ਕੇਸਰੀ ਦਸਤਾਰਾਂ, ਭਾਜਪਾ ਅਤੇ ਸਿੱਖ/ਜਗਤਾਰ ਸਿੰਘ
ਕੁਝ ਸਮਾਂ ਪਹਿਲਾਂ ਮਹਾਰਾਸ਼ਟਰ ਸਰਕਾਰ ਨੇ ਸਿੱਖਾਂ ਦੇ ਨੌਵੇਂ ਗੁਰੂ, ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਨਵੀਂ ਮੁੰਬਈ ਵਿੱਚ ਕਰਵਾਉਣ ਬਾਰੇ ਇਸ਼ਤਿਹਾਰ ਅਖ਼ਬਾਰਾਂ ਵਿੱਚ ਛਪਵਾਏ ਸਨ। ਗੁਰੂ ਤੇਗ਼ ਬਹਾਦਰ ਜੀ ਨੂੰ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮਾਂ ’ਤੇ ਦਿੱਲੀ ਵਿੱਚ ਸ਼ਹੀਦ ਕੀਤਾ ਗਿਆ ਸੀ। ਗੁਰੂ ਸਾਹਿਬ ਨੇ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਲਈ ਇਹ ਮਹਾਨ ਕੁਰਬਾਨੀ ਦਿੱਤੀ ਸੀ। ਕਿਸੇ ਸੂਬਾਈ ਸਰਕਾਰ ਲਈ ਅਖ਼ਬਾਰਾਂ ਵਿੱਚ ਅਜਿਹਾ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਉਣਾ ਅਲੋਕਾਰੀ ਗੱਲ ਨਹੀਂ ਹੋਣੀ ਚਾਹੀਦੀ। ਹਾਲਾਂਕਿ, ਇੱਕ ਪੱਖ ਤੋਂ ਇਹ ਗੱਲ ਅਲੋਕਾਰ ਸੀ। ਉਸ ਇਸ਼ਤਿਹਾਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਉਨ੍ਹਾਂ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਹੋਰ ਆਗੂਆਂ ਦੀਆਂ ਤਸਵੀਰਾਂ ਛਾਪੀਆਂ ਗਈਆਂ ਸਨ। ਉਸ ਇਸ਼ਤਿਹਾਰ ਵਿਚਲੀ ਖ਼ਾਸ ਗੱਲ ਇਹ ਸੀ ਕਿ ਇਨ੍ਹਾਂ ਸਾਰੇ ਆਗੂਆਂ ਨੇ ਕੇਸਰੀ ਰੰਗ ਦੀਆਂ ਪੱਗਾਂ ਬੰਨ੍ਹੀਆਂ ਹੋਈਆਂ ਸਨ। ਨੌਵੇਂ ਪਾਤਸ਼ਾਹ ਨੇ ਮਨੁੱਖਤਾ ਅਤੇ ਮਨੁੱਖੀ ਅਧਿਕਾਰਾਂ ਲਈ ਆਪਣੀ ਕੁਰਬਾਨੀ ਦਿੱਤੀ ਸੀ। ਗ਼ੌਰਤਲਬ ਹੈ ਕਿ ਇਸ ਤੋਂ ਪਹਿਲਾਂ ਗੁਆਂਢੀ ਸੂਬੇ ਹਰਿਆਣਾ ਦੀ ਸਰਕਾਰ ਨੇ ਨੌਵੇਂ ਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕੁਰੂਕਸ਼ੇਤਰ ਵਿੱਚ ਕਰਵਾਇਆ ਸੀ, ਜਿਨ੍ਹਾਂ ਵਿੱਚ ਸ੍ਰੀ ਮੋਦੀ ਨੇ ਸ਼ਿਰਕਤ ਕੀਤੀ ਸੀ। ਪਹਿਲੀ ਮਾਰਚ ਨੂੰ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਸਬੰਧੀ ਕਰਵਾਏ ਗਏ ਸਮਾਗਮਾਂ ਵਿੱਚ ਅਮਿਤ ਸ਼ਾਹ, ਫੜਨਵੀਸ ਅਤੇ ਭਾਜਪਾ ਦੇ ਹੋਰ ਆਗੂਆਂ ਨੇ ਵੀ ਕੇਸਰੀ ਰੰਗ ਦੀਆਂ ਪੱਗਾਂ ਬੰਨ੍ਹੀਆਂ ਹੋਈਆਂ ਸਨ।
