ਕਹਾਣੀ /ਜਗਦੀ ਹੋਈ ਮੋਮਬੱਤੀ/ਡਾਕਟਰ ਅਜੀਤ ਸਿੰਘ ਕੋਟਕਪੂਰਾ

ਬੋਹੜ ਸਿੰਘ ਥੋੜੀ ਜਿਹੀ ਪੈਲੀ ਦਾ ਮਾਲਕ ਸੀ । ਉਸ ਦੀ ਉਪਜ ਵਿਚ ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਚਲਦਾ ਸੀ । ਥੋੜੀ ਬਹੁਤੀ ਪੈਲੀ ਠੇਕੇ ਤੇ ਲੈ ਕੇ ਆਪਣੀ ਛੋਟੀ ਜਿਹੀ ਕਬੀਲਦਾਰੀ ਨਾਲ ਵਕਤ ਕਟੀ ਕਰ ਰਿਹਾ ਸੀ । ਉਸ ਦੇ ਦੋ ਪੁੱਤਰ ਸੰਤਾ ਅਤੇ ਬੰਤਾ ਸਨ । ਬੰਤਾ ਸਿੰਘ ਵੱਡਾ ਸੀ ਅਤੇ ਸੰਤਾ ਸਿੰਘ ਉਸ ਤੋਂ ਲਗਭਗ ਦੱਸ ਵਰ੍ਹੇ ਛੋਟਾ ਸੀ । ਸੰਤਾ ਹਾਲੇ ਛੋਟਾ ਹੀ ਸੀ ਕਿ ਉਸ ਦਾ ਪਿਤਾ ਇਸ ਫਾਨੀ ਦੁਨੀਆ ਤੋਂ ਮੂੰਹ ਮੋੜ ਉਥੇ ਜਾ ਪਹੁੰਚਿਆ ਜਿਥੋਂ ਦਾ ਪਤਾ ਵੀ ਕਿਸੇ ਨੂੰ ਮਾਲੂਮ ਨਹੀਂ ਹੁੰਦਾ ਹੈ ਅਤੇ ਨਾ ਨਾ ਹੀ ਉਥੋਂ ਕਦੇ ਕੋਈ ਮੁੜ ਕੇ ਆਇਆ ਹੈ । ਉਸ ਨੂੰ ਗਏ ਨੂੰ ਹਾਲੇ ਛੇ ਕੁ ਮਹੀਨੇ ਹੀ ਹੋਏ ਸਨ ਕਿ ਉਸ ਦੀ ਮਾਂ ਵੀ ਉਸ ਦੇ ਪਿਤਾ ਦੇ ਮਗਰ ਹੀ ਚਲੀ ਗਈ । ਉਹ ਸਮਾਂ ਚੰਗਾ ਸੀ ਅਤੇ ਲੋਕ ਵੀ ਚੰਗੇ ਸਨ ਕਿ ਸੰਤੇ ਨੂੰ ਉਸ ਦੇ ਵੱਡੇ ਭਰਾ ਬੰਤੇ ਤੇ ਉਸ ਦੀ ਭਾਬੀ ਜੀਤੋ ਨੇ ਉਸ ਨੂੰ ਮਾਂ-ਪਿਓ ਦੀ ਘਾਟ ਨਾ ਮਹਿਸੂਸ ਹੋਣ ਦਿਤੀ । ਬੰਤੇ ਨੇ ਆਪਣੀ ਪੈਲੀ ਵਿਚ ਸਬਜ਼ੀ ਲਾਉਣੀ ਜਾਰੀ ਰੱਖੀ ਪਹਿਲਾਂ ਵੀ ਉਹ ਆਪਣੇ ਪਿਓ ਨਾਲ ਸਬਜ਼ੀ ਬੀਜਣ ਤੇ ਮੰਡੀ ਜਾ ਕੇ ਵੇਚਣ ਵਿਚ ਮਦਦ ਕਰਦਾ ਸੀ । ਬੰਤੇ ਦਾ ਬਾਪੂ ਖੇਤ ਵਿਚੋਂ ਆਪਣੇ ਪਰਿਵਾਰ ਦੀ ਮਦਦ ਨਾਲ ਸਬਜ਼ੀ ਤੁੜਵਾ ਕੇ ਨੇੜੇ ਦੇ ਸ਼ਹਿਰ ਵਿਚ ਲੈ ਜਾਂਦਾ ਸੀ ਅਤੇ ਇਕ ਥਾਂ ਤੇ ਬੈਠ ਕੇ ਸਬਜ਼ੀ ਵੇਚਿਆ ਕਰਦਾ ਸੀ । ਉਸ ਦੇ ਜਾਣ ਤੋਂ ਬਾਅਦ ਬੰਤੇ ਨੇ ਇਹ ਕੰਮ ਜਾਰੀ ਰੱਖਿਆ । ਗਾਹਕ ਲੱਗੇ ਹੋਏ ਸਨ ਤਾਜ਼ੀ ਸਬਜ਼ੀ ਖਰੀਦ ਕੇ ਲੋਕ ਖੁਸ਼ ਸਨ । ਸਬਜ਼ੀ ਸ਼ਾਮ ਤੋਂ ਪਹਿਲਾਂ ਪਹਿਲਾਂ ਹੀ ਵਿਕ ਜਾਂਦੀ ਸੀ । ਸੰਤੇ ਨੇ ਆਪਣੇ ਭਰਾ ਦੀ ਮਦਦ ਕਰਨੀ ਸ਼ੁਰੂ ਕਰ ਦਿਤੀ । ਇਸ ਤਰਾਂ ਉਨ੍ਹਾਂ ਦਾ ਗੁਜ਼ਾਰਾ ਸੌਖਾ ਹੋਈ ਜਾਂਦਾ ਸੀ । ਉਨ੍ਹਾਂ ਦੀ ਰੀਸ ਕਰਦੇ ਹੋਏ ਉਨ੍ਹਾਂ ਦੇ ਗੁਆਂਢੀ ਮਿਲਖੇ ਨੇ ਵੀ ਆਪਣੇ ਖੇਤ ਵਿਚ ਸਬਜ਼ੀ ਬੀਜਣੀ ਸ਼ੁਰੂ ਕਰ ਦਿਤੀ ਸੀ । ਕਈ ਵਾਰ ਉਹ ਅਗੜ ਪਿੱਛੜ ਸਬਜ਼ੀ ਲੈ ਕੇ ਜਾਇਆ ਕਰਦੇ ਸਨ । ਜੇ ਕਰ ਸੰਤਾ ਸਵੇਰੇ ਵੇਲੇ ਸਬਜ਼ੀ ਲੈ ਕੇ ਚਲਾ ਜਾਂਦਾ ਤਾਂ ਮਿਲਖਾ ਸ਼ਾਮ ਵੇਲੇ ਸਬਜ਼ੀ ਲੈ ਕੇ ਚਲਾ ਜਾਇਆ ਕਰਦਾ ਸੀ ਅਤੇ ਇਸ ਤਰਾਂ ਉਨ੍ਹਾਂ ਦੇ ਗ੍ਰਾਹਕ ਵਧਣੇ ਸ਼ੁਰੂ ਹੋ ਗਏ ਸਨ । ਮਿਲਖਾ ਅਤੇ ਬੰਤਾ ਭਾਵੇਂ ਰਿਸ਼ਤੇਦਾਰ ਨਹੀਂ ਸਨ ਪਰ ਉਨ੍ਹਾਂ ਦੀ ਆਪਸ ਵਿਚ ਸੋਹਣੀ ਨਿਭ ਰਹੀ ਸੀ ਅਤੇ ਦੋਵੇਂ ਘਰਾਂ ਦਾ ਗੁਜ਼ਾਰਾ ਸੌਖਾ ਹੋ ਰਿਹਾ ਸੀ । ਬੰਤੇ ਤੇ ਉਸ ਦੇ ਘਰ ਵਾਲੀ ਦਾ ਸੰਤੇ ਪ੍ਰਤੀ ਪਿਆਰ ਅਤੇ ਚੰਗੀ ਖੁਰਾਕ ਕਾਰਨ ਸੰਤਾ ਉਸ ਇਲਾਕੇ ਦਾ ਮੰਨਿਆ ਤੰਨਿਆ ਭਲਵਾਨ ਬਣ ਚੁਕਾ ਸੀ ।
ਸਾਰਾ ਪਿੰਡ ਹੀ ਸੰਤੇ ਉਪਰ ਮਾਣ ਕਰਦਾ ਸੀ ਉਸ ਨੇ ਇਲਾਕੇ ਅੰਦਰ ਆਪਣੇ ਪਿੰਡ ਦਾ ਨਾਂ ਰੋਸ਼ਨ ਕਰ ਦਿਤਾ ਸੀ । ਜਦੋਂ ਵੀ ਵਾਰ ਤਿਓਹਾਰ ਮੌਕੇ ਕੁਸ਼ਤੀਆਂ ਹੋਇਆ ਕਰਦੀਆਂ ਸਨ । ਸੰਤਾ ਜਿੱਤ ਕੇ ਆਇਆ ਕਰਦਾ ਸੀ । ਪਿੰਡ ਦੇ ਸਿਆਣੇ ਆਖਦੇ ਸਨ ਕਿ ਬੋਹੜ ਦੇ ਮੁੰਡੇ ਨੇ ਤਾਂ ਪਿੰਡ ਦਾ ਨਾਂ ਉਚਾ ਕਰ ਦਿੱਤਾ ਹੈ । ਬੋਹੜ ਗਰੀਬੜਾ ਅਤੇ ਭਲੇਮਾਣਸ ਜਿਹਾ ਆਦਮੀ ਸੀ । ਉਸ ਦੇ ਮੁੰਡੇ ਸੰਤਾ ਅਤੇ ਬੰਤਾ ਹਲੀਮੀ ਮਿਠਾਸ ਅਤੇ ਸਾਊਪੁਣੇ ਵਿਚ ਆਪਣੇ ਬਾਪ ਤੋਂ ਦੋ ਰੱਤੀਆਂ ਵੱਧ ਹੀ ਸਨ ।
ਸੰਤੇ ਨੇ ਭਲਵਾਨੀ ਦੀ ਲੋਰ ਕਾਰਨ ਜਾਂ ਕਿਸੇ ਹੋਰ ਗੁਝੇ ਕਾਰਨ ਕਰਕੇ ਵਿਆਹ ਨਹੀਂ ਕਰਵਾਇਆ ਸੀ ਜਾਂ ਉਸ ਦਾ ਵਿਆਹ ਹੋਣ ਦਾ ਸਬੱਬ ਹੀ ਨਹੀਂ ਬਣਿਆ ਸੀ ਜਾਂ ਥੋੜੀ ਜਿਹੀ ਪੈਲੀ ਹੋਣ ਕਾਰਨ ਕੋਈ ਰਿਸ਼ਤਾ ਹੀ ਨਹੀਂ ਜੁੜਿਆ ਸੀ । ਪਹਿਲਾਂ ਉਹ ਆਪਣੇ ਭਰਾ ਨਾਲ ਸਬਜ਼ੀ ਦੇ ਕੰਮ ਵਿਚ ਮਦਦ ਕਰ ਦਿਆ ਕਰਦਾ ਸੀ ਅਤੇ ਜਦੋਂ ਤੋਂ ਉਸ ਦਾ ਧਿਆਨ ਭਲਵਾਨੀ ਵਲ ਹੋਇਆ ਸੀ ਅਤੇ ਉਸ ਨੇ ਇਸ ਕੰਮ ਵਿਚ ਵਾਹ ਵਾਹ ਖਟੀ ਸੀ ਉਸ ਨੂੰ ਬੰਤੇ ਨੇ ਸਬਜ਼ੀ ਦੇ ਕੰਮ ਤੋਂ ਵੇਹਲਾ ਕਰ ਦਿਤਾ ਸੀ । ਭਾਵੇਂ ਉਸ ਨੂੰ ਭਲਵਾਨੀ ਦੇ ਕੰਮ ਵਿਚ ਕਮਾਈ ਬਹੁਤੀ ਨਹੀਂ ਸੀ ਅਤੇ ਵਡੇ ਭਰਾ ਅਤੇ ਭਰਜਾਈ ਦੇ ਭਰਵੇਂ ਸਾਥ ਕਾਰਨ ਅਤੇ ਆਪਣੇ ਟੱਬਰ ਦੀ ਅਣਹੋਂਦ ਕਾਰਨ ਉਸ ਨੂੰ ਬਹੁਤੀ ਕਮਾਈ ਦੀ ਲੋੜ ਵੀ ਨਹੀਂ ਸੀ । ਹਾਲੇ ਮਸਾਂ ਉਹ ਚਾਲੀਆਂ ਦਾ ਹੀ ਹੋਇਆ ਸੀ ਤੇ ਘੋਲ ਕਰ ਸਕਦਾ ਸੀ ਪ੍ਰੰਤੂ ਸੰਤੇ ਨੇ ਘੁਲਣਾ ਛੱਡ ਦਿਤਾ ਸੀ ਅਤੇ ਪੀਰ-ਪਹਿਲਵਾਨ ਬਣ ਗਿਆ ਸੀ । ਪਿੰਡ ਵਿਚ ਅਖਾੜਾ ਤਾਂ ਉਸ ਨੇ ਪਹਿਲਾਂ ਹੀ ਬਣਵਾਇਆ ਹੋਇਆ ਸੀ ਅਤੇ ਉਸ ਵਿਚ ਪਿੰਡ ਦੇ ਗੱਭਰੂ ਕਸਰਤ ਕਰਿਆ ਕਰਦੇ ਸਨ । ਸੰਤਾ ਸਿੰਘ ਨੇ ਭਲਵਾਨੀ ਦੀ ਸਿਖਿਆ ਦੇਣੀ ਸ਼ੁਰੂ ਕਰ ਦਿਤੀ ਸੀ । ਦੋ ਤਿੰਨ ਚੋਟੀ ਦੇ ਭਲਵਾਨ ਵੀ ਤਿਆਰ ਕਰ ਲਏ ਸਨ ਜਿਹੜੇ ਨੇੜੇ ਦੂਰ ਜਾ ਕੇ ਭਲਵਾਨੀ ਕਰਦੇ ਸਨ ਅਤੇ ਇਨਾਮ ਜਿੱਤ ਕੇ ਲਿਆਉਣ ਲਗ ਪਏ ਸਨ । ਜਦੋਂ ਉਹ ਇਨਾਮ ਜਿੱਤ ਕੇ ਲਿਆਉਂਦੇ ਤਾਂ ਬਾਬੇ ਸੰਤੇ ਨੂੰ ਦੇ ਦਿਆ ਕਰਦੇ ਸਨ । ਪਿੰਡ ਦੀ ਪੰਚਾਇਤ ਉਨ੍ਹਾਂ ਇਨਾਮਾਂ ਦੀ ਰਾਸ਼ੀ ਵਿਚ ਹੋਰ ਰਾਸ਼ੀ ਪਾ ਕੇ ਅਖਾੜੇ ਦੇ ਨੇੜੇ ਇਕ ਚੰਗਾ ਕਮਰਾ ਪਾ ਦਿਤਾ ਸੀ ਜਿਥੇ ਸੰਤਾ ਸਿੰਘ ਰਹਿ ਸਕਦਾ ਸੀ ਅਤੇ ਪਿੰਡ ਦੇ ਗੱਭਰੂਆਂ ਨੂੰ ਸਿਖਲਾਈ ਦੇ ਸਕਦਾ ਸੀ । ਪਰ ਸੰਤੇ ਨੂੰ ਆਪਣੇ ਭਰਾ ਤੋਂ ਵੱਖਰੇ ਰਹਿਣਾ ਮਨਜ਼ੂਰ ਨਹੀਂ ਸੀ । ਉਹ ਆਪਣੇ ਭਰਾ ਭਾਬੀ ਤੋਂ ਵੱਖਰਾ ਨਹੀਂ ਹੋਣਾ ਚਾਹੁੰਦਾ ਸੀ । ਸੰਤਾ ਸਿੰਘ ਦੀ ਰਜ਼ਾਮੰਦੀ ਨਾਲ ਉਸ ਕਮਰੇ ਵਿਚ ਕੁਝ ਸਮਾਨ ਰਖਵਾ ਦਿਤਾ ਜੋ ਭਲਵਾਨਾਂ ਨੂੰ ਆਪਣੀ ਪ੍ਰੈਕਟਿਸ ਲਈ ਲੋੜ ਹੁੰਦਾ ਸੀ ਅਤੇ ਚੰਗੀ ਖੁਰਾਕ ਦਾ ਪ੍ਰਬੰਧ ਪੰਚਾਇਤ ਵਲੋਂ ਕਰ ਦਿੱਤਾ ਗਿਆ ਸੀ । ਰੋਜ਼ਾਨਾ ਦੁੱਧ ਦਾ ਪ੍ਰਬੰਧ ਪਿੰਡ ਦੇ ਸਰਦੇ ਪੁਜਦੇ ਪਿੰਡ ਵਾਸੀਆਂ ਵਲੋਂ ਕਰ ਦਿਤਾ ਗਿਆ ਸੀ । ਜਦੋਂ ਸੰਤਾ ਸਿੰਘ ਨੇ ਦੇਖਿਆ ਕਿ ਪਿੰਡ ਵਾਸੀ ਉਸ ਦਾ ਸਹਿਯੋਗ ਕਰ ਰਹੇ ਹਨ ਤਾਂ ਪਿੰਡ ਦੀ ਸਹਾਇਤਾ ਨਾਲ ਕਬੱਡੀ ਦੀ ਟੀਮ ਤਿਆਰ ਕਰਨ ਵੱਲ ਧਿਆਨ ਦਿਤਾ ਗਿਆ । ਚੰਗੇ ਚੰਗੇ ਗੱਭਰੂਆਂ ਨੂੰ ਲੈ ਕੇ ਉਸ ਨੇ ਪਿੰਡ ਦੀ ਕਬੱਡੀ ਦੀ ਟੀਮ ਬਣਾ ਲਈ ਗਈ ਅਤੇ ਸੰਤਾ ਸਿੰਘ ਨੇ ਖੁਦ ਸਿਖਲਾਈ ਦੇਣੀ ਸ਼ੁਰੂ ਕਰ ਦਿਤੀ । ਪਹਿਲਾਂ ਪਹਿਲਾਂ ਨੇੜੇ ਦੇ ਪਿੰਡਾਂ ਦੀਆਂ ਟੀਮਾਂ ਨਾਲ ਮੈਚ ਕਰਵਾਏ । ਫਿਰ ਹਰ ਸੰਗਰਾਂਦ ਮੌਕੇ ਦਰਸ਼ਨੀ ਮੈਚ ਕਰਵਾਏ ਜਾਣ ਲਗੇ । ਆਉਣ ਵਾਲੇ ਮੇਲਿਆਂ ਵਿਚ ਘੋਲ ਕਰਵਾਏ ਜਾਂਦੇ ਅਤੇ ਨਾਲ ਹੀ ਕਬੱਡੀ ਦੇ ਮੈਚ ਕਰਵਾਏ ਜਾਣ ਲਗੇ । ਪਿੰਡ ਦੀ ਪੰਚਾਇਤ ਇਹ ਮਹਿਸੂਸ ਕਰਦੀ ਸੀ ਕਿ ਬਾਬਾ ਸੰਤਾ ਇਕ ਜਗਦੀ ਹੋਈ ਮੋਮਬੱਤੀ ਦੀ ਤਰਾਂ ਹੈ ਜੋ ਆਪ ਵੀ ਜਲ ਰਹੀ ਸੀ ਤੇ ਹੋਰ ਮੋਮਬਤੀਆਂ ਨੂੰ ਵੀ ਜਗਾ ਸਕਦੀ ਸੀ । ਇਹ ਮੋਮਬੱਤੀ ਆਪਣੇ ਆਪ ਜਗਾ ਕੇ ਰੋਸ਼ਨੀ ਦੇ ਰਹੀ ਸੀ ਅਤੇ ਹੋਰ ਮੋਮਬਤੀਆਂ ਨੂੰ ਜਗਾਉਣ ਵਿਚ ਪੂਰਾ ਯੋਗਦਾਨ ਪਾ ਰਹੀ ਸੀ । ਬਾਬੇ ਸੰਤੇ ਦੇ ਜਗਾਈਆਂ ਹੋਈਆਂ ਮੋਮਬਤੀਆਂ ਨੇੜੇ ਤੇੜੇ ਦੇ ਪਿੰਡਾਂ ਅੰਦਰ ਨਵੀਆਂ ਮੋਮਬਤੀਆਂ ਜਗਾਉਣ ਵਿਚ ਰੁਝ ਗਈਆਂ ਸਨ ਅਰਥਾਤ ਜਾ ਕੇ ਹੋਰ ਭਲਵਾਨ ਪੈਦਾ ਕਰਨ ਦੇ ਕਾਬਲ ਸਨ । ਨੇੜੇ ਦੀਆਂ ਪੰਚਾਇਤਾਂ ਉਸ ਦੇ ਸ਼ਾਗਿਰਦਾਂ ਨੂੰ ਕੋਚ ਬਣਾ ਕੇ ਸਿਖਲਾਈ ਦੇਣ ਲਈ ਰੱਖ ਰਹੀਆਂ ਸਨ ਅਤੇ ਲੋੜ ਜਿਹੀ ਰਕਮ ਦੇ ਰਹੀਆਂ ਸਨ । ਇਸ ਤਰਾਂ ਉਸ ਦੇ ਸ਼ਾਗਿਰਦ ਭਲਵਾਨੀ ਦੀ ਸਿਖਲਾਈ ਦੇ ਰਹੇ ਸਨ ਅਤੇ ਉਹ ਪਿੰਡ ਵਿਚ ਹੀ ਭਲਵਾਨਾਂ ਦੇ ਆਪਸੀ ਮੁਕਾਬਲੇ ਕਰਵਾ ਰਹੇ ਸਨ । ਇਸ ਤਰਾਂ ਉਸ ਦੇ ਸਿਖਾਏ ਹੋਏ ਭਲਵਾਨਾਂ ਨੇ ਨੌਕਰੀਆਂ ਪ੍ਰਾਪਤ ਕਰ ਲਈਆਂ ਸਨ ।
ਜੇ ਕਰ ਕਦੇ ਕੋਈ ਪਿੰਡ ਦਾ ਸਿਆਣਾ ਪੁੱਛ ਲੈਂਦਾ ਕਿ ਸੰਤਾ ਸਿੰਹਾ ਇਹ ਕਿਹੜੇ ਕੰਮਾਂ ਵਿਚ ਪੈ ਗਿਆ ਹੈਂ ਤਾਂ ਸੰਤਾ ਬੜੀ ਹੀ ਹਲੀਮੀ ਨਾਲ ਆਖਦਾ ਕਿ ਇਹ ਤਾਂ ਇਕ ਬਹਾਨਾ ਹੀ ਹੈ ਅਸਲ ਮਸਲਾ ਤਾਂ ਜੁਆਨੀ ਨੂੰ ਕਸਰਤ ਵਾਲੇ ਪਾਸੇ ਲਾਉਣ ਦਾ ਹੈ । ਜੇ ਕਰ ਚੜ੍ਹਦੀ ਜੁਆਨੀਂ ਨੂੰ ਸਿਧੇ ਰਾਹ ਪਾ ਲਈਏ ਤਾਂ ਇਹ ਕੁਰੀਤੀਆਂ ਵਾਲੇ ਪਾਸੋਂ ਟਲੇ ਰਹਿਣਗੇ ਨਹੀਂ ਤਾਂ ਨਸ਼ਿਆਂ ਵਾਲੇ ਪਾਸੇ ਖਿਚੇ ਜਾਣਗੇ । ਜੁਆਨੀ ਪੁੱਠੇ ਰਾਹ ਪੈ ਜਾਵੇ ਤਾਂ ਇਸ ਧਾਰਾ ਨੂੰ ਸਿਧੇ ਰਾਹ ਪਾਉਣਾ ਅਤਿਅੰਤ ਮੁਸ਼ਕਿਲ ਹੈ । ਮੂਲ ਮੁਦਾ ਕੁਝ ਵੀ ਹੋਵੇ ਕਬੱਡੀ ਵਿਚ ਪਿੰਡ ਦੀ ਜੁਆਨੀ ਨੇ ਆਪੋ ਆਪਣੇ ਪਿੰਡਾ ਦੇ ਨਾਂ ਨੂੰ ਖੂਬ ਚਮਕਾਇਆ ਸੀ ।
