ਕੇਰਲਾ ਤੋਂ ਸਬਕ ਲਵੇ ਪੰਜਾਬ ਕਾਂਗਰਸ
ਜਿੱਤ ਦੇ ਮੂੰਹ ਵਿੱਚੋਂ ਹਾਰ ਖੋਹ ਕੇ ਲਿਆਉਣ ਦੀ ਕਾਂਗਰਸ ਪਾਰਟੀ ਦੀ ਪੁਰਾਣੀ ਆਦਤ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਵੀ ਪੂਰੀ ਤਰ੍ਹਾਂ ਦੇਖਣ ਨੂੰ ਮਿਲੀ ਹੈ, ਪਰ ਕੇਰਲਾ ਨੇ ਤਾਂ ਹੱਦ ਹੀ ਕਰ ਦਿੱਤੀ। ਸੂਬੇ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਕੇ ਯੂਨਾਈਟਿਡ ਡੈਮੋਕ੍ਰੈਟਿਕ ਫਰੰਟ ਨੂੰ ਵੱਡੀ ਬਹੁਮਤ (140 ਮੈਂਬਰੀ ਵਿਧਾਨ ਸਭਾ ਵਿੱਚ 102 ਸੀਟਾਂ) ਦਿਵਾਉਣ ਦੇ ਪੂਰੇ ਦਸ ਦਿਨਾਂ ਬਾਅਦ ਪਾਰਟੀ ਨੇ ਆਖਰਕਾਰ ਛੇ ਵਾਰ ਦੇ ਵਿਧਾਇਕ ਵੀ ਡੀ ਸਤੀਸ਼ਨ ਨੂੰ ਮੁੱਖ ਮੰਤਰੀ ਵਜੋਂ ਨਾਮਜ਼ਦ ਕਰਕੇ ਖੁਦ ਨੂੰ ਜਨਤਕ ਤੌਰ ’ਤੇ ਜ਼ਲੀਲ ਹੋਣੋਂ ਬਚਾ ਲਿਆ। ਇੱਥੋਂ ਤੱਕ ਕਿ ਰਾਹੁਲ ਗਾਂਧੀ ਨੂੰ ਵੀ ਇਹ ਅਹਿਸਾਸ ਹੋ ਗਿਆ ਸੀ ਕਿ ਆਪਣੇ ਖਾਸ ਬੰਦੇ ਕੇ ਸੀ ਵੇਣੂਗੋਪਾਲ ਨੂੰ ਕੇਰਲਾ ਦੇ ਲੋਕਾਂ ਸਿਰ ਮੜ੍ਹਨਾ ਠੀਕ ਨਹੀਂ ਹੋਵੇਗਾ। ਵੇਣੂਗੋਪਾਲ ਪਾਰਟੀ ਦੇ ਬਹੁਤ ਤਾਕਤਵਰ ਜਨਰਲ ਸਕੱਤਰ ਹਨ ਅਤੇ ਹਾਈਕਮਾਂਡ ਦੇ ‘ਅੱਖ-ਕੰਨ’ ਮੰਨੇ ਜਾਂਦੇ ਹਨ। ਹਾਂ, ਇਹ ਵੀ ਸੱਚ ਹੈ ਕਿ ਜੇ ਕਾਂਗਰਸ ਹਾਈਕਮਾਂਡ ਅਜਿਹਾ ਕਰਦੀ ਤਾਂ ਕੇਰਲਾ ਦੇ ਲੋਕ ਮਨ ਮਾਰ ਕੇ ਇਹ ਕੌੜਾ ਘੁੱਟ ਵੀ ਭਰ ਲੈਂਦੇ ਕਿਉਂਕਿ ਹਫ਼ਤਾ ਪਹਿਲਾਂ ਹੀ ਜਿੱਤੇ ਬਹੁਤੇ ਵਿਧਾਇਕ ਵੇਣੂਗੋਪਾਲ ਦੇ ਪੱਖ ਵਿੱਚ ਹੀ ਖੜ੍ਹੇ ਸਨ।