ਇਹ ਇਸ਼ਤਿਹਾਰ 1 ਮਾਰਚ ਨੂੰ ਛਪਿਆ ਸੀ। ਹਰਿਆਣਾ ਰਾਜ ਸੰਨ 1966 ਵਿੱਚ ਪੰਜਾਬ ਦੇ ਟੁਕੜੇ ਕਰਕੇ ਬਣਿਆ ਸੀ ਅਤੇ 1 ਮਾਰਚ 2026 ਨੂੰ ਹੀ ਉਸੇ ਰਾਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਾਜ ਵਿਧਾਨ ਸਭਾ ਵਿੱਚ ਆਪਣਾ ਬਜਟ ਪੇਸ਼ ਕੀਤਾ। ਉਨ੍ਹਾਂ ਕੋਲ ਵਿੱਤ ਵਿਭਾਗ ਵੀ ਹੈ। ਉਸ ਮੌਕੇ ਵੀ ਅਜੀਬ ਗੱਲ ਇਹ ਸੀ ਕਿ ਨਾਇਬ ਸਿੰਘ ਸੈਣੀ ਹੋਰਾਂ ਨੇ ਵੀ ਹੁਣ ਉਨ੍ਹਾਂ ਦਾ ਟਰੇਡਮਾਰਕ ਬਣ ਗਈ ਕੇਸਰੀ ਪੱਗ ਬੰਨ੍ਹੀ ਹੋਈ ਸੀ। ਉਨ੍ਹਾਂ ਦੇ ਬਜਟ ਭਾਸ਼ਣ ਵਿੱਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੀ ਰਚੀ ਗੁਰਬਾਣੀ ਵਿੱਚੋਂ ਹਵਾਲੇ ਵੀ ਦਿੱਤੇ ਗਏ ਸਨ, ਜਿਨ੍ਹਾਂ (ਗੁਰੂ ਨਾਨਕ ਦੇਵ ਜੀ) ਦਾ ਸੰਦੇਸ਼ ਦੁਨੀਆ ਭਰ ਵਿੱਚ ਪਿਆਰ ਅਤੇ ਭਾਈਚਾਰੇ ’ਤੇ ਕੇਂਦਰਿਤ ਹੈ।
ਇਹ ਸਪੱਸ਼ਟ ਹੈ ਕਿ ਭਾਜਪਾ ਦਾ ਧਿਆਨ ਪ੍ਰਤੱਖ ਤੌਰ ’ਤੇ ਸਿੱਖਾਂ ਉੱਤੇ ਕੇਂਦਰਿਤ ਹੈ, ਜੋ ਮੁਸਲਗਾਨਾਂ ਤੋਂ ਬਾਅਦ ਭਾਰਤ ਵਿੱਚ ਦੂਜਾ ਸਭ ਤੋਂ ਵੱਡਾ ਘੱਟਗਿਣਤੀ ਭਾਈਚਾਰਾ ਹਨ। ਸਿੱਖ ਆਪਣੇ ਗ੍ਰਹਿ ਰਾਜ ਪੰਜਾਬ ਵਿੱਚ ਬਹੁਗਿਣਤੀ ਵਿੱਚ ਹਨ, ਜੋ ਇਸ ਨੂੰ ਇੱਕ ਵਿਲੱਖਣ ਧਾਰਮਿਕ-ਸਿਆਸੀ ਮੁਹਾਂਦਰਾ ਪ੍ਰਦਾਨ ਕਰਦਾ ਹੈ ਕਿਉਂਕਿ ਵਸੋਂ ਦੇ ਪੱਖ ਤੋਂ ਤੀਜੀ ਬਹੁਗਿਣਤੀ ਹੁੰਦਿਆਂ ਵੀ ਸਿੱਖ ਸਤਲੁਜ ਦਰਿਆ ਤੋਂ ਖ਼ੈਬਰ ਦੱਰੇ ਤੱਕ ਰਾਜ ਕਰਦੇ ਰਹੇ। ਇਹ ਖਿੱਤਾ 1947 ਵਿੱਚ ਹਿੰਦੋਸਤਾਨ ਦੀ ਵੰਡ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਸਦਾ ਰਣਨੀਤਕ ਤੌਰ ’ਤੇ ਅਹਿਮ ਰਿਹਾ ਹੈ।
ਇੱਥੇ ਮੁੱਦਾ ਇਹ ਹੈ ਕਿ ਭਾਜਪਾ ਨੂੰ ਰਾਸ਼ਟਰੀ ਪੱਧਰ ’ਤੇ ਘੱਟਗਿਣਤੀ ਵਿਰੋਧੀ ਸਿਆਸੀ ਪਾਰਟੀ ਮੰਨਿਆ ਜਾਂਦਾ ਹੈ, ਜਿਸ ਦੀ ਸਿਆਸਤ ਨੇ ਦੇਸ਼ ਦੀ ਸਭ ਤੋਂ ਵੱਡੀ ਘੱਟਗਿਣਤੀ ਮੁਸਲਮਾਨਾਂ ਨੂੰ ਪੂਰੀ ਤਰ੍ਹਾਂ ਹਾਸ਼ੀਏ ’ਤੇ ਧੱਕ ਦਿੱਤਾ ਹੈ ਅਤੇ ਇਹੋ ਭਾਜਪਾ ਸਿੱਖਾਂ ਨੂੰ ਇੰਨੀ ਅਹਿਮੀਅਤ ਦੇ ਰਹੀ ਹੈ।
ਚੋਣ ਗਣਿਤ ਸਿੱਖਾਂ ਨਾਲ ਬਣ ਰਹੇ ਇਸ ਰਿਸ਼ਤੇ ਦਾ ਇੱਕ ਪਹਿਲੂ ਹੈ, ਪਰ ਭਾਜਪਾ ਇਸ ਸਰਹੱਦੀ ਸੂਬੇ ਦੀ ਸਿਆਸਤ ਵਿੱਚ ਕਦੇ ਵੀ ਵੱਡੀ ਸਿਆਸੀ ਧਿਰ ਨਹੀਂ ਰਹੀ। ਇਹ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਛੋਟੇ ਭਰਾ ਵਜੋਂ ਵਿਚਰਦੀ ਰਹੀ ਹੈ, ਜੋ ਦਹਾਕਿਆਂ ਤੋਂ ਸਿੱਖਾਂ ਦੀਆਂ ਇੱਛਾਵਾਂ ਅਤੇ ਮੰਗਾਂ ਦਾ ਸਮਰਥਨ ਕਰਦਾ ਰਿਹਾ ਹੈ। ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਸਾਲ 1996 ਵਿੱਚ ਹੋਇਆ ਸੀ, ਜਦੋਂ ਇਸ ਨੇ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠਲੀ ਸਰਕਾਰ ਨੂੰ ਬਿਨਾਂ ਸ਼ਰਤ ਅਤਿ ਲੋੜੀਂਦਾ ਸਮਰਥਨ ਦਿੱਤਾ ਸੀ। ਇਹ ਗੱਠਜੋੜ ਸਾਲ 2020 ਵਿੱਚ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦੇ ਦਬਾਅ ਕਾਰਨ ਟੁੱਟ ਗਿਆ ਸੀ।
ਘੱਟਗਿਣਤੀ ਸਿੱਖ ਭਾਈਚਾਰੇ ਬਾਰੇ ਭਾਜਪਾ ਅਤੇ ਇਸ ਦੀ ਮੂਲ ਸੰਸਥਾ ਰਾਸ਼ਟਰੀ ਸਵੈਮ-ਸੇਵਕ ਸੰਘ ਦੀਆਂ ਯੋਜਨਾਵਾਂ ਬਹੁ-ਆਯਾਮੀ ਜਾਪਦੀਆਂ ਹਨ, ਜਿਨ੍ਹਾਂ ਦਾ ਚੋਣ ਲਾਲਸਾਵਾਂ ਮਹਿਜ਼ ਇੱਕ ਹਿੱਸਾ ਹਨ। ਦੂਜਾ ਪਹਿਲੂ ਰਣਨੀਤਕ ਅਤੇ ਵਧੇਰੇ ਅਹਿਮ ਜਾਪਦਾ ਹੈ। ਬਿਖਰੀ ਸਿੱਖ ਸਿਆਸਤ ਭਾਜਪਾ ਦੀ ਦੂਜੀ ਯੋਜਨਾ ਵਿੱਚ ਮਦਦਗਾਰ ਹੁੰਦੀ ਜਾਪਦੀ ਹੈ।
