ਕਾਕਰੋਚ, ਕਾਫ਼ਕਾ, ਲੋਰਕਾ ਤੇ ਅਸੀਂ
‘‘ਇੱਕ ਸਵੇਰ ਜਦੋਂ ਗਰੈਗਰ ਸਮਸਾ ਆਪਣੇ ਬੇਚੈਨ ਕਰ ਦੇਣ ਵਾਲੇ ਸੁਫ਼ਨਿਆਂ ’ਚੋਂ ਜਾਗਿਆ ਤਾਂ ਉਸ ਨੇ ਆਪਣੇ ਬਿਸਤਰੇ ਵਿੱਚ ਆਪਣੇ ਆਪ ਨੂੰ ਇੱਕ ਵੱਡੇ ਕੀੜੇ ਮਕੌੜੇ (ਕਾਕਰੋਚ) ਵਿੱਚ ਬਦਲ ਲਿਆ ਸੀ। ਮਨੁੱਖ ਕਾਕਰੋਚ ਕਦੋਂ ਤੇ ਕਿਵੇਂ ਬਣਦਾ ਹੈ? ਕੀ ਉਹ ਖ਼ੁਦ ਆਪਣੇ ਆਪ ਨੂੰ ਕਾਕਰੋਚ ਵਿੱਚ ਬਦਲ ਲੈਂਦਾ ਹੈ ਜਾਂ ਸਮਾਜਿਕ, ਆਰਥਿਕ ਤੇ ਸਿਆਸੀ ਹਾਲਾਤ ਉਸ ਨੂੰ ਕਾਕਰੋਚ ਬਣਾ ਦਿੰਦੇ ਜਾਂ ਉਸ ਨੂੰ ਕਾਕਰੋਚ ਵਰਗੀ ਸਥਿਤੀ ਵਿੱਚ ਪਹੁੰਚਾ ਦਿੰਦੇ ਹਨ? ਉਪਰੋਕਤ ਸ਼ਬਦ ਫਰਾਂਜ਼ ਕਾਫ਼ਕਾ ਦੇ ਹਨ, ਜਿਹੜਾ 1883 ਵਿੱਚ ਪਰਾਗ (ਹੁਣ ਚੈੱਕ ਰਿਪਬਲਿਕ ਦੀ ਰਾਜਧਾਨੀ) ਵਿੱਚ ਜੰਮਿਆ, ਪਰ ਲਿਖਦਾ ਜਰਮਨ ਭਾਸ਼ਾ ਵਿੱਚ ਸੀ। ਵਿਦਵਾਨਾਂ ਦਾ ਮੰਨਣਾ ਹੈ ਕਿ ਇਹ ਲਘੂ ਨਾਵਲ ਸਰਮਾਏਦਾਰੀ ਨਿਜ਼ਾਮ ਹੇਠ ਮਨੁੱਖ ਦੀ ਆਪਣੇ ਆਪ ਤੋਂ ਬੇਗਾਨੇ (alienation) ਹੋ ਜਾਣ ਦੀ ਕਹਾਣੀ ਹੈ, ਇਸ ਨਿਜ਼ਾਮ ਦੀ ਅਣਮਨੁੱਖਤਾ ਵਿੱਚ ਮਨੁੱਖ ਦੀ ਮਨੁੱਖਤਾ ਦੇ ਗੁਆਚਣ ਦੀ ਕਹਾਣੀ, ਮਨੁੱਖ ਦੀ ਮਨੁੱਖ ਤੋਂ ਕਾਕਰੋਚ ਬਣ ਜਾਣ ਦੀ ਗਾਥਾ। ਸਪੇਨੀ ਕਵੀ ਤੇ ਨਾਟਕਕਾਰ ਫਰੈਰੀਕੋ ਗਾਰਸੀਆ ਲੋਰਕਾ ਦੇ ਇੱਕ ਲਘੂ ਨਾਟਕ ‘ਤਿਤਲੀ ਦਾ ਟੂਣਾ’ ਵਿੱਚ ਵੀ ਕਾਕਰੋਚਾਂ ਦੀ ਕਹਾਣੀ ਦੱਸੀ ਗਈ ਹੈ; ਇਹ ਇੱਕ ਜ਼ਖ਼ਮੀ ਹੋ ਗਈ ਤਿਤਲੀ ਤੇ ਇੱਕ ਨੌਜਵਾਨ ਕਾਕਰੋਚ, ਜੋ ਸ਼ਾਇਰ ਹੈ, ਦੀ ਅਸੰਭਵ ਪ੍ਰੇਮ ਕਹਾਣੀ ਹੈ।
ਇਹ ਕਿਹਾ ਜਾ ਸਕਦਾ ਹੈ ਕਿ ਸਾਹਿਤ ਵਿੱਚ ਤਾਂ ਕੁਝ ਵੀ ਹੋ ਸਕਦਾ ਹੈ, ਜਿਵੇਂ ਆਪਣੇ ਨਾਵਲ ‘ਗੁਲੀਵਰ’ਜ਼ ਟਰੈਵਲਜ਼’ ਵਿੱਚ ਜੋਨਾਥਨ ਸਵਿਫਟ ਇੱਕ ਪਾਸੇ 6 ਇੰਚ ਦੇ ਲਘੂ ਮਨੁੱਖਾਂ ਦੇ ਦੇਸ ਲਿਲੀਪੁਟ ਦੀ ਕਲਪਨਾ ਕਰਦਾ ਹੈ ਤੇ ਦੂਸਰੇ ਪਾਸੇ 72 ਫੁੱਟ ਕੱਦ ਵਾਲੇ ਵਿਰਾਟ ਮਨੁੱਖਾਂ ਦੀ ਧਰਤੀ ਬਰੋਬਡਿੰਗਨੈਗ (Brobdingnag) ਦੀ; ਉਸ ਨਾਵਲ ਵਿੱਚ ਹੋਰ ਕਾਲਪਨਿਕ ਧਰਤੀਆਂ ਵੀ ਹਨ। ਇਸੇ ਤਰ੍ਹਾਂ ਉਰਦੂ ਵਿੱਚ ਲਿਖਣ ਵਾਲਾ ਪੰਜਾਬੀ ਨਾਵਲਕਾਰ ਕ੍ਰਿਸ਼ਨ ਚੰਦਰ ‘ਇੱਕ ਗਧੇ ਕੀ ਸਰਗੁਜ਼ਸ਼ਤ’ (ਇੱਕ ਗਧੇ ਦੀ ਆਤਮਕਥਾ) ਜਿਹਾ ਵਿਅੰਗਮਈ ਨਾਵਲ ਲਿਖਦਾ ਹੈ; ਪਰ ਇੱਕ ਅਖ਼ਬਾਰੀ ਲੇਖ ਵਿੱਚ ਕਾਕਰੋਚਾਂ ਦਾ ਜ਼ਿਕਰ ਕਿਉਂ ਕੀਤਾ ਜਾ ਰਿਹਾ ਹੈ?
ਇਹ ਜ਼ਿਕਰ ਬਹੁਤ ਦੁੱਖ ਨਾਲ ਕੀਤਾ ਜਾ ਰਿਹਾ ਹੈ। ਪੰਦਰਾਂ ਮਈ 2026 ਨੂੰ ਭਾਰਤ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੂਰਿਆਕਾਂਤ ਨੇ ਇੱਕ ਪਟੀਸ਼ਨ ਸੁਣਦੇ ਸਮੇਂ ਕਿਹਾ, ‘‘ਏਥੇ ਕਾਕਰੋਚਾਂ ਜਿਹੇ ਨੌਜਵਾਨ ਹਨ, ਜਿਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਤੇ ਪੇਸ਼ੇ (ਕਾਨੂੰਨੀ ਖੇਤਰ) ਵਿੱਚ ਕੋਈ ਥਾਂ ਨਹੀਂ ਮਿਲਦੀ। ਉਨ੍ਹਾਂ ’ਚੋਂ ਕੁਝ ਮੀਡੀਆ ਵਿੱਚ ਚਲੇ ਜਾਂਦੇ ਹਨ ਤੇ ਕੁਝ ਸ਼ੋਸ਼ਲ ਮੀਡੀਆ ਵਿੱਚ, ਆਰ.ਟੀ.ਆਈ. ਐਕਟੀਵਿਸਟ ਬਣ ਜਾਂਦੇ ਹਨ ਅਤੇ ਹਰ ਕਿਸੇ ’ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਹਨ।’’ ਪਟੀਸ਼ਨਰ ਨੇ ਸਿਖ਼ਰਲੀ ਅਦਾਲਤ ਸਾਹਮਣੇ ਬੇਨਤੀ ਕੀਤੀ ਸੀ ਕਿ ਉਸ ਨੂੰ ਸੀਨੀਅਰ ਐਡਵੋਕੇਟ ਬਣਾ ਦਿੱਤਾ ਜਾਵੇ। ਪਟੀਸ਼ਨਰ ਦੀ ਬੇਨਤੀ ਸ਼ਾਇਦ ਸਹੀ ਨਹੀਂ ਸੀ ਪਰ ਜੋ ਮਾਣਯੋਗ ਚੀਫ ਜਸਟਿਸ ਸਾਹਿਬ ਨੇ ਕਿਹਾ ਉਹ ਸੱਭਿਅਤਾ ਦੀਆਂ ਹੱਦਾਂ ਪਾਰ ਕਰਨ ਵਾਲਾ ਹੈ, ਬੇਰੁਜ਼ਗਾਰ ਨੌਜਵਾਨਾਂ ਪ੍ਰਤੀ ਹਿਕਾਰਤ ਤੇ ਤ੍ਰਿਸਕਾਰ ਨਾਲ ਭਰੇ ਹੋਏ ਸ਼ਬਦ। ਕੀ ਦੇਸ਼ ਦੀ ਨਿਆਂ ਪ੍ਰਣਾਲੀ ਦੇ ਮੁਖੀ ਨੂੰ ਅਜਿਹੇ ਸ਼ਬਦ ਬੋਲਣੇ ਸ਼ੋਭਾ ਦਿੰਦੇ ਹਨ? ਇਸ ਤੋਂ ਵੱਡਾ ਸਵਾਲ ਇਹ ਹੈ ਕਿ ਇਨ੍ਹਾਂ ਸ਼ਬਦਾਂ ਵਿਚਲੀ ਭਾਵਨਾ ਚੀਫ ਜਸਟਿਸ ਸਾਹਿਬ ਦੇ ਮਨ ਵਿੱਚ ਕਿਵੇਂ ਜਨਮੀ ਤੇ ਪਣਪੀ? ਇਸ ਦੇ ਨਾਲ ਜੁੜੇ ਹੋਰ ਸਵਾਲ ਇਹ ਹਨ: ਕੀ ਅਜਿਹੀ ਭਾਵਨਾ ਸਿਰਫ਼ ਚੀਫ ਜਸਟਿਸ ਸਾਹਿਬ ਦੇ ਮਨ ਵਿੱਚ ਹੈ ਜਾਂ ਨਿਆਂਪਾਲਿਕਾ ਅਤੇ ਸ਼ਾਸਕ ਵਰਗ ਦੇ ਹੋਰ ਸ਼ਖ਼ਸਾਂ ਦੇ ਮਨ ਵਿੱਚ ਵੀ ਏਦਾਂ ਹੀ ਮੌਜੂਦ ਹੈ? ਕੀ ਬੇਰੁਜ਼ਗਾਰਾਂ ਬਾਰੇ ਅਜਿਹੀ ਭਾਸ਼ਾ ਬੇਰੁਜ਼ਗਾਰਾਂ ਤੇ ਉਨ੍ਹਾਂ ਦੇ ਮਨਾਂ ਵਿਚਲੇ ਗੁੱਸੇ ਤੇ ਰੋਹ ਦੀ ਭਾਵਨਾ ਪ੍ਰਤੀ ਕੁਲੀਨ ਵਰਗ ਦੀ ਸਮੂਹਿਕ ਮਾਨਸਿਕਤਾ ਦਾ ਪ੍ਰਗਟਾਵਾ ਹੈ?
