Loading Now

ਕਿਤਾਬਾਂ ਰੋਟੀ ਵੀ ਦਿੰਦੀਆਂ ਨੇ

ਕਿਤਾਬਾਂ ਰੋਟੀ ਵੀ ਦਿੰਦੀਆਂ ਨੇ

ਮੈਂ ਦੋ ਹਜ਼ਾਰ ਬਾਰ੍ਹਾਂ ’ਚ ਆਰਮੀ ’ਚੋਂ ਸੇਵਾ ਮੁਕਤ ਹੋ ਕੇ ਆ ਗਿਆ ਸੀ। ਚਾਰ ਸਾਲ ਤੱਕ ਲੋਕ ਸੰਘਰਸ਼ਾਂ ’ਚ ਬੜੀ ਦਰਿੜਤਾ ਨਾਲ਼ ਹਿੱਸਾ ਲੈਂਦਾ ਰਿਹਾ। ਪੈਨਸ਼ਨ ਬਹੁਤ ਥੋੜ੍ਹੀ ਲੱਗੀ ਸੀ, ਮੁੜ ਗੁਜ਼ਾਰਾ ਨਹੀਂ ਸੀ ਹੋ ਸਕਦਾ। ਜੋ ਚਾਰ ਪੈਸੇ ਸੇਵਾ ਮੁਕਤੀ ਵੇਲੇ ਮਿਲੇ ਸਨ ਉਹ ਵੀ ਖੁਰਨ ਲੱਗ ਪਏ। ਘਰ’ਚ ਕਲੇਸ ਅਲੱਗ ਰਹਿਣ ਲੱਗ ਪਿਆ। ਮਾਂ-ਬਾਪ ਘਰਵਾਲੀ ਨੂੰ ਕਹਿੰਦੇ ‘ਇਸ ਨੂੰ ਸਮਝਾ ਕਿਹੜੇ ਕੰਮਾਂ ’ਚ ਪੈ ਗਿਆ, ਸਾਰਾ ਦਿਨ ਕਾਮਰੇਡਾਂ ਨਾਲ਼ ਤੁਰਿਆ ਫਿਰਦਾ ਰਹਿੰਦਾ।’ ਘਰਵਾਲੀ ਰੋਜ਼ ਦੀ ਕਿੱਚ-ਕਿੱਚ ਤੋਂ ਤੰਗ ਆ ਜਾਂਦੀ। ਇਸ ਦੌਰਾਨ ਮੈਂ ਘਰ ’ਚ ਆਪਣੀ ਬਣੀ ਦੁਕਾਨ ’ਚ ਪ੍ਰਚੂਨ ਦੀ ਛੋਟੀ ਜਿਹੀ ਦੁਕਾਨ ਖੋਲ੍ਹ ਲਈ। ਕਾਊਂਟਰ’ਤੇ ਕੰਪਿਊਟਰ ਰੱਖ ਲਿਆ। ਉਸ ’ਤੇ ਸਾਰਾ ਦਿਨ ਠੁੰਗਾਂ ਮਾਰਦਾ ਰਹਿੰਦਾ ਤੇ ਹੌਲੀ-ਹੌਲੀ ਪੰਜਾਬੀ ਟਾਈਪ ਕਰਨੀ ਸਿੱਖ ਲਈ। ਹੁਣ ਪੱਤਰਕਾਰਾਂ ਕੋਲ਼ ਜੋ ਵੀ ਸੰਘਰਸ਼ ਦੀਆਂ ਖ਼ਬਰਾਂ ਹੁੰਦੀਆਂ, ਉਹ ਮੈਂ ਭੇਜ ਦਿੰਦਾ। ਨਾਲ਼ ਹੀ ਅਖ਼ਬਾਰਾਂ ’ਚ ਆਰਟੀਕਲ, ਕਵਿਤਾ ਛੋਟੀ ਕਹਾਣੀ ਭੇਜਦਾ ਉਹ ਸਭ ਛਪ ਜਾਂਦੀਆਂ। ਬਾਪੂ ਨੂੰ ਦੁਕਾਨ ’ਤੇ ਬਿਠਾ ਆਪ ਫਿਰ ਧਰਨਿਆਂ ’ਚ ਹਾਜ਼ਰ ਹੋ ਜਾਂਦਾ।