ਦੂਜੀ ਸਭ ਤੋਂ ਵੱਡੀ ਘੱਟਗਿਣਤੀ ਦੀ ਹਮਾਇਤ ਮਿਲਣ ਨਾਲ ਭਾਜਪਾ ਦਾ ਘੱਟਗਿਣਤੀ ਵਿਰੋਧੀ ਵਾਲਾ ਅਕਸ ਕਾਫ਼ੀ ਹੱਦ ਤੱਕ ਧੁੰਦਲਾ ਹੋ ਜਾਵੇਗਾ। ਸਿੱਖ ਭਾਈਚਾਰਾ ਸਿਰਫ਼ ਦੂਜੀ ਸਭ ਤੋਂ ਵੱਡੀ ਘੱਟਗਿਣਤੀ ਹੀ ਨਹੀਂ ਸਗੋਂ ਜੋਸ਼ੀਲੇ ਅਤੇ ਅਗਾਂਹਵਧੂ ਹੋਣ ਸਦਕਾ ਸਿੱਖ ਦੇਸ਼ ਭਰ ਵਿੱਚ ਵੱਖ-ਵੱਖ ਖੇਤਰਾਂ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਮਹਾਰਾਸ਼ਟਰ ਅਜਿਹੇ ਸੂਬੇ ਦੀ ਉਦਾਹਰਣ ਹੈ, ਜਿੱਥੇ ਖੇਤਰੀ ਤੇ ਧਾਰਮਿਕ ਕਾਰਕ ਚੋਣਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਭਾਜਪਾ ਹਿੰਦੂਤਵ ਦਾ ਪੱਤਾ ਖੇਡਣ ਵਾਲੀ ਇਕਲੌਤੀ ਪਾਰਟੀ ਨਹੀਂ ਹੈ। ਅਜਿਹੇ ਰਾਜ ਵਿੱਚ ਸਿੱਖ ਭਾਈਚਾਰੇ ਦਾ ਭਾਜਪਾ ਵੱਲ ਝੁਕਾਅ ਹੋਣਾ ਕਈ ਧਾਰਨਾਵਾਂ ਬਣਾਉਣ ਵਿੱਚ ਅਹਿਮ ਸਾਬਿਤ ਹੋ ਸਕਦਾ ਹੈ। ਦਿਲਚਸਪ ਗੱਲ ਇਹ ਹੈ ਕਿ ਮਹਾਰਾਸ਼ਟਰ ਵਿੱਚ ਭਾਜਪਾ ਅਤੇ ਸਿੱਖਾਂ ਵਿਚਕਾਰ ਤਾਲਮੇਲ ਬਣਾਉਣ ’ਚ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਵੀ ਭੂਮਿਕਾ ਨਿਭਾਅ ਰਹੇ ਹਨ। ਜ਼ਿਕਰਯੋਗ ਹੈ ਕਿ ਸੰਤ ਕਰਤਾਰ ਸਿੰਘ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਿਸੇ ਸਮੇਂ ਦਮਦਮੀ ਟਕਸਾਲ ਦੇ ਮੁਖੀ ਰਹੇ ਸਨ।
ਸਿੱਖ ਕੌਮ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਤਖ਼ਤ ਸ੍ਰੀ ਹਜ਼ੂਰ ਸਾਹਿਬ ਮਹਾਰਾਸ਼ਟਰ ਦੇ ਨਾਂਦੇੜ ਵਿੱਚ ਸਥਿਤ ਹੈ, ਜਿੱਥੇ ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਸਨ। ਦਿਲਚਸਪ ਗੱਲ ਇਹ ਹੈ ਕਿ ਹਰਨਾਮ ਸਿੰਘ ਦੀ ਦਮਦਮੀ ਟਕਸਾਲ ਦੇ ਪਹਿਲਾਂ ਰਹੇ ਗਰਮਖ਼ਿਆਲੀ ਮੁਖੀਆਂ ਨਾਲੋਂ ਵੱਖਰੇ ਹੋਣ ਲਈ ਸ਼ਲਾਘਾ ਕੀਤੀ ਗਈ ਸੀ। ਸੰਤ ਭਿੰਡਰਾਂਵਾਲੇ ਦੀ ਆਲੋਚਨਾ ਸੂਖ਼ਮ ਢੰਗ ਨਾਲ ਹੋਈ ਸੀ। ਇਸ ਬਾਰੇ ਸਪੱਸ਼ਟ ਕਰਨ ਦਾ ਜ਼ਿੰਮਾ ਬਾਬਾ ਹਰਨਾਮ ਸਿੰਘ ਦਾ ਹੈ।