ਸੰਤਾ ਸਿੰਘ ਦੀ ਮੇਹਨਤ ਨੂੰ ਫਲ ਲੱਗਿਆ । ਮੇਹਨਤ ਦੇ ਨਾਲ ਨਾਲ ਉਸ ਨੂੰ ਭਾਵੇਂ ਕੁਝ ਖਰਚ ਵੀ ਕਰਨਾ ਪਿਆ ਜਿਸ ਵਿਚ ਉਸ ਦੇ ਸ਼ਾਗਿਰਦਾਂ ਨੇ ਅਤੇ ਪਿੰਡ ਵਾਲਿਆਂ ਨੇ ਉਸ ਦਾ ਪੂਰਨ ਸਾਥ ਦਿਤਾ । ਨਤੀਜਾ ਇਹ ਹੋਇਆ ਕਿ ਵਿਸਾਖੀ ਉਤੇ ਸੰਤਾ ਸਿੰਘ ਦੀ ਕਬੱਡੀ ਦੀ ਟੀਮ ਦੀਆਂ ਧੁਮਾਂ ਪੈ ਗਈਆਂ । ਸਾਰਾ ਮੇਲਾ ਹੀ ਟੀਮ ਨੇ ਲੁੱਟ ਲਿਆ ਸੀ । ਮੇਲੇ ਦੇ ਆਖਰੀ ਦਿਨ ਜ਼ਿਲੇ ਦਾ ਡਿਪਟੀ ਕਮਿਸ਼ਨਰ ਵੀ ਵਿਸਾਖੀ ਦੇ ਮੇਲੇ ਉਪਰ ਆਇਆ ਸੀ । ਉਸ ਨੂੰ ਵੀ ਮੈਚ ਦਿਖਾਇਆ ਗਿਆ । ਆਪਣੀ ਕੁਰਸੀ ਤੋਂ ਉੱਠ ਉਸ ਨੇ ਮੈਚ ਨੂੰ ਨੇੜਿਓਂ ਦੇਖਿਆ । ਦਰਸ਼ਨੀ ਜੁਆਨਾਂ ਦੀਆਂ ਸਿਹਤਾਂ ਵੇਖ ਕੇ ਬਹੁਤ ਹੀ ਖੁਸ਼ ਹੋਇਆ । ਸਾਰੇ ਖਿਡਾਰੀਆਂ ਨੂੰ ਸ਼ਾਬਾਸ਼ ਦਿਤੀ । ਡਿਪਟੀ ਕਮਿਸ਼ਨਰ ਨੇ ਆਪਣੇ ਸੰਬੋਧਨ ਵਿਚ ਆਖਿਆ ਕਿ ਬਾਬਾ ਸੰਤਾ ਸਿੰਘ ਇਕ ਬਹੁਤ ਹੀ ਸ਼ਲਾਘਾ ਯੋਗ ਕੰਮ ਕਰ ਰਹੇ ਹਨ ਅਤੇ ਮੈਂ ਸਰਕਾਰ ਨੂੰ ਇਹ ਸਿਫਾਰਸ਼ ਕਰ ਕੇ ਭੇਜਾਂਗਾ ਕਿ ਉਹ ਸਿਖਲਾਈ ਪ੍ਰਾਪਤ ਭਲਵਾਨਾਂ ਨੂੰ ਨੌਕਰੀਆਂ ਦੇਣ ਤਾਂ ਜੋ ਨੌਜੁਆਨੀ ਅੰਦਰ ਨਿਤਾਸ਼ਾ ਨਾ ਹੋਵੇ ਅਤੇ ਉਹ ਸਮਾਜ ਨੂੰ ਸੁਧਾਰਨ ਵਾਲੇ ਪਾਸੇ ਯਤਨ ਕਰਨ । ਇਹ ਪਿੰਡ ਨਮੂਨੇ ਦਾ ਪਿੰਡ ਬਣੇ । ਇਸ ਪਿੰਡ ਦੀ ਆਰਥਕ ਪੱਖੋਂ ਵੀ ਮਦਦ ਕੀਤੀ ਜਾਵੇ । ਜਿਹੜੇ ਪਿੰਡ ਇਸ ਪਾਸੇ ਵਲ ਕਦਮ ਵਧਾਉਂਦੇ ਹਨ ਉਨ੍ਹਾਂ ਦੀ ਹੋਂਸਲਾ ਅਫ਼ਜ਼ਾਈ ਕੀਤੀ ਜਾਵੇ । ਭਾਸ਼ਣ ਦੇ ਅਖੀਰ ਵਿਚ ਉਸ ਨੇ ਸੰਤਾ ਸਿੰਘ ਨਾਲ ਹੱਥ ਮਿਲਾਇਆ ਅਤੇ ਆਪਣੇ ਵਲੋਂ ਜੇਤੂ ਖਿਡਾਰੀਆਂ ਲਈ 11000 ਰੁਪਏ ਇਨਾਮ ਦਿਤਾ । ਮੇਲੇ ਵਿਚ ਭਰਪੂਰ ਤਾੜੀਆਂ ਦੀ ਗੂੰਜ ਸੁਣਾਈ ਦਿਤੀ । ਡਿਪਟੀ ਕਮਿਸ਼ਨਰ ਨੇ ਸੰਤਾ ਸਿੰਘ ਦੇ ਕੰਮ ਦੀ ਖੂਬ ਸ਼ਲਾਘਾ ਕੀਤੀ ਸੀ ਅਤੇ ਆਪਣੇ ਵਲੋਂ ਉਸ ਨੂੰ ਵੱਖਰੇ ਤੌਰ ਤੇ 1100 ਰੁਪਏ ਇਨਾਮ ਦਿਤਾ ਸੀ । ਉਨ੍ਹਾਂ ਨੇ ਕਿਸੇ ਹੋਰ ਜ਼ਰੂਰੀ ਕੰਮ ਲਈ ਜਾਣਾ ਸੀ ਇਸ ਲਈ ਉਹ ਉਸ ਤੋਂ ਬਾਅਦ ਉਥੋਂ ਚਲੇ ਗਏ । ਪ੍ਰੰਤੂ ਮੇਲਾ ਉਸੇ ਤਰਾਂ ਭਰਿਆ ਰਿਹਾ । ਉਸ ਤੋਂ ਬਾਅਦ ਭਲਵਾਨਾਂ ਵਲੋਂ ਕੁਸ਼ਤੀਆਂ ਕਰਵਾਈਆਂ ਗਈਆਂ । ਸੰਤਾ ਸਿੰਘ ਦੇ ਸ਼ਾਗਿਰਦ ਭਲਵਾਨਾਂ ਵਲੋਂ ਸਾਰੀਆਂ ਹੀ ਕੁਸ਼ਤੀਆਂ ਵਿਚ ਜਿੱਤ ਪ੍ਰਾਪਤ ਕੀਤੀ । ਹਰ ਕੁਸ਼ਤੀ ਤੋਂ ਬਾਅਦ ਹਾਜ਼ਰ ਲੋਕਾਂ ਵਲੋਂ ਉਨ੍ਹਾਂ ਨੂੰ ਇਨਾਮ ਦਿਤਾ । ਕੁਝ ਇਨਾਮ ਸਟੇਜ ਤੇ ਹਾਜ਼ਰ ਲੋਕਾਂ ਵਲੋਂ ਦਿੱਤੇ ਗਏ ਅਤੇ ਮੇਲੇ ਵਿਚ ਹਾਜ਼ਰ ਲੋਕਾਂ ਵਲੋਂ ਨਕਦ ਇਨਾਮ ਦਿਤੇ ਗਏ । ਬਾਬੇ ਸੰਤਾ ਸਿੰਘ ਨੂੰ ਵੱਖਰੇ ਤੌਰ ਤੇ ਵੀ ਇਨਾਮ ਪ੍ਰਾਪਤ ਹੋਏ ਸਨ । ਸਾਰੇ ਭਲਵਾਨਾਂ ਨੇ ਪ੍ਰਾਪਤ ਸਾਰੇ ਇਨਾਮ ਬਾਬੇ ਸੰਤਾ ਸਿੰਘ ਦੀ ਝੋਲੀ ਵਿਚ ਪਾਏ ਗਏ ਅਤੇ ਉਨ੍ਹਾਂ ਨੂੰ ਨਮਸਕਾਰ ਕੀਤੀ । ਉਸ ਤੋਂ ਬਾਅਦ ਦਿਨ ਢਲ ਗਿਆ ਅਤੇ ਲੋਕ ਆਪਣੇ ਆਪਣੇ ਟਿਕਾਣਿਆਂ ਵਲ ਰਵਾਨਾ ਹੋਣ ਲਗੇ । ਸੰਤਾ ਸਿੰਘ ਵੀ ਆਪਣੇ ਸਾਥੀਆਂ ਨਾਲ ਪਿੰਡ ਵਲ ਜਾ ਰਿਹਾ ਸੀ ਅਤੇ ਉਸ ਦਾ ਪੈਰ ਅੱਜ ਭੁੰਜੇ ਨਹੀਂ ਲਗ ਰਿਹਾ ਸੀ । ਉਸ ਦੇ ਚੇਲਿਆਂ ਨੇ ਉਸ ਨੂੰ ਖੂਬ ਮਾਣ ਦਿਵਾਇਆ ਸੀ । ਜਦੋਂ ਉਹ ਪਿੰਡ ਦੇ ਸ਼ਰਾਬ ਦੇ ਠੇਕੇ ਕੋਲੋਂ ਲੰਘ ਰਹੇ ਸੀ ਤਾਂ ਉਸ ਨੇ ਖੁਸ਼ੀ ਵਿਚ ਆਪਣੇ ਸਾਥੀਆਂ ਨੂੰ ਕੁਝ ਰਕਮ ਦੇ ਕੇ ਆਖਿਆ ਕਿ ਅੱਜ ਪਾਰਟੀ ਕਰ ਲਵੋ । ਉਸ ਨੂੰ ਇੰਜ ਜਾਪਦਾ ਸੀ ਕਿ ਉਸ ਦੇ ਸ਼ਾਗਿਰਦ ਅੱਜ ਕੁਝ ਨਸ਼ਾ ਕਰ ਲੈਣਗੇ ਭਾਵੇਂ ਉਹ ਇਹ ਚਾਹੁੰਦਾ ਨਹੀਂ ਸੀ ਤਾਂ ਵੀ ਉਸ ਨੂੰ ਮਨਜ਼ੂਰ ਸੀ । ਚੇਲੇ ਰਕਮ ਲੈ ਕੇ ਬਜ਼ਾਰ ਵਲ ਮੁੜ ਗਏ ਤੇ ਬਾਕੀ ਦੇ ਚੇਲੇ ਉਸ ਦੇ ਨਾਲ ਪਿੰਡ ਵਲ ਜਾ ਰਹੇ ਸੀ । ਜਦੋਂ ਪਿੰਡ ਵਿਚ ਸਾਂਝੀ ਥਾਂ ਬੈਠ ਕੇ ਆਪਣੇ ਪਿਛੇ ਰਹਿ ਗਏ ਬਜ਼ਾਰ ਵਲ ਗਏ ਸਾਥੀਆਂ ਨੂੰ ਉਡੀਕਣ ਲਗੇ । ਥੋੜੇ ਸਮੇਂ ਪਿੱਛੋਂ ਉਹ ਵੀ ਪੁੱਜ ਗਏ ਉਨ੍ਹਾਂ ਕੋਲ ਲੱਡੂਆਂ ਦੇ ਡੱਬੇ ਦੇਖ ਕੇ ਸੰਤਾ ਸਿੰਘ ਨੂੰ ਬਹੁਤ ਹੀ ਖੁਸ਼ੀ ਹੋਈ ਕਿਓਂਕਿ ਉਨ੍ਹਾਂ ਨੇ ਉਸ ਦੀ ਸਿਖਿਆ ਉਪਰ ਪੂਰੀ ਤਰਾਂ ਅਮਲ ਕੀਤਾ ਸੀ । ਉਨ੍ਹਾਂ ਨੇ ਠੇਕੇ ਤੋਂ ਸ਼ਰਾਬ ਖਰੀਦਣ ਦੀ ਥਾਂ ਲੱਡੂਆਂ ਨੂੰ ਤਰਜੀਹ ਦਿਤੀ ਸੀ । ਜੁਆਨੀ ਵਿਚ ਸਰੀਰਕ ਸ਼ਕਤੀ ਵਧਾਉਣ ਦੀ ਲਗਨ ਨੇ ਅਤੇ ਕਲਾਤਮਕ ਸੁੰਦਰਤਾ ਦੀ ਉਪਾਸਨਾ ਨੇ ਉਸ ਦੇ ਮਨ ਨੂੰ ਨਸ਼ਿਆਂ ਦੀ ਬੁਰਾਈ ਤੋਂ ਦੂਰ ਰਖਿਆ ਸੀ । ਉਹ ਪਿੰਡ ਦੇ ਮੁੰਡਿਆਂ ਨੂੰ ਸ਼ਰਾਬ ਨਹੀਂ ਪੀਣ ਦਿੰਦਾ ਸੀ । ਬਾਬਾ ਉਨ੍ਹਾਂ ਦੇ ਮਨਾ ਉਪਰ ਪੂਰਾ ਡੱਟ ਕੇ ਪਹਿਰਾ ਦਿੰਦਾ ਸੀ ਤਾਂ ਕਿ ਉਹ ਡੋਲ ਨਾ ਜਾਣ । ਇਸ ਕੰਮ ਵਿਚ ਸਾਰਾ ਪਿੰਡ ਉਸ ਦਾ ਸਾਥ ਦਿੰਦਾ ਸੀ ਅਤੇ ਪਿੰਡ ਵਾਲੇ ਉਸ ਦੇ ਰਿਣੀ ਸਨ । ਬਾਬੇ ਨੂੰ ਪਿਆਰ ਅਤੇ ਸਤਿਕਾਰ ਦੇ ਕੇ ਉਹ ਉਸ ਦਾ ਰਿਣ ਚੁਕਤਾ ਕਰਦੇ ਰਹਿੰਦੇ ਸਨ । ਬਾਬੇ ਨੇ ਖੁਸ਼ ਹੋ ਕੇ ਕਿਹਾ ਕਿ ਹੋਰ ਪੈਸੇ ਲੈ ਜਾਓ ਤੇ ਹੋਰ ਲੱਡੂ ਲੈ ਕੇ ਆਓ ਅੱਜ ਸਾਰੇ ਪਿੰਡ ਵਾਸੀਆਂ ਨੂੰ ਹੀ ਲੱਡੂ ਖਵਾਏ ਜਾਣਗੇ । ਇਨਾਮਾਂ ਰਾਹੀਂ ਪ੍ਰਾਪਤ ਸਾਰੀ ਰਕਮ ਪਿੰਡ ਦੇ ਸਰਪੰਚ ਨੂੰ ਪੁਚਾ ਦਿਤੀ ਗਈ ਅਤੇ ਪੰਚਾਇਤ ਸਮੇਤ ਸਰਪੰਚ ਨੂੰ ਲੱਡੂ ਖਵਾਏ ਗਏ । ਰਕਮ ਖਰਚਣ ਲਈ ਵਿਚਾਰ ਵਟਾਂਦਰਾ ਹੋਇਆ । ਪਹਿਲਾਂ ਤਾਂ ਇਹ ਫੈਸਲਾ ਹੋਇਆ ਕਿ ਸੰਤਾ ਸਿੰਘ ਦੀ ਕੋਈ ਵੀ ਹੋਰ ਆਮਦਨ ਨਾ ਹੋਣ ਕਰਕੇ ਸਾਰੀ ਰਕਮ ਸੰਤਾ ਸਿੰਘ ਨੂੰ ਸੌਂਪ ਦਿਤੀ ਜਾਵੇ । ਇਸ ਫੈਸਲੇ ਉਪਰ ਸੰਤਾ ਸਿੰਘ ਬਿਲਕੁਲ ਵੀ ਰਾਜ਼ੀ ਨਾ ਹੋਇਆ । ਫੇਰ ਇਹ ਫੈਸਲਾ ਕੀਤਾ ਗਿਆ ਕਿ ਪਹਿਲੇ ਉਸਾਰੇ ਹੋਏ ਕਮਰੇ ਦੇ ਨਾਲ ਇਕ ਹੋਰ ਕਮਰਾ ਉਸਾਰਿਆ ਜਾਵੇ ਜੇ ਕਰ ਹੋਰ ਰਕਮ ਦੀ ਲੋੜ ਹੋਵੇਗੀ ਤਾਂ ਪੰਚਾਇਤ ਆਪਣੇ ਕੋਲੋਂ ਖਰਚ ਕਰੇਗੀ । ਇਹ ਕਮਰਾ ਖਰਾਬ ਮੌਸਮ ਅਰਥਾਤ ਮੀਂਹ ਪੈਣ ਸਮੇਂ ਖਿਡਾਰੀਆਂ ਦੀ ਪ੍ਰੈਕਟਿਸ ਵਿਚ ਪੂਰਨ ਤੌਰ ਤੇ ਸਹਾਈ ਹੋਵੇਗਾ । ਇਸ ਫੈਸਲੇ ਉਪਰ ਸਰਬ ਸੰਮਤੀ ਹੋ ਗਈ ਸੀ । ਕਮਰਾ ਬਣ ਕੇ ਤਿਆਰ ਹੋ ਗਿਆ ਤਾਂ ਖਿਡਾਰੀਆਂ ਦੇ ਪ੍ਰੈਕਟਿਸ ਤੋਂ ਪਿੱਛੋਂ ਇਸ਼ਨਾਨ ਕਰਨ ਲਈ ਪਾਣੀ ਦੀ ਲੋੜ ਮਹਿਸੂਸ ਹੋਈ ਤਾਂ ਪਿੰਡ ਦੇ ਨੰਬਰਦਾਰ ਨੇ ਆਪਣੇ ਕੋਲੋਂ ਕੇਵਲ ਇਕ ਨਲਕਾ ਹੀ ਨਹੀਂ ਲਵਾ ਕੇ ਦਿਤਾ ਸਗੋਂ ਇਕ ਗੁਸਲਖਾਨਾ ਵੀ ਬਣਵਾ ਕੇ ਦਿਤਾ ਤਾਂ ਜੋ ਖਿਡਾਰੀਆਂ ਨੂੰ ਕਿਸੇ ਕਿਸਮ ਦੀ ਔਕੜ ਨਾ ਆਵੇ । ਇਸ ਇਮਾਰਤ ਦੀ ਚਾਰ ਦੀਵਾਰੀ ਵੀ ਕਰ ਲਈ ਗਈ । ਬਾਬੇ ਨੇ ਆਪਣੇ ਚੇਲਿਆਂ ਦੀ ਮਦਦ ਨਾਲ ਇਸ ਇਮਾਰਤ ਦੇ ਵੇਹੜੇ ਅੰਦਰ ਕੁਝ ਛਾਂਦਾਰ ਬੂਟੇ ਵੀ ਲਵਾ ਲੈ ਗਏ । ਜਿਨ੍ਹਾਂ ਦੀ ਸੇਵਾ ਹੁੰਦੀ ਰਹੀ ਭਾਵ ਵੇਲੇ ਸਿਰ ਖਾਦ ਪਾਣੀ ਮਿਲਦਾ ਰਿਹਾ । ਸਮੇਂ ਨਾਲ ਉਹ ਵੱਡੇ ਹੋ ਗਏ ਅਤੇ ਇਹ ਬਣਿਆ ਹੋਇਆ ਘਰ ਜਾਂ ਸਾਂਝੀ ਥਾਂ (ਕੋਈ ਵੀ ਨਾਂ ਰੱਖਿਆ ਜਾ ਸਕਦਾ ਹੈ ) ਸਾਰੇ ਇਲਾਕੇ ਦਾ ਕੇਂਦਰ ਬਿੰਦੂ ਬਣ ਗਿਆ ਸੀ । ਆਓਂਦੇ ਜਾਂਦੇ ਮੁਸਾਫ਼ਰਾਂ ਲਈ ਇਹ ਇਕ ਸਰਾਂ ਸੀ ਉਥੇ ਦੋ ਤਿੰਨ ਵਡੇ ਤਖ਼ਤ ਪੋਸ਼ ਵੀ ਰਖਾ ਦਿਤੇ ਗਏ ਸਨ ਤਾਂ ਜੋ ਵੇਹਲੇ ਸਮੇਂ ਪਿੰਡ ਦੇ ਲੋਕ ਗੱਲਾਂ ਬਾਤਾਂ ਲਈ ਬੈਠ ਕੇ ਅਤੇ ਉਸਾਰੂ ਚਰਚਾ ਕਰ ਸਕਣ ।
ਬਾਬਾ ਸੰਤਾ ਪਿੰਡ ਵਿਚ ਗੇੜਾ ਮਾਰ ਕੇ ਪਤਾ ਕਰ ਲੈਂਦਾ ਸੀ ਕਿ ਪਿੰਡ ਦੇ ਅੰਦਰ ਕਿਸੇ ਨੂੰ ਕਿਸੇ ਔਖੇ ਭਰੇ ਕੰਮ ਜਿਵੇਂ ਪਿੰਡ ਦੀਆਂ ਗਲੀਆਂ ਵਿਚੋਂ ਚਿੱਕੜ ਆਦਿ ਹਟਾਉਣਾ ਹੋਵੇ ਬਾਬਾ ਸੰਤਾ ਬਿਨ ਬੁਲਾਇਆਂ ਉਥੇ ਆਪਣੀ ਟੀਮ ਲੈ ਕੇ ਪਹੁੰਚ ਜਾਂਦਾ ਸੀ । ਲੋਕ ਵੀ ਉਸ ਦੀ ਮੇਹਨਤ ਦਾ ਮੂਲ ਪਾਉਂਦੇ ਸਨ । ਕੋਈ ਵੀ ਉਸ ਨੂੰ ਖਾਲੀ ਹੱਥ ਨਹੀਂ ਮੋੜਦਾ ਸੀ । ਸਾਰੇ ਪਿੰਡ ਅੰਦਰ ਬਾਬੇ ਸੰਤੇ ਦੀ ਖੂਬ ਸ਼ੋਭਾ ਸੀ ।
ਸੰਤਾ ਸਿੰਘ ਦੀ ਇਹ ਨਿੱਕੀ ਜਿਹੀ ਦੁਨੀਆ ਪ੍ਰਸਿੱਧੀ,ਪ੍ਰਸੰਨਤਾ ਅਤੇ ਸੁੰਦਰਤਾ ਦਾ ਸਿਖਰ ਸੀ ਪ੍ਰੰਤੂ ਜਦੋਂ ਉਸ ਦੀ ਭਾਬੀ ਜੀਤੋ ਇਸ ਫਾਨੀ ਸੰਸਾਰ ਤੋਂ ਵਿਦਾ ਹੋ ਗਈ ਤਾਂ ਇਹ ਉਸ ਦੇ ਦੁੱਖ ਦਾ ਸਿਖਰ ਸੀ । ਉਸ ਦਾ ਮਨ ਰੋਇਆ ਅਤੇ ਅੱਖਾਂ ਦਾ ਨੀਰ ਮੁੱਕਿਆ ਅਤੇ ਉਹ ਪੂਰਨ ਤੌਰ ਤੇ ਉਦਾਸ ਹੋ ਗਿਆ । ਉਸ ਨੇ ਆਪਣੇ ਵਡੇ ਭਰਾ ਨੂੰ ਧਰਵਾਸ ਦਿਤਾ । ਉਹ ਆਪਣੀ ਭਾਬੋ ਦੇ ਸਿਰ ਤੇ ਅਤੇ ਵਡੇ ਭਰਾ ਦੇ ਸਿਰ ਤੇ ਬੇਪਰਵਾਹੀਆਂ ਕਰਦਾ ਸੀ ਅਤੇ ਹੁਣ ਉਹ ਪੂਰੀ ਤਰਾਂ ਟੁੱਟ ਚੁਕਾ ਸੀ । ਉਹ ਪਿੰਡ ਦੇ ਲੋਕਾਂ ਦੇ ਸਾਥ ਸਦਕਾ ਅਤੇ ਉਨ੍ਹਾਂ ਵਲੋਂ ਮਿਲੀ ਹਮਦਰਦੀ ਸਦਕਾ ਦੁੱਖ ਨੂੰ ਸੰਤਾ ਸਿੰਘ ਸਹਿਣ ਕਰ ਆਪਣੇ ਮਿਸ਼ਨ ਵਿਚ ਅਗੇ ਵਧਣ ਲਗਾ । ਬੰਤਾ ਸਿੰਘ ਵੀ ਉਸ ਦਾ ਸਾਥ ਦੇਣ ਲਗਾ । ਸਬਜ਼ੀ ਦਾ ਕੰਮ ਉਸ ਨੇ ਮਿਲਖਾ ਸਿੰਘ ਨੂੰ ਸੰਭਾਲ ਦਿਤਾ ਸੀ ਅਤੇ ਉਸ ਤੋਂ ਕੁਝ ਰਕਮ ਲੈ ਲਿਆ ਕਰਦਾ ਸੀ ਜੋ ਦੋਵਾਂ ਭਰਾਵਾਂ ਨੂੰ ਖਰਚ ਕਰਨ ਲਈ ਕਾਫੀ ਹੁੰਦੀ ਸੀ ।

-ਡਾਕਟਰ ਅਜੀਤ ਸਿੰਘ ਕੋਟਕਪੂਰਾ
Share this content:


Post Comment