ਪਰ ਫਿਰ ਹੌਲੀ ਹੌਲੀ ਵਿਰੋਧ ਦੀਆਂ ਆਵਾਜ਼ਾਂ ਤੇਜ਼ ਹੋਣ ਲੱਗੀਆਂ ਅਤੇ ਹਵਾ ਦਾ ਰੁਖ਼ ਬਦਲ ਗਿਆ। ਜਾਪਦਾ ਹੈ ਕਿ ਵਾਇਨਾਡ ਤੋਂ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਨੇ ਵੀ ਇਸ ਮਾਮਲੇ ਵਿੱਚ ਦਖ਼ਲ ਦਿੱਤਾ, ਜਿਸ ਨਾਲ ਵੱਡੀ ਮਦਦ ਮਿਲੀ। ਪਰ ਅਸਲ ਵਿੱਚ ਇਹ ਪਾਰਟੀ ਅੰਦਰੋਂ ਉੱਠੀ ਹੋਈ ਵਿਰੋਧ ਦੀ ਆਵਾਜ਼ ਹੀ ਸੀ, ਜਿਸ ਨੇ ਆਖਰਕਾਰ ਵਡਾਸੇਰੀ ਦਾਮੋਦਰਨ ਸਤੀਸ਼ਨ ਦੇ ਹੱਕ ਵਿੱਚ ਮਾਹੌਲ ਬਣਾ ਦਿੱਤਾ (ਇੱਥੇ ‘ਵਡਾਸੇਰੀ’ ਉਨ੍ਹਾਂ ਦੇ ਖਾਨਦਾਨ ਜਾਂ ਘਰ ਦਾ ਨਾਮ ਹੈ, ‘ਦਾਮੋਦਰਨ’ ਪਿਤਾ ਦਾ ਨਾਮ ਅਤੇ ‘ਸਤੀਸ਼ਨ’ ਉਨ੍ਹਾਂ ਦਾ ਆਪਣਾ ਨਾਮ ਹੈ)। ਦਰਅਸਲ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ (ਰਾਹੁਲ ਗਾਂਧੀ) ਮੂਹਰੇ ਖੁੱਲ੍ਹ ਕੇ ਬੋਲਣ ਦਾ ਜੇਰਾ ਵੀ ਕੌਣ ਕਰੇ! ਉਨ੍ਹਾਂ ਦੇ ਦੇਖਣ-ਪਰਖਣ ਦਾ ਨਜ਼ਰੀਆ ਉਨ੍ਹਾਂ ਦੀ ‘ਜਿਊਜਿਤਸੂ’ (ਮਾਰਸ਼ਲ ਆਰਟ) ਦੀ ਮੁਹਾਰਤ ਵਰਗਾ ਹੀ ਹੈ। ਹਾਲ ਇਹ ਹੈ ਕਿ ਬੀਤੇ ਦਿਨੀਂ ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਵਿੱਚ ਇੱਕ ਪਾਰਟੀ ਪ੍ਰੋਗਰਾਮ ਦੌਰਾਨ ਪੰਜਾਬ ਕਾਂਗਰਸ ਦੇ ਆਗੂਆਂ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਤੋਂ ਵੀ ਡੰਡ ਬੈਠਕਾਂ (ਪੁਸ਼-ਅੱਪਸ) ਕਢਵਾ ਲਈਆਂ ਸਨ। ਖ਼ੈਰ, ਇਸ ਮਜ਼ੇਦਾਰ ਕਿੱਸੇ ਦੀ ਪੂਰੀ ਕਹਾਣੀ ਜਾਨਣ ਲਈ ਤੁਹਾਨੂੰ ਮੇਰੇ ਸਹਿਯੋਗੀ ਰਾਜਮੀਤ ਸਿੰਘ ਦੀ ਰਿਪੋਰਟ ਪੜ੍ਹਨੀ ਪਵੇਗੀ। ਕੇਰਲਾ ਦੇ ਕਾਂਗਰਸੀ ਆਗੂ ਹੁਣ ਗੁਰੂਵਯੂਰ ਮੰਦਰ ਵਿੱਚ ਦੇਵਤੇ ਦੇ ਚਰਨਾਂ ਵਿੱਚ ਨਾਰੀਅਲ ਭੰਨ ਕੇ ਸੁੱਖਣਾ ਲਾਹ ਰਹੇ ਹਨ।
