ਕਹਾਣੀ/ਗਿਰਝਾਂ/ਜਗਜੀਤ ਸਿੰਘ ਲੋਹਟਬੱਦੀ
ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਸੀ