱਲੋਂ ਦੇਸ਼ ਦੇ ਬੇਚੈਨ ਅਤੇ ਬੇਰੁਜ਼ਗਾਰ ਨੌਜਵਾਨਾਂ ਦੀ ਤੁਲਨਾ ਕੌਕਰੋਚਾਂ (ਕੀੜੇ-ਮਕੌੜਿਆਂ) ਨਾਲ ਕਰ ਕੇ ਉਨ੍ਹਾਂ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਨ੍ਹਾਂ ਨੌਜਵਾਨਾਂ ਨੇ ਇਸੇ ਤਾਅਨੇ ਨੂੰ ਆਪਣੀ ਪਛਾਣ ਅਤੇ ਮਾਣ ਦਾ ਪ੍ਰਤੀਕ ਬਣਾ ਲਿਆ।

ਸਮਾਜਿਕ ਅੰਦੋਲਨਾਂ ਦੇ ਸਮਾਜ ਸ਼ਾਸਤਰ ਦਾ ਦਹਾਕਿਆਂ ਤੱਕ ਅਧਿਐਨ ਕਰਨ, ਪੜ੍ਹਾਉਣ ਅਤੇ ਇਸ ਨਾਲ ਜੁੜੇ ਰਹਿਣ ਕਰਕੇ ਮੈਂ ਇਸ ਪ੍ਰਦਰਸ਼ਨ ਨੂੰ ਸਿਆਸੀ ਨਜ਼ਰੀਏ ਦੇ ਨਾਲ-ਨਾਲ ਇੱਕ ਅਕਾਦਮਿਕ ਲੈਂਜ਼ ਰਾਹੀਂ ਦੇਖਣ ਤੋਂ ਵੀ ਖ਼ੁਦ ਨੂੰ ਰੋਕ ਨਾ ਸਕਿਆ ਕਿਉਂਕਿ ਇਸ ਅੰਦੋਲਨ ਵਿੱਚ ਉਹ ਸਾਰੇ ਲੱਛਣ ਮੌਜੂਦ ਸਨ ਜੋ ਅੱਜ ਦੇ ਦੌਰ ਦੇ ਜਮਹੂਰੀ ਸੰਘਰਸ਼ਾਂ ਬਾਰੇ ਲਿਖਣ ਵਾਲੇ ਵਿਦਵਾਨਾਂ ਵੱਲੋਂ ਅਕਸਰ ਰੇਖਾਂਕਿਤ ਕੀਤੇ ਜਾਂਦੇ ਹਨ। ਸਿਰਫ਼ ਆਰਥਿਕ ਹੱਕਾਂ ਜਾਂ ਜਮਾਤੀ ਹਿੱਤਾਂ ਦੁਆਲੇ ਉੱਠਣ ਵਾਲੇ ਰਵਾਇਤੀ ਅੰਦੋਲਨਾਂ ਦੇ ਉਲਟ ਇਹ ਅੰਦੋਲਨ ਜਮਹੂਰੀ ਹੱਕਾਂ, ਸੰਵਿਧਾਨਕ ਕਦਰਾਂ-ਕੀਮਤਾਂ ਅਤੇ ਨਾਗਰਿਕਾਂ ਦੇ ਮਾਣ-ਸਨਮਾਨ ਨੂੰ ਬਹਾਲ ਕਰਨ ਲਈ ਵੀ ਓਨਾ ਹੀ ਫ਼ਿਕਰਮੰਦ ਸੀ। ਸਮਾਜ ਸ਼ਾਸਤਰੀ ਅਲੇਨ ਟੂਰੇਨ ਦਾ ਇਹ ਮੰਨਣਾ ਹੈ ਕਿ ਅਜਿਹੇ ਅੰਦੋਲਨ ਅਸਲ ਵਿੱਚ ਸਮਾਜ ਨੂੰ ਇੱਕ ਨਵੀਂ ਦਿਸ਼ਾ ਦੇਣ ਦੀ ਲੜਾਈ ਹੁੰਦੇ ਹਨ, ਮਤਲਬ ਇਹ ਤੈਅ ਕਰਨ ਦੀ ਲੜਾਈ ਕਿ ਲੋਕਾਂ ਨੂੰ ਕਿਹੜੇ ਅਸੂਲਾਂ ’ਤੇ ਜਿਊਣਾ ਚਾਹੀਦਾ ਹੈ। ਇਹ ਗੱਲ ਇਨ੍ਹਾਂ ਨੌਜਵਾਨਾਂ ਦੀ ਸੋਚ ’ਤੇ ਪੂਰੀ ਢੁਕਦੀ ਸੀ। ਇਸੇ ਤਰ੍ਹਾਂ ਅਲਬਰਟੋ ਮੇਲੂਚੀ ਦਾ ਇਹ ਕਹਿਣਾ ਵੀ ਇੱਥੇ ਬਿਲਕੁਲ ਸੱਚ ਸਾਬਤ ਹੁੰਦਾ ਦਿਖਾਈ ਦਿੱਤਾ ਕਿ ਅਜਿਹੇ ਅੰਦੋਲਨਾਂ ਦੀ ਅਸਲ ਤਾਕਤ ਕਿਸੇ ਵੱਡੀ ਲੀਡਰਸ਼ਿਪ ਜਾਂ ਜਥੇਬੰਦਕ ਢਾਂਚੇ ਤੋਂ ਨਹੀਂ ਸਗੋਂ ਆਪਸੀ ਸਾਂਝ ਅਤੇ ਸਾਂਝੇ ਸੰਕਲਪ ਤੋਂ ਬਣਦੀ ਹੈ। ਇਹੋ ਕਾਰਨ ਸੀ ਕਿ ਜੰਤਰ-ਮੰਤਰ ’ਤੇ ਬਿਲਕੁਲ ਅਣਜਾਣ ਲੋਕ ਵੀ ਇੱਕ ਸਾਂਝੇ ਮਕਸਦ ਲਈ ਬੜੀ ਸਹਿਜਤਾ ਨਾਲ ਇੱਕ-ਦੂਜੇ ਦੇ ਸਾਥੀ ਬਣਦੇ ਜਾ ਰਹੇ ਸਨ।

ਪਰ ਜੰਤਰ-ਮੰਤਰ ਦੀ ਇਸ ਪਹਿਲੀ ਵੱਡੀ ਲਾਮਬੰਦੀ ਨੇ ਆਪਣੇ ਬਾਰੇ ਜੋ ਕੁਝ ਸਾਬਤ ਕੀਤਾ ਹੈ, ਉਹ ਮੇਰੇ ਮਨ ’ਤੇ ਕਿਸੇ ਵੀ ਸਿਧਾਂਤਕ ਢਾਂਚੇ ਨਾਲੋਂ ਵੱਧ ਡੂੰਘਾ ਅਸਰ ਛੱਡ ਗਿਆ ਅਤੇ ਇੱਥੇ ਪਿਛਲੇ ਕੁਝ ਦਿਨਾਂ ਦੌਰਾਨ ਹੋਇਆ ਸਰਕਾਰੀ ਜਬਰ, ਅਣਜਾਣੇ ਵਿੱਚ ਹੀ ਇਸ ਅੰਦੋਲਨ ਦੀ ਸਭ ਤੋਂ ਵੱਡੀ ਗਵਾਹੀ ਬਣ ਗਿਆ ਹੈ। ਇੰਨੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਦਾ ਇਕੱਠੇ ਹੋਣਾ ਅਤੇ ਉਹ ਵੀ ਇੱਕੋ ਸਾਂਝੀ ਸੋਚ ਨਾਲ, ਇਸ ਗੱਲ ਦਾ ਪੁਖ਼ਤਾ ਸਬੂਤ ਸੀ ਕਿ ਇਹ ਅੰਦੋਲਨ ਕੋਈ ਬਣਾਵਟੀ ਜਾਂ ਦਿਖਾਵੇ ਲਈ ਖੜ੍ਹਾ ਕੀਤਾ ਗਿਆ ਪ੍ਰਪੰਚ ਨਹੀਂ ਹੈ। ਇਸ ਵਿੱਚ ਅਸਲ ਹੱਕਾਂ ਦੀ ਲੜਾਈ ਅਤੇ ਸੱਚੇ ਵਿਸ਼ਵਾਸ ਦੀ ਝਲਕ ਸਾਫ਼ ਦਿਖਾਈ ਦਿੰਦੀ ਹੈ। ਨਾ ਹੀ ਇਹ ਅੰਦੋਲਨ ਅਲਪਕਾਲੀ ਜਾਪਦਾ ਹੈ, ਜਿਵੇਂ ਕਿ ਅਕਸਰ ਹਕੂਮਤਾਂ ਉਮੀਦ ਕਰਦੀਆਂ ਹਨ ਕਿ ਇਹ ਮਹਿਜ਼ ਇੱਕ ਆਰਜ਼ੀ ਉਬਾਲ ਹੈ ਜੋ ਜਲਦੀ ਹੀ ਸ਼ਾਂਤ ਹੋ ਜਾਵੇਗਾ।

