ਕਹਾਣੀ/ਧੋਖਾ/ਡਾਕਟਰ ਅਜੀਤ ਸਿੰਘ ਕੋਟਕਪੂਰਾ
ਮੋਹਨ ਸਿੰਘ ਦਾ ਪਰਿਵਾਰ ਇਕ ਪਿੰਡ ਵਿਚ ਰਹਿੰਦਾ ਸੀ | ਉਹ ਬੈਂਕ ਵਿਚ ਕੰਮ ਕਰਦਾ ਸੀ | ਉਸ ਦੀ ਪਤਨੀ ਸ਼ੀਲਾ ਤੇ ਇਕ ਬੱਚੀ ਇਕ ਛੋਟੇ ਜਿਹੇ ਘਰ ਵਿਚ ਰਹਿੰਦੀਆਂ ਸਨ | ਬੱਚੀ ਨਿਰਮਲ ਜਿਸ ਨੂੰ ਪਿਆਰ ਨਾਲ ਉਹ ਨਿੰਮੋ ਆਖਦੇ ਸਨ ਪੰਜਵੀ ਜਮਾਤ ਵਿਚ ਪੜ੍ਹ ਰਹੀ ਸੀ | ਪੜ੍ਹਾਈ ਵਿਚ ਉਹ ਹੁਸ਼ਿਆਰ ਸੀ ਅਤੇ ਕਲਾਸ ਵਿਚੋਂ ਹਮੇਸ਼ਾਂ ਹੀ ਪਹਿਲੇ ਨੰਬਰ ਤੇ ਆਇਆ ਕਰਦੀ ਸੀ | ਉਸ ਦੀ ਮਾਂ ਉਸ ਦਾ ਪੂਰਾ ਧਿਆਨ ਰੱਖ ਰਹੀ ਸੀ | ਸ਼ੀਲਾ ਦੱਸ ਜਮਾਤਾਂ ਪੜ੍ਹੀ ਹੋਈ ਸੀ ਇਸ ਲਈ ਉਹ ਨਿੰਮੋ ਦੀ ਪੜ੍ਹਾਈ ਵਿਚ ਮਦਦ ਕਰਦੀ ਸੀ | ਜਦੋਂ ਨਿੰਮੋ ਨੇ ਪੰਜਵੀਂ ਪਾਸ ਕਰ ਲਈ ਉਸ ਨੂੰ ਕੁੜੀਆਂ ਵਾਲੇ ਸਕੂਲ ਵਿਚ ਛੇਵੀਂ ਵਿਚ ਦਾਖਲ ਕਰ ਲਿਆ ਗਿਆ | ਉਸ ਸਕੂਲ ਦੀ ਪ੍ਰਿੰਸੀਪਲ ਉਸ ਬੈਂਕ ਵਿਚ ਅਕਸਰ ਜਾਇਆ ਕਰਦੀ ਸੀ ਤੇ ਇਸ ਤਰਾਂ ਉਹ ਨਿੰਮੋ ਦੇ ਪਿਤਾ ਜੀ ਨੂੰ ਜਾਣਦੀ ਸੀ |
ਨਿੰਮੋ ਨੂੰ ਹੁਸ਼ਿਆਰ ਦੇਖਦੇ ਹੋਏ ਉਸ ਨੇ ਵੀ ਉਸ ਦਾ ਵਿਸ਼ੇਸ਼ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ | ਨਿੰਮੋ ਇਥੇ ਵੀ ਆਪਣੀ ਹੁਸ਼ਿਆਰੀ ਦਾ ਸਿੱਕਾ ਜਮਾਂ ਲਿਆ ਤੇ ਉਹ ਪਹਿਲੇ ਸਥਾਨ ਤੇ ਰਹਿਣ ਦੇ ਨਾਲ ਨਾਲ ਸਾਰੇ ਅਧਿਆਪਕਾਂ ਦੀ ਆਗਿਆਕਾਰ ਲੜਕੀ ਸੀ | ਉਹ ਖੇਡਾਂ ਵਿਚ ਵੀ ਹਿਸਾ ਲੈਂਦੀ ਸੀ | ਨਿੰਮੋ ਦੀ ਮਾਂ ਸ਼ੀਲਾ ਵੀ ਕਦੇ ਕਦੇ ਸਕੂਲ ਵਿਚ ਉਸ ਦੇ ਅਧਿਆਪਕਾਂ ਨੂੰ ਮਿਲ ਉਸ ਬਾਰੇ ਪਤਾ ਲੈਣ ਜਾਇਆ ਕਰਦੀ ਸੀ | ਦਸਵੀਂ ਕਲਾਸ ਵਿਚ ਉਹ ਸਾਰੇ ਸਕੂਲ ਦੀਆਂ ਵਿਦਿਆਰਥਣਾਂ ਵਿਚੋਂ ਪਹਿਲੇ ਨੰਬਰ ਤੇ ਹੀ ਨਹੀਂ ਆਈ ਸਗੋਂ ਆਪਣੇ ਜ਼ਿਲੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਮੋਹਨ ਸਿੰਘ ਅਤੇ ਸ਼ੀਲਾ ਆਪਣੀ ਲੜਕੀ ਦੀ ਇਸ ਪ੍ਰਾਪਤੀ ਉਪਰ ਬਹੁਤ ਹੀ ਖੁਸ਼ ਸਨ | ਭਾਵੇਂ ਉਨ੍ਹਾਂ ਦੀ ਆਰਥਿਕ ਸਮਰਥਾ ਉਸ ਨੂੰ ਕਾਲਿਜ ਵਿਚ ਦਾਖਲ ਕਰਵਾ ਸਕਣ ਦੇ ਯੋਗ ਨਹੀਂ ਸੀ ਫਿਰ ਵੀ ਪ੍ਰਿੰਸੀਪਲ ਅਤੇ ਹੋਰ ਅਧਿਆਪਕਾਂ ਦੀ ਸਲਾਹ ਤੇ ਉਸ ਨੂੰ ਨੇੜੇ ਦੇ ਸ਼ਹਿਰ ਦੇ ਕਾਲਿਜ ਵਿਚ ਦਾਖਲ ਕਰਵਾ ਦਿਤਾ ਸੀ | ਸਕੂਲ ਦੀ ਪ੍ਰਿੰਸੀਪਲ ਨੇ ਸਕੂਲ ਦੀ ਅਧਿਆਪਕਾਂ ਨੂੰ ਨਿੰਮੋ ਦੇ ਨਾਲ ਭੇਜ ਕੇ ਕਾਲਿਜ ਦੀ ਫੀਸ ਮੁਆਫ ਕਰਵਾ ਦਿਤੀ ਸੀ ਅਤੇ ਕਿਤਾਬਾਂ ਦੀ ਮਦਦ ਵੀ ਦਿਲਵਾ ਦਿਤੀ ਸੀ | ਨਿੰਮੋ ਮਨ ਲਗਾ ਕੇ ਪੜ੍ਹਾਈ ਵਿਚ ਜੁਟ ਗਈ |
ਰੋਜ਼ਾਨਾ ਉਹ ਪਿੰਡ ਤੋਂ ਬਸ ਵਿਚ ਜਾਂਦੀ ਸੀ ਅਤੇ ਬੱਸ ਤੇ ਹੀ ਵਾਪਿਸ ਆਓਂਦੀ ਸੀ | ਬੱਸ ਵਿਚ ਹੋਰ ਵੀ ਪਿੰਡਾਂ ਦੇ ਵਿਦਿਆਰਥੀ ਵੀ ਆਇਆ ਕਰਦੇ ਸਨ | ਨਾਲ ਦੇ ਪਿੰਡ ਦਾ ਸੰਦੀਪ ਸਿੰਘ ਜਿਸ ਨੂੰ ਉਸ ਦੇ ਸਾਥੀ ਸਿੱਪੀ ਆਖਦੇ ਸਨ ਵੀ ਉਸੇ ਬੱਸ ਤੇ ਆਇਆ ਕਰਦਾ ਸੀ ਜਿਹੜਾ ਸੁੰਦਰ ਸੀ ਚੰਗਾ ਡੀਲ ਡੌਲ ਸੀ ਅਤੇ ਚੰਗੇ ਕਪੜੇ ਪਹਿਨ ਕੇ ਆਇਆ ਕਰਦਾ ਸੀ, ਨਿੰਮੋ ਦੀ ਜਮਾਤ ਵਿਚ ਹੀ ਪੜ੍ਹਦਾ ਸੀ | ਉਹ ਆਪਣੇ ਸਕੂਲ ਵਿਚੋਂ ਪਹਿਲੇ ਨੰਬਰ ਤੇ ਆਇਆ ਸੀ ਅਤੇ ਪੜ੍ਹਾਈ ਵਿਚ ਹੁਸ਼ਿਆਰ ਸੀ | ਪੜ੍ਹਾਈ ਵਿਚ ਨਿੰਮੋ ਤੇ ਸਿੱਪੀ ਦਾ ਮੁਕਾਬਲਾ ਸੀ | ਉਹ ਪੜ੍ਹਾਈ ਵਿਚ ਇੱਕ ਦੂਜੇ ਦੀ ਮਦਦ ਵੀ ਕਰਦੇ ਸਨ | ਪ੍ਰੰਤੂ ਦੋਵੇਂ ਪਹਿਲੇ ਨੰਬਰ ਤੇ ਆਉਣ ਲਈ ਯਤਨਸ਼ੀਲ ਸਨ | ਕਾਲਿਜ ਦੇ ਹੋਰ ਵਿਦਿਆਰਥੀ ਉਨ੍ਹਾਂ ਦੋਵਾਂ ਤੇ ਈਰਖਾ ਕਰਦੇ ਸਨ | ਉਨ੍ਹਾਂ ਬਾਰੇ ਗ਼ਲਤ ਗੱਲਾਂ ਬਣਾਉਣ ਲੱਗ ਪਏ ਸਨ | ਜਦੋਂ ਬੱਸ ਵਿਚ ਹੁੰਦੇ ਨਿੰਮੋ ਤੇ ਸਿੱਪੀ ਇਕੱਠੇ ਬੈਠ ਜਾਂਦੇ ਸਨ ਅਤੇ ਪੜ੍ਹਾਈ ਬਾਰੇ ਇਕ ਦੂਜੇ ਨਾਲ ਗੱਲਾਂ ਕਰਦੇ ਸਨ | ਇਸ ਤਰਾਂ ਕਾਲਿਜ ਵਿਚੋਂ ਵਾਪਿਸ ਆਉਣ ਤੇ ਕਰਿਆ ਕਰਦੇ ਸਨ | ਉਨ੍ਹਾਂ ਨੇ ਸਖਤ ਮੇਹਨਤ ਕਰ ਕਾਲਿਜ ਵਿਚੋਂ ਬੀ ,ਐੱਸਸੀ, ਚੰਗੇ ਨੰਬਰਾਂ ਵਿਚ ਪਾਸ ਕਰ ਲਈ | ਸਿੱਪੀ ਹੋਰ ਅਗਲੇਰੀ ਪੜ੍ਹਾਈ ਕਰਨਾ ਚਾਹੁੰਦਾ ਸੀ |
