Loading Now

ਕਹਿਣੀ ਤੇ ਕਰਨੀ ਵਿਚਾਲੇ ਵੱਡਾ ਫਰਕ

ਕਹਿਣੀ ਤੇ ਕਰਨੀ ਵਿਚਾਲੇ ਵੱਡਾ ਫਰਕ

ਚਾਰ ਰਾਜਾਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਚੋਣਾਂ ਖਤਮ ਹੋਣ ਤੋਂ ਕੁਝ ਦਿਨ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆਈ ਸੰਕਟ ਕਾਰਨ ਬਣੇ ਆਰਥਿਕ ਦਬਾਅ ਦੇ ਹਵਾਲੇ ਨਾਲ ਭਾਰਤੀਆਂ ਨੂੰ ਪੈਟਰੋਲ ਤੇ ਡੀਜ਼ਲ ਦੀ ਖਪਤ ਘਟਾਉਣ, ਇੱਕ ਸਾਲ ਲਈ ਸੋਨਾ ਖਰੀਦਣ ਤੋਂ ਪਰਹੇਜ਼ ਕਰਨ, ਖਾਣਾ ਪਕਾਉਣ ਵਾਲੇ ਤੇਲ ਦੀ ਘੱਟ ਵਰਤੋਂ ਕਰਨ, ਜਦੋਂ ਵੀ ਸੰਭਵ ਹੋਵੇ, ਘਰ ਤੋਂ ਕੰਮ ਕਰਨ, ਵਰਚੂਅਲ ਮੀਟਿੰਗਾਂ ਕਰਨ ਅਤੇ ਵਿਦੇਸ਼ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ। ਹਾਲਾਂਕਿ ਇਹ ਅਪੀਲ ਕਰਨ ਵਾਲੇ ਪ੍ਰਧਾਨ ਮੰਤਰੀ ਦੇ ਆਪਣੇ ਸ਼ਬਦਾਂ ਅਤੇ ਐਕਸ਼ਨਾਂ ਵਿਚਾਲੇ ਇੱਕ ਸਪੱਸ਼ਟ ਵਿਰੋਧਾਭਾਸ ਨਜ਼ਰ ਆਇਆ। ਜਿਸ ਐਤਵਾਰ ਉਨ੍ਹਾ ਨੇ ‘ਸੰਕਟ ਦੇ ਸਮੇਂ’ ਵਿੱਚ ‘ਆਪਣੇ ਫਰਜ਼ਾਂ ਨੂੰ ਸਭ ਤੋਂ ਉੱਪਰ ਮੰਨਦੇ ਹੋਏ ਦੇਸ਼ਵਾਸੀਆਂ ਤੋਂ ਸਮੂਹਕ ਤਿਆਗ’ ਦੀ ਗੱਲ ਕਹੀ, ਉਸੇ ਦਿਨ ਉਨ੍ਹਾ ਦੇ ਵੱਡੇ-ਵੱਡੇ ਪ੍ਰੋਗਰਾਮ ਦੇਖੇ ਗਏ, ਜੋ ਸਪੱਸ਼ਟ ਤੌਰ ‘ਤੇ ਉਨ੍ਹਾ ਦੀਆਂ ਕਹੀਆਂ ਗੱਲਾਂ ਨਾਲ ਮੇਲ ਨਹੀਂ ਸਨ ਖਾ ਰਹੇ। ਪ੍ਰਧਾਨ ਮੰਤਰੀ ਨੇ ਆਪਣੇ ਦਿਨ ਦੀ ਸ਼ੁਰੂਆਤ ਬੇਂਗਲੁਰੂ ਵਿੱਚ ਕੀਤੀ, ਜਿੱਥੇ ‘ਆਰਟ ਆਫ ਲਿਵਿੰਗ’ ਦੀ 45ਵੀਂ ਵਰ੍ਹੇਗੰਢ ਦੇ ਸਮਾਰੋਹ ਸਮੇਤ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਉਸ ਤੋਂ ਬਾਅਦ ਉਹ ਹੈਦਰਾਬਾਦ ਪਹੁੰਚੇ ਅਤੇ ਸੜਕ, ਰੇਲਵੇ, ਪੈਟਰੋਲੀਅਮ ਟਰਮੀਨਲ, ਟੈਕਸਟਾਈਲ ਅਤੇ ਉਦਯੋਗਕ ਖੇਤਰਾਂ ਨਾਲ ਸੰਬੰਧਤ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦੇ ਸਮਾਰੋਹਾਂ ਵਿੱਚ ਹਿੱਸਾ ਲਿਆ। ਇਨ੍ਹਾਂ ਵਿੱਚੋਂ ਕੋਈ ਵੀ ਪ੍ਰੋਗਰਾਮ ਇੰਨਾ ਮਹੱਤਵਪੂਰਨ ਨਹੀਂ ਸੀ, ਜਿੱਥੇ ਉਨ੍ਹਾ ਦੀ ਜਿਸਮਾਨੀ ਮੌਜੂਦਗੀ ਲਾਜ਼ਮੀ ਹੋਵੇ।