ਇਨ੍ਹਾਂ ਸਵਾਲਾਂ ਦੇ ਜਵਾਬ ਦੇਣਾ ਕੋਈ ਜ਼ਿਆਦਾ ਮੁਸ਼ਕਿਲ ਨਹੀਂ। ਸ਼ਬਦ ‘ਕਾਕਰੋਚ’ ਜਾਂ ਲੋਕਾਂ ਦੀ ਕਾਕਰੋਚਾਂ ਨਾਲ ਤੁਲਨਾ ਕਰਨ ਦੀ ਭਾਵਨਾ ਸ਼ਾਸਕ ਵਰਗ ਦੀ ਭਾਸ਼ਾ ਵਿੱਚ ਚਿਰਾਂ ਤੋਂ ਮੌਜੂਦ ਹੈ। 2018 ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਤਤਕਾਲੀ ਪ੍ਰਧਾਨ ਅਮਿਤ ਸ਼ਾਹ ਨੇ ਬੰਗਲਾਦੇਸ਼ੀ ਘੁਸਪੈਠੀਆਂ ਦੀ ਤੁਲਨਾ ਦੀਮਕ (ਸਿਉਂਕ) ਨਾਲ ਕੀਤੀ ਸੀ। 1990ਵਿਆਂ ਵਿੱਚ ਰਵਾਂਡਾ ਵਿੱਚ ਹੋਈ ਨਸਲਕੁਸ਼ੀ ਵਿੱਚ ਘੱਟਗਿਣਤੀ ਟੁਟਸੀ (Tutsi) ਭਾਈਚਾਰੇ ਦੇ ਲੋਕਾਂ ਨੂੰ ਕਾਕਰੋਚ ਗਰਦਾਨਿਆ ਗਿਆ ਸੀ। ਵੀਹਵੀਂ ਸਦੀ ਦੇ ਦੂਸਰੇ ਤੇ ਤੀਸਰੇ ਦਹਾਕੇ ਵਿੱਚ ਨਾਜ਼ੀਆਂ ਨੇ ਯਹੂਦੀਆਂ ਨੂੰ ਆਪਣੀ ਨਫ਼ਰਤ ਦਾ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਨੂੰ ‘ਟਾਈਫਸ ਬਿਮਾਰੀ ਪੈਦਾ ਕਰਨ ਵਾਲੀਆਂ ਜੂੰਆਂ’ ਕਿਹਾ ਸੀ। ਹਿਟਲਰ ਨੇ ਆਪਣੀ ਕਿਤਾਬ ‘ਮੀ ਕੈਂਮਫ’ (Mein Kampf) ਵਿੱਚ ਯਹੂਦੀਆਂ ਨੂੰ ਪਰਜੀਵੀ (Parasites) ਦੱਸਿਆ ਸੀ। ਹੁਣ ਇਜ਼ਰਾਈਲੀ ਆਗੂ, ਅਫਸਰ ਤੇ ਜ਼ਾਇਨਵਾਦੀ ਯਹੂਦੀ ਫ਼ਲਸਤੀਨੀਆਂ ਨੂੰ ਕਾਕਰੋਚ ਤੇ ਕੀੜੇ ਮਕੌੜੇ ਗਰਦਾਨਦੇ ਹਨ। 1983 ਵਿੱਚ ਇਜ਼ਰਾਇਲੀ ਫ਼ੌਜਾਂ ਦੇ ਜਰਨੈਲ ਰੈਫਲ ਈਟਨ ਨੇ ਉਨ੍ਹਾਂ ਨੂੰ ਕਾਕਰੋਚ ਗਰਦਾਨਿਆ ਸੀ ਤੇ ਤਤਕਾਲੀ ਪ੍ਰਧਾਨ ਮੰਤਰੀ ਵਾਈ ਸ਼ਮੀਰ ਨੇ ਵੀ। ਹੁਣ ਗਾਜ਼ਾ ਵਿੱਚ ਨਸਲਕੁਸ਼ੀ ਕਰਨ ਵਾਲੀ ਇਜ਼ਰਾਇਲੀ ਸਰਕਾਰ ਦੇ ਮੰਤਰੀ ਫ਼ਲਸਤੀਨੀਆਂ ਨੂੰ ‘ਮਨੁੱਖੀ ਪਸ਼ੂ’ ਤੇ ਕਈ ਹੋਰ ਅਜਿਹੇ ਸ਼ਬਦਾਂ ਨਾਲ ਬੁਲਾਉਂਦੇ ਹਨ।