ਉਸ ਦੇ ਮਾਪਿਆਂ ਨੇ ਉਸ ਦਾ ਸਾਥ ਦਿੱਤਾ ਤੇ ਕਾਲਿਜ ਵਿਚ ਦਾਖਲ ਕਰਵਾ ਦਿੱਤਾ | ਪ੍ਰੰਤੂ ਨਿੰਮੋ ਦੇ ਘਰ ਦੀਆਂ ਦੀ ਸਮਰਥਾ ਘਟ ਹੋਣ ਕਾਰਨ ਉਹ ਉਸ ਦਾ ਵਿਆਹ ਕਰ ਕੇ ਆਪਣੇ ਸਿਰ ਤੋਂ ਬੋਝ ਨੂੰ ਘਟ ਕਰਨਾ ਚਾਹੁੰਦੇ ਸਨ | ਇਸ ਕਾਰਨ ਉਨ੍ਹਾਂ ਨੇ ਨਿੰਮੋ ਲਈ ਸੁਚੱਜਾ ਲੜਕਾ ਲੱਭਣ ਲਈ ਵਿਚੋਲੇ ਨੂੰ ਆਖ ਦਿਤਾ ਸੀ |ਨਿੰਮੋ ਲਈ ਨੇੜੇ ਦੇ ਸ਼ਹਿਰ ਤੋਂ ਰਿਸ਼ਤਾ ਆਇਆ | ਨਿੰਮੋ ਦੇ ਮਾਪੇ ਇਸ ਤੇ ਬੜੇ ਹੀ ਖੁਸ਼ ਹੋਏ | ਘਰ ਦਾ ਇੱਕਲਾ ਹੀ ਮੁੰਡਾ ਸੀ | ਉਨ੍ਹਾਂ ਦੇ ਘਰ ਦੇ ਅਗਲੇ ਹਿਸੇ ਵਿਚ ਦੱਸ ਦੁਕਾਨਾਂ ਬਣੀਆਂ ਹੋਈਆਂ ਸਨ ਜੋ ਕਿਰਾਏ ਉਪਰ ਚੜੀਆਂ ਹੋਈਆਂ ਸਨ ਅਤੇ ਕਿਰਾਏ ਤੋਂ ਚੰਗੀ ਆਮਦਨ ਆ ਰਹੀ ਸੀ ਅਤੇ ਆਪਣੇ ਰਹਿਣ ਲਈ ਦੁਕਾਨਾਂ ਦੇ ਉਪਰ ਹੀ ਘਰ ਬਣਿਆ ਹੋਇਆ ਸੀ | ਲੜਕੇ ਦੇ ਮਾਪੇ ਸੇਵਾ ਨਿਵਰਤ ਹੋ ਚੁਕੇ ਸਨ ਅਤੇ ਸਰਕਾਰ ਤੋਂ ਦੋਹਾਂ ਨੂੰ ਹੀ ਪੈਨਸ਼ਨ ਵੀ ਮਿਲ ਰਹੀ ਸੀ | ਇਕ ਹੋਰ ਮਨ ਨੂੰ ਲੁਭਾਉਣ ਵਾਲੀ ਗੱਲ ਇਹ ਸੀ ਕਿ ਲੜਕਾ ਕੁਝ ਵੀ ਖਾਂਦਾ ਪੀਂਦਾ ਨਹੀਂ ਸੀ ਭਾਵ ਨਸ਼ਿਆਂ ਦੇ ਨੇੜੇ ਵੀ ਨਹੀਂ ਜਾਂਦਾ ਸੀ |
ਛੋਟਾ ਜਿਹਾ ਪਰਿਵਾਰ ਸੀ ਲੜਕੇ ਦੀ ਇਕ ਵੱਡੀ ਭੈਣ ਮਹਿਕ ਸੀ ਜੋ ਵਿਆਹੀ ਹੋਈ ਸੀ | ਸਭ ਤੋਂ ਵੱਡੀ ਗੱਲ ਜੋ ਮੇਰੇ ਮਾਪਿਆਂ ਨੂੰ ਮੋਹ ਗਈ ਸੀ ਕਿ ਲੜਕੇ ਦੇ ਪਰਿਵਾਰ ਦੀ ਕੋਈ ਮੰਗ ਵੀ ਨਹੀਂ ਸੀ | ਵਿਚੋਲੇ ਨੇ ਸਪਸ਼ਟ ਕਰ ਦਿਤਾ ਕਿ ਤੁਸੀਂ ਡਰੋ ਨਾ ਉਨ੍ਹਾਂ ਦੇ ਘਰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ | ਮੈਂ ਤਾਂ ਆਪਣੀ ਮਰਜ਼ੀ ਮਾਪਿਆਂ ਦੇ ਸਿਰ ਸੁਟੀ ਹੋਈ ਸੀ | ਮੈਂ ਇਹ ਸਮਝਦੀ ਸੀ ਕਿ ਮਾਪੇ ਮੇਰੇ ਬਾਰੇ ਫੈਸਲਾ ਸੋਚ ਸਮਝ ਕੇ ਹੀ ਕਰਨਗੇ | ਹੁਣ ਮੇਰੇ ਮਾਪਿਆਂ ਕੋਲ ਨਾਂਹ ਕਰਨ ਲਈ ਕੋਈ ਵੀ ਵਜਾ ਨਹੀਂ ਸੀ | ਮੇਰੇ ਪਿਤਾ ਜੀ ਨੇ ਵਿਚੋਲੇ ਨੂੰ ਬੁਲਾ ਕੇ ਆਪਣੀ ਰਜ਼ਾਮੰਦੀ ਜ਼ਾਹਿਰ ਕਰ ਦਿਤੀ | ਜਦੋਂ ਲੜਕੇ ਵਾਲਿਆਂ ਨੂੰ ਮੇਰੇ ਮਾਪਿਆਂ ਦੀ ਰਜ਼ਾਮੰਦੀ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਦੋ ਮਹੀਨਿਆਂ ਅੰਦਰ ਵਿਆਹ ਲੈਣ ਬਾਰੇ ਆਖਿਆ | ਇਕ ਵਾਰ ਤਾਂ ਮੇਰੇ ਮਾਪੇ ਘਬਰਾ ਗਏ ਕਿ ਇਤਨੀ ਛੇਤੀ ਸਾਰਾ ਪ੍ਰਬੰਧ ਕਿਵੇਂ ਕੀਤਾ ਜਾਵੇਗਾ | ਵਿਚੋਲੇ ਨੂੰ ਬੁਲਾ ਕੇ ਸਮਾਂ ਵਧਾਉਣ ਬਾਰੇ ਗੱਲ ਕੀਤੀ ਤਾਂ ਵਿਚੋਲੇ ਨੇ ਕਿਹਾ ਕਿ ਲੜਕੀ ਤਾਂ ਟੋਰਨੀ ਹੀ ਹੈ ਕੀ ਅੱਗੇ ਤੇ ਕੀ ਪਿਛੇ |
ਉਨ੍ਹਾਂ ਦੀ ਕੋਈ ਮੰਗ ਤਾਂ ਹੈ ਹੀ ਨਹੀਂ ਅਤੇ ਨਾ ਕੋਈ ਦਾਜ ਬਣਾਉਣਾ ਹੈ ਅਤੇ ਬਰਾਤ ਵਿਚ ਕੇਵਲ ਘਰ ਦੇ ਜੀਅ ਹੀ ਆਉਣੇ ਹਨ | ਜ਼ਿਆਦਾ ਫਿਕਰ ਕਰਨ ਦੀ ਲੋੜ ਨਹੀਂ ਹੈ | ਦੋ ਮਹੀਨੇ ਬਾਅਦ ਦੀ ਤਾਰੀਖ ਮਿਥ ਲਈ ਗਈ | ਮਿਥਿਆ ਸਮਾਂ ਤੁਰੰਤ ਹੀ ਬੀਤ ਜਾਂਦਾ ਹੈ | ਵਿਆਹ ਵਾਲਾ ਦਿਨ ਆ ਗਿਆ | ਨਿੰਮੋ ਨੂੰ ਲਾਲ ਜੋੜੇ ਵਿਚ ਤਿਆਰ ਕੀਤਾ ਗਿਆ ਅਤੇ ਗੁਰਦਵਾਰੇ ਵਿਚ ਮੇਰਾ ਆਨੰਦ ਕਾਰਜ ਜਰਨੈਲ ਸਿੰਘ ਨਾਲ ਕਰ ਦਿਤਾ ਗਿਆ | ਜਦੋਂ ਮੈਂ ਸਹੁਰੇ ਘਰ ਪੁਜੀ ਤਾਂ ਮੇਰੀ ਸੱਸ ਨੇ ਮੇਰਾ ਘੁੰਡ ਥੋੜਾ ਹੋਰ ਨੀਵਾਂ ਕਰ ਦਿਤਾ |ਪਾਣੀ ਵਾਰਨ ਤੋਂ ਪਿੱਛੋਂ ਮੈਨੂੰ ਵੇਹੜੇ ਅੰਦਰ ਹੀ ਵਿਛਾਈ ਵਾਲੀ ਮੰਜੀ ਤੇ ਮੈਨੂੰ ਬਿਠਾ ਦਿਤਾ | ਰੌਲੇ ਰੱਪੇ ਤੋਂ ਮੈਨੂੰ ਲੱਗ ਰਿਹਾ ਸੀ ਕਿ ਵੇਹੜੇ ਅੰਦਰ ਖੂਬ ਰੌਣਕ ਸੀ | ਹੌਲੀ ਹੌਲੀ ਅਵਾਜ਼ਾਂ ਘਟਣ ਲੱਗੀਆਂ ਅਤੇ ਘਰ ਅੰਦਰ ਚਹਿਲ ਪਹਿਲ ਵੀ ਘਟੀ ਹੋਈ ਲੱਗ ਰਹੀ ਸੀ | ਹਨੇਰੇ ਨੇ ਦਿਨ ਦੇ ਚਾਨਣ ਉੱਤੇ ਚਾਦਰ ਪਾ ਦਿਤੀ | ਮੈਨੂੰ ਵੀ ਘੁੰਡ ਵਿਚੋਂ ਹਨੇਰਾ ਪ੍ਸਰਦਾ ਪ੍ਰਤੀਤ ਹੋਣ ਲੱਗ ਪਿਆ | ਮੈਨੂੰ ਮਹਿਕ ਨੇ ਉਸ ਮੰਜੇ ਤੋਂ ਉਠਾਇਆ ਤੇ ਕਮਰੇ ਦੇ ਅੰਦਰ ਲੈ ਗਈ | ਅਗਲੇ ਦਿਨ ਸ਼ਾਮ ਤਕ ਨੇੜੇ ਦੇ ਰਿਸ਼ਤੇਦਾਰ ਜਿਹੜੇ ਵਿਆਹ ਵੇਖਣ ਲਈ ਆਏ ਸਨ ਚਲੇ ਗਏ | ਘਰ ਵਿਚ ਮਹਿਕ ਤੇ ਉਸ ਦਾ ਘਰ ਵਾਲਾ ਅਰਥਾਤ ਇਸ ਘਰ ਦਾ ਜਵਾਈ ਮਲਕੀਤ ਸਿੰਘ ਹੀ ਰਹਿ ਗਏ |