ਇਹ ਸਭ ਕੁਝ ਉਹ ਨਵੀਂ ਦਿੱਲੀ ਸਥਿਤ ਆਪਣੇ ਦਫਤਰ ਤੋਂ ਵਰਚੂਅਲੀ ਕਰ ਸਕਦੇ ਸਨ। ਉਸ ਤੋਂ ਬਾਅਦ ਹੈਲੀਕਾਪਟਰ ਰਾਹੀਂ ਹਾਈ-ਟੈਕ ਸਿਟੀ ਗਏ, ਜਿੱਥੇ ਨਿੱਜੀ ਸਿੰਧੂ ਹਸਪਤਾਲ ਦਾ ਉਦਘਾਟਨ ਕੀਤਾ। ਫਿਰ ਸਿਕੰਦਰਾਬਾਦ ਦੀ ਪਰੇਡ ਗਰਾਊਂਡ ‘ਚ ਭਾਜਪਾ ਦੀ ਰੈਲੀ ਨੂੰ ਸੰਬੋਧਨ ਕੀਤਾ। ਸ਼ਾਮ ਨੂੰ ਹੈਦਰਾਬਾਦ ਤੋਂ ਜਾਮਨਗਰ (ਗੁਜਰਾਤ) ਪਹੁੰਚ ਕੇ ਇੱਕ ਹੋਰ ਰੈਲੀ ਨੂੰ ਸੰਬੋਧਨ ਕੀਤਾ। ਜ਼ਾਹਰ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਇੱਕ ਦਿਨ ਦੇ ਸ਼ਡਿਊਲ ਵਿੱਚ ਕਈ ਉਡਾਣਾਂ, ਉੱਚ ਸੁਰੱਖਿਆ ਵਿਵਸਥਾ ਨਾਲ ਵਿਆਪਕ ਜ਼ਮੀਨੀ ਯਾਤਰਾਵਾਂ, ਪਾਰਟੀ ਦੀਆਂ ਰੈਲੀਆਂ ਸ਼ਾਮਲ ਸਨ। ਇਹ ਸਾਰੀਆਂ ਸਰਗਰਮੀਆਂ ਈਂਧਨ ਦੀ ਬੱਚਤ ਅਤੇ ਯਾਤਰਾ ਘਟਾਉਣ ਦੇ ਸਿਧਾਂਤ ਦੇ ਬਿਲਕੁਲ ਉਲਟ ਸਨ, ਜਿਸ ਦੀ ਅਪੀਲ ਉਹ ਆਮ ਨਾਗਰਿਕਾਂ ਨੂੰ ਭਾਸ਼ਣ ਦਿੰਦੇ ਕਰ ਰਹੇ ਸਨ। ਇਸ ਭਾਸ਼ਣ ਦੇ ਇੱਕ ਦਿਨ ਬਾਅਦ ਸੋਮਵਾਰ ਵੀ ਪ੍ਰਧਾਨ ਮੰਤਰੀ ਨੇ ਆਪਣਾ ਖਰਚੀਲਾ ਅਤੇ ਰੁਝੇਵਿਆਂ ਭਰਿਆ ਪ੍ਰੋਗਰਾਮ ਜਾਰੀ ਰੱਖਿਆ। ਉਹ ਸਵੇਰੇ ਜਾਮਨਗਰ ਤੋਂ ਵੇਰਾਵਲ ‘ਚ ਸੋਮਨਾਥ ਮੰਦਰ ਦੇ ਸ਼ਾਨਦਾਰ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਅਤੇ ਦਰਸ਼ਨ, ਪੂਜਾ ਤੇ ਇੱਕ ਰੋਡ ਸ਼ੋਅ ਸਮੇਤ ਕਈ ਜਨਤਕ ਸਮਾਗਮਾਂ ਵਿੱਚ ਸ਼ਾਮਲ ਹੋਏ।

ਫਿਰ ਵਡੋਦਰਾ ਲਈ ਉਡਾਣ ਭਰ ਕੇ ਸ਼ਾਮ ਨੂੰ ਸਰਦਾਰਧਾਮ ਹੋਸਟਲ ਦਾ ਉਦਘਾਟਨ ਕੀਤਾ ਅਤੇ ਇਕੱਠ ਨੂੰ ਸੰਬੋਧਨ ਕੀਤਾ। ਮੰਗਲਵਾਰ ਅਸਾਮ ਵਿੱਚ ਹਿਮੰਤ ਬਿਸਵਾ ਸਰਮਾ ਦੀ ਅਗਵਾਈ ਵਾਲੀ ਨਵੀਂ ਸਰਕਾਰ ਦੇ ਇੱਕ ਲੱਖ ਲੋਕਾਂ ਦੀ ਸ਼ਮੂਲੀਅਤ ਵਾਲੇ ਵਿਸ਼ਾਲ ਸਹੁੰ ਚੁੱਕ ਸਮਾਰੋਹ ਵਿੱਚ ਹਿੱਸਾ ਲਿਆ। ਇਸ ਤੋਂ ਪਹਿਲਾਂ ਉਹ 7 ਮਈ ਨੂੰ ਬਿਹਾਰ ਦੇ ਮੰਤਰੀਆਂ ਦੇ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਲ ਹੋਏ ਤੇ ਪਟਨਾ ਵਿੱਚ ਰੋਡ ਸ਼ੋਅ ਵੀ ਕੀਤਾ। 9 ਮਈ ਨੂੰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਅਤੇ ਉਨ੍ਹਾ ਦੇ ਮੰਤਰੀ ਮੰਡਲ ਦੇ ਪੰਜ ਹੋਰ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਕੋਲਕਾਤਾ ਗਏ ਤੇ ਉੱਥੇ ਵੀ ਰੋਡ ਸ਼ੋਅ ਕੀਤਾ।

Share this content:

Post Comment