ਮਨ ’ਚ ਫੁਰਨਾ ਫੁਰਿਆ ਕਿਉਂ ਨਾ ਕਵਿਤਾਵਾਂ ਦੀ ਕਿਤਾਬ ਛਪਵਾ ਲਵਾਂ। ਫ਼ੌਜ ਦੀ ਨੌਕਰੀ ਦੌਰਾਨ ਡਾਇਰੀਆਂ ’ਚ ਲਿਖੀਆਂ ਕਵਿਤਾਵਾਂ ਦਾ ਖਰੜਾ ਤਿਆਰ ਕਰ ਲਿਆ। ਮੇਰੇ ਅਜ਼ੀਜ਼ ਮਿੱਤਰ ਸਤਪਾਲ ਭੀਖੀ ਨਾਲ਼ ਇਸ ਬਾਰੇ ਗੱਲ ਕੀਤੀ। ਉਸ ਨੇ ਮੇਰੀ ਇਸ ਸਲਾਹ ਨੂੰ ਮੁੱਢੋ ਹੀ ਰੱਦ ਕਰ ਦਿੱਤਾ। ‘ਤੂੰ ਕਹਾਣੀ ਬਹੁਤ ਵਧੀਆ ਲਿਖਦਾ ਐਂ, ਕਹਾਣੀਆਂ ਲਿਖ ਫ਼ੌਜੀ ਜੀਵਨ ਬਾਰੇ।’ ਇਕ ਵਾਰ ਤਾਂ ਉਸ ਦੀ ਗੱਲ ਮੈਨੂੰ ਠੀਕ ਨਾ ਲੱਗੀ। ਫਿਰ ਸੋਚ ਵਿਚਾਰ ਤੋਂ ਬਾਅਦ ਮੈਂ ਕਹਾਣੀਆਂ ਲਿਖਣ ਵੱਲ ਨੂੰ ਤੁਰ ਪਿਆ। ਘਰਵਾਲੀ ਤੇ ਮੇਰਾ ਨੇੜਲਾ ਮਿੱਤਰ ਮਾਸਟਰ ਅਮਰੀਕ ਮੇਰੀਆਂ ਕਹਾਣੀਆਂ ਦੇ ਪਹਿਲੇ ਪਾਠਕ ਹੁੰਦੇ ਤੇ ਹੋਰ ਯਾਰਾਂ-ਦੋਸਤਾਂ ਨੂੰ ਪੜ੍ਹਨ ਲਈ ਦਿੰਦਾ। ਮੇਰੇ ਲਿਖਣ ਪੜ੍ਹਨ ’ਤੇ ਵੀ ਮਾਂ-ਬਾਪ ਨੂੰ ਇਤਰਾਜ਼ ਹੁੰਦਾ। ‘ਵਿਹਲੇ ਕੰਮਾਂ ’ਚ ਪੈ ਗਿਆ।

ਵੀਹ ਸੌ ਪੰਦਰਾਂ ’ਚ ਮੇਰੀ ਫ਼ੌਜੀ ਜੀਵਨ ਨਾਲ਼ ਸੰਬੰਧਿਤ ਕਹਾਣੀਆਂ ਦੀ ਕਿਤਾਬ ਛਪ ਕੇ ਆ ਗਈ। ਮੈਂ ਜਿੱਥੇ ਵੀ ਨੌਕਰੀਆਂ ਲਈ ਪੋਸਟਾਂ ਨਿਕਲਦੀਆਂ, ਫ਼ੌਜੀ ਕੋਟਾ ਹੁੰਦਾ, ਮੈਂ ਅਪਲਾਈ ਕਰ ਦਿੰਦਾ। ਇਸ ਤਰ੍ਹਾਂ ਮਾਨਸਾ ਸ਼ੈਸਨ ਕੋਰਟ ’ਚ ਗਰੁੱਪ-ਡੀ ਦੀਆਂ 14 ਪੋਸਟਾਂ ਆ ਗਈਆਂ। ਘਰਵਾਲੀ ਦੇ ਕਹਿਣ ’ਤੇ ਮੈਂ ਫਾਰਮ ਭਰ ਦਿੱਤਾ। ਫਾਰਮ ਭਰਨ ਦੀ ਮਿਤੀ ਚਾਰ ਕੁ ਦਿਨ ਬਾਕੀ ਸੀ। ਮਾਨਸਾ ਅਸੀਂ ਦਵਾਈ ਲੈਣ ਗਏ ਫਾਰਮ ਭਰ ਸਾਰੇ ਕਾਗਜ਼ ਪੱਤਰ ਨਾਲ਼ ਲਾ ਲੈ ਗਿਆ। ਦਵਾਈ ਲੈਣ ਤੋਂ ਬਾਅਦ ਸ਼ੈਸਨ ਕੋਰਟ ਦੀ ਇੰਗਲਿਸ ਬ੍ਰਾਂਚ ਵੱਲ ਨੂੰ ਤੁਰ ਪਏ, ਜਿੱਥੇ ਕਾਗਜ਼ ਜਮ੍ਹਾਂ ਕਰਨੇ ਸੀ। ਖੱਬੇ ਹੱਥ ਤਾਰੀਖ਼ ਉੱਤੇ ਆਏ ਲੋਕ ਬੈਠੇ ਸਨ, ਦਰਵਾਜ਼ੇ ਦੇ ਬਾਹਰ ਨੇਮ ਪਲੇਟ ’ਤੇ ਲਿਖਿਆ ਸੀ ਜ਼ਿਲ੍ਹਾ ਅਤੇ ਸ਼ੈਸਨ ਜੱਜ ‘ਅਰਚਨਾ ਪੁਰੀ’। ਇਕ ਬਡੇਰੀ ਉਮਰ ਦਾ ਬੰਦਾ ਤਾਰੀਖ਼ ’ਤੇ ਆਏ ਹੋਏ ਬੰਦਿਆਂ ਨੂੰ ਆਵਾਜ਼ ਮਾਰ ਰਿਹਾ ਸੀ। ਬ੍ਰਾਂਚ ਵਾਲਿਆਂ ਨੇ ਮੇਰੇ ਕਾਗਜ਼ ਦੇਖ ਕੇ ਮੈਨੂੰ ਵਾਪਸ ਮੋੜ ਦਿੱਤਾ ਸੀ।