ਮੇਰੇ ਵਿਆਹ ਨੂੰ ਹਾਲੇ ਚਾਰ ਦਿਨ ਹੀ ਹੋਏ ਸਨ ਅਤੇ ਜਦੋਂ ਮੈਂ ਰਸੋਈ ਵਿਚ ਸਵੇਰ ਦੀ ਚਾਹ ਬਣਾ ਰਹੀ ਸੀ | ਵੇਹੜੇ ਅੰਦਰ ਮੇਰੇ ਸੱਸ ਸਹੁਰਾ,ਮਹਿਕ ਤੇ ਮਲਕੀਤ ਬੈਠੇ ਸਨ | ਜਰਨੈਲ ਹਾਲੇ ਅਪਣੇਆਪ੍ਣੇ ਕਮਰੇ ਅੰਦਰ ਹੀ ਸੀ | ਮੇਰੇ ਕੰਨਾਂ ਅੰਦਰ ਮੇਰੀ ਸੱਸ ਦੀ ਆਵਾਜ਼ ਸੁਣੀ ਕਿ ਮਰੇ ਪਰਾਂਹ ਅਜਿਹਾ ਵਿਚੋਲਾ, ਘਟੋ ਘਟ ਨਿੰਮੋ ਨੂੰ ਚਾਰ ਟੂੰਮਾਂ ਤਾਂ ਪਾ ਦਿੰਦੇ | ਉਨ੍ਹਾਂ ਨੇ ਨੱਕ,ਕੰਨਾਂ ਤੋਂ ਬੁੱਚੀ ਹੀ ਤੌਰ ਦਿਤੀ | ਪਿੰਡ ਵਿਚ ਸਾਡੀ ਬਣੀ ਬਣਾਈ ਇੱਜਤ ਮਿਟੀ ਵਿਚ ਰੋਲ ਦਿਤੀ |
ਇਹ ਸੁਣ ਮੇਰਾ ਸਹੁਰਾ ਬੋਲਿਆ ,”ਥੋੜਾ ਹੋਲੀ ਬੋਲ ਨਿੰਮੋ ਸੁਣਦੀ ਹੋਵੇਗੀ |”
ਮੇਰੀ ਸੱਸ –ਜੇ ਸੁਣਦੀ ਹੈ ਤਾਂ ਕੀ ਮੈਨੂੰ ਡਰ ਮਾਰਿਆ | ਮੈਂ ਕੋਈ ਝੂਠ ਪਈ ਆਖਦੀ ਹਾਂ | ਸਾਰਾ ਪਿੰਡ ਹੀ ਗੱਲਾਂ ਕਰਦਾ ਪਿਆ ਹੈ | ਮੇਰੀ ਸੱਸ ਨੇ ਅਤੇ ਸਹੁਰੇ ਪਰਿਵਾਰ ਨੇ ਇਹ ਨਹੀਂ ਸੋਚਿਆ ਕਿ ਮੈਂ 14 ਜਮਾਤਾਂ ਪੜ੍ਹੀ ਹਾਂ ਤੇ ਸਾਡਾ ਜਰਨੈਲ ਦਸਵੀਂ ਫੇਲ ਹੈ | ਮੇਰੀ ਸਮਝ ਵਿਚ ਕੁਝ ਵੀ ਨਹੀਂ ਆ ਰਿਹਾ ਸੀ ਜਦੋਂ ਕਿ ਮੇਰੇ ਮਾਪਿਆਂ ਨੇ ਕਿਸੇ ਪਾਸੇ ਤੋਂ ਵੀ ਕੋਈ ਕਸਰ ਨਹੀਂ ਛੱਡੀ ਸੀ | ਵਿਆਹ ਉਪਰ ਉਨ੍ਹਾਂ ਨੇ ਆਪਣੀ ਸਮਰੱਥਾ ਤੋਂ ਵੱਧ ਕੇ ਖਰਚ ਕੀਤਾ ਸੀ | ਪਰੰਤੂ ਇਸ ਵਿਆਹ ਤੋਂ ਮੇਰਾ ਸਹੁਰਾ ਪਰਿਵਾਰ ਬਿਲਕੁਲ ਵੀ ਖੁਸ਼ ਨਹੀਂ ਸੀ | ਸਾਰਿਆਂ ਦੇ ਮਨ ਅੰਦਰ ਇਹ ਭਰਿਆ ਹੋਇਆ ਸੀ ਕਿ ਮੈਂ ਦਾਜ ਵਿਚ ਕੁਝ ਵੀ ਨਹੀਂ ਲੈ ਕੇ ਆਈ | ਜੋ ਕੁਝ ਵੀ ਮੇਰੇ ਮਾਪਿਆਂ ਨੇ ਮੈਨੂੰ ਦਿਤਾ ਸੀ ਉਹ ਕਿਸੇ ਨੂੰ ਵੀ ਨਜ਼ਰ ਨਹੀਂ ਆ ਰਿਹਾ ਸੀ | ਉਹ ਦਾਜ ਤਾਂ ਲੈਣਾ ਚਾਹੁੰਦੇ ਸਨ ਪਰ ਮੰਗਣਾ ਨਹੀਂ ਚਾਹੁੰਦੇ ਸਨ |
ਇਹਨਾਂ ਚਾਰ ਪੰਜ ਦਿਨਾਂ ਦੇ ਅੰਦਰ ਮੇਰੇ ਤੇ ਜਰਨੈਲ ਵਿਚ ਕੋਈ ਵਿਆਹੇ ਹੋਣ ਬਾਰੇ ਗੱਲ ਕਥ ਨਾ ਹੋਈ | ਜਰਨੈਲ ਰੋਜ਼ਾਨਾ ਨਸ਼ੇ ਦਾ ਡੱਕਿਆਂ ਘਰ ਵੜਦਾ ਸੀ ਅਤੇ ਆ ਕੇ ਬਿਸਤਰੇ ਤੇ ਬੇਹੋਸ਼ਿਆਂ ਵਾਂਗ ਡਿਗ ਪੈਂਦਾ ਸੀ | ਉਸ ਨੂੰ ਜਹਾਨ ਦੀ ਕੋਈ ਸੂਰਤ ਨਹੀਂ ਰਹਿੰਦੀ ਸੀ | ਸਵੇਰੇ ਸਿਰ ਦੁਖਣ ਦਾ ਆਖਦਾ ਸੀ ਮੈਂ ਚਾਹ ਲਈ ਜਾਂਦੀ ਸੀ ਤਾਂ ਉਹ ਪਿੱਛੋਂ ਕੋਈ ਨਸ਼ਾ ਕਰ ਲੈਂਦਾ ਸੀ | ਇਕ ਦਿਨ ਮੈਂ ਉਸ ਨੂੰ ਨਸ਼ੇ ਦਾ ਟੀਕਾ ਲਾਉਂਦਾ ਵੇਖ ਲਿਆ ਸੀ | ਮੈਂ ਮਹਿਕ ਨੂੰ ਦੱਸਿਆ ਤਾਂ ਉਸ ਨੇ ਕਿਹਾ ਹਾਂ ਨਸ਼ੇ ਤਾਂ ਇਹ ਕਰਦਾ ਹੈ ਅਸੀਂ ਸੋਚਿਆ ਵਿਆਹ ਤੋਂ ਬਾਅਦ ਠੀਕ ਹੋ ਜਾਵੇਗਾ | ਤੂੰ ਇਸ ਨੂੰ ਸੰਭਾਲ ਲਵੇਂਗੀ | ਮੈਂ ਮਹਿਕ ਨੂੰ ਕਿਹਾ ਕਿ ਮੇਰੇ ਤਾਂ ਹਾਲੇ ਤਕ ਇਹ ਨੇੜੇ ਵੀ ਨਹੀਂ ਢੁਕਿਆ ਇਹ ਤਾਂ ਨਸ਼ੇ ਦੀ ਦੁਨੀਆ ਵਿਚ ਗਰਕਿਆਂ ਰਹਿੰਦਾ ਹੈ | ਮੈਂ ਕੀ ਕਰ ਸਕਦੀ ਹਾਂ | ਤੁਸੀਂ ਮੇਰੇ ਨਾਲ ਧੋਖਾ ਕੀਤਾ ਹੈ | ਵਿਚੋਲੇ ਨੇ ਸਾਨੂੰ ਬਿਲਕੁਲ ਹੀ ਨਸ਼ੇ ਬਾਰੇ ਚਾਨਣ ਨਹੀਂ ਕੀਤਾ ਸੀ ਸਗੋਂ ਉਸ ਨੇ ਤਾਂ ਆਖਿਆ ਸੀ ਕਿ ਲੜਕਾ ਬਿਲਕੁਲ ਹੀ ਕੋਈ ਨਸ਼ਾ ਨਹੀਂ ਕਰਦਾ ਹੈ | ਆਪਣੀਆਂ ਚੁਸਤ ਚਲਾਕੀਆਂ ਕਰ ਮੇਰੇ ਭੋਲੇ ਮਾਂ -ਬਾਪ ਨੂੰ ਫਸਾ ਕੇ ਮੈਨੂੰ ਡੋਬ ਹੀ ਦਿਤਾ ਹੈ |