ਇਹ ਉਦਾਹਰਣਾਂ ਸਪੱਸ਼ਟ ਕਰਦੀਆਂ ਹਨ ਕਿ ਭਾਸ਼ਾ ਰਾਹੀਂ ਮਨੁੱਖ ਨੂੰ ਮਨੁੱਖ ਦੀ ਹਸਤੀ ਤੋਂ ਗਿਰਾ ਕੇ ਦੇਖਣਾ ਦਮਨ ਤੇ ਜਬਰ ਕਰਨ ਵਾਲੀਆਂ ਧਿਰਾਂ ਦਾ ਪ੍ਰਮੁੱਖ ਹਥਿਆਰ ਰਿਹਾ ਹੈ। ਪਹਿਲਾਂ ਮਨੁੱਖ ਦੀ ਕਿਸੇ ਸ਼੍ਰੇਣੀ ਨੂੰ ਕੀੜੇ ਮਕੌੜਿਆਂ ਜਾਂ ਪਸ਼ੂਆਂ ਨਾਲ ਤੁਲਨਾ ਕੀਤੀ ਜਾਂਦੀ ਹੈ ਤੇ ਫਿਰ ਉਨ੍ਹਾਂ ਦਾ ਘਾਣ ਕੀਤਾ ਜਾਂਦਾ ਹੈ। ਬਸਤੀਵਾਦ ਨੂੰ ਨਿਆਂ-ਪੂਰਵਕ ਠਹਿਰਾਉਣ ਵਾਲੇ ਸ਼ਾਇਰ ਤੇ ਨਾਵਲਕਾਰ ਰੁਡਯਾਰਡ ਕਿਪਲਿੰਗ ਨੇ ਆਪਣੀ ਨਜ਼ਮ ‘ਵ੍ਹਾਈਟ ਮੈਨਜ਼ ਬਰਡਨ (ਗੋਰੇ ਬੰਦੇ ਦਾ ਬੋਝ)’ ਵਿੱਚ ਏਸ਼ੀਆ ਤੇ ਅਫਰੀਕਾ ਦੇ ਲੋਕਾਂ ਨੂੰ ‘ਅਰਧ-ਰਾਖ਼ਸ਼’ ਤੇ ‘ਅਰਧ-ਬੱਚੇ’ ਕਿਹਾ ਸੀ ਤੇ ਇੰਗਲੈਂਡ ਦੇ ਪ੍ਰਧਾਨ ਮੰਤਰਪੀ ਵਿੰਸਟਨ ਚਰਚਿਲ ਦੇ ਭਾਰਤੀਆਂ ਬਾਰੇ ਵਿਚਾਰ ਕੁਝ ਅਜਿਹੇ ਸਨ, ‘‘ਉਹ (ਭਾਰਤੀ) ਪਸ਼ੂਆਂ ਵਰਗੇ ਲੋਕ ਹਨ, ਉਨ੍ਹਾਂ ਦਾ ਧਰਮ ਵੀ ਪਸ਼ੂਆਂ ਵਰਗਾ ਹੈ।’’
ਭਾਸ਼ਾ ਅਜਬ ਸ਼ੈਅ ਹੈ। ਇਹ ਮਨੁੱਖਾਂ ਵਿੱਚ ਸੰਚਾਰ ਦਾ ਸਾਧਨ ਹੈ। ਇਹ ਜੀਵਨ ਵਿਚਲੇ ਸੱਚ ਤੇ ਹਕੀਕਤਾਂ ਨੂੰ ਸਾਹਮਣੇ ਲਿਆਉਂਦੀ ਹੈ, ਆਪਸੀ ਪ੍ਰੇਮ, ਸਾਂਝੀਵਾਲਤਾ, ਮਨੁੱਖੀ ਬਰਾਬਰੀ ਤੇ ਅਮਨ ਦੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਤੇ ਅਮਲ ਵਿੱਚ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ, ਸਾਹਿਤ ਤੇ ਸੱਭਿਆਚਾਰ ਸਿਰਜਦੀ ਹੈ ਪਰ ਨਾਲ ਨਾਲ ਇਹ ਨਫ਼ਰਤ ਵਧਾਉਣ ਤੇ ਹਿੰਸਾ ਭੜਕਾਉਣ ਦਾ ਸੰਦ ਵੀ ਬਣਦੀ ਹੈ, ਮਨੁੱਖਾਂ ਦੇ ਮਨਾਂ ਵਿੱਚ ਕੁੜੱਤਣ ਤੇ ਵਿਤਕਰੇ ਪੈਦਾ ਕਰਦੀ ਹੈ, ਜ਼ੁਲਮ ਕਰਨ ਵਾਲਿਆਂ ਦੀ ਦਾਸੀ ਬਣਦੀ ਹੈ। ਜ਼ੁਲਮ ਵਿਰੁੱਧ ਵਿਦਰੋਹ ਵੀ ਭਾਸ਼ਾ ਰਾਹੀਂ ਹੁੰਦਾ ਹੈ ਤੇ ਗੋਡੇ ਟੇਕੇ ਜਾਣ ਦਾ ਵਿਹਾਰ ਵੀ ਭਾਸ਼ਾ ਰਾਹੀਂ ਅਮਲ ਵਿੱਚ ਆਉਂਦਾ ਹੈ। ਅਨਿਆਂ ਵਿਰੁੱਧ ਆਵਾਜ਼ ਵੀ ਭਾਸ਼ਾ ਰਾਹੀਂ ਉੱਠਦੀ ਹੈ ਤੇ ਚਾਪਲੂਸੀ ਵੀ ਇਸੇ ਦੀ ਗੋਦੀ ਵਿੱਚ ਪਲਦੀ ਹੈ। ਭਾਸ਼ਾ ਦਾ ਇੱਕ ਹੋਰ ਦਿਲਚਸਪ ਪਹਿਲੂ ਇਹ ਹੈ ਕਿ ਕਈ ਵਾਰ ਇਹ ਇਨਸਾਨ ਨੂੰ ਧੋਖਾ ਦਿੰਦੀ ਹੈ। ਕੋਈ ਜਣਾ ਆਪਣੇ ਵੱਲੋਂ ਬਹੁਤ ਮਹੱਤਵਪੂਰਨ ਦਲੀਲ ਦੇ ਰਿਹਾ ਹੁੰਦਾ ਹੈ, ਪਰ ਭਾਸ਼ਾ ਅਜਿਹੀ ਵਰਤ ਜਾਂਦਾ ਹੈ ਜੋ ਨਾ ਸਿਰਫ਼ ਉਸ ਦੀ ਘਟੀਆ ਜ਼ਿਹਨੀਅਤ ਦਾ ਪਰਦਾਫਾਸ਼ ਕਰਦੀ ਹੈ, ਸਗੋਂ ਇਹ ਵੀ ਦੱਸਦੀ ਹੈ ਕਿ ਇਸ ਇਨਸਾਨ ਅੰਦਰਲੀ ਇਨਸਾਨੀਅਤ ਗਰਕ ਹੋ ਚੁੱਕੀ, ਮਰ ਚੁੱਕੀ ਹੈ।
ਏਹੀ ਨਹੀਂ, ਭਾਸ਼ਾ ਮਨੁੱਖਾਂ ਦਾ ਦਮਨ ਕਰਨ ਵਾਲੇ ਨਿਜ਼ਾਮਾਂ ਦੇ ਹੁਕਮਰਾਨਾਂ ਦੀ ਮਾਨਸਿਕਤਾ ਨੂੰ ਦਰਸਾਉਂਦੀ ਹੋਈ ਉਨ੍ਹਾਂ ਸੋਚ-ਸੰਚਾਰਾਂ ਦੇ ਚਿਹਰਿਆਂ ਤੋਂ ਮੁਖੌਟੇ ਉਤਾਰਦੀ ਹੈ, ਜੋ ਉਨ੍ਹਾਂ ਨੇ ਆਪਣੇ ਦਮਨ ਨੂੰ ਸਹੀ ਠਹਿਰਾਉਣ ਲਈ ਪਾਏ ਹੁੰਦੇ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਇਰਾਨ ਦੀ ਸੱਭਿਅਤਾ ਦਾ ਨਾਮੋ-ਨਿਸ਼ਾਨ ਮਿਟਾ ਦੇਣ ਦੀ ਧਮਕੀ ਦੇਣ ਵਾਲੀ ਭਾਸ਼ਾ ਅਜਿਹੀ ਸੀ, ਜੋ ਇਹ ਦੱਸ ਰਹੀ ਸੀ ਕਿ ਪੱਛਮੀ ਸੱਭਿਅਤਾ ਤੇ ਖ਼ਾਸ ਕਰਕੇ ਅਮਰੀਕੀ ਸੱਭਿਅਤਾ ਕਿਸ ਤਰ੍ਹਾਂ ਦੀ ਅਣਮਨੁੱਖਤਾ ਦੀ ਕਾਗਾਰ ’ਤੇ ਜਾ ਪਹੁੰਚੀ ਹੈ, ਜਿਸ ਨੂੰ ਮਨੁੱਖੀ ਅਧਿਕਾਰਾਂ ਤੇ ਜਮਹੂਰੀਅਤ ਦੀ ਰੱਖਿਆ ਦੇ ਖੋਖ਼ਲੇ ਨਾਅਰਿਆਂ ਨਾਲ ਢਕਿਆ ਜਾ ਰਿਹਾ ਹੈ। ਇਰਾਨ ’ਤੇ ਹੋਏ ਹਮਲੇ ਤੋਂ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਜ਼ਰਾਈਲ ਫੇਰੀ ਵਿੱਚ ਵਰਤੀ ਗਈ ਭਾਸ਼ਾ ਵੀ ਨਸਲਕੁਸ਼ੀ ਕਰਨ ਵਾਲੀ ਇਜ਼ਰਾਇਲੀ ਸਰਕਾਰ ਦੀ ਹਮਾਇਤ ਕਰਨ ਵਾਲੀ ਭਾਸ਼ਾ ਸੀ ਤੇ ਸਾਡੇ ਦੇਸ਼ ਦੀ ਸਰਕਾਰ ਤੇ ਮੀਡੀਆ ਪ੍ਰਧਾਨ ਮੰਤਰੀ ਦੀ ਇਜ਼ਰਾਈਲ ਫੇਰੀ ਅਤੇ ਉੱਥੇ ਹੋਏ ਐਲਾਨਾਂ ’ਤੇ ਬਹੁਤ ਖ਼ੁਸ਼ ਵੀ ਸਨ।