‘ਇਸ ’ਚ ਪੰਜਾਬੀ ਪਾਸ ਵਾਲਾ ਸਰਟੀਫਿਕੇਟ ਨਹੀਂ ਹੈ।’ ਮੈਂ ਉਹ ਲਾਇਆ ਨਹੀਂ ਸੀ, ਕੇਵਲ ਡਿਗਰੀ ਵਾਲਾ ਲਾਇਆ ਸੀ। ਮੈਂ ਵਾਪਸ ਪਰਤ ਆਇਆ। ਘਰਵਾਲੀ ਨੂੰ ਸਾਰੀ ਗੱਲ ਦੱਸੀ। ਦੁਪਹਿਰ ਦੇ ਇਕ ਵਜੇ ਘਰ ਪਹੁੰਚ ਗਏ। ਘਰਵਾਲੀ ਕਹਿੰਦੀ ‘ਤੁਸੀਂ ਡਾਕ ਰਾਹੀਂ ਭੇਜ ਦਿਓ ਫਾਰਮ।’ ‘ਰਹਿਣ ਦੇ ਇੱਥੇ ਸਿਫ਼ਾਰਸ ਤੋਂ ਬਿਨਾਂ ਨੌਕਰੀ ਨਹੀਂ ਮਿਲਦੀ। ਉਹ ਵੀ ਹਾਈ ਕੋਰਟ ਦੀ ਸਿਫ਼ਾਰਸ ਚਾਹੀਦੀ ਐ।’ ਜਿਵੇਂ ਜੋ ਸੁਣਦੇ ਸੀ ਮੈਂ ਗੱਲ ਕਹਿ ਦਿੱਤੀ। ‘ਫਿਰ ਕੀ ਹੁੰਦਾ ਤੁਸੀਂ ਕਾਗਜ਼ ਤਾਂ ਭੇਜ ਦਿਓ।’ ਚਲੋ ਮੈਂ ਕਾਗਜ਼ ਪੂਰੇ ਕਰਕੇ ਡਾਕ ਰਾਹੀ ਪੋਸਟ ਕਰ ਦਿੱਤੇ। ਪੰਦਰਾਂ ਕੁ ਦਿਨਾਂ ਬਾਅਦ ਇੰਟਰਵਿਊ ਸੀ। ਮੇਰੀ ਇੰਟਰਵਿਊ ਪਹਿਲੇ ਦਿਨ ਹੀ ਸੀ। ਪੰਜ ਹਜ਼ਾਰ ਤੋਂ ਵੱਧ ਬੇਰੁਜ਼ਗਾਰ ਨੌਜਵਾਨਾਂ ਨੇ ਫਾਰਮ ਭਰੇ। ਮੈਂ ਇਕ ਦਿਨ ਪਹਿਲਾਂ ਦੁਕਾਨ ਤੋਂ ਫਾਇਲ ਲੈ ਕੇ ਤਿਆਰ ਕੀਤੀ, ਜਿਸ ’ਚ ਮੈਂ ਅਖ਼ਬਾਰਾਂ ’ਚ ਛਪੇ ਮੇਰੇ ਲੇਖ, ਕਵਿਤਾਵਾਂ, ਕਹਾਣੀਆਂ ਤੇ ਉਹ ਮੈਗਜ਼ੀਨ, ਜਿੰਨਾਂ ’ਚ ਮੇਰੀ ਕੋਈ ਨਾ ਕੋਈ ਰਚਨਾ ਛਪੀ ਸੀ, ਇਕੱਠੇ ਕਰ ਕੇ ਫਾਇਲ ’ਚ ਲਾ ਲਏ ਤੇ ਨਾਲ਼ ਹੀ ਮੇਰੀ ਕਿਤਾਬ ਕੋਰਟ-ਮਾਰਸ਼ਲ ਰੱਖ ਲਈ। ਅਗਲੇ ਦਿਨ ਇੰਟਰਵਿਊ ਲਈ ਘਰੋਂ ਤੁਰ ਪਿਆ।

ਵੱਡੀਆਂ-ਵੱਡੀਆਂ ਡਿਗਰੀਆਂ ਦੇ ਥੱਬੇ ਲੈ ਕੇ ਬੇਰੁਜ਼ਗਾਰ ਮੁੰਡੇ-ਕੁੜੀਆਂ ਪਹੁੰਚੇ ਹੋਏ ਸਨ। ਦੋ ਕਮਰਿਆਂ ’ਚ ਜੱਜ ਸਹਿਬਾਨ ਇੰਟਰਵਿਊ ਲੈ ਰਹੇ ਸਨ। ਬਾਹਰ ਖੜ੍ਹਾ ਅਰਦਲੀ ਅੰਦਰ ਇਕ-ਇਕ ਕਰਕੇ ਭੇਜ ਰਿਹਾ ਸੀ। ਕੁੱਝ ਸਮੇਂ ਬਾਅਦ ਮੇਰਾ ਵੀ ਨੰਬਰ ਆਉਣ ਵਾਲਾ ਸੀ। ਹਾਲ ਦੇ ਅੰਦਰ ਉੱਚੇ ਲੰਮੇ ਕੱਦ ਦੀ ਇਕ ਸਿਲਕ ਦੀ ਸਾੜੀ ਉਪਰ ਕਾਲ਼ਾ ਕੋਟ ਪਹਿਨੀ ਔਰਤ ਅਫ਼ਸਰ ਪੁਲਿਸ ਕਰਮੀਆਂ ਨਾਲ਼ ਦਾਖ਼ਲ ਹੋਈ ਦੇਖ ਕੇ ਸਾਰੇ ਖੜ੍ਹੇ ਹੋ ਗਏ। ਪਤਾ ਲੱਗਿਆ ਇਹ ਜ਼ਿਲ੍ਹਾ ਅਤੇ ਸ਼ੈਸਨ ਜੱਜ ਹਨ। ਉਹ ਇਟਰਵਿਊ ਵਾਲੇ ਕਮਰੇ ’ਚ ਚਲੇ ਗਏ। ਕੁਝ ਦੇਰ ਬਾਅਦ ਮੇਰਾ ਨੰਬਰ ਆ ਗਿਆ। ਸਾਹਮਣੇ ਕੁਰਸੀਆਂ ’ਤੇ ਦੋ ਜੱਜ ਬੈਠੇ ਸਨ ਇਕ ’ਤੇ ਮੈਡਮ ਜੋ ਹੁਣੇ ਲੰਘ ਕੇ ਗਏ ਸਨ ਤੇ ਨਾਲ਼ ਉਨ੍ਹਾਂ ਦੇ ਇਕ ਹੋਰ ਜੱਜ ਸਹਿਬਾਨ ਬੈਠੇ ਸਨ। ਮੈਂ ਜਾਦਿਆਂ ਹੀ ਸਲੂਟ ਮਾਰ ਦਿੱਤਾ। ਉਨ੍ਹਾਂ ਕੁਰਸੀ ’ਤੇ ਬੈਠਣ ਦਾ ਇਸ਼ਾਰਾ ਕੀਤਾ। ਨਾਲ਼ ਹੀ ਬੋਲੇ, ‘ਕਦੋਂ ਆਏ ਸੀ ਫ਼ੌਜ’ਚੋਂ?’ ‘ਜੀ ਇਕੱਤੀ ਬਾਰ੍ਹਾਂ, ਬਾਰ੍ਹਾਂ ਨੂੰ।’ ‘ਹੁਣ ਕੀ ਕਰਦੇ ਹੋਂ।’ ‘ਜੀ ਵਿਹਲਾ ਹਾਂ।’ ਨਾਲ਼ ਦੀ ਨਾਲ਼ ਮੈਂ ਆਪਣੀ ਤਿਆਰ ਕੀਤੀ ਫਾਇਲ ਟੇਬਲ ’ਤੇ ਰੱਖ ਦਿੱਤੀ।