ਮੈਂ ਇਹ ਗੱਲਾਂ ਮਹਿਕ ਨਾਲ ਇਸ ਲਈ ਕੀਤੀਆਂ ਸਨ ਕਿ ਉਹ ਆਪਣੇ ਮਾਪਿਆਂ ਨੂੰ ਦੱਸ ਦੇਵੇ ਕਿ ਮੈਨੂੰ ਜਰਨੈਲ ਦੇ ਨਸ਼ਈ ਹੋਣ ਬਾਰੇ ਪਤਾ ਲੱਗ ਗਿਆ ਹੈ | ਮਹਿਕ ਨੇ ਮਲਕੀਤ ਨਾਲ ਗੱਲ ਕੀਤੀ | ਅਗਲੇ ਦਿਨ ਮਲਕੀਤ ਨੇ ਜਰਨੈਲ ਦਾ ਪੂਰਾ ਧਿਆਨ ਰੱਖਿਆ ਉਸ ਨੂੰ ਸ਼ਰਾਬ ਨਾ ਪੀਣ ਦਿਤੀ ਪਰ ਜਰਨੈਲ ਨੇ ਉਸ ਤੋਂ ਚੋਰੀ ਨਸ਼ੇ ਦੇ ਟੀਕੇ ਲਾ ਲਏ ਸਨ | ਜਦੋਂ ਜਰਨੈਲ ਸੌਣ ਵਾਸਤੇ ਆਇਆ ਤਾਂ ਮਲਕੀਤ ਉਸ ਦੇ ਨਾਲ ਹੀ ਸੀ | ਮਲਕੀਤ ਨੇ ਆਪ ਵੀ ਸ਼ਰਾਬ ਪੀਤੀ ਹੋਈ ਲੱਗਦੀ ਸੀ | ਜਰਨੈਲ ਨੂੰ ਟੀਕਿਆਂ ਦਾ ਨਸ਼ਾ ਹੋ ਗਿਆ ਸੀ ਉਹ ਤਾਂ ਮੇਰੇ ਨਾਲ ਕੋਈ ਵੀ ਗੱਲ ਨਾ ਕਰ ਸਕਿਆ ਮੰਜੇ ਤੇ ਡਿਗਦਿਆਂ ਹੀ ਬੇਹੋਸ਼ ਹੋ ਗਿਆ | ਮਲਕੀਤ ਨੇ ਉਸ ਨੂੰ ਹਿਲਾ ਕੇ ਦੇਖਿਆ | ਮਲਕੀਤ ਨੇ ਜਰਨੈਲ ਨੂੰ ਨੇੜੇ ਹੋ ਦੇਖਿਆ ਤਾਂ ਉਹ ਸਮਝ ਗਿਆ ਕਿ ਜਰਨੈਲ ਨੂੰ ਤਾਂ ਕੋਈ ਹੋਸ਼ ਹੀ ਨਹੀਂ ਹੈ | ਮਲਕੀਤ ਵੀ ਨਸ਼ੇ ਵਿਚ ਸੀ | ਉਹ ਮੇਰੇ ਬਿਸਤਰੇ ਤੇ ਬੈਠ ਮੇਰੇ ਨਾਲ ਗੱਲਾਂ ਕਰਨ ਲੱਗ ਪਿਆ | ਉਸ ਨੇ ਮੈਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਤੇ ਮੇਰੇ ਨੇੜੇ ਹੋਣਾ ਚਾਹਿਆ | ਮੈਨੂੰ ਉਸ ਦੀ ਨੀਅਤ ਮਾੜੀ ਜਾਪੀ | ਮੈਨੂੰ ਉਸ ਨੇ ਛੋਹਣ ਦੀ ਕੋਸ਼ਿਸ਼ ਕੀਤੀ | ਉਹ ਆਪਣੀ ਹਵਸ ਮੱਠੀ ਕਰਨਾ ਚਾਹੁੰਦਾ ਸੀ | ਜਿਸ ਨੂੰ ਮੈਂ ਸਮਝ ਗਈ | ਮੈਂ ਭੱਜ ਕੇ ਬਾਹਰ ਨਿਕਲ ਗਈ ਤੇ ਮਹਿਕ ਨੂੰ ਬਹੁਤ ਹੀ ਜ਼ੋਰ ਨਾਲ ਅਤੇ ਗੁੱਸੇ ਭਰੀ ਆਵਾਜ਼ ਲਗਾਈ | ਮਲਕੀਤ ਵੀ ਘਬਰਾ ਗਿਆ |
ਉਹ ਕਮਰੇ ਵਿਚੋਂ ਬਾਹਰ ਨਿਕਲ ਆਇਆ ਤੇ ਮੈਨੂੰ ਜਬਰਦਸਤੀ ਫੜ ਕੇ ਅੰਦਰ ਲਿਜਾਣ ਦੀ ਕੋਸ਼ਿਸ਼ ਕੀਤੀ | ਉਸ ਨੇ ਕਿਹਾ ਕਿ ਫਿਕਰ ਨਾ ਕਰ ਜਰਨੈਲ ਤਾਂ ਹੁਣ ਉੱਠ ਨਹੀਂ ਸਕਦਾ | ਮਹਿਕ ਤੇ ਪਰਿਵਾਰ ਘਰ ਵਿਚ ਨਹੀਂ ਹਨ | ਤੂੰ ਚਿੰਤਾ ਨਾ ਕਰ ਮੈਂ ਤਾਂ ਮਦਦ ਹੀ ਕਰ ਰਿਹਾ ਹਾਂ | ਉਸ ਨੇ ਮੇਰੇ ਨਾਲ ਜਬਰਦਸਤੀ ਕੀਤੀ ਅਤੇ ਮੇਰੀ ਇੱਜਤ ਤਾਰ ਤਾਰ ਕਰ ਦਿਤੀ | ਮੈਂ ਤੀਵੀਂ ਮਾਨੀ ਕੀ ਕਰ ਸਕਦੀ ਸੀ | ਮੈਨੂੰ ਛੱਡ ਮਲਕੀਤ ਥਲੇ ਆਪਣੇ ਕਮਰੇ ਵਿਚ ਚਲਾ ਗਿਆ | ਮੈਂ ਸਵੇਰੇ ਉੱਠ ਸਾਰਾ ਪਰਿਵਾਰ ਇਕੱਠਾ ਕਰ ਲਿਆ ਤੇ ਮਲਕੀਤ ਦੀ ਕਰਤੂਤ ਸਾਰਿਆਂ ਨੂੰ ਦੱਸ ਦਿੱਤੀ | ਮਹਿਕ ਨੇ ਮੇਰੀ ਕੋਈ ਮਦਦ ਨਾ ਕੀਤੀ ਸਗੋਂ ਮਲਕੀਤ ਨਾਲ ਹੱਸ ਹੱਸ ਗੱਲਾਂ ਕਰ ਰਹੀ ਸੀ | ਸੱਸ ਅਤੇ ਸਹੁਰੇ ਦਾ ਰਵਈਆ ਵੀ ਮੇਰੇ ਪ੍ਰਤੀ ਘਿਰਣਾ ਭਰਿਆ ਸੀ | ਜਰਨੈਲ ਨੇ ਵੀ ਆਪਣੇ ਜੀਜੇ ਨੂੰ ਕੁਝ ਨਾ ਕਿਹਾ | ਮੈਨੂੰ ਇਸ ਤਰਾਂ ਜਾਪਿਆ ਕਿ ਇਹ ਜੋ ਵੀ ਹੋਇਆ ਇਸ ਵਿਚ ਸਾਰੇ ਪਰਿਵਾਰ ਦੀ ਰਜ਼ਾਮੰਦੀ ਸੀ | ਮੈਨੂੰ ਇਹ ਬਿਲਕੁਲ ਵੀ ਮਨਜ਼ੂਰ ਨਹੀਂ ਸੀ | ਮੈਂ ਜਰਨੈਲ ਨਾਲ ਵਿਆਹੀ ਸੀ ਉਸ ਦਾ ਮੇਰੇ ਉਪਰ ਹੱਕ ਸੀ | ਮਲਕੀਤ ਮੇਰੇ ਉਪਰ ਆਪਣਾ ਹੱਕ ਜਤਾਉਣਾ ਚਾਹੁੰਦਾ ਸੀ ਤੇ ਮੈਨੂੰ ਆਪਣੀ ਔਰਤ ਬਣਾਉਣ ਲਈ ਲਾਲਚ ਵੀ ਦੇਣ ਲੱਗਿਆ | ਮੈਂ ਬਿਲਕੁਲ ਇਨਕਾਰ ਕਰ ਦਿਤਾ |
ਮੇਰੇ ਮਾਪਿਆਂ ਨੇ ਇਹ ਸਮਝਾਇਆ ਸੀ ਕਿ ਹੁਣ ਤੇਰੇ ਸੱਸ ਸਹੁਰਾ ਹੀ ਤੇਰੇ ਮਾਪੇ ਹਨ ਤੂੰ ਉਨ੍ਹਾਂ ਦੀ ਸੇਵਾ ਕਰਨੀ ਹੈ ਜਰਨੈਲ ਹੀ ਤੇਰਾ ਭਵਿੱਖ ਹੈ ਅਤੇ ਤੇਰਾ ਇਹੋ ਹੀ ਨਸੀਬ ਹੈ | ਇਹੋ ਹੀ ਤੇਰਾ ਘਰ ਪਰਿਵਾਰ | ਪ੍ਰੰਤੂ ਮੈਂ ਇਸ ਮਲਕੀਤ ਦੀ ਘਟੀਆ ਯੋਜਨਾ ਲਈ ਬਿਲਕੁਲ ਵੀ ਤਿਆਰ ਨਹੀਂ ਸਾਂ | ਇਸ ਕਾਰਨ ਮੈਂ ਇਸ ਨੂੰ ਆਪਣਾ ਨਸੀਬ ਮੰਨਣ ਤੋਂ ਇਨਕਾਰ ਕਰ ਦਿਤਾ | ਮਹਿਕ ਅਤੇ ਉਸ ਦੇ ਮਾਪਿਆਂ ਦੇ ਵਤੀਰੇ ਨੇ ਮੈਨੂੰ ਇਸ ਪਰਿਵਾਰ ਨੂੰ ਅਪਣਾਉਣਾ ਬਿਲਕੁਲ ਵੀ ਠੀਕ ਨਾ ਲੱਗਾ | ਇਸ ਲਈ ਮੈਂ ਤਿੰਨਾਂ ਕੱਪੜਿਆਂ ਵਿਚ ਹੀ ਘਰੋਂ ਨਿਕਲ ਪਈ |ਸਹੁਰੇ ਪਰਿਵਾਰ ਵਿਚੋਂ ਮੈਨੂੰ ਕਿਸੇ ਨੇ ਵੀ ਰੋਕਣ ਦਾ ਯਤਨ ਨਾ ਕੀਤਾ | ਆਪਣੇ ਮਾਪਿਆਂ ਨੂੰ ਮੈਂ ਤੰਗ ਨਹੀਂ ਕਰਨਾ ਚਾਹੁੰਦੀ ਸੀ | ਆਪਣੇ ਪਿੰਡ ਜਾਣ ਦੀ ਥਾਂ ਮੈਂ ਸਿੱਪੀ ਦੇ ਪਿੰਡ ਵਲ ਰੁੱਖ ਕਰ ਲਿਆ | ਮੇਰੀ ਕਿਸਮਤ ਨੂੰ ਸਿੱਪੀ ਘਰੇ ਹੀ ਸੀ | ਰਾਤ ਹੋ ਚੁਕੀ ਸੀ | ਸਿੱਪੀ ਨੇ ਮੇਰੇ ਹਾਲ ਚਾਲ ਪੁੱਛਿਆ | ਮੇਰੇ ਸਹੁਰੇ ਪਰਿਵਾਰ ਬਾਰੇ ਪੁੱਛਿਆ | ਜਦੋਂ ਉਸ ਨੇ ਮੇਰੇ ਜਰਨੈਲ ਬਾਰੇ ਪੁੱਛਿਆ ਤਾਂ ਮੈਂ ਫਿਸ ਪਈ |
