Loading Now

ਕਾਕਰੋਚ ਜਨਤਾ ਪਾਰਟੀ ਦੇ ਆਗੂ ਸੌਰਵ ਦਾਸ ਨੂੰ ਦਿੱਲੀ ਏਅਰਪੋਰਟ ’ਤੇ ਰੋਕਿਆ

ਕਾਕਰੋਚ ਜਨਤਾ ਪਾਰਟੀ ਦੇ ਆਗੂ ਸੌਰਵ ਦਾਸ ਨੂੰ ਦਿੱਲੀ ਏਅਰਪੋਰਟ ’ਤੇ ਰੋਕਿਆ

ਨਵੀਂ ਦਿੱਲੀ , 24 ਨਵੰਬਰ-  ਕਾਕਰੋਚ ਜਨਤਾ ਪਾਰਟੀ ਦੇ ਸਹਿ-ਕਨਵੀਨਰ ਸੌਰਵ ਦਾਸ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਦਿੱਲੀ ਹਵਾਈ ਅੱਡੇ ’ਤੇ ਬ੍ਰਿਟੇਨ ਜਾਣ ਤੋਂ ਰੋਕ ਦਿੱਤਾ ਗਿਆ। ਉਨ੍ਹਾਂ ਨੂੰ ਆਕਸਫੋਰਡ ਯੂਨੀਵਰਸਿਟੀ ਵਿੱਚ ਕਰਵਾਏ ਜਾ ਰਹੇ ਇੱਕ ਸਮਾਗਮ ਵਿੱਚ ‘ਕਾਕਰੋਚ ਅੰਦੋਲਨ’ ਬਾਰੇ ਭਾਸ਼ਣ ਦੇਣ ਲਈ ਸੱਦਾ ਦਿੱਤਾ ਗਿਆ ਸੀ। ਦਾਸ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਕਈ ਪੋਸਟਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਰਾਤ 1 ਵਜੇ ਲੰਡਨ ਜਾਣ ਵਾਲੀ ਉਡਾਣ ਵਿੱਚ ਸਵਾਰ ਹੋਣਾ ਸੀ, ਪਰ ਇਸ ਤੋਂ ਪਹਿਲਾਂ ਹੀ ਦਿੱਲੀ ਹਵਾਈ ਅੱਡੇ ’ਤੇ ਇਮੀਗ੍ਰੇਸ਼ਨ ਜਾਂਚ ਦੌਰਾਨ ਉਨ੍ਹਾਂ ਨੂੰ ਰੋਕ ਦਿੱਤਾ ਗਿਆ।

ਕਾਜਪਾ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਦੋਸ਼ ਲਾਇਆ ਕਿ ਸੱਤਾ ਵਿੱਚ ਬੈਠੇ ਕਿਸੇ ਵਿਅਕਤੀ ਨੂੰ ਸੌਰਵ ਦਾਸ ਨੂੰ ਆਕਸਫੋਰਡ ਯੂਨੀਵਰਸਿਟੀ ਤੋਂ ਮਿਲੇ ਸੱਦੇ ਕਾਰਨ ਈਰਖਾ ਹੋ ਰਹੀ ਹੈ। ਦਾਸ ਨੇ ਕਿਹਾ, ‘‘ਇਸ ਕਾਇਰ (ਪ੍ਰਧਾਨ ਮੰਤਰੀ ਨਰਿੰਦਰ) ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਮੈਨੂੰ ਆਕਸਫੋਰਡ ਯੂਨੀਵਰਸਿਟੀ ਵਿੱਚ ਭਾਸ਼ਣ ਦੇਣ ਲਈ ਲੰਡਨ ਜਾਣ ਤੋਂ ਦਿੱਲੀ ਹਵਾਈ ਅੱਡੇ ’ਤੇ ਰੋਕ ਦਿੱਤਾ।’’ ਉਨ੍ਹਾਂ ਕਿਹਾ, ‘‘ਇਸ ਕਾਇਰ ਸਰਕਾਰ ਨੇ ਮੈਨੂੰ ਲੰਡਨ ਜਾਣ ਵਾਲੀ ਉਡਾਣ ਵਿੱਚ ਸਵਾਰ ਨਹੀਂ ਹੋਣ ਦਿੱਤਾ। ਮੈਨੂੰ ਆਕਸਫੋਰਡ, ਕੈਂਬ੍ਰਿਜ, ਐਲਐੱਸਈ (ਲੰਡਨ ਸਕੂਲ ਆਫ ਇਕਨਾਮਿਕਸ) ਅਤੇ ਐਡਿਨਬਰਾ ਵਰਗੀਆਂ ਨਾਮਵਰ ਯੂਨੀਵਰਸਿਟੀਆਂ ਵਿੱਚ ਕਾਕਰੋਚ ਅੰਦੋਲਨ ਬਾਰੇ ਭਾਸ਼ਣ ਦੇਣ ਲਈ ਸੱਦਾ ਦਿੱਤਾ ਗਿਆ ਸੀ।’’ ਉਨ੍ਹਾਂ ਕਿਹਾ, ‘‘ਭਾਰਤੀ ਵਿਦਿਆਰਥੀਆਂ ਨੇ ਇਨ੍ਹਾਂ ਸਮਾਗਮਾਂ ਦੇ ਆਯੋਜਨ ਲਈ ਬਹੁਤ ਮਿਹਨਤ ਕੀਤੀ ਸੀ, ਪਰ ਬੌਧਿਕ ਵਿਚਾਰ-ਵਟਾਂਦਰੇ ਦਾ ਵਿਰੋਧ ਕਰਨ ਵਾਲੀ ਇਹ ਸਰਕਾਰ ਮੈਨੂੰ ਇਨ੍ਹਾਂ ਵੱਕਾਰੀ ਸੰਸਥਾਵਾਂ ਵਿੱਚ ਜਾਣ ਤੋਂ ਡਰ ਗਈ।’’

ਦਾਸ ਨੇ ਦੱਸਿਆ ਕਿ ਆਕਸਫੋਰਡ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਨੇ ਉਨ੍ਹਾਂ ਨੂੰ ਇੱਕ ਵਿਚਾਰ-ਚਰਚਾ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਸੀ। ਉਨ੍ਹਾਂ ਕਿਹਾ, ‘‘ਇਸੇ ਲਈ ਮੈਂ ਲੰਡਨ ਜਾ ਰਿਹਾ ਸੀ, ਪਰ ਜਿਵੇਂ ਹੀ ਮੈਂ ਇਮੀਗ੍ਰੇਸ਼ਨ ਜਾਂਚ ਲਈ ਪਹੁੰਚਿਆ ਤਾਂ ਮੈਨੂੰ ਪਤਾ ਲੱਗਾ ਕਿ ਇਮੀਗ੍ਰੇਸ਼ਨ ਸਿਸਟਮ ਵਿੱਚ ਮੇਰੇ ਪਾਸਪੋਰਟ ਨੂੰ ਚਿੰਨ੍ਹਿਤ ਕੀਤਾ ਗਿਆ ਹੈ।’’  ਦਾਸ ਨੇ ਸਵਾਲ ਕੀਤਾ, ‘‘ਸਰਕਾਰ ਇਸ ਗੱਲ ਤੋਂ ਇੰਨੀ ਕਿਉਂ ਡਰੀ ਹੋਈ ਹੈ ਕਿ ਕੋਈ ਪੜ੍ਹਿਆ-ਲਿਖਿਆ ਨੌਜਵਾਨ ਪੜ੍ਹੇ-ਲਿਖੇ ਲੋਕਾਂ ਵਿੱਚ ਜਾ ਕੇ ਬੌਧਿਕ ਚਰਚਾ ਕਰੇ?’’ ਉਨ੍ਹਾਂ ਕਿਹਾ, ‘‘ਕਾਸ਼ ਮੈਂ ਨੀਰਵ ਮੋਦੀ ਹੁੰਦਾ। ਕਾਸ਼ ਮੈਂ ਵਿਜੇ ਮਾਲਿਆ ਹੁੰਦਾ। ਕਾਸ਼ ਮੈਂ ਬੈਂਕਾਂ ਦੇ ਹਜ਼ਾਰਾਂ ਕਰੋੜ ਰੁਪਏ ਲੁੱਟੇ ਹੁੰਦੇ।’’

ਕਾਜਪਾ ਆਗੂ ਨੇ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਤੰਜ਼ ਕੱਸਦਿਆਂ ਕਿਹਾ, ‘‘ਉਹ ਆਪਣੀ ਕੈਬਨਿਟ ਦਾ ਵਿਸਥਾਰ ਤੱਕ ਨਹੀਂ ਕਰ ਪਾ ਰਹੇ, ਕਿਉਂਕਿ ਮੰਤਰੀ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਰਹੇ ਹਨ।’’ ਦਾਸ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਪ੍ਰਭਾਵਿਤ ਹੋਏ ਬਿਨਾਂ ਆਪਣਾ ਕੰਮ ਜਾਰੀ ਰੱਖਣਗੇ ਅਤੇ ਭਵਿੱਖ ਵਿੱਚ ਲੰਡਨ, ਪੈਰਿਸ ਤੇ ਹੋਰ ਥਾਵਾਂ ਦੀ ਯਾਤਰਾ ਵੀ ਕਰਨਗੇ। ਇਸ ਘਟਨਾਕ੍ਰਮ ’ਤੇ ਪ੍ਰਤੀਕਿਰਿਆ ਦਿੰਦਿਆਂ ਕਾਜਪਾ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਦੋਸ਼ ਲਾਇਆ ਕਿ ਸੱਤਾ ਵਿੱਚ ਬੈਠੇ ਕਿਸੇ ਵਿਅਕਤੀ ਨੂੰ ਦਾਸ ਨੂੰ ਆਕਸਫੋਰਡ ਯੂਨੀਵਰਸਿਟੀ ਤੋਂ ਮਿਲੇ ਸੱਦੇ ਕਾਰਨ ਈਰਖਾ ਹੋ ਰਹੀ ਹੈ। ਦੀਪਕੇ ਨੇ ‘ਐਕਸ’ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਸੌਰਵ ਨੂੰ ਆਕਸਫੋਰਡ ਯੂਨੀਵਰਸਿਟੀ ਵਿੱਚ ਇੱਕ ਸੰਮੇਲਨ ਦੌਰਾਨ ਭਾਸ਼ਣ ਦੇਣ ਲਈ ਸੱਦਾ ਦਿੱਤਾ ਗਿਆ ਸੀ, ਪਰ ਅਜਿਹਾ ਲੱਗਦਾ ਹੈ ਕਿ ਸੱਤਾ ਵਿੱਚ ਬੈਠਾ ਕੋਈ ਅਨਪੜ੍ਹ ਅਤੇ ਗਵਾਰ ਵਿਅਕਤੀ, ਜਿਸ ਨੂੰ ਖ਼ੁਦ ਦੁਨੀਆ ਭਰ ਵਿੱਚ ਘੁੰਮਣਾ ਪਸੰਦ ਹੈ, ਸੌਰਵ ਨੂੰ ਆਕਸਫੋਰਡ ਤੋਂ ਮਿਲੇ ਸੱਦੇ ਕਾਰਨ ਈਰਖਾ ਕਰ ਰਿਹਾ ਹੈ।’’ਕੌਜਪਾ ਨੇ ਸਰਕਾਰ ’ਤੇ ਪੜ੍ਹੇ-ਲਿਖੇ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਵੀ ਲਾਇਆ।

Share this content:

Post Comment