ਇਸ ਸਬੰਧੀ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਦੂਜੇ ਰਾਜਾਂ ਵਿੱਚ ਸਿੱਖਾਂ ਦੀਆਂ ਤਰਜੀਹਾਂ ਅਤੇ ਸਿਆਸਤ ਪੰਜਾਬ ਦੇ ਸਿੱਖਾਂ ਨਾਲੋਂ ਵੱਖਰੀਆਂ ਹਨ। ਦੂਜੇ ਰਾਜਾਂ ਵਿੱਚ ਸਿੱਖਾਂ ਨੂੰ ਆਮ ਤੌਰ ’ਤੇ ਸੱਤਾਧਾਰੀ ਪਾਰਟੀ ਨਾਲ ਤਾਲਮੇਲ ਬਿਠਾਉਣਾ ਪੈਂਦਾ ਹੈ ਅਤੇ ਇਹ ਸਹੀ ਵੀ ਹੈ। ਦਿੱਲੀ ਅਤੇ ਮਹਾਰਾਸ਼ਟਰ ਦੇ ਸਿੱਖ ਆਗੂ ਖ਼ੁਦ ਨੂੰ ਭਾਜਪਾ ਨਾਲ ਜੋੜਦੇ ਹਨ। ਕਿਸੇ ਸਮੇਂ ਸਿੱਖ ਭਾਈਚਾਰੇ ਦੀ ਸਭ ਤੋਂ ਵੱਧ ਸ਼ਕਤੀਸ਼ਾਲੀ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਕਈ ਸਾਲਾਂ ਤੱਕ ਸਿੱਖ ਸਿਆਸਤ ’ਤੇ ਗਾਲਬ ਰਹੇ ਉੱਘੇ ਅਕਾਲੀ ਆਗੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਪੰਜਾਬ ਤੋਂ ਬਾਹਰਲੇ ਸੂਬਿਆਂ ’ਚ ਰਹਿੰਦੇ ਸਿੱਖਾਂ ਨੂੰ ਹਮੇਸ਼ਾ ਇਹ ਸਲਾਹ ਦਿੱਤੀ ਕਿ ਜਦੋਂ ਸਿੱਖ ਭਾਈਚਾਰੇ ਦੇ ਹਿੱਤਾਂ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਨੂੰ ਵਿਹਾਰਕ ਨਜ਼ਰੀਆ ਅਪਣਾਉਣਾ ਚਾਹੀਦਾ ਹੈ। ਹਾਲਾਂਕਿ ਦਮਦਮੀ ਟਕਸਾਲ ਮੁਖੀ ਦੇ ਮਾਮਲੇ ਵਿੱਚ ਉਸ ਸੰਸਥਾ ਦੀ ਵਿਰਾਸਤ ਦੇ ਸੰਦਰਭ ਵਿੱਚ (ਜਿਸ ਦੇ ਉਹ ਮੁਖੀ ਹਨ) ਸਬੰਧਿਤ ਮੁੱਦੇ ਬਹੁਤ ਡੂੰਘੇ ਹਨ। ਇੱਥੇ ਵਿਚਾਰਿਆ ਜਾ ਰਿਹਾ ਮੁੱਦਾ ਸਿੱਖਾਂ ਨੂੰ ਭਾਜਪਾ ਦੇ ਸਿਆਸੀ ਅਤੇ ਵਿਚਾਰਧਾਰਕ ਢਾਂਚੇ ਵਿੱਚ ਸ਼ਾਮਲ ਕਰਨ ਦਾ ਹੈ, ਨਾ ਕਿ ਹਰਨਾਮ ਸਿੰਘ ਧੁੰਮਾ। ਇੱਕ ਹੋਰ ਪੱਧਰ ’ਤੇ ਹਰਨਾਮ ਸਿੰਘ ਧੁੰਮਾ ਦੀ ਅਗਵਾਈ ਹੇਠ ਦਮਦਮੀ ਟਕਸਾਲ ਦੀ ਇਸ ਉੱਭਰ ਰਹੀ ਭੂਮਿਕਾ ਨੂੰ ਭਾਜਪਾ ਦੇ ਯਤਨਾਂ, ਖ਼ਾਸਕਰ ਵਿਦੇਸ਼ਾਂ ਵਿੱਚ ਇਸ ਦੀ ਪਹੁੰਚ ਦੇ ਸੰਦਰਭ ਵਿੱਚ ਸਮਝਣ ਦੀ ਲੋੜ ਹੈ। ਇਹ ਭਾਜਪਾ ਦੀ ਯੋਜਨਾ ਦਾ ਇੱਕ ਹੋਰ ਅਹਿਮ ਪਹਿਲੂ ਹੈ।