ਮੈਂ ਆਪਣੇ ਵਿਚੋਲੇ ਨੂੰ ਬਹੁਤ ਮੰਦਾ ਆਖਿਆ ਤੇ ਦੱਸਿਆ ਕਿ ਉਸ ਨੇ ਧੋਖਾ ਕੀਤਾ ਹੈ ਮੈਨੂੰ ਨਸ਼ਈ ਦੇ ਪੱਲੇ ਪਾ ਦਿਤਾ ਹੈ | ਰੋਜ਼ਾਨਾ ਨਸ਼ਾ ਕਰਦਾ ਹੈ ਨਸ਼ੇ ਦੇ ਟੀਕੇ ਲਾਉਂਦਾ ਹੈ | ਮੇਰਾ ਜੀਵਨ ਤਾਂ ਬਰਬਾਦ ਕਰ ਦਿਤਾ ਹੈ ਮੈਂ ਆਪਣੇ ਮਾਪਿਆਂ ਨੂੰ ਨਹੀਂ ਦੱਸਿਆ ਕਿਓਂ ਜੋ ਉਨ੍ਹਾਂ ਨੇ ਆਪਣਾ ਜੋੜਿਆ ਹੋਇਆ ਧਨ ਮੇਰੇ ਉਪਰ ਖਰਚ ਕਰ ਦਿਤਾ ਉਨ੍ਹਾਂ ਵਿਚ ਮੈਨੂੰ ਸੰਭਾਲਣ ਦੀ ਸਮਰਥਾ ਨਹੀਂ ਹੈ | ਮੈਂ ਸਿੱਪੀ ਨੂੰ ਮਲਕੀਤ ਦੀ ਮਾੜੀ ਕਰਤੂਤ ਬਾਰੇ ਵੀ ਦੱਸਿਆ | ਜਿਸ ਨੂੰ ਸੁਣ ਉਹ ਆਪੇ ਤੋਂ ਬਾਹਰ ਹੋ ਗਿਆ |ਉਹ ਆਪ ਮੁਹਾਰਾ ਹੀ ਬੋਲਿਆ,
“ਰੱਬ ਕਰੇ ਉਹ ਮਰੇ ਵਿਚੋਲਾ ਜਿਸ ਨੇ ਰੱਖਿਆ ਐਡਾ ਓਹਲਾ |”
ਉਸ ਨੇ ਸਾਰੀ ਗਾਥਾ ਸੁਣ ਮੈਨੂੰ ਸਮਝਾਇਆ ਕਿ ਮੈਨੂੰ ਆਪਣੇ ਮਾਪਿਆਂ ਕੋਲ ਜਾਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਸਾਰਾ ਕੁਝ ਬਿਆਨ ਕਰ ਦੇਣਾ ਚਾਹੀਦਾ ਹੈ | ਇਸ ਤੋਂ ਅੱਗੇ ਫੈਸਲਾ ਫੇਰ ਲਵਾਂਗੇ | ਮੈਂ ਹਰ ਕਿਸਮ ਨਾਲ ਤੇਰੀ ਮਦਦ ਲਈ ਤਿਆਰ ਹਾਂ | ਰਾਤ ਮੈਂ ਉਸ ਦੇ ਘਰ ਬਿਤਾਈ | ਉਸ ਨੂੰ ਉਸ ਦੇ ਜੀਵਨ ਬਾਰੇ ਪੁੱਛਿਆ | ਉਸ ਨੇ ਦੱਸਿਆ ਕਿ ਮੈਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀ ਲਈ ਯਤਨ ਕਰ ਰਿਹਾ ਹਾਂ | ਭਾਵੇਂ ਹਾਲੇ ਤਕ ਕਿਤੇ ਵੀ ਹੱਥ ਨਹੀਂ ਅੜਿਆ | ਯਤਨ ਜਾਰੀ ਹਨ | ਮੈਂ ਮੁਕਾਬਲੇ ਦੇ ਇਮਿਤਿਹਾਨ ਦੀ ਤਿਆਰੀ ਕਰ ਰਿਹਾ ਹਾਂ | ਇਮਿਤਿਹਾਨ ਦੀ ਤਾਰੀਕ ਵੀ ਨੇੜੇ ਹੈ | ਇਮਿਤਿਹਾਨ ਦੇਣ ਤੋਂ ਬਾਅਦ ਮੈਂ ਤੇਰੀ ਪੂਰੀ ਤਰਾਂ ਨਾਲ ਮਦਦ ਕਰ ਸਕਦਾ ਹਾਂ | ਉਤਨਾ ਚਿਰ ਤੂੰ ਆਪਣੇ ਪੇਕਿਆਂ ਦੇ ਘਰ ਹੀ ਰਹਿਣਾ ਹੈ ਅਤੇ ਸਹੁਰੇ ਘਰ ਜਾਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ | ਉਨ੍ਹਾਂ ਦਾ ਵਰਤਾਵ ਬਹੁਤ ਹੀ ਮਾੜਾ ਹੈ | ਮੈਂ ਨਹੀਂ ਚਾਹੁੰਦਾ ਕਿ ਤੂੰ ਘਬਰਾ ਕਿ ਕੋਈ ਵੀ ਗ਼ਲਤ ਕਦਮ ਉਠਾਵੇਂ | ਅਗਲੇ ਦਿਨ ਨਿੰਮੋ ਆਪਣੇ ਘਰ ਲਈ ਚਲ ਪਈ |
ਪਿੰਡ ਪੁਜੀ | ਮਾਪਿਆਂ ਨੂੰ ਮਿਲੀ | ਉਨ੍ਹਾਂ ਨੇ ਜਦੋਂ ਜਰਨੈਲ ਦੇ ਨਾ ਆਉਣ ਬਾਰੇ ਪੁੱਛਿਆ ਤਾਂ ਉਸ ਨੇ ਦੱਸ ਦਿਤਾ ਕਿ ਮੈਂ ਇੱਕਲੀ ਹੀ ਆਈ ਹਾਂ ਅਤੇ ਉਸ ਘਰ ਨੂੰ ਹਮੇਸ਼ਾ ਲਈ ਛੱਡ ਆਈ ਹਾਂ | ਨਿੰਮੋ ਦਾ ਬਾਪ ਆਪਣੇ ਬੈਂਕ ਵਿਚ ਜਾ ਚੁਕਾ ਸੀ | ਆਪਣੀ ਮਾਂ ਨੂੰ ਉਸ ਨੇ ਸਹੁਰੇ ਵਾਪਰੀਆਂ ਸਾਰੀਆਂ ਘਟਨਾਵਾਂ ਦੱਸ ਦਿਤੀਆਂ | ਇਹ ਵੀ ਦੱਸਿਆ ਕਿ ਉਹ ਗਹਿਣੇ ਥੋੜੇ ਪਾਉਣ ਬਾਰੇ ਵੀ ਮੰਦਾ ਹੀ ਬੋਲਦੇ ਹਨ | ਜਰਨੈਲ ਤਾਂ ਹਮੇਸ਼ਾ ਹੀ ਨਸ਼ੇ ਵਿਚ ਰਹਿੰਦਾ ਹੈ | ਉਹ ਮੇਰੇ ਨਾਲ ਵਿਆਹੇ ਹੋਣ ਬਾਰੇ ਕੋਈ ਵੀ ਰਿਸ਼ਤਾ ਨਹੀਂ ਬਣਾ ਸਕਿਆ | ਮੈਂ ਕੁਆਰੀ ਕੁੜੀ ਹੀ ਰਹਿਣਾ ਸੀ ਜੇ ਉਨ੍ਹਾਂ ਦੇ ਜਵਾਈ ਮਲਕੀਤ ਵਲੋਂ ਮੇਰੇ ਨਾਲ ਜਬਰਦਸਤੀ ਨਾ ਕੀਤੀ ਹੁੰਦੀ | ਮਲਕੀਤ ਮੈਨੂੰ ਆਪਣੀ ਜਨਾਨੀ ਬਣਾਉਣਾ ਚਾਹੁੰਦਾ ਸੀ | ਮੈਂ ਇਨਕਾਰ ਕਰ ਉਸ ਘਰ ਨਾਲੋਂ ਸਾਰੇ ਰਿਸ਼ਤੇ ਤੋੜ ਆਈ ਹਾਂ | ਮੈਂ ਤੁਹਾਡੇ ਤੇ ਬੋਝ ਨਹੀਂ ਬਣਾਂਗੀ | ਮੈਂ ਮੇਹਨਤ ਕਰਾਂਗੀ ਮੁਕਾਬਲੇ ਦੇ ਇਮਿਤਿਹਾਨ ਦੇਵਾਂਗੀ | ਕਾਮਯਾਬੀ ਪ੍ਰਾਪਤ ਕਰ ਸਮਾਜ ਵਿਚ ਆਪਣੀ ਵੱਖਰੀ ਥਾਂ ਬਣਾਵਾਂਗੀ | ਮੈਂ ਤੁਹਾਡੇ ਕੋਲ ਥੋੜਾ ਸਮਾਂ ਹੀ ਰਹਾਂਗੀ | ਤੁਸੀਂ ਫਿਕਰ ਨਹੀਂ ਕਰਨਾ ਹੈ | ਤੁਸੀਂ ਮੇਰੇ ਬਾਪੂ ਨੂੰ ਸਮਝਾ ਦੇਣਾ ਉਹ ਗੁਸਾ ਨਾ ਕਰਨ| ਮੈਂ ਆਪਣੀ ਮੇਹਨਤ ਸਦਕਾ ਹੀ ਆਪਣੀ ਅਗਲੇਰੀ ਜ਼ਿੰਦਗੀ ਸੁਖਾਲੀ ਕਰਨ ਦਾ ਯਤਨ ਕਰਾਂਗੀ | ਮੈਂ ਆਪਣੇ ਪੈਰਾਂ ਤੇ ਖੜੇ ਹੋ ਸਮਾਜ ਵਿਚ ਚੰਗਾ ਕਰ ਦਿਖਾਵਾਂਗੀ |
