Loading Now

‘ਕਾਕਰੋਚ ਜਨਤਾ ਪਾਰਟੀ’ ਦੇ ਬਣੇ ਲੱਖਾਂ ਫਾਲੋਅਰਜ਼

‘ਕਾਕਰੋਚ ਜਨਤਾ ਪਾਰਟੀ’ ਦੇ ਬਣੇ ਲੱਖਾਂ ਫਾਲੋਅਰਜ਼

ਚੰਡੀਗੜ੍ਹ, 21 ਮਈ – ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਅੱਜ-ਕੱਲ੍ਹ ਇੱਕ ਅਨੋਖੇ ਨਾਂਅ ਦੀ ਖ਼ੂਬ ਚਰਚਾ ਹੋ ਰਹੀ ਹੈ-‘ਕਾਕਰੋਚ ਜਨਤਾ ਪਾਰਟੀ’। ਇਹ ਨਾਂਅ ਸੁਣਦਿਆਂ ਹੀ ਹਰ ਕਿਸੇ ਦੇ ਮਨ ਵਿੱਚ ਕਈ ਸਵਾਲ ਖੜ੍ਹੇ ਹੋ ਰਹੇ ਹਨ ਕਿ ਆਖ਼ਰ ਇਹ ਕਿਹੋ ਜਿਹੀ ਪਾਰਟੀ ਹੈ, ਇਸ ਨੂੰ ਕਿਸ ਨੇ ਸ਼ੁਰੂ ਕੀਤਾ ਹੈ ਅਤੇ ਇਸ ਦਾ ਮੁੱਖ ਮਕਸਦ ਕੀ ਹੈ? ਦਿਲਚਸਪ ਗੱਲ ਇਹ ਹੈ ਕਿ ਇਸ ਡਿਜੀਟਲ ਪਾਰਟੀ ਨੂੰ ਵੱਡੇ-ਵੱਡੇ ਸਿਆਸਤਦਾਨਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਦਰਅਸਲ, ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸੂਰਿਆਕਾਂਤ ਵੱਲੋਂ ਦਿੱਤੇ ਇੱਕ ਬਿਆਨ ਨੂੰ ਲੈ ਕੇ ਨੌਜਵਾਨਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਸੀ। ਚੀਫ਼ ਜਸਟਿਸ ਨੇ ਕਥਿਤ ਤੌਰ ‘ਤੇ ਨੌਕਰੀਆਂ ਦੇ ਸੰਦਰਭ ਵਿੱਚ ਗੱਲ ਕਰਦਿਆਂ ਬੇਰੁਜ਼ਗਾਰਾਂ ਦੀ ਤੁਲਨਾ ‘ਕਾਕਰੋਚ’ ਨਾਲ ਕਰ ਦਿੱਤੀ ਸੀ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੇ ਆਪਣੇ ਬਿਆਨ ‘ਤੇ ਸਫ਼ਾਈ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਇਹ ਟਿੱਪਣੀ ‘ਫ਼ਰਜ਼ੀ ਡਿਗਰੀਆਂ’ ਵਾਲਿਆਂ ਲਈ ਕੀਤੀ ਸੀ, ਪਰ ਸੋਸ਼ਲ ਮੀਡੀਆ ‘ਤੇ ਟਰੋਲਰਜ਼ ਨੇ ਇਸ ਮੁੱਦੇ ਨੂੰ ਹੱਥੋਂ ਨਹੀਂ ਜਾਣ ਦਿੱਤਾ।

ਇਹ ਕੋਈ ਅਸਲ ਜਾਂ ਚੋਣ ਕਮਿਸ਼ਨ ਕੋਲ ਰਜਿਸਟਰਡ ਸਿਆਸੀ ਪਾਰਟੀ ਨਹੀਂ ਹੈ, ਬਲਕਿ ‘ਐਕਸ’ ‘ਤੇ ਬਣਾਇਆ ਗਿਆ ਇੱਕ ਸਿਆਸੀ ਵਿਅੰਗ ਵਾਲਾ ਹੈਂਡਲ ਹੈ, ਜੋ ਦੇਸ਼ ਦੀ ਸਿਆਸਤ ਅਤੇ ਬੇਰੁਜ਼ਗਾਰੀ ਦੇ ਮੁੱਦੇ ‘ਤੇ ਤਨਜ਼ ਕੱਸ ਰਿਹਾ ਹੈ। ਇਸ ਪਾਰਟੀ ਦੇ ਬਾਇਓ ਵਿੱਚ ਇਸ ਨੂੰ ‘ਨੌਜਵਾਨਾਂ ਦਾ ਰਾਜਨੀਤਿਕ ਮੋਰਚਾ’ ਦੱਸਿਆ ਗਿਆ ਹੈ, ਜੋ ਨੌਜਵਾਨਾਂ ਲਈ ਅਤੇ ਨੌਜਵਾਨਾਂ ਦੀ ਸੋਚ ‘ਤੇ ਕੰਮ ਕਰਦਾ ਹੈ, ਕਿਉਂਕਿ ਇਹ ਅਕਾਊਂਟ ਦੇਸ਼ ਦੇ ਮੁੱਖ ਜੱਜ ਦੇ ਬਿਆਨ ਤੋਂ ਤੁਰੰਤ ਬਾਅਦ ਹੋਂਦ ਵਿੱਚ ਆਇਆ ਹੈ, ਇਸ ਲਈ ਇਸ ਨੂੰ ਸਿੱਧਾ ਉਸੇ ਵਿਵਾਦ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਪਾਰਟੀ ਵੱਲੋਂ ਕੀਤੇ ਜਾ ਰਹੇ ਸਿਆਸੀ ਵਿਅੰਗ ਲੋਕਾਂ ਨੂੰ ਇੰਨੇ ਪਸੰਦ ਆ ਰਹੇ ਹਨ ਕਿ ਮਹਿਜ਼ 24 ਘੰਟਿਆਂ ਦੇ ਅੰਦਰ ਹੀ ਇਸ ਹੈਂਡਲ ਦੇ ਹਜ਼ਾਰਾਂ ਫਾਲੋਅਰਜ਼ ਹੋ ਗਏ ਸਨ। 3 ਦਿਨਾਂ ਵਿੱਚ ਇਸ ਨਾਲ ਲੱਖਾਂ ਹੀ ਫਾਲੋਅਰਜ਼ ਜੁੜ ਗਏ ਹਨ, ਜਿਨ੍ਹਾਂ ਨੂੰ ਇਹ ਪਾਰਟੀ ਮਜ਼ਾਕ ਵਿੱਚ ਅੱਗੋਂ ‘ਕਾਕਰੋਚ’ ਕਹਿ ਕੇ ਹੀ ਸੰਬੋਧਨ ਕਰਦੀ ਹੈ। ਸੋਸ਼ਲ ਮੀਡੀਆ ‘ਤੇ ਇਹ ਪੇਜ ਬੇਰੁਜ਼ਗਾਰ ਨੌਜਵਾਨਾਂ ਦੀ ਆਵਾਜ਼ ਅਤੇ ਸਿਸਟਮ ‘ਤੇ ਤਿੱਖਾ ਹਮਲਾ ਕਰਨ ਦਾ ਇੱਕ ਨਵਾਂ ਹਥਿਆਰ ਬਣ ਗਿਆ ਹੈ।

Share this content:

Post Comment