ਵਿਦੇਸ਼ਾਂ ਵਿੱਚ ਰਹਿੰਦੇ ਤੇ ਖਾਲਿਸਤਾਨ ਦੀ ਜ਼ੋਰਦਾਰ ਵਕਾਲਤ ਕਰਨ ਵਾਲੇ ਗਰਮ-ਖ਼ਿਆਲੀ ਸਿੱਖਾਂ ਦੇ ਇੱਕ ਹਿੱਸੇ ਦੀਆਂ ਗਤੀਵਿਧੀਆਂ ਭਾਰਤ ਦੀ ਵਿਦੇਸ਼ ਨੀਤੀ ਦੇ ਰਾਹ ਦਾ ਰੋੜਾ ਹਨ। ਕੈਨੇਡਾ ਦੇ ਸਰੀ ਵਿੱਚ ਸਿੱਖਸ ਫੌਰ ਜਸਟਿਸ ਦੇ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਮਗਰੋਂ ਵਿਗੜੇ ਭਾਰਤ ਤੇ ਕੈਨੇਡਾ ਰਿਸ਼ਤਿਆਂ ਵਿੱਚ ਹੁਣ ਸੁਧਾਰ ਆ ਰਿਹਾ ਹੈ। ਅਮਰੀਕਾ ਵਿੱਚ ਸਿੱਖਸ ਫੌਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ’ਤੇ ਹੋਏ ਜਾਨਲੇਵਾ ਹਮਲੇ ਦੀ ਕੋਸ਼ਿਸ਼ ਦੌਰਾਨ ਵੀ ਇਸੇ ਤਰ੍ਹਾਂ ਦੀ ਸਮੱਸਿਆ ਪੈਦਾ ਹੋਈ ਸੀ। ਦੋਵਾਂ ਮਾਮਲਿਆਂ ਵਿੱਚ ਭਾਰਤੀ ਏਜੰਸੀਆਂ ’ਤੇ ਦੋਸ਼ ਲੱਗ ਰਹੇ ਸਨ। ਦੋਵਾਂ ਮਾਮਲਿਆਂ ਵਿੱਚ ਨਿਆਂਇਕ ਪ੍ਰਕਿਰਿਆ ਜਾਰੀ ਹੈ।
ਜਸਟਿਨ ਟਰੂਡੋ ਦੀ ਥਾਂ ਮਾਰਕ ਕਾਰਨੀ ਦੇ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕੈਨੇਡਾ ਅਤੇ ਭਾਰਤ ਆਪਸੀ ਰਿਸ਼ਤਿਆਂ ਦੀ ਬਹਾਲੀ ਵੱਲ ਵਧੇ ਹਨ। ਦਿਲਚਸਪ ਗੱਲ ਇਹ ਹੈ ਕਿ ਮਾਰਕ ਕਾਰਨੀ ਹਾਲੇ ਭਾਰਤ ਪਹੁੰਚੇ ਹੀ ਸਨ ਕਿ ਕੈਨੇਡੀਅਨ ਅਖ਼ਬਾਰਾਂ ਨੇ ਨਿੱਝਰ ਦੇ ਕਤਲ ਵਿੱਚ ਭਾਰਤੀ ਅਧਿਕਾਰੀਆਂ ਦੀ ਸ਼ਮੂਲੀਅਤ ਬਾਰੇ ਖ਼ਬਰਾਂ ਪ੍ਰਕਾਸ਼ਿਤ ਕਰ ਦਿੱਤੀਆਂ। ਸਪੱਸ਼ਟ ਤੌਰ ’ਤੇ ਕੈਨੇਡਾ ਦੀ ਸਿਆਸੀ ਲੀਡਰਸ਼ਿਪ ਅਤੇ ਸੁਰੱਖਿਆ ਏਜੰਸੀਆਂ ਇਸ ਖ਼ਾਸ ਮਸਲੇ ’ਤੇ ਇੱਕ-ਦੂਜੇ ਤੋਂ ਉਲਟ ਕੰਮ ਕਰ ਰਹੀਆਂ ਹਨ। ਭਾਰਤ ਨੇ ਕੈਨੇਡੀਅਨ ਮੀਡੀਆ ਵਿੱਚ ਪ੍ਰਕਾਸ਼ਿਤ ਖ਼ਬਰਾਂ ਦਾ ਖੰਡਨ ਕੀਤਾ ਹੈ, ਪਰ ਇਉਂ ਇਨ੍ਹਾਂ ਖ਼ਬਰਾਂ ਦਾ ਪ੍ਰਭਾਵ ਘਟ ਨਹੀਂ ਸਕਦਾ।