ਜਦੋਂ ਮੋਹਨ ਸਿੰਘ ਸ਼ਾਮ ਵੇਲੇ ਕੰਮ ਤੋਂ ਘਰ ਆਇਆ ਤਾਂ ਆਪਣੀ ਧੀ ਨੂੰ ਘਰ ਵਿਚ ਦੇਖ ਕੇ ਖੁਸ਼ ਹੋਇਆ | ਉਸ ਨੂੰ ਪਿਆਰ ਨਾਲ ਮਿਲਿਆ | ਇਸ ਤੋਂ ਅੱਗੇ ਕਿ ਉਹ ਕੁਝ ਹੋਰ ਪੁੱਛਦਾ ਨਿੰਮੋ ਦੀ ਮਾਂ ਨੇ ਉਸ ਨੂੰ ਇਸ਼ਾਰੇ ਨਾਲ ਚੁੱਪ ਕਰਵਾ ਦਿਤਾ | ਰਾਤ ਦਾ ਰੋਟੀ ਪਾਣੀ ਖਾ ਕੇ ਮੋਹਨ ਸਿੰਘ ਨੇ ਨਿੰਮੋ ਨੂੰ ਅਰਾਮ ਕਰਨ ਲਈ ਆਖਿਆ | ਆਪ ਵੀ ਉਹ ਅਰਾਮ ਕਰਨ ਲਈ ਆਪਣੇ ਕਮਰੇ ਵਿਚ ਚਲੇ ਗਏ | ਸ਼ੀਲਾ ਨੇ ਮੋਹਨ ਸਿੰਘ ਨੂੰ ਨਿੰਮੋ ਦੇ ਸਹੁਰੇ ਘਰ ਵਿਚ ਹੋਈਆਂ ਸਾਰੀਆਂ ਘਟਨਾਵਾਂ ਵੇਰਵੇ ਸਾਹਿਤ ਦੱਸ ਦਿਤੀਆਂ ਅਤੇ ਅਗਲੀਆਂ ਯੋਜਨਾਵਾਂ ਬਾਰੇ ਵੀ ਜਾਣਕਾਰੀ ਦੇ ਦਿਤੀ | ਅਗਲੇਰੇ ਦਿਨ ਜਦੋਂ ਮੋਹਨ ਸਿੰਘ ਬੈਂਕ ਲਈ ਤਿਆਰ ਹੋ ਰਿਹਾ ਸੀ ਤਾਂ ਉਸ ਸਮੇਂ ਉਸ ਨੇ ਨਿੰਮੋ ਨੂੰ ਸਮਝਾ ਦਿਤਾ ਕਿ ਤੇਰੇ ਸਹੁਰੇ ਪਰਿਵਾਰ ਵਲੋਂ ਤੇਰੇ ਨਾਲ ਚੰਗਾ ਸਲੂਕ ਨਹੀਂ ਕੀਤਾ ਗਿਆ | ਉਨ੍ਹਾਂ ਨੂੰ ਅਸੀਂ ਤੇਰੀ ਮਦਦ ਕਰ ਕੇ ਪੂਰੀ ਤਰਾਂ ਢੁਕਵਾਂ ਜਵਾਬ ਦੇਵਾਂਗੇ | ਤੂੰ ਆਪਣਾ ਮਨ ਅਗਲੇਰੀ ਯੋਜਨਾ ਵਿਚ ਲਾ ਤੇ ਕਾਮਯਾਬੀ ਜਰੂਰ ਤੇਰਾ ਸਾਥ ਦੇਵੇਗੀ | ਅਸੀਂ ਆਰਥਿਕ ਪੱਖੋਂ ਵੀ ਤੇਰਾ ਸਾਥ ਦੇਵਾਂਗੇ | ਘਬਰਾਉਣ ਦੀ ਲੋੜ ਨਹੀਂ | ਪੜ੍ਹਾਈ ਵੱਲ ਪੂਰਾ ਧਿਆਨ ਦਿਓ | ਵਾਹਿਗੁਰੂ ਸਾਡੀ ਮਦਦ ਕਰੇਗਾ | ਉਹ ਆਪਣੇ ਸੇਵਕਾਂ ਦਾ ਇਮਿਤਿਹਾਨ ਲੈਂਦਾ ਹੈ | ਅਸੀਂ ਉਸ ਦੀ ਕਸਵਟੀ ਤੇ ਪੂਰੇ ਉਤਰਨ ਦਾ ਯਤਨ ਕਰਾਂਗੇ |
ਸਿੱਪੀ ਨੇ ਲਿਖਤੀ ਇਮਿਤਿਹਾਨ ਦਿਤਾ ਇੰਟਰਵਿਊ ਦਿੱਤਾ | ਕੁਝ ਸਮੇਂ ਦੀ ਉਡੀਕ ਤੋਂ ਬਾਅਦ ਉਸ ਦਾ ਨਤੀਜਾ ਆ ਗਿਆ | ਉਸ ਦਾ ਸਾਰੀ ਸੂਚੀ ਵਿਚ ਤੀਸਰੇ ਨੰਬਰ ਤੇ ਸਥਾਨ ਸੀ | ਸਾਰੇ ਪਿੰਡ ਵਿਚ ਖਬਰ ਹੋ ਗਈ ਸਭ ਨੇ ਵਧਾਈ ਦਿਤੀ | ਉਸ ਨੂੰ ਕੁਝ ਸਮੇਂ ਬਾਅਦ ਉਸ ਨੂੰ ਕਿਸੇ ਜ਼ਿਲੇ ਵਿਚ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਜਾਣਾ ਸੀ | ਸਿੱਪੀ ਨੇ ਮਿਠਿਆਈ ਦਾ ਡੱਬਾ ਲਿਆ ਤੇ ਨਿੰਮੋ ਦੇ ਘਰ ਵਲ ਤੁਰ ਪਿਆ | ਪਹਿਲਾਂ ਬੈਂਕ ਵਿਚ ਗਿਆ ਜਿਥੇ ਮੋਹਨ ਸਿੰਘ ਕੰਮ ਕਰਦਾ ਸੀ | ਮੋਹਨ ਸਿੰਘ ਨੂੰ ਮਿਲ ਕੇ ਦੱਸਿਆ | ਮੋਹਨ ਸਿੰਘ ਨੇ ਵਧਾਈ ਦਿਤੀ ਅਤੇ ਕਿਹਾ ਕਿ ਤੁਸੀਂ ਘਰੇ ਚਲੋ ਮੈਂ ਕੁਝ ਦੇਰ ਵਿਚ ਆਓਂਦਾ ਹਾਂ | ਘਰ ਵਿਚ ਨਿੰਮੋ ਵੀ ਆਈ ਹੋਈ ਹੈ | ਉਸ ਨੂੰ ਮਿਲ ਕੇ ਸ਼ਾਮ ਨੂੰ ਗੱਲਾਂ ਕਰਾਂਗੇ | ਉਹ ਵੀ ਤੇਰਾ ਨਤੀਜਾ ਸੁਣ ਕੇ ਬਹੁਤ ਹੀ ਖੁਸ਼ ਹੋਵੇਗੀ | ਸਿੱਪੀ ਘਰੇ ਪੁੱਜ ਗਿਆ ਨਿੰਮੋ ਅਤੇ ਸ਼ੀਲਾ ਨੂੰ ਮਿਲਿਆ | ਨਿੰਮੋ ਨੇ ਨਤੀਜੇ ਬਾਰੇ ਪੁੱਛਿਆ ਤਾਂ ਸਿੱਪੀ ਨੇ ਡੱਬਾ ਅਗੇ ਕਰ ਦਿੱਤਾ ਤੇ ਨਤੀਜੇ ਬਾਰੇ ਦੱਸਿਆ | ਇਹ ਵੀ ਦੱਸਿਆ ਕਿ ਮੈਂ ਬੈਂਕ ਵਿਚ ਗਿਆ ਸੀ ਉਥੇ ਤੇਰੇ ਡੈਡੀ ਨੂੰ ਮਿਲ ਕੇ ਆਇਆ ਹਾਂ | ਉਨ੍ਹਾਂ ਨੇ ਹੀ ਦੱਸਿਆ ਕਿ ਤੁਸੀਂ ਇਸ ਸਮੇਂ ਘਰ ਵਿਚ ਹੀ ਹੋ ਅਤੇ ਮੈਂ ਇਧਰ ਆ ਗਿਆ ਹਾਂ | ਉਹ ਵੀ ਥੋੜੀ ਦੇਰ ਤੱਕ ਆ ਜਾਣਗੇ | ਇਹ ਸੁਣ ਉਹ ਦੋਵੇਂ ਖੁਸ਼ ਹੋ ਗਈਆਂ | ਨਤੀਜੇ ਦੀ ਵਧਾਈ ਦਿਤੀ ਅਤੇ ਨਾਲ ਹੀ ਤਿੰਨਾਂ ਨੇ ਮੂੰਹ ਮਿੱਠਾ ਕੀਤਾ | ਏਧਰ ਉਧਰ ਦੀਆਂ ਗੱਲਾਂ ਕਰ ਰਹੇ ਸਨ ਕਿ ਮੋਹਨ ਸਿੰਘ ਵੀ ਘਰੇ ਪਹੁੰਚ ਗਿਆ | ਸਾਰਿਆਂ ਨੇ ਮਿਲ ਕੇ ਚਾਹ ਪੀਤੀ ਮਿਠਾਈ ਖਾਧੀ ਅਤੇ ਖੁਸ਼ੀ ਮਨਾਈ |
ਨਿੰਮੋ ਨੇ ਸਿੱਪੀ ਨੂੰ ਤਿਆਰੀ ਵਿਚ ਮਦਦ ਲਈ ਆਖਿਆ | ਸਿੱਪੀ ਨੇ ਕਿਹਾ ਕਿ ਜੋ ਕਿਤਾਬਾਂ ਮੇਰੇ ਕੋਲ ਪਈਆਂ ਹਨ ਮੈਂ ਇਕ ਅੱਧੇ ਦਿਨ ਵਿਚ ਛੱਡ ਜਾਵਾਂਗਾ | ਤੁਸੀਂ ਪੜ੍ਹਾਈ ਸ਼ੁਰੂ ਕਰੋ | ਹਰ ਹਫਤੇ ਆ ਕੇ ਮੈਂ ਤੁਹਾਡੀਆਂ ਮੁਸ਼ਕਲਾਂ ਦੇ ਹੱਲ ਸਮਝਾ ਜਾਇਆ ਕਰਾਂਗਾ | ਜੇ ਹੋਰ ਕਿਸੇ ਕਿਤਾਬ ਦੀ ਲੋੜ ਹੋਈ ਤਾਂ ਮੈਂ ਲਿਆ ਕੇ ਦੇ ਦੇਵਾਂਗਾ | ਮਨ ਲਾ ਕੇ ਮੇਹਨਤ ਕਰੋ | ਕਾਮਯਾਬੀ ਜ਼ਰੂਰ ਮਿਲੇਗੀ | ਰਾਤ ਦੀ ਰੋਟੀ ਖਾ ਕੇ ਉਹ ਦੇਰ ਤਕ ਗੱਲਾਂ ਕਰਦੇ ਰਹੇ | ਮੋਹਨ ਸਿੰਘ ਅਤੇ ਸ਼ੀਲਾ ਵੀ ਖੁਸ਼ ਸਨ ਕਿ ਸਿੱਪੀ ਨੇ ਮਦਦ ਕਰਨ ਦਾ ਵਾਅਦਾ ਕੀਤਾ ਹੈ | ਨਿੰਮੋ ਇਸ ਦੀ ਮੱਦਦ ਨਾਲ ਜ਼ਰੂਰ ਹੀ ਇਮਿਤਿਹਾਨ ਕਲੀਅਰ ਕਰ ਲਵੇਗੀ ਅਤੇ ਸਿੱਪੀ ਦੀ ਅਗਵਾਈ ਸਦਕਾ ਇੰਟਰਵਿਊ ਵਿਚ ਵੀ ਸਫਲ ਹੋ ਜਾਵੇਗੀ | ਨਿੰਮੋ ਨੇ ਤਿਆਰੀ ਸ਼ੁਰੂ ਕਰ ਦਿਤੀ | ਸਿੱਪੀ ਕਦੇ ਕਦੇ ਆ ਕੇ ਉਸ ਦੀਆਂ ਮੁਸ਼ਕਲਾਂ ਹਲ ਕਰਵਾ ਜਾਂਦਾ ਅਤੇ ਹੋਰ ਨੁਕਤੇ ਦੱਸ ਜਾਇਆ ਕਰਦਾ ਸੀ | ਮੋਹਨ ਸਿੰਘ ਅਤੇ ਸ਼ੀਲਾ ਨੂੰ ਉਸ ਦੇ ਆਉਣ ਤੇ ਕੋਈ ਇਤਰਾਜ਼ ਨਹੀਂ ਸੀ ਕਿਓਂ ਜੋ ਉਹ ਕਾਲਿਜ ਸਮੇਂ ਤੋਂ ਹੀ ਇਕ ਦੂਸਰੇ ਨੂੰ ਮਿਲਦੇ ਰਹਿੰਦੇ ਸਨ | ਸਿੱਪੀ ਨੂੰ ਨੇੜੇ ਦੇ ਜ਼ਿਲੇ ਦਾ ਡਿਪਟੀ ਕਮਿਸ਼ਨਰ ਲਗਾ ਦਿਤਾ ਗਿਆ |
ਉਸ ਦੇ ਮਾਪਿਆਂ ਨੂੰ ਹੁਣ ਉਸ ਦੇ ਵਿਆਹ ਦੀ ਕਾਹਲੀ ਹੋ ਗਈ ਸੀ | ਪ੍ਰੰਤੂ ਸਿੱਪੀ ਨੇ ਉਨ੍ਹਾਂ ਨੂੰ ਕਾਹਲੇ ਨਾ ਪੈਣ ਲਈ ਸਮਝਾ ਦਿਤਾ ਅਤੇ ਕਿਹਾ ਕਿ ਕਾਹਲੀ ਅੱਗੇ ਟੋਏ ਹੋਇਆ ਕਰਦੇ ਹਨ | ਉਸ ਦੇ ਮਾਪੇ ਵੀ ਸਮਝਦਾਰ ਸਨ ਉਹ ਸਿੱਪੀ ਦੇ ਕਹਿਣ ਤੇ ਮੰਨ ਗਏ | ਉਧਰ ਨਿੰਮੋ ਦਾ ਇਮਿਤਿਹਾਨ ਹੋ ਗਿਆ | ਉਸ ਨੂੰ ਚੰਗੇ ਨੰਬਰ ਆਉਣ ਦੀ ਉੱਮੀਦ ਸੀ | ਉਸ ਨੂੰ ਇੰਟਰਵਿਊ ਲਈ ਬੁਲਾ ਲਿਆ ਗਿਆ | ਉਹ ਸਿੱਪੀ ਨੂੰ ਨਾਲ ਲੈ ਕੇ ਇੰਟਰਵਿਊ ਤੇ ਗਈ | ਰਸਤੇ ਵਿਚ ਸਿੱਪੀ ਨੇ ਕੁਝ ਨੁਕਤੇ ਸਮਝਾਏ | ਇੰਟਰਵਿਊ ਠੀਕ ਹੋ ਗਿਆ | ਵਾਪਸੀ ਵਕ਼ਤ ਉਨ੍ਹਾਂ ਨੇ ਨਿੰਮੋ ਦੇ ਆਉਣ ਵਾਲੇ ਜੀਵਨ ਸਬੰਧੀ ਵਿਚਾਰ ਕੀਤੀ | ਸਿੱਪੀ ਨੇ ਪੁੱਛਿਆ ਕਿ ਕੀ ਤੁਸੀਂ ਮਲਕੀਤ ਨੂੰ ਸਜ਼ਾ ਦੇਣੀ ਚਾਹੁੰਦੇ ਹੈ ਅਤੇ ਜਰਨੈਲ ਨਾਲ ਆਪਣਾ ਜੀਵਨ ਗੁਜ਼ਾਰਨਾ ਚਾਹੁੰਦੇ ਹੈ | ਇਹ ਸੁਣ ਨਿੰਮੋ ਥੋੜਾ ਗੁੱਸੇ ਵਿਚ ਆ ਗਈ | ਉਸ ਦਸਵੀਂ ਫੇਲ ਨਾਲ ਮੈਂ ਕਿਵੇਂ ਜਿੰਦਗੀ ਕੱਢ ਸਕਦੀ ਹਾਂ | ਜਿਥੋਂ ਤਕ ਮਲਕੀਤ ਦਾ ਸਬੰਧ ਹੈ ਉਸ ਨੂੰ ਤਾਂ ਮੈਂ ਸਬਕ ਸਿਖਾਵਾਂਗੀ ਅਤੇ ਮਹਿਕ ਨੂੰ ਵੀ ਮੈਂ ਬੇਕਸੂਰ ਨਹੀਂ ਸਮਝਦੀ | ਉਸ ਨੇ ਮੇਰੀ ਇੱਜਤ ਤਾਰ ਤਾਰ ਕਰਨ ਵਿਚ ਮਲਕੀਤ ਦਾ ਪੂਰਾ ਸਾਥ ਦਿਤਾ | ਸਿੱਪੀ ਨੇ ਕਿਹਾ ਕਿ ਮੈਂ ਮਲਕੀਤ ਬਾਰੇ ਪਤਾ ਕਰਾਂਗਾ ਕਿ ਉਹ ਹੁਣ ਕਿਥੇ ਹੈ ਤੇ ਕਿ ਕਰਦਾ ਹੈ |
ਜੇ ਤੈਨੂੰ ਚੰਗਾ ਲਗੇ ਤਾਂ ਆਪਾਂ ਦੋਵੇਂ ਰਲ ਕੇ ਅਗਲੇਰਾ ਜੀਵਨ ਬਿਤਾ ਸਕਦੇ ਹਾਂ | ਕੋਈ ਜ਼ੋਰ ਜਬਰਦਸਤੀ ਨਹੀਂ ਹੈ ਜੇ ਕਰ ਤੁਹਾਨੂੰ ਮੇਰਾ ਇਹ ਸੁਝਾਅ ਮਨਜ਼ੂਰ ਨਹੀਂ ਹੈ ਤਾਂ ਆਪਾਂ ਚੰਗੇ ਦੋਸਤ ਬਣੇ ਰਹਿ ਕੇ ਆਪਣੇ ਆਪਣੇ ਵੱਖਰੇ ਵੱਖਰੇ ਘਰ ਵਸਾ ਸਕਦੇ ਹਾਂ | ਤੁਸੀਂ ਵਿਚਾਰ ਕਰ ਲੈਣਾ | ਮਾਪਿਆਂ ਨਾਲ ਵਿਚਾਰ ਕਰ ਲੈਣਾ | ਨਿੰਮੋ ਸ਼ਰਮਾ ਗਈ ਤੇ ਥੋੜਾ ਨਾਜ਼ ਨਾਲ ਬੋਲੀ ਕਿ ਤੁਹਾਨੂੰ ਇਹ ਸੁਪਨਾ ਕਿਵੇਂ ਆਇਆ ਕਿ ਮੈਨੂੰ ਇਹ ਸੁਝਾਅ ਮੈਨੂੰ ਮਨਜ਼ੂਰ ਨਹੀਂ ਵੀ ਹੋ ਸਕਦਾ | ਆਪਾਂ ਬਹੁਤ ਸਮੇਂ ਤੋਂ ਇਕ ਦੂਸਰੇ ਨੂੰ ਜਾਣਦੇ ਹਾਂ | ਮੈਂ ਤਾਂ ਮਾਪਿਆਂ ਦਾ ਕਹਿਣਾ ਮੰਨ ਕੇ ਜਰਨੈਲ ਨਾਲ ਵਿਆਹ ਕਰਵਾਣ ਲਈ ਹਾਂ ਕੀਤੀ ਸੀ ਅਤੇ ਤੁਹਾਨੂੰ ਇਕੱਲਾ ਛੱਡ ਦਿਤਾ ਸੀ ਜਿਸ ਦੀ ਸਜ਼ਾ ਮੈਨੂੰ ਮਿਲੀ | ਹੁਣ ਮੈਂ ਤੁਹਾਨੂੰ ਆਪਣੀ ਸਾਰੀ ਹੱਡਬੀਤੀ ਸੁਣਾ ਦਿਤੀ ਤੇ ਤੁਸੀਂ ਮੈਨੂੰ ਦਾਗੀ ਨੂੰ ਵੀ ਕਬੂਲ ਕਰ ਲੈਣ ਬਾਰੇ ਸੋਚਿਆ ਹੈ | ਮੈਂ ਇਤਨੀ ਵੀ ਅਕ੍ਰਿਤਘਣ ਨਹੀਂ ਹਾਂ | ਤੁਸੀਂ ਮੈਨੂੰ ਮੁਆਫ ਕਰ ਦਿਤਾ ਹੈ ਅਤੇ ਮੈਨੂੰ ਅਗਲੇਰੇ ਜੀਵਨ ਵਿਚ ਸਾਥੀ ਕਬੂਲਣ ਲਈ ਤਿਆਰ ਹੋਏ ਹੋ | ਮੈਂ ਆਪਣੇ ਮਾਪਿਆਂ ਤੋਂ ਕੁਝ ਵੀ ਨਹੀਂ ਪੁੱਛਣਾ ਹੈ ਅਤੇ ਆਪਣੀ ਮਰਜ਼ੀ ਕਰਨੀ ਹੈ | ਜੇ ਚਾਹਾਂ ਤਾਂ ਅੱਜ ਵੀ ਤੇਰੇ ਨਾਲ ਤੇਰੇ ਘਰ ਤੇਰੀ ਦੁਲਹਨ ਬਣ ਕੇ ਜਾ ਸਕਦੀ ਹਾਂ | ਮੈਨੂੰ ਇਹ ਵੀ ਪਤਾ ਹੈ ਕਿ ਕੁਝ ਕਾਨੂੰਨੀ ਅੜਚਨਾਂ ਹਨ ਜਿਸ ਕਰਕੇ ਇਹ ਕਦਮ ਅਸੀਂ ਨਹੀਂ ਚੁੱਕ ਸਕਦੇ |