ਚੀਫ ਜਸਟਿਸ ਸੂਰਿਆਕਾਂਤ ਨੇ ਸਪੱਸ਼ਟੀਕਰਨ ਦਿੱਤਾ ਹੈ ਕਿ ਉਹ ਨੌਜਵਾਨਾਂ ਦਾ ਬਹੁਤ ਆਦਰ ਕਰਦੇ ਹਨ, ਉਨ੍ਹਾਂ ਨੇ ਉਨ੍ਹਾਂ ਨੌਜਵਾਨਾਂ ਦੀ ਆਲੋਚਨਾ ਕੀਤੀ ਸੀ ਜਿਹੜੇ ਝੂਠੀਆਂ ਡਿਗਰੀਆਂ ਲੈ ਕੇ ਕਾਨੂੰਨਦਾਨੀ ਦੇ ਪੇਸ਼ੇ ਵਿੱਚ ਪ੍ਰਵੇਸ਼ ਕਰਦੇ ਹਨ ਤੇ ਉਹਨਾਂ ਅਨੁਸਾਰ ਅਜਿਹੇ ਲੋਕ ‘ਮੀਡੀਆ, ਸ਼ੋਸ਼ਲ ਮੀਡੀਆ ਤੇ ਕਈ ਹੋਰ ਵਧੀਆ ਪੇਸ਼ਿਆਂ ਵਿੱਚ ਵੀ ਦਾਖ਼ਲ ਹੋ ਜਾਂਦੇ ਹਨ। ਭਾਸ਼ਾ ਫਿਰ ਚੀਫ ਜਸਟਿਸ ਸੂਰਿਆਕਾਂਤ ਨੂੰ ਧੋਖਾ ਦੇ ਰਹੀ ਹੈ। 15 ਮਈ ਨੂੰ ਵਰਤੀ ਗਈ ਭਾਸ਼ਾ ਨੇ ਤਾਂ ਇਹ ਦੱਸ ਹੀ ਦਿੱਤਾ ਸੀ ਕਿ ਉਹ ਬੇਰੁਜ਼ਗਾਰਾਂ ਨੂੰ ਕਾਕਰੋਚ ਸਮਝਦੇ ਹਨ। ਉਨ੍ਹਾਂ ਦਾ ਸਪੱਸ਼ਟੀਕਰਨ ਵੀ ਉਨ੍ਹਾਂ ਨੂੰ ਬਚਾਉਂਦਾ ਨਹੀਂ। ਕੀ ਉਹ ਦੱਸਣਗੇ ਕਿ ਜਿਹੜੇ ਨੌਜਵਾਨ ਝੂਠੀਆਂ ਡਿਗਰੀਆਂ ਪ੍ਰਾਪਤ ਕਰ ਰਹੇ ਹਨ, ਉਨ੍ਹਾਂ ਨੂੰ ਝੂਠੀਆਂ ਡਿਗਰੀਆਂ ਕਿਹੜਾ ਰਾਜ-ਪ੍ਰਬੰਧ ਦੇ ਰਿਹਾ ਹੈ; ਉਹ ਵਿਦਿਅਕ ਅਦਾਰੇ ਜਿਹੜੇ ਝੂਠੀਆਂ ਡਿਗਰੀਆਂ ਦੇ ਰਹੇ ਹਨ, ਕਿਸ ਰਾਜ-ਪ੍ਰਬੰਧ ਅਧੀਨ ਹਨ, ਰਾਜ-ਤੰਤਰ ਅਜਿਹੇ ਵਿਦਿਅਕ ਅਦਾਰਿਆਂ ਵਿਰੁੱਧ ਕੀ ਕਾਰਵਾਈ ਕਰ ਰਿਹਾ ਹੈ? ਸਪੱਸ਼ਟੀਕਰਨ ਇਹ ਵੀ ਦੱਸਦਾ ਹੈ ਕਿ ਦਿਸ਼ਾ ਤੋਂ ਭਟਕੇ ਨੌਜਵਾਨਾਂ ਪ੍ਰਤੀ ਉਨ੍ਹਾਂ ਦੇ ਮਨ ਵਿੱਚ ਹਮਦਰਦੀ ਨਹੀਂ, ਹਿਕਾਰਤ ਹੈ। ਸਪੱਸ਼ਟ ਹੈ ਉਨ੍ਹਾਂ ਨੇ ਇਹ ਸ਼ਬਦ ‘ਕਾਕਰੋਚ’ ਫਰਾਂਜ਼ ਕਾਫ਼ਕਾ ਜਾਂ ਲੋਰਕਾ ਵਾਂਗ ਨਹੀਂ ਵਰਤਿਆ ਜਿਨ੍ਹਾਂ ਨੇ ਇਹ ਸ਼ਬਦ ਮਨੁੱਖੀ ਜੀਵਨ ਤੇ ਸਥਿਤੀ ਦਾ ਦੁਖਾਂਤ ਪ੍ਰਗਟਾਉਣ ਲਈ ਵਰਤਿਆ ਸੀ।