ਉਨ੍ਹਾਂ ਨੂੰ ਜਿੰਨੀ ਖੁਸ਼ੀ ਸਤੀਸ਼ਨ ਦੇ ਆਗੂ ਬਣਨ ਦੀ ਹੈ, ਓਨੀ ਹੀ ਇਸ ਗੱਲ ਦੀ ਵੀ ਹੈ ਕਿ ਅਗਲੇ ਪੰਜ ਸਾਲ ਉਨ੍ਹਾਂ ਨੂੰ ਨਹੀਂ, ਸਗੋਂ ਰਾਹੁਲ ਗਾਂਧੀ ਨੂੰ ਵੇਣੂਗੋਪਾਲ ਨਾਲ ਸਿੱਧਾ ਮੱਥਾ ਲਾਉਣਾ ਪਵੇਗਾ ਤੇ ਨਾਲੇ ਦਿੱਲੀ ਦੀ ਗੱਲ ਦਿੱਲੀ ਵਿੱਚ ਹੀ ਰਹੇ ਤਾਂ ਵਧੇਰੇ ਚੰਗਾ ਹੈ। ਠੀਕ ਉਸੇ ਵੇਲੇ ਆਰ ਐੱਸ ਐੱਸ ਦੇ ਸੀਨੀਅਰ ਆਗੂ ਦੱਤਾਤ੍ਰੇਅ ਹੋਸਾਬਲੇ ਨੇ ਇਸੇ ਹਫ਼ਤੇ ਪਾਕਿਸਤਾਨ ਬਾਰੇ ਟਿੱਪਣੀ ਕਰਕੇ ਇੱਕ ਸਿਆਸੀ ਧਮਾਕਾ ਕਰ ਦਿੱਤਾ ਹੈ। ਉਨ੍ਹਾਂ ਕਿਹਾ, ‘‘ਪੁਲਵਾਮਾ ਹਮਲੇ ਵਰਗੀਆਂ ਪਿੱਠ ’ਚ ਛੁਰਾ ਮਾਰਨ ਵਾਲੀਆਂ ਘਟਨਾਵਾਂ ਦੇ ਬਾਵਜੂਦ ਲੋਕਾਂ ਦੇ ਆਪਸੀ ਸੰਵਾਦ ਨੂੰ ਹੁਣ ਹੋਰ ਵਧੇਰੇ ਅਜ਼ਮਾਇਆ ਜਾਣਾ ਚਾਹੀਦਾ ਹੈ। ਸਿਵਲ ਸੁਸਾਇਟੀ ਦੇ ਸਬੰਧ ਕਾਰਗਰ ਸਾਬਤ ਹੋਣਗੇ ਕਿਉਂਕਿ ਅਸੀਂ (ਇਤਿਹਾਸਕ ਤੌਰ ’ਤੇ) ਇੱਕੋ ਰਾਸ਼ਟਰ ਰਹੇ ਹਾਂ। ਦੇਸ਼ ਦੀ ਸੁਰੱਖਿਆ ਅਤੇ ਸਵੈ-ਮਾਣ ਦੀ ਰਾਖੀ ਲਾਜ਼ਮੀ ਹੈ, ਪਰ ਸਾਨੂੰ ਗੱਲਬਾਤ ਦੇ ਬੂਹੇ ਬੰਦ ਨਹੀਂ ਕਰਨੇ ਚਾਹੀਦੇ। ਸਾਨੂੰ ਉਨ੍ਹਾਂ ਨਾਲ ਗੱਲਬਾਤ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ।
Share this content:



Post Comment