ਸਿੱਪੀ ਨੇ ਕਿਹਾ ਕਿ ਭਾਵੇਂ ਮੈਂ ਤੇਰੇ ਲਈ ਹਰ ਮੁਸੀਬਤ ਝੱਲਣ ਲਈ ਤਿਆਰ ਹਾਂ | ਪ੍ਰੰਤੂ ਮੈਂ ਤੇਰੇ ਮਾਪਿਆਂ ਤੋਂ ਹੀ ਤੇਰਾ ਹੱਥ ਮੰਗਾਂਗਾ | ਬਾਕੀ ਕਾਰਵਾਈ ਵੀ ਹੌਲੀ ਹੌਲੀ ਪੂਰੀ ਕਰ ਲਈ ਜਾਵੇਗੀ | ਜਰਨੈਲ ਨਾਲ ਤਲਾਕ ਲੈ ਲਿਆ ਜਾਵੇਗਾ | ਮਲਕੀਤ ਨੂੰ ਵੀ ਸਜ਼ਾ ਦਿਤੀ ਜਾਵੇਗੀ | ਉਦੋਂ ਤਕ ਤੇਰਾ ਨਤੀਜਾ ਵੀ ਆ ਜਾਵੇਗਾ | ਇਨ੍ਹਾਂ ਗੱਲਾਂ ਵਿਚ ਨਿੰਮੋ ਦਾ ਪਿੰਡ ਆ ਗਿਆ ਘਰੇ ਪੂਜੇ | ਮੋਹਨ ਸਿੰਘ ਅਤੇ ਸ਼ੀਲਾ ਉਡੀਕ ਕਰ ਰਹੇ ਸਨ | ਸਾਰਿਆਂ ਨੇ ਮਿਲ ਕੇ ਖਾਣਾ ਖਾਧਾ | ਅਗਲੇਰੀ ਜ਼ਿੰਦਗੀ ਇਕੱਠਿਆਂ ਬਿਤਾਉਣ ਬਾਰੇ ਹਾਲੇ ਉਨ੍ਹਾਂ ਨਿੰਮੋ ਦੇ ਮਾਪਿਆਂ ਨਾਲ ਕੋਈ ਗੱਲ ਨਾ ਛੇੜੀ | ਭਾਵੇਂ ਦੋਵੇਂ ਆਪੋ ਵਿਚ ਤਿਆਰ ਸਨ | ਰਾਤ ਰੁਕ ਕੇ ਸਿੱਪੀ ਆਪਣੇ ਪਿੰਡ ਚਲਾ ਗਿਆ | ਘਰ ਜਾ ਕੇ ਜਦੋਂ ਸਿੱਪੀ ਦੇ ਮਾਪਿਆਂ ਨੇ ਫੇਰ ਵਿਆਹ ਬਾਰੇ ਪੁੱਛਿਆ ਤਾਂ ਸਿੱਪੀ ਨੇ ਦੱਸ ਦਿਤਾ ਕਿ ਉਹ ਆਪਣੇ ਲਈ ਲੜਕੀ ਵੇਖ ਆਇਆ ਹੈ | ਛੇਤੀ ਹੀ ਤੁਹਾਨੂੰ ਉਸ ਦੇ ਮਾਪਿਆਂ ਨਾਲ ਮਿਲਾਇਆ ਜਾਵੇਗਾ | ਜੇ ਕਰ ਤੁਹਾਡੇ ਲੜਕੀ ਪਸੰਦ ਹੋਵੇਗੀ ਤਾਂ ਹੀ ਮੈਂ ਵਿਆਹ ਲਈ ਤਿਆਰ ਹੋਵਾਂਗਾ | ਸਿੱਪੀ ਦੀ ਮੰਮੀ ਨੇ ਕਿਹਾ ਕਿ ਪੁੱਤਰ ਤੇਰੀ ਪਸੰਦ ਹੀ ਸਾਡੀ ਪਸੰਦ ਹੋਵੇਗੀ | ਸਾਨੂੰ ਪਤਾ ਹੈ ਸਾਡੇ ਪੁੱਤਰ ਦਾ ਫੈਸਲਾ ਗਲਤ ਨਹੀਂ ਹੋ ਸਕਦਾ | ਸਾਨੂੰ ਤਾਂ ਛੇਤੀ ਵਿਆਹ ਦੀ ਕਾਹਲੀ ਲੱਗੀ ਹੋਈ ਹੈ ਕਿ ਘਰ ਵਿਚ ਰੌਣਕ ਹੋ ਜਾਵੇ |
ਕੁਝ ਦਿਨ ਪਿੱਛੋਂ ਨਿੰਮੋ ਦਾ ਨਤੀਜਾ ਆ ਗਿਆ ਉਸ ਦਾ ਨਾਂ ਸਾਰੇ ਕਾਮਯਾਬ ਬਚਿਆ ਦੀ ਸੂਚੀ ਵਿੱਚ ਪਹਿਲੇ ਦੱਸ ਵਿਦਿਆਰਥੀਆਂ ਵਿਚ ਸੀ | ਮੋਹਨ ਸਿੰਘ ਅਤੇ ਸ਼ੀਲਾ ਤਾਂ ਬਹੁਤ ਹੀ ਖੁਸ਼ ਹੋਏ | ਮੋਹਨ ਸਿੰਘ ਨੇ ਅਗਲੇ ਦਿਨ ਬੈਂਕ ਅੰਦਰ ਮਿਠਾਈ ਵੰਡ ਕੇ ਆਪਣੀ ਖੁਸ਼ੀ ਸਾਰੇ ਸਟਾਫ ਨਾਲ ਸਾਂਝੀ ਕੀਤੀ | ਪਿੰਡ ਵਿਚੋਂ ਵੀ ਉਨ੍ਹਾਂ ਨੂੰ ਵਧਾਈਆਂ ਮਿਲੀਆਂ | ਉਨ੍ਹਾਂ ਸਭ ਦਾ ਮੂੰਹ ਮਿੱਠਾ ਕਰਵਾਇਆ | ਕੁਝ ਸਮਾਂ ਸਿਖਲਾਈ ਪ੍ਰਾਪਤ ਕਰ ਨਿੰਮੋ ਨੂੰ ਡਿਪਟੀ ਕਮਿਸ਼ਨਰ ਲਗਾ ਦਿਤਾ | ਸਿੱਪੀ ਨੂੰ ਨਾਲ ਲਿਜਾ ਕੇ ਉਸ ਨੇ ਹਾਜ਼ਰੀ ਦਿਤੀ | ਅਗਲੇਰੇ ਦਿਨਾਂ ਦੇ ਅੰਦਰ ਸਿੱਪੀ ਨੇ ਆਪਣੇ ਮਾਪਿਆਂ ਨੂੰ ਨਿੰਮੋ ਦੇ ਮਾਪਿਆਂ ਕੋਲ ਭੇਜਿਆ ਤਾਂ ਜੋ ਆਪੋ ਵਿਚ ਗੱਲਾਂ ਬਾਤਾਂ ਕੇ ਵਿਆਹ ਦੀ ਤਾਰੀਕ ਬੰਨ ਲੈਣ | ਨਿੰਮੋ ਨੇ ਜਰਨੈਲ ਨਾਲ ਤਲਾਕ ਤਾਂ ਸਿੱਪੀ ਨੇ ਆਪਣਾ ਅਸਰ ਰਸੂਖ ਵਰਤ ਲੈ ਲਿਆ ਸੀ | ਉਦੋਂ ਹੀ ਉਸ ਨੂੰ ਇਹ ਵੀ ਪਤਾ ਲੱਗ ਗਿਆ ਸੀ ਮਲਕੀਤ ਦੀ ਮੌਤ ਜ਼ਿਆਦਾ ਨਸ਼ਾ ਲੈਣ ਕਾਰਨ ਹੋ ਚੁਕੀ ਸੀ | ਮਹਿਕ ਆਪਣੇ ਪੇਕਿਆਂ ਘਰੇ ਬੈਠੀ ਸੀ | ਉਸ ਕੋਲ ਬੱਚਾ ਵੀ ਕੋਈ ਨਹੀਂ ਸੀ| ਮਹਿਕ ਦਾ ਪਿਤਾ ਇਕ ਦੁਰਘਟਨਾ ਪਿੱਛੋਂ ਥੋੜੀ ਦੇਰ ਹਸਪਤਾਲ ਵਿਚ ਹੀ ਦਮ ਤੋੜ ਗਿਆ ਸੀ | ਉਸ ਦੀ ਮਾਂ ਨੂੰ ਉਸ ਦੁਰਘਟਨਾ ਵਿਚ ਸਿਰ ਵਿਚ ਅਜੇਹੀ ਸੱਟ ਲੱਗੀ ਸੀ ਕਿ ਉਹ ਬੋਲਣ ਤੋਂ ਵੀ ਅਸਮਰਥ ਸੀ | ਨਿੰਮੋ ਤੇ ਸਿਪੀ ਦੇ ਮਾਪਿਆਂ ਨੇ ਮਿਲ ਕੇ ਆਓਂਦੇ ਐਤਵਾਰ ਨੂੰ ਗੁਰਦਵਾਰੇ ਵਿਚ ਦੋਹਾਂ ਦਾ ਅਨੰਦੁ ਕਾਰਜ ਕਰਵਾ ਦਿਤਾ | ਉਹ ਵਿਆਹ ਤੋਂ ਬਾਅਦ ਕੁਝ ਸਮਾਂ ਪਹਾੜਾ ਤੇ ਬਿਤਾਉਣ ਲਈ ਚਲੇ ਗਏ |

Share this content:


Post Comment