ਸਾਡਾ ਦੇਸ਼ ਨਫ਼ਰਤ ਫੈਲਾਉਣ, ਭੜਕਾਉਣ ਤੇ ਉਸ ਤੋਂ ਸਿਆਸੀ ਫ਼ਾਇਦਾ ਲੈਣ ਵਾਲੇ ਭਾਸ਼ਾ-ਸੰਸਾਰ ਦੀ ਗ੍ਰਿਫ਼ਤ ਵਿੱਚ ਹੈ। ਇਸ ਭਾਸ਼ਾ-ਸੰਸਾਰ ਦਾ ਮੁੱਖ ਨਿਸ਼ਾਨਾ ਦੇਸ਼ ਦੀ ਸਭ ਤੋਂ ਵੱਡੀ ਘੱਟਗਿਣਤੀ ਵਾਲਾ ਭਾਈਚਾਰਾ ਤੇ ਗੁਆਂਢੀ ਦੇਸ਼ ਹਨ। ਹੁਣੇ ਹੁਣੇ ਪੱਛਮੀ ਬੰਗਾਲ ਵਿੱਚ ਹੋਈਆਂ ਚੋਣਾਂ ਵਿੱਚ ਭਾਸ਼ਾ-ਸੰਸਾਰ ਹੋਰ ਨਿਵਾਣਾਂ ਵੱਲ ਗਿਆ ਹੈ। ਦੇਸ਼ ਦੀ ਸਿਆਸਤ ਵਿੱਚੋਂ ਮਨੁੱਖਤਾ ਸਿਰਜਣ, ਭਰਾਤਰੀ ਭਾਵ ਵਧਾਉਣ ਅਤੇ ਸਾਂਝੀਵਾਲਤਾ ਤੇ ਆਪਸੀ ਪ੍ਰੇਮ ਦੀ ਪ੍ਰੇਰਨਾ ਦੇਣ ਵਾਲੀ, ਹਲੀਮੀ ਭਰੀ ਭਾਸ਼ਾ ਗਾਇਬ ਹੋ ਗਈ ਹੈ; ਉਸ ਦੀ ਥਾਂ ਗਰੂਰ, ਹਉਮੈ ਤੇ ਨਫ਼ਰਤ ਭਰੀ ਭਾਸ਼ਾ ਨੇ ਲੈ ਲਈ ਹੈ। ਦੁਖਾਂਤ ਇਹ ਹੈ ਕਿ ਨਿਆਂ ਅਧਿਕਾਰੀ ਵੀ ਇਸ ਵਰਤਾਰੇ ਵਿੱਚ ਸ਼ਾਮਿਲ ਹੋ ਰਹੇ ਹਨ। ਚੀਫ ਜਸਟਿਸ ਸੂਰਿਆਕਾਂਤ ਦੇ ਸ਼ਬਦ ਖਲਾਅ ਵਿੱਚ ਨਹੀਂ ਬੋਲੇ ਗਏ। ਉਹ ਦੇਸ਼ ਦੇ ਉਸ ਮਾਹੌਲ ਦਾ ਹਿੱਸਾ ਹਨ, ਜਿਸ ਵਿੱਚ ਜ਼ਿੰਦਗੀ ਵਿੱਚ ਸਫਲ ਹੋ ਗਏ ਮਨੁੱਖਾਂ ਦਾ ਗੁਣਗਾਣ ਕੀਤਾ ਜਾ ਰਿਹਾ ਹੈ ਤੇ ਅਸਫ਼ਲ ਹੋਣ ਵਾਲਿਆਂ ਨੂੰ ਛੁਟਿਆਇਆ ਜਾ ਰਿਹਾ ਹੈ, ਉਹ ਮਾਹੌਲ, ਜਿਸ ਵਿੱਚ ਘੱਟਗਿਣਤੀ ਫ਼ਿਰਕੇ ਤੇ ਘੱਟ ਸਾਧਨਾਂ ਵਾਲੇ ਲੋਕਾਂ ਤੇ ਵੱਖਰੇ ਵਿਚਾਰ ਰੱਖਣ ਵਾਲੇ ਫ਼ਰਦਾਂ ਨੂੰ ‘ਟੁਕੜੇ ਟੁਕੜੇ ਗੈਂਗ’, ‘ਸ਼ਹਿਰੀ ਨਕਸਲੀ’ ਤੇ ‘ਦੇਸ਼ਧ੍ਰੋਹੀ’ ਜਿਹੇ ਲਕਬ ਦਿੱਤੇ ਜਾ ਰਹੇ ਹਨ। ਹੁਣ ਬੇਰੁਜ਼ਗਾਰ ਵੀ ਉਸੇ ਸ਼੍ਰੇਣੀ ਵਿੱਚ ਸ਼ਾਮਿਲ ਕਰ ਲਏ ਗਏ ਹਨ।
ਦੇਸ਼ ਦੇ ਮੁੱਖ ਨਿਆਂਧੀਸ਼ ਦੇ ਸ਼ਬਦਾਂ ਵਿੱਚ ਬਹੁਤ ਤਾਕਤ ਹੁੰਦੀ ਹੈ, ਉਹ ਦੇਸ਼ ਦੀ ਗਾਲਿਬ ਜਮਾਤ ਦੀ ਸੋਚ ਨੂੰ ਪ੍ਰਭਾਵਿਤ ਕਰਦੇ ਹਨ ਤੇ ਦੇਸ਼ ਦੀ ਗਾਲਿਬ ਜਮਾਤ ਤਾਂ ਪਹਿਲਾਂ ਹੀ ਬੇਰੁਜ਼ਗਾਰਾਂ ਨੂੰ ਕਾਕਰੋਚ ਕਹਿੰਦੀ ਹੈ ਤੇ ਉਨ੍ਹਾਂ ਨਾਲ ਅਜਿਹਾ ਵਿਹਾਰ ਕਰ ਰਹੀ ਹੈ। ਸਾਰੇ ਸੂਬਿਆਂ, ਜਿਨ੍ਹਾਂ ਵਿੱਚ ਸਾਡਾ ਪੰਜਾਬ ਵੀ ਸ਼ਾਮਿਲ ਹੈ, ਵਿੱਚ ਰੋਜ਼ ਬੇਰੁਜ਼ਗਾਰਾਂ ’ਤੇ ਲਾਠੀਚਾਰਜ ਹੁੰਦੇ ਹਨ, ਸਿਰ ਪਾਟਦੇ ਹਨ, ਬੇਰੁਜ਼ਗਾਰ ਖ਼ੁਦਕੁਸ਼ੀ ਕਰਦੇ ਹਨ। ਉਨ੍ਹਾਂ ਨਾਲ ਉਹੀ ਵਿਹਾਰ ਕੀਤਾ ਜਾਂਦਾ ਹੈ, ਜੋ ਰਸੋਈਆਂ ਵਿੱਚ ਕਾਕਰੋਚਾਂ ਨਾਲ ਹੁੰਦਾ ਹੈ। ਸਿਆਸੀ ਆਗੂ ਤੇ ਅਹਿਲਕਾਰ ਆਪਣੇ ਭਾਸ਼ਨਾਂ ਵਿੱਚ ਨੌਜਵਾਨਾਂ ਦੀ ਮਸਨੂਈ ਸ਼ਲਾਘਾ ਕਰਦੇ ਹਨ ਪਰ ਅਸਲ ਵਿੱਚ ਨੌਜਵਾਨਾਂ ਦਾ ਤੇ ਖ਼ਾਸ ਕਰਕੇ ਬੇਰੁਜ਼ਗਾਰਾਂ ਦਾ ਦਮਨ ਹੋ ਰਿਹਾ ਹੈ; ਤੇ ਇਹ ਦਮਨ ਮੁਜ਼ਾਹਰਿਆਂ ਤੇ ਜਲੂਸਾਂ ਤੱਕ ਸੀਮਤ ਨਹੀਂ, ਇਹ ਸਮਾਜ ਤੇ ਆਰਥਿਕ ਢਾਂਚੇ ਵਿੱਚ ਆਤਮਸਾਤ ਹੋ ਚੁੱਕਾ ਹੈ। ਸਮਾਜ ਤੇ ਆਰਥਿਕ ਢਾਂਚਾ ਬੇਰੁਜ਼ਗਾਰਾਂ ਤੇ ਨੌਜਵਾਨਾਂ ਨੂੰ ਜੇ ਰੁਜ਼ਗਾਰ ਦਿੰਦੇ ਵੀ ਹਨ ਤਾਂ ਉਹ ਬੇਹੱਦ ਘੱਟ ਉਜਰਤਾਂ ’ਤੇ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਤੋਂ 12-16 ਘੰਟੇ ਪ੍ਰਤੀ ਦਿਨ ਕੰਮ ਲਿਆ ਜਾਂਦਾ ਹੈ। ਸਪੱਸ਼ਟ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦਾ ਖ਼ੂਨ ਚੂਸਿਆ ਜਾਂਦਾ ਹੈ। ਕਾਕਰੋਚ ਬ੍ਰਹਿਮੰਡ-ਜੀਵਨ ਦਾ ਹਿੱਸਾ ਹਨ; ਕਿਸੇ ਵੀ ਜੀਵ ਨੂੰ ਨਫ਼ਰਤ ਕਰਨੀ ਗ਼ਲਤ ਹੈ ਪਰ ਫਿਰ ਵੀ ਜੇ ਅਸੀਂ ਕਾਕਰੋਚ ਦਾ ਪ੍ਰਤੀਕ ਵਰਤਣਾ ਹੀ ਹੈ ਤਾਂ ਇਹ ਤਾਂ ਸਪੱਸ਼ਟ ਹੈ ਕਿ ਕਾਕਰੋਚ ਕੌਣ ਹਨ, ਨੌਜਵਾਨ, ਬੇਰੁਜ਼ਗਾਰ ਤੇ ਘੱਟ ਸਾਧਨਾਂ ਵਾਲੇ ਲੋਕ ਜਾਂ ਸਮਾਜ ਵਿੱਚ ਗ਼ਾਲਿਬ ਜਮਾਤਾਂ ਤੇ ਜਾਤਾਂ ਤੇ ਉਨ੍ਹਾਂ ਦੇ ਕੰਟਰੋਲ ਹੇਠਲਾ ਆਰਥਿਕ ਤੇ ਸਿਆਸੀ ਨਿਜ਼ਾਮ।
Share this content:



Post Comment