‘ਜੀ ਮੈਨੂੰ ਪੜ੍ਹਨ ਲਿਖਣ ਦਾ ਸ਼ੌਕ ਐ, ਮੇਰੀ ਕਿਤਾਬ ਵੀ ਛਪੀ ਹੈ ਤੇ ਅਖ਼ਬਾਰਾਂ ’ਚ ਲੇਖ, ਕਹਾਣੀ ਛਪਦੇ ਰਹਿੰਦੇ ਨੇ।’ ‘ਮੈਡਮ ਜਿਹੜਾ ਸਵਾਲ ਪੁੱਛਦੇ ਨੇ ਉਸ ਦਾ ਜਵਾਬ ਦਿਓ।’ ਨਾਲ਼ ਬੈਠੇ ਜੱਜ ਸਹਿਬਾਨ ਨੇ ਕਿਹਾ। ‘ਜੀ ਪੁੱਛੋ।’ ‘ਜਿਹੜਾ ਕੰਮ ਦਿਆਂਗੇ ਉਹ ਕਰੋਗੇ।’ ਜੀ ਸਰ।’ ਮੈਂ ਫ਼ੌਜ ’ਚ ਸਿਖਾਏ ‘ਜੈੱਸ ਸਰ’ ਨੂੰ ਜ਼ੋਰ ਦੇ ਕੇ ਕਿਹਾ।’ ‘ਠੀਕ ਐ ਤੁਸੀ ਜਾਓ।’ ਬਾਅਦ ’ਚ ਇਕ ਚਰਚਾ ਛਿੜ ਪਈ ਕਿ ਇਕ ਫ਼ੌਜੀ ਨੇ ਸ਼ੈਸਨ ਜੱਜ ਮੂਹਰੇ ਆਪਣੀਆਂ ਲਿਖਿਆਂ ਕਿਤਾਬਾਂ ਰੱਖ ਦਿੱਤੀਆਂ। ਇਹ ਗੱਲ ਮੈਨੂੰ ਮੇਰੇ ਪਿੰਡ ਦੇ ਇਕ ਮੁੰਡੇ ਨੇ ਦੱਸੀ ਸੀ ਜੋ ਕੋਰਟ ’ਚ ਨੌਕਰੀ ਕਰਦਾ ਸੀ।

ਕੁੱਝ ਦਿਨ ਇੰਟਰਵਿਊ ਚੱਲਦੀ ਰਹੀ। ਮੈਨੂੰ ਕੋਈ ਉਮੀਦ ਨਹੀਂ ਸੀ, ਕਿਉਂਕਿ ਮੈਥੋਂ ਅਜਿਹੇ ਸਵਾਲ ਨਹੀਂ ਪੁੱਛੇ ਗਏ ਸਨ, ਜਿਹੋ ਜਿਹੇ ਬਾਕੀਆਂ ਤੋਂ ਪੁੱਛੇ ਗਏ ਸਨ। ਦੋ ਦਿਨਾਂ ਬਾਅਦ ਮੈਨੂੰ ਕੋਰਟ ਦੇ ਦਫ਼ਤਰ ’ਚੋਂ ਫ਼ੋਨ ਆਇਆ। ਵਧਾਈਆਂ! ਤੁਹਾਡੀ ਨਿਯੁਕਤੀ ਹੋ ਗਈ ਹੈ। ਤੁਸੀਂ ਨਿਯੁਕਤੀ ਪੱਤਰ ਲੈ ਜਾਓ। ਮੈਨੂੰ ਯਕੀਨ ਨਾ ਹੋਇਆ। ਮੈਨੂੰ ਲੱਗਿਆ ਕੋਈ ਮਜ਼ਾਕ ਕਰ ਰਿਹਾ ਹੋਣਾ। ਫਿਰ ਮੇਰੇ ਪਿੰਡ ਵਾਲੇ ਉਸੇ ਮੁੰਡੇ ਦਾ ਫ਼ੋਨ ਆਇਆ ਤਾਂ ਯਕੀਨ ਹੋਇਆ। ਮੈਂ ਸੋਚ ਰਿਹਾ ਸੀ ਜੋ ਗੱਲ ਉੱਡੀ ਸੀ ਮੇਰੀ ਕਿਤਾਬਾਂ ਬਾਰੇ, ਉਹ ਸਹੀ ਸੀ।

Share this content:

Post Comment