ਸਭ ਤੋਂ ਅਹਿਮ ਗੱਲ ਇਹ ਰਹੀ ਕਿ ਜਿਸ ਸਵੇਰ ਇਸ ਅੰਦੋਲਨ ਦੇ ਸਭ ਤੋਂ ਪ੍ਰਮੁੱਖ ਚਿਹਰੇ (ਸੋਨਮ ਵਾਂਗਚੁਕ) ਨੂੰ ਪੁਲੀਸ ਚੁੱਕ ਕੇ ਲੈ ਗਈ, ਉਸ ਵੇਲੇ ਵੀ ਇਹ ਇਕੱਠ ਨਾ ਤਾਂ ਡੋਲਿਆ ਅਤੇ ਨਾ ਹੀ ਖਿੰਡਿਆ ਸਗੋਂ ਪੂਰੇ ਸੰਜਮ ਨਾਲ ਉੱਥੇ ਡਟਿਆ ਰਿਹਾ। ਇਹ ਉਸ ਸੰਜੀਦਗੀ ਅਤੇ ਦਲੇਰੀ ਦਾ ਪ੍ਰਗਟਾਵਾ ਸੀ ਜੋ ਆਮ ਤੌਰ ’ਤੇ ਨੌਜਵਾਨਾਂ ਨਾਲ ਜੋੜ ਕੇ ਨਹੀਂ ਦੇਖਿਆ ਜਾਂਦਾ। ਇਸ ਨੇ ਸਾਬਤ ਕਰ ਦਿੱਤਾ ਕਿ ਇਹ ਅੰਦੋਲਨ ਕਿਸੇ ਇੱਕ ਸਿਰਮੌਰ ਆਗੂ ਤੋਂ ਬਿਨਾਂ ਵੀ ਆਪਣੇ-ਆਪ ਨੂੰ ਕਾਇਮ ਰੱਖ ਸਕਦਾ ਹੈ। ਜਿਹੜਾ ਅੰਦੋਲਨ ਸ਼ਨਿਚਰਵਾਰ ਸਵੇਰੇ ਆਪਣੇ ਸਭ ਤੋਂ ਚਰਚਿਤ ਚਿਹਰੇ ਦੇ ਹਿਰਾਸਤ ਵਿੱਚ ਲਏ ਜਾਣ ਦੇ ਬਾਵਜੂਦ ਨਵਾਂ ਹਫਤਾ ਚੜ੍ਹਨ ਤੱਕ ਡਟਿਆ ਰਹੇ ਅਤੇ ਸੋਮਵਾਰ ਨੂੰ ਆਪਣੇ ਮਿੱਥੇ ਪ੍ਰੋਗਰਾਮ ਮੁਤਾਬਿਕ ਸੰਸਦ ਵੱਲ ਮਾਰਚ ਕਰ ਦੇਵੇ ਉਸ ਨੇ ਇਸ ਸਵਾਲ ਦਾ ਜਵਾਬ ਪਹਿਲਾਂ ਹੀ ਦੇ ਦਿੱਤਾ ਹੈ ਕਿ ਉਹ ਆਪਣੀ ਹੋਂਦ ਲਈ ਕਿਸੇ ਇੱਕ ਸ਼ਖ਼ਸ ’ਤੇ ਨਿਰਭਰ ਹੈ ਜਾਂ ਨਹੀਂ। ਇਸ ਲਾਮਬੰਦੀ ਨੂੰ ਇੰਨਾ ਵਿਆਪਕ ਹੁੰਗਾਰਾ ਇਸ ਲਈ ਮਿਲਿਆ ਹੈ ਕਿਉਂਕਿ ਇਸ ਨੇ ਆਮ ਨਾਗਰਿਕਾਂ ਦੇ ਇੱਕ ਬਹੁਤ ਵੱਡੇ ਹਿੱਸੇ ਦੇ ਜਜ਼ਬਾਤ ਨੂੰ ਛੋਹਿਆ ਹੈ, ਜਿੱਥੇ ਹਰ ਕੋਈ ਆਪਣੀਆਂ ਨਿੱਜੀ ਚਿੰਤਾਵਾਂ ਲੈ ਕੇ ਆਇਆ ਸੀ ਪਰ ਸਾਰਿਆਂ ਨੂੰ ਇੱਥੇ ਆਪਣੀ ਗੱਲ ਕਹਿਣ ਲਈ ਇੱਕ ਸਾਂਝੀ ਭਾਸ਼ਾ ਮਿਲ ਗਈ। ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਹਰ ਤਰ੍ਹਾਂ ਦੇ ਜਮਹੂਰੀ ਢਾਂਚੇ ਨੂੰ ਅੰਦਰੋਂ ਲਗਾਤਾਰ ਖੋਖਲਾ ਕੀਤਾ ਜਾ ਰਿਹਾ ਹੈ, ਅਤੇ ਸਿੱਖਿਆ (ਜੋ ਕਿ ਇੱਕ ਗਣਰਾਜ ਵੱਲੋਂ ਆਪਣੇ ਨੌਜਵਾਨਾਂ ਨਾਲ ਕੀਤਾ ਜਾਣ ਵਾਲਾ ਸਭ ਤੋਂ ਮੁਢਲਾ ਵਾਅਦਾ ਹੋਣਾ ਚਾਹੀਦਾ ਹੈ) ਇਸ ਨਿਘਾਰ ਦੀ ਸਭ ਤੋਂ ਪ੍ਰਤੱਖ ਮਿਸਾਲ ਬਣ ਚੁੱਕੀ ਹੈ ਅਤੇ ਇਸ ਸਭ ਦੇ ਸਿਖਰ ’ਤੇ ਬੈਠੀ ਸਰਕਾਰ ਦਾ ਮਰਨ ਵਰਤ ’ਤੇ ਬੈਠੇ ਵਿਦਿਆਰਥੀਆਂ ਪ੍ਰਤੀ ਰਵੱਈਆ ਕੀ ਹੈ, ਇਹ ਅੱਜ ਦੁਪਹਿਰ ਵੇਲੇ ਚੱਲੀਆਂ ਲਾਠੀਆਂ ਅਤੇ ਅੱਥਰੂ ਗੈਸ ਦੇ ਗੋਲਿਆਂ ਨੇ ਬੜੀ ਬੇਰਹਿਮੀ ਨਾਲ ਸਪੱਸ਼ਟ ਕਰ ਦਿੱਤਾ ਹੈ।

ਇਸ ਇਕੱਠ ਦੇ ਵੱਡੇ ਪਾਸਾਰ ਦਾ ਕਾਰਨ ਇਹ ਹੈ ਕਿ ਇੱਥੇ ਵੱਖ-ਵੱਖ ਗਿਲੇ-ਸ਼ਿਕਵੇ ਇੱਕ ਸਾਂਝੀ ਸੁਰ ਵਿੱਚ ਪਰੋਏ ਗਏ ਹਨ। ਸਭ ਤੋਂ ਮੁੱਖ ਮੁੱਦੇ ਜਮਹੂਰੀਅਤ ਨਾਲ ਜੁੜੇ ਹਨ। ਅੱਜ ਨਾਗਰਿਕਤਾ ਦਾ ਸੰਕਟ ਕਈ ਰੂਪਾਂ ਵਿੱਚ ਸਾਹਮਣੇ ਆ ਰਿਹਾ ਹੈ, ਭਾਵੇਂ ਉਹ ਦੇਸ਼ ’ਤੇ ਹੱਕ ਜਤਾਉਣ ਦੀ ਬੇਯਕੀਨੀ ਹੋਵੇ, ਅਸਹਿਮਤੀ ਲਈ ਸੁੰਗੜਦਾ ਦਾਇਰਾ ਹੋਵੇ ਜਾਂ ਆਮ ਲੋਕਾਂ ਦੀ ਸੁਣਵਾਈ ਨਾ ਹੋਣ ਦਾ ਅਹਿਸਾਸ। ਇਸ ਦੇ ਨਾਲ ਹੀ ਸਮਾਜਿਕ ਚਿੰਤਾਵਾਂ ਵੀ ਹਨ, ਸਾਂਝੇ ਸਮਾਜ ਦੇ ਤਾਣੇ-ਬਾਣੇ ’ਤੇ ਪੈ ਰਿਹਾ ਦਬਾਅ, ਸੱਤਾ ਦੀ ਸ਼ਹਿ ’ਤੇ ਵਧ ਰਿਹਾ ਧਰੁਵੀਕਰਨ ਅਤੇ ਆਪਸੀ ਭਾਈਚਾਰਕ ਸਾਂਝ ਦਾ ਘਾਣ ਹਰ ਕੋਈ ਮਹਿਸੂਸ ਕਰ ਰਿਹਾ ਹੈ। ਇਨ੍ਹਾਂ ਦੋਵਾਂ ਦੇ ਪਿੱਛੇ ਉਹ ਆਰਥਿਕ ਮਾਰ ਹੈ ਜੋ ਸਭ ਤੋਂ ਵੱਧ ਨੌਜਵਾਨਾਂ ’ਤੇ ਪੈ ਰਹੀ ਹੈ। ਉਹ ਵਧਦੀ ਬੇਰੁਜ਼ਗਾਰੀ, ਅਮੀਰ-ਗਰੀਬ ਦੇ ਵਧ ਰਹੇ ਪਾੜੇ ਅਤੇ ਆਸਮਾਨ ਛੂਹ ਰਹੀ ਮਹਿੰਗਾਈ ਵਰਗੀ ਚੌਤਰਫ਼ੀ ਮਾਰ ਝੱਲ ਰਹੇ ਹਨ। ਵੱਖੋ-ਵੱਖਰੇ ਪਿਛੋਕੜ ਵਾਲੇ ਇਨ੍ਹਾਂ ਦੁੱਖਾਂ ਦਾ ਇੱਥੇ ਇੱਕ-ਦੂਜੇ ਦਾ ਹਮਦਰਦ ਬਣਨਾ ਇਹ ਦਰਸਾਉਂਦਾ ਹੈ ਕਿ ਇਹ ਕੋਈ ਸੀਮਤ ਪ੍ਰਦਰਸ਼ਨ ਨਹੀਂ ਬਲਕਿ ਇੱਕ ਬਹੁਤ ਵੱਡਾ ਜਮਹੂਰੀ ਸਰੋਕਾਰ ਹੈ।

ਇਹੀ ਮੁੱਖ ਵਜ੍ਹਾ ਹੈ ਜਿਸ ਕਰਕੇ ਮੈਂ ਨਹੀਂ ਮੰਨਦਾ ਕਿ ਇਹ ਅੰਦੋਲਨ ਇੰਨੀ ਜਲਦੀ ਖ਼ਤਮ ਹੋਣ ਵਾਲਾ ਹੈ। ਹਕੂਮਤਾਂ ਅਕਸਰ ਇਹ ਭੁਲੇਖਾ ਪਾਲ ਲੈਂਦੀਆਂ ਹਨ ਕਿ ਮੁਜ਼ਾਹਰੇ ਮਹਿਜ਼ ਕੁਝ ਸਮੇਂ ਦਾ ਉਬਾਲ ਹੁੰਦੇ ਹਨ, ਜਿਨ੍ਹਾਂ ਨੂੰ ਗ੍ਰਿਫ਼ਤਾਰੀਆਂ, ਥਕਾਉਣ ਦੀ ਨੀਤੀ ਜਾਂ ਪ੍ਰਸ਼ਾਸਨਿਕ ਪਾਬੰਦੀਆਂ ਰਾਹੀਂ ਨਜਿੱਠਿਆ ਜਾ ਸਕਦਾ ਹੈ। ਸਮਾਜਿਕ ਅੰਦੋਲਨਾਂ ਦੇ ਮਾਹਿਰ ਅਜਿਹੇ ਭੁਲੇਖਿਆਂ ਵਿਰੁੱਧ ਵਾਰ-ਵਾਰ ਚਿਤਾਵਨੀ ਦਿੰਦੇ ਹਨ। ਇੱਕ ਵਾਰ ਜਦੋਂ ਕੋਈ ਅੰਦੋਲਨ ਇੱਕ ਸਾਂਝੀ ਜਮਹੂਰੀ ਪਛਾਣ ਸਿਰਜਣ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਇਹ ਵੱਖ-ਵੱਖ ਥਾਵਾਂ ਅਤੇ ਪੀੜ੍ਹੀਆਂ ਵਿੱਚ ਖ਼ੁਦ-ਬ-ਖ਼ੁਦ ਫੈਲਣ ਦੀ ਸਮਰੱਥਾ ਹਾਸਲ ਕਰ ਲੈਂਦਾ ਹੈ। ਫਿਰ ਇਹ ਪੂਰੀ ਤਰ੍ਹਾਂ ਕਿਸੇ ਇੱਕ ਧਰਨਾ ਸਥਾਨ ਜਾਂ ਮੁੱਠੀ ਭਰ ਆਗੂਆਂ ’ਤੇ ਨਿਰਭਰ ਨਹੀਂ ਰਹਿੰਦਾ ਕਿਉਂਕਿ ਇਹ ਲੋਕਾਂ ਦੀਆਂ ਗੱਲਾਂ-ਬਾਤਾਂ, ਰਿਸ਼ਤਿਆਂ ਅਤੇ ਸਮੂਹਿਕ ਯਾਦਾਂ ਵਿੱਚ ਜਿਊਣਾ ਸ਼ੁਰੂ ਕਰ ਦਿੰਦਾ ਹੈ। ਸਰੀਰਕ ਹੋਂਦ ਜਾਂ ਧਰਨੇ ਵਾਲੀਆਂ ਥਾਵਾਂ ਨੂੰ ਤਾਂ ਬੈਰੀਕੇਡ ਲਾ ਕੇ ਰੋਕਿਆ ਜਾ ਸਕਦਾ ਹੈ ਪਰ ਜਮਹੂਰੀ ਉਮੰਗਾਂ ਨੂੰ ਨੱਕਾ ਨਹੀਂ ਲਾਇਆ ਜਾ ਸਕਦਾ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਰਕਾਰੀ ਜਬਰ ਦੀ ਹਰ ਘਟਨਾ ਆਪਣੇ ਅੰਦਰ ਨਾਗਰਿਕਾਂ ਦੇ ਉਸ ਦਾਇਰੇ ਨੂੰ ਹੋਰ ਵੱਡਾ ਕਰਨ ਦੀ ਸੰਭਾਵਨਾ ਛੁਪਾਈ ਬੈਠੀ ਹੁੰਦੀ ਹੈ, ਜੋ ਸੱਤਾ, ਇਨਸਾਫ਼ ਅਤੇ ਸੰਵਿਧਾਨਕ ਨਾਗਰਿਕਤਾ ਬਾਰੇ ਤਿੱਖੇ ਸਵਾਲ ਪੁੱਛਣੇ ਸ਼ੁਰੂ ਕਰ ਦਿੰਦੇ ਹਨ। ਅਸੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪਹਿਲਾਂ ਹੀ ਅਜਿਹੇ ਪ੍ਰਦਰਸ਼ਨ ਹੁੰਦੇ ਦੇਖ ਰਹੇ ਹਾਂ।

ਆਪਣੀਆਂ ਦੋਵਾਂ ਫੇਰੀਆਂ ਦੌਰਾਨ ਮੈਂ ਜਿਨ੍ਹਾਂ ਨੌਜਵਾਨਾਂ ਨੂੰ ਮਿਲਿਆ ਉਨ੍ਹਾਂ ਨੇ ਮੇਰੇ ਅੰਦਰ ਇੱਕ ਨਵਾਂ ਭਰੋਸਾ ਜਗਾਇਆ ਹੈ। ਜੇਕਰ ਉਹ ਆਪਸੀ ਸਾਂਝ, ਨੈਤਿਕ ਦਲੇਰੀ ਅਤੇ ਜਮਹੂਰੀ ਇਕਜੁੱਟਤਾ ਦੀ ਇਸ ਭਾਵਨਾ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਦੇ ਹਨ ਤਾਂ ਇਹ ਅੰਦੋਲਨ ਸਿਰਫ਼ ਜਿਊਂਦਾ ਹੀ ਨਹੀਂ ਰਹੇਗਾ, ਬਲਕਿ ਇਹ ਭਾਰਤੀ ਲੋਕਤੰਤਰ ਦੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਹੋਰ ਅਮੀਰ ਕਰੇਗਾ। ਲੰਮਾ ਸਮਾਂ ਚੱਲਣ ਵਾਲਾ ਹਰ ਸਮਾਜਿਕ ਅੰਦੋਲਨ ਮਹਿਜ਼ ਮੌਜੂਦਾ ਹਾਲਾਤ ਦੇ ਖ਼ਿਲਾਫ਼ ਇੱਕ ਰੋਸ ਪ੍ਰਦਰਸ਼ਨ ਨਹੀਂ ਹੁੰਦਾ ਸਗੋਂ ਉਹ ਇੱਕ ਵਧੇਰੇ ਇਨਸਾਫ਼ਪਸੰਦ ਭਵਿੱਖ ਦੀ ਕਲਪਨਾ ਕਰਨ ਦਾ ਸੱਦਾ ਵੀ ਹੁੰਦਾ ਹੈ।

Share this content:

Post Comment