ਕੈਨੇਡਾ ਦੇ ਹਵਾਈ ਅੱਡਿਆਂ ਤੋਂ ਅਪਰਾਧਿਕ ਰਿਕਾਰਡ ਵਾਲੇ 7 ਹਜ਼ਾਰ ਕਾਮਿਆਂ ਦੀ ਛਾਂਟੀ ਹੋਵੇਗੀ
ਵੈਨਕੂਵਰ, 26 ਨਵੰਬਰ – ਕੈਨੇਡਾ ਦੇ ਕੁਝ ਕੌਮਾਂਤਰੀ ਹਵਾਈ ਅੱਡਿਆਂ ’ਤੇ ਯਾਤਰੀਆਂ ਦੇ ਸੂਟਕੇਸਾਂ ਦੇ ਟੈਗ ਬਦਲ ਕੇ ਨਸ਼ੇ ਅਤੇ ਹੋਰ ਗ਼ੈਰ-ਕਾਨੂੰਨੀ ਵਸਤਾਂ ਲੰਘਾਉਣ ਦੇ ਮਾਮਲੇ ਜਨਤਕ ਹੋਣ ਤੋਂ ਬਾਅਦ ਕੈਨੇਡਾ ਦਾ ਟਰਾਂਸਪੋਰਟ ਵਿਭਾਗ ਸਖ਼ਤੀ ਦੇ ਰੌਂਅ ਵਿੱਚ ਹੈ। ਮੰਤਰੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਦੇਸ਼ ਦੇ ਕੌਮਾਂਤਰੀ ਹਵਾਈ ਅੱਡਿਆਂ ’ਤੇ ਕੰਮ ਕਰਦੇ ਮੁਲਾਜ਼ਮਾਂ ਦਾ ਅਪਰਾਧਿਕ ਰਿਕਾਰਡ ਚੈੱਕ ਕਰਵਾਏ ਜਾਣ ’ਤੇ ਪਤਾ ਲੱਗਾ ਹੈ ਕਿ ਵੱਡੀ ਗਿਣਤੀ ਭਾਵ ਸੱਤ ਹਜ਼ਾਰ ਕਾਮਿਆਂ ਦਾ ਰਿਕਾਰਡ ਠੀਕ ਨਹੀਂ ਹੈ। ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਪਰਾਧਿਕ ਰਿਕਾਰਡ ਵਿੱਚ ਛੋਟੇ-ਮੋਟੇ ਅਪਰਾਧ, ਜਿਵੇਂ ਵੱਡੀਆਂ ਟਰੈਫਿਕ ਉਲੰਘਣਾਵਾਂ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਮੁਲਾਜ਼ਮਾਂ ਦੇ ਪਿਛੋਕੜ ਅਤੇ ਮਾਨਸਿਕਤਾ ਦੀ ਪੜਤਾਲ ਹੋਵੇਗੀ ਕਿ ਉਨ੍ਹਾਂ ਵਿੱਚੋਂ ਕਿਸ-ਕਿਸ ਤੋਂ ਸਹਿਜ-ਸੁਭਾਅ ਗ਼ਲਤੀਆਂ ਹੋਈਆਂ ਹਨ ਅਤੇ ਕਿੰਨਾਂ ਦੀ ਨੀਅਤ ਹੀ ਗ਼ਲਤ ਹੈ। ਮੰਤਰੀ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਉਨ੍ਹਾਂ ਦੀ ਪਹਿਲ ਹੈ।
ਜ਼ਿਕਰਯੋਗ ਹੈ ਕਿ ਲੰਘੇ ਸਾਲਾਂ ਦੌਰਾਨ ਕੈਨੇਡਾ ਦੇ ਹਵਾਈ ਅੱਡਿਆਂ ’ਤੇ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਨੇ ਇੱਥੋਂ ਦੇ ਸੁਰੱਖਿਆ ਪ੍ਰਬੰਧਾਂ ’ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਤਿੰਨ ਸਾਲ ਪਹਿਲਾਂ ਟੋਰਾਂਟੋ ਪੀਅਰਸਨ ਕੌਮਾਂਤਰੀ ਹਵਾਈ ਅੱਡੇ ’ਤੇ ਵਿਦੇਸ਼ ਤੋਂ ਕਾਰਗੋ ਰਾਹੀਂ ਆਏ ਸੈਂਕੜੇ ਕਰੋੜ ਰੁਪਏ ਦੀ ਕੀਮਤ ਵਾਲੇ ਸੋਨੇ ਦੀ ਡਿਲਿਵਰੀ ਕਿਸੇ ਨੇ ਫ਼ਰਜ਼ੀ ਬਿਲਟੀ ਰਾਹੀਂ ਲੈ ਲਈ ਸੀ। ਬੇਸ਼ੱਕ ਇਸ ਦਾ ਦੋਸ਼ ਏਅਰ ਕੈਨੇਡਾ ਵਿੱਚ ਮੈਨੇਜਰ ਵਜੋਂ ਕੰਮ ਕਰਦੇ ਭਾਰਤੀ ਮੂਲ ਦੇ ਵਿਅਕਤੀ ਉੱਤੇ ਲੱਗਾ ਹੈ, ਪਰ ਪੁਲੀਸ ਸੋਨੇ ਦੀ ਉਸ ਚੋਰੀ ਹੋਈ ਖੇਪ ਜਾਂ ਨਕਦੀ ਵਿੱਚੋਂ 2 ਫ਼ੀਸਦ ਵੀ ਬਰਾਮਦ ਨਹੀਂ ਕਰ ਸਕੀ। ਲੰਘੇ ਮਹੀਨੇ ਮੁਲਾਜ਼ਮਾਂ ਵੱਲੋਂ ਸਧਾਰਨ ਯਾਤਰੀਆਂ ਦੇ ਸੂਟਕੇਸਾਂ ਦੇ ਟੈਗ ਤਸਕਰਾਂ ਦੇ ਸੂਟਕੇਸਾਂ ਨਾਲ ਬਦਲ ਕੇ ਬਾਹਰ ਕਢਵਾਏ ਗਏ ਸਨ। ਇਸ ਦਾ ਖ਼ਮਿਆਜ਼ਾ ਹੁਣ ਤੱਕ ਉਹ ਸਧਾਰਨ ਯਾਤਰੀ ਭੁਗਤ ਰਹੇ ਹਨ, ਜਿਨ੍ਹਾਂ ਦੇ ਸੂਟਕੇਸਾਂ ’ਤੇ ਨਸ਼ਿਆਂ ਵਾਲੇ ਸੂਟਕੇਸਾਂ ਦੇ ਟੈਗ ਲਾਏ ਗਏ ਸਨ। ਇਸ ਮਾਮਲੇ ਦੀ ਗੂੰਜ ਔਟਵਾ ਸਥਿਤ ਪਾਰਲੀਮੈਂਟ ਵਿੱਚ ਵੀ ਪਈ ਸੀ।
Share this content:


Post Comment