ਕਈ ਦੇਸ਼ਾਂ ਵਿੱਚ ਗਰਮਖ਼ਿਆਲੀ ਸਿੱਖਾਂ ਦੀਆਂ ਸਰਗਰਮੀਆਂ ਭਾਰਤ ਲਈ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਸਿੱਖਾਂ ਪ੍ਰਤੀ ਭਾਜਪਾ ਦੀ ਨੀਤੀ ਨੂੰ ਇਸ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਹਾਲਾਂਕਿ ਸਿੱਖ ਰਾਜ ਦੀ ਵਕਾਲਤ ਕਰਨ ਵਾਲੇ ਘੱਟ ਗਿਣਤੀ ਵਿੱਚ ਮੌਜੂਦ ਹਨ, ਪਰ ਸਮੁੱਚੇ ਤੌਰ ’ਤੇ ਸਿੱਖਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸੰਦਰਭ ਵਿੱਚ ਭਾਜਪਾ ਵੱਲੋਂ ਦਮਦਮੀ ਟਕਸਾਲ ਨੂੰ ਨਾਲ ਤੋਰਨਾ ਸਮਝ ਵਿੱਚ ਆਉਂਦਾ ਹੈ। ਆਖ਼ਰਕਾਰ ਸੰਤ ਭਿੰਡਰਾਂਵਾਲੇ ਦੀ ਅਗਵਾਈ ਹੇਠ ਦਮਦਮੀ ਟਕਸਾਲ ਸਿੱਖ ਸੰਘਰਸ਼ ਦਾ ਪ੍ਰਤੀਕ ਸੀ ਅਤੇ ਸੰਤ ਭਿੰਡਰਾਂਵਾਲੇ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰਦੇ ਰਹਿਣਗੇ।
ਤੀਜਾ ਪਹਿਲੂ ਵਿਚਾਰਧਾਰਕ ਹੈ ਕਿਉਂਕਿ ਭਾਜਪਾ ਅਤੇ ਆਰ ਐੱਸ ਐੱਸ ਭਾਰਤ ਨੂੰ ਹਿੰਦੂ ਸੱਭਿਅਤਾ ਦੇ ਸੰਦਰਭ ਵਿੱਚ ਦੇਖਦੇ ਹਨ। ਭਾਰਤੀ ਉਪ-ਮਹਾਂਦੀਪ ਬਹੁ-ਸੱਭਿਆਚਾਰਕ ਅਤੇ ਬਹੁ-ਭਾਸ਼ਾਈ ਰਿਹਾ ਹੈ, ਪਰ ਆਰ ਐੱਸ ਐੱਸ ਅਤੇ ਭਾਜਪਾ ਭਾਰਤ ਨੂੰ ਇੱਕ ਸੱਭਿਆਚਾਰ ਵਾਲਾ ਮੁਲਕ ਬਣਾਉਣਾ ਲੋਚਦੀ ਹੈ। ਧਾਰਾ 370 ਨੂੰ ਮਨਸੂਖ ਕਰਨ ਅਤੇ ਅਜਿਹੀਆਂ ਹੋਰ ਘਟਨਾਵਾਂ ਤੋਂ ਪ੍ਰਤੱਖ ਹੈ ਕਿ ਨਰਿੰਦਰ ਮੋਦੀ ਸਰਕਾਰ ਆਪਣਾ ਪੁਰਾਣਾ ਏਜੰਡਾ ਲਾਗੂ ਕਰ ਰਹੀ ਹੈ। ਹਿੰਦੂ ਸੱਭਿਅਤਾ ਦੇ ਏਜੰਡੇ ਦੇ ਰਾਹ ਵਿੱਚ ਪੰਜਾਬ ਨੂੰ ਵਿਰੋਧ ਦਾ ਕੇਂਦਰ ਸਮਝਿਆ ਜਾਂਦਾ ਹੈ।
