ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਵੱਲੋਂ ਪ੍ਰੇਰੀਵਿੰਡ ਪਾਰਕ ਵਿਖੇ ਤੀਆਂ ਦੀਆਂ ਧਮਾਲਾਂ*
ਕੈਲਗਰੀ, 19 ਅਗਸਤ – ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਨੇ ਪ੍ਰੇਰੀਵਿੰਡ ਪਾਰਕ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਤੇ 15 ਅਗਸਤ 1947 ਨੂੰ ਪੰਜਾਬ ਦੇ ਹੋਏ ਦੋ ਟੋਟਿਆਂ ਬਾਰੇ ਗੱਲ ਕੀਤੀ। ਸਭਾ ਦੇ ਸਕੱਤਰ ਗੁਰਨਾਮ ਕੌਰ ਨੇ ਮੀਟਿੰਗ ਦਾ ਆਗਾਜ਼ ਕਰਦਿਆਂ ਭੈਣਾਂ ਨੂੰ ਜੀ ਆਇਆਂ ਆਖਿਆ। ਇਸ ਤੋਂ ਬਾਅਦ ਦੋ ਵਿਛੜੀਆਂ ਰੂਹਾਂ,(ਸਭਾ ਦੇ ਪ੍ਰਧਾਨ ਮੈਡਮ ਬਲਵਿੰਦਰ ਕੌਰ ਜੀ ਦੇ ਛੋਟੇ ਭੈਣ ਜੀ ਅਤੇ ਸਭਾ ਦੇ ਮੈਂਬਰ ਹਰਬੰਸ ਕੌਰ ਪੇਲੀਆ ਜੀ ਦੇ ਹਮਸਫ਼ਰ) ਨੂੰ ਸ਼ਰਧਾਂਜਲੀ ਭੇਂਟ ਕੀਤੀ।

ਗੁਰਨਾਮ ਕੌਰ ਨੇ 15 ਅਗਸਤ ਦੀ ਗੱਲ ਕਰਦਿਆਂ ਕਿਹਾ ਕਿ ਦੇਸ਼ ਲਈ ਭਾਵੇਂ ਅਜ਼ਾਦੀ ਸੀ ਪਰ ਪੰਜਾਬ ਲਈ ਬਰਬਾਦੀ ਸੀ। ਪੰਜਾਬੀਆਂ ਦੇ ਲਹੂ ਸਿੰਮਦੇ ਜ਼ਖ਼ਮ ਅਜੇ ਵੀ ਅੱਲੇ ਹਨ। ਇਸ ਤੋਂ ਬਾਅਦ ਤੀਆਂ ਦੇ ਗੀਤ, ਸੰਗੀਤ ਦਾ ਦੌਰ ਸ਼ੁਰੂ ਹੋ ਗਿਆ । ਗੁਰਦੀਸ਼ ਕੌਰ ਗਰੇਵਾਲ ਜੀ ਨੇ “ਮੈਨੂੰ ਲੈਣ ਆਇਆ ਮੇਰਾ ਨੀ ਭਰਾ ਕੁੜੀਓ” ਤਰੰਨਮ ਨਾਲ ਗਾਇਆ। ਇਸ ਤੋਂ ਬਾਅਦ ਪ੍ਰਿੰਸੀਪਲ ਚਰਨਦੀਪ ਕੌਰ ਜੀ ਨੇ ਅਜ਼ਾਦੀ ਦਾ ਗੀਤ ‘ ਮਿੱਤਰੋ ਘੋਲ ਅਜ਼ਾਦੀ ਵਾਲਾ, ਮੁੜ ਕੇ ਲੜਨਾ ਪੈਣਾ ਏ ‘ ਸੁਣਾ ਕੇ ਫਿਜ਼ਾ ਵਿਚ ਜੋਸ਼ ਭਰ ਦਿੱਤਾ।

