ਕੇਂਦਰੀ ਯੋਜਨਾਵਾਂ ’ਤੇ ਆਪਣੀ ਮੋਹਰ ਲਾ ਰਹੀ ਹੈ ‘ਆਪ’: ਸੁਨੀਲ ਜਾਖੜ
ਚੰਡੀਗੜ੍ਹ, 1 ਅਕਤੂਬਰ – ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ਦੀ ‘ਆਪ’ ਸਰਕਾਰ ’ਤੇ ਕੇਂਦਰ ਦੀਆਂ ਯੋਜਨਾਵਾਂ ’ਤੇ ਆਪਣੀ ਮੋਹਰ ਲਾ ਕੇ ਪ੍ਰਚਾਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀ ਵਰਗ ਦੀ ਬਹੁ-ਗਿਣਤੀ ਵਾਲੇ 3763 ਪਿੰਡਾਂ ਦੇ ਵਿਕਾਸ ਲਈ ਲੱਖਾਂ ਰੁਪਏ ਖਰਚਣ ਦਾ ਐਲਾਨ ਕੀਤਾ ਹੈ, ਜਦਕਿ ਇਹ ਪੈਸਾ ਕੇਂਦਰ ਸਰਕਾਰ ਵੱਲੋਂ ‘ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ’ ਤਹਿਤ ਦਿੱਤਾ ਜਾ ਰਿਹਾ ਹੈ। ਕੇਂਦਰ ਨੇ 1200 ਪਿੰਡਾਂ ਲਈ ਫੰਡ ਪਹਿਲਾਂ ਹੀ ਭੇਜ ਦਿੱਤੇ ਹਨ ਅਤੇ ਬਾਕੀਆਂ ਲਈ ਰਕਮ ਜਲਦੀ ਜਾਰੀ ਹੋਵੇਗੀ।
ਇਸੇ ਦੌਰਾਨ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ ਆਰ) ਦੇ ਮੁੱਦੇ ’ਤੇ ਵਿਰੋਧੀਆਂ ਨੂੰ ਘੇਰਦਿਆਂ ਜਾਖੜ ਨੇ ਕਿਹਾ ਕਿ ਵਿਰੋਧੀ ਧਿਰਾਂ ਸਿਰਫ਼ ਸਵਾਲ ਚੁੱਕ ਰਹੀਆਂ ਹਨ ਪਰ ਕਿਸੇ ਨੇ ਚੋਣ ਕਮਿਸ਼ਨ ਕੋਲ ਇਤਰਾਜ਼ ਦਰਜ ਨਹੀਂ ਕਰਵਾਇਆ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਪਹਿਲਾਂ 2.14 ਕਰੋੜ ਵੋਟਰ ਸਨ, ਜਿਨ੍ਹਾਂ ਵਿੱਚੋਂ ਕਰੀਬ 20.66 ਲੱਖ ਵੋਟਰਾਂ ’ਤੇ ਤਲਵਾਰ ਲਟਕੀ ਹੋਈ ਹੈ। ਇਨ੍ਹਾਂ ਵਿੱਚ ਮੌਤ ਦਾ ਸ਼ਿਕਾਰ ਹੋਏ, ਗ਼ੈਰ-ਹਾਜ਼ਰ, ਪੱਕੇ ਤੌਰ ’ਤੇ ਥਾਂ ਬਦਲ ਚੁੱਕੇ ਅਤੇ ਦੋਹਰੀ ਵੋਟ ਵਾਲੇ ਲੋਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਸੈਕਟਰ 39 ਵਿੱਚ ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਅਲਾਟ ਹੋਈਆਂ ਕੋਠੀਆਂ ਵਿੱਚ ਕੋਈ ਹੋਰ ਹੀ ਲੋਕ ਰਹਿ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਜਿਵੇਂ ਆਮ ਕਿਰਾਏਦਾਰਾਂ ਦੀ ਪੁਲੀਸ ਪੜਤਾਲ ਹੁੰਦੀ ਹੈ, ਉਸੇ ਤਰ੍ਹਾਂ ਇਨ੍ਹਾਂ ਕੋਠੀਆਂ ਵਿੱਚ ਰਹਿਣ ਵਾਲਿਆਂ ਦੀ ਵੀ ਚੰਡੀਗੜ੍ਹ ਪੁਲੀਸ ਤੋਂ ਜਾਂਚ ਕਰਵਾਈ ਜਾਵੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ।
Share this content:


Post Comment