ਭਾਜਪਾ ਅਤੇ ਆਰ ਐੱਸ ਐੱਸ ਨੇ ਵੀ ਸਿੱਖਾਂ ਪ੍ਰਤੀ ਆਪਣਾ ਨਜ਼ਰੀਆ ਬਦਲਿਆ ਹੈ। ਆਰ ਐੱਸ ਐੱਸ ਸਿੱਖਾਂ ਦੀ ਵੱਖਰੀ ਅਤੇ ਸੁਤੰਤਰ ਪਛਾਣ ਦਾ ਵਿਰੋਧ ਨਹੀਂ ਕਰਦੀ, ਪਰ ਸੱਭਿਆਚਾਰਕ ਪਹਿਲੂ ਨੂੰ ਵਧੇਰੇ ਮਹੱਤਵ ਦਿੱਤਾ ਜਾ ਰਿਹਾ ਹੈ। ਇਸ ਸੂਬੇ ਦੇ ਸਿੱਖਾਂ ਅਤੇ ਹਿੰਦੂਆਂ ਦੋਵਾਂ ਦਾ ਸਾਂਝਾ ਪੰਜਾਬੀ ਸੱਭਿਆਚਾਰ ਹੈ। ਇਹ ਸੰਗਠਨ ਹੁਣ ਸਿੱਖਾਂ ਨੂੰ ਵੱਡੇ ਹਿੰਦੂ ਪਰਿਵਾਰ ਦੇ ਹਿੱਸੇ ਵਜੋਂ ਦਰਸਾਉਣ ਦੀ ਬਜਾਏ ਸਾਂਝੀ ਪੰਜਾਬੀ ਸੱਭਿਆਚਾਰਕ ਪਛਾਣ ਦੀ ਵਕਾਲਤ ਕਰ ਰਹੇ ਹਨ। ਭਾਜਪਾ ਵੱਲੋਂ ਸਿੱਖ ਧਰਮ ਦੇ ਦਿਹਾੜੇ ਮਨਾਉਣ ਨੂੰ ਇਸ ਢਾਂਚੇ ਅੰਦਰ ਦੇਖਿਆ ਜਾਣਾ ਚਾਹੀਦਾ ਹੈ। ਇਸ ਸਭ ਬਾਰੇ ਜਾਣਦਿਆਂ ਪਹਿਲਾਂ ਦੱਸੇ ਗਏ ਇਸ਼ਤਿਹਾਰ ਦੇ ਅਰਥ ਵੀ ਸਮਝ ਆਉਂਦੇ ਹਨ।
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਵੀ ਇਹੋ ਸਾਂਝੀ ਪੰਜਾਬੀ ਪਛਾਣ ਹੈ ਅਤੇ ਇਸੇ ਲਈ ਪਾਰਟੀ ਦੁਆਰਾ ਇਸ ਏਜੰਡੇ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ। ਭਾਜਪਾ ਲੰਮੇ ਸਮੇਂ ਦੀ ਦੌੜ ਦੌੜਨ ਵਿੱਚ ਵਿਸ਼ਵਾਸ ਰੱਖਦੀ ਹੈ। ਪੰਜਾਬ ਵਿੱਚ ਆਗਾਮੀ ਫਰਵਰੀ 2027 ਦੀਆਂ ਵਿਧਾਨ ਸਭਾ ਚੋਣਾਂ ਮੁੱਖ ਫੋਕਸ ਨਹੀਂ ਹੋ ਸਕਦੀਆਂ ਕਿਉਂਕਿ ਭਾਜਪਾ ਹਾਲੇ ਪੰਜਾਬ ਵਿੱਚ ਚੋਣਾਂ ਜਿੱਤਣ ਦੀ ਵੱਡੀ ਦਾਅਵੇਦਾਰ ਨਹੀਂ ਹੈ। ਹਾਲਾਂਕਿ, ਇਸ ਦਾ ਆਧਾਰ ਵਧ ਰਿਹਾ ਹੈ ਅਤੇ ਭਾਜਪਾ ਦਾ ਨਿਸ਼ਾਨਾ ਸਾਲ 2032 ਦੀਆਂ ਚੋਣਾਂ ਹੋ ਸਕਦੀਆਂ ਹਨ।
ਭਾਜਪਾ ਦੇ ਅੰਦਰ ਹੀ ਦੋ ਦ੍ਰਿਸ਼ਟੀਕੋਣ ਜਾਪਦੇ ਹਨ। ਇੱਕ ਧੜਾ ਅਕਾਲੀ ਦਲ ਨਾਲ ਗੱਠਜੋੜ ਦੀ ਵਕਾਲਤ ਕਰਦਾ ਹੈ, ਜਦੋਂਕਿ ਦੂਜਾ ਇਕੱਲੇ ਚੋਣਾਂ ਲੜਨ ’ਤੇ ਜ਼ੋਰ ਦਿੰਦਾ ਹੈ। ਭਾਜਪਾ ਦੇ ਸੀਨੀਅਰ ਆਗੂ ਅਮਿਤ ਸ਼ਾਹ ਬਿਨਾਂ ਗੱਠਜੋੜ ਕੀਤਿਆਂ ਅੱਗੇ ਵਧਣ ਦੇ ਸੰਕੇਤ ਦੇ ਰਹੇ ਹਨ ਅਤੇ ਜੇਕਰ ਗੱਠਜੋੜ ਹੁੰਦਾ ਵੀ ਹੈ ਤਾਂ ਇਹ ਕਾਫ਼ੀ ਸੋਚ ਵਿਚਾਰ ਮਗਰੋਂ ਹੋ ਸਕਦਾ ਹੈ।
Share this content:



Post Comment