ਸੁਰਿੰਦਰ ਕੌਰ ਸੰਧੂ, ਜਸਮਿੰਦਰ ਕੌਰ ਬਰਾੜ, ਅਮਰਜੀਤ ਕੌਰ ਮਾਮੀ ਅਤੇ ਸਾਥਣਾਂ ਨੇ ਲੰਮੀ ਹੇਕ ਦੇ ਗੀਤ ਗਾਏ। ਸਰਬਜੀਤ ਕੌਰ ਨੇ ‘ ਕੱਚਿਆਂ ਤੇ ਇਤਬਾਰ ਨਾ ਕਰਿਓ’ ਗੀਤ ਸੁਣਾਇਆ। ਨਿਊ ਹੋਰਾਇਜਨਸ ਦੇ ਸੰਸਥਾਪਕ ਅਵਨੀਤ ਗਰੇਵਾਲ, ਬਲਬੀਰ ਗਰੇਵਾਲ ਅਤੇ ਸੁਰਿੰਦਰ ਕੈਂਥ ਨੇ ਵੀ ਲੋਕ ਗੀਤਾਂ ਨਾਲ ਹਾਜ਼ਰੀ ਲਗਵਾਈ। ਸੀਨੀਅਰ ਭੈਣਾਂ ਨੇ ਗਿੱਧੇ ਦੇ ਪਿੜ ਵਿੱਚ ਖੂਬ ਧੂੜਾਂ ਪੱਟੀਆਂ। ਖੀਰ ਪੂੜਿਆਂ ਦਾ ਆਨੰਦ ਮਾਣਦੀਆਂ ਭੈਣਾਂ ਇੱਕ ਦੂਸਰੇ ਦੇ ਦੁੱਖ ਸੁੱਖ ਵਿੱਚ ਸਾਂਝ ਪਾਉਂਦੀਆਂ ਗਮਾਂ ਤੋਂ ਕਿਧਰੇ ਦੂਰ ਹੋ ਗਈਆਂ ਜਾਪਦੀਆਂ ਸਨ।

ਨਿਊ ਹੋਰਾਇਜਨਸ ਤੋਂ ਅਲਵੀਨ ਗਰੇਵਾਲ ਜੀ ਨੇ ਭੈਣਾਂ ਨੂੰ ਸਰਕਾਰ ਵੱਲੋਂ ਚਲਾਏ ਜਾ ਰਹੇ ਬਜ਼ੁਰਗਾਂ ਦੀ ਮਦਦ ਲਈ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ ਅਤੇ ਉਹਨਾਂ ਦਾ ਲਾਭ ਉਠਾਉਣ ਦੀ ਪ੍ਰੇਰਿਤ ਕੀਤਾ। ਅੰਤ ਵਿੱਚ ਸਭਾ ਦੇ ਕੋਆਰਡੀਨੇਟਰ ਗੁਰਚਰਨ ਕੌਰ ਥਿੰਦ ਨੇ ਆਈਆਂ ਭੈਣਾਂ ਦਾ ਧੰਨਵਾਦ ਕਰਦਿਆਂ ‘ ਚਰਖਾ ਚੰਨਣ ਦਾ ‘ ਗੀਤ ਗਾਇਆ । ਅੰਤ ਵਿੱਚ ” ਸਾਉਣ ਵੀਰ ਕਠੀਆਂ ਕਰੇ , ਭਾਦੋਂ ਚੰਦਰੀ ਵਿਛੋੜੇ ਪਾਵੇ’ ਗੀਤ ਗਾਉਂਦੀਆਂ ਭੈਣਾਂ ਨੇ ਵਿਦਾਇਗੀ ਲਈ।
ਬਲਵਿੰਦਰ ਕੌਰ ਬਰਾੜ ਪ੍ਰਧਾਨ 403 590 9629
ਗੁਰਚਰਨ ਕੌਰ ਥਿੰਦ, ਕੋਆਰਡੀਨੇਟਰ 403-402-9635
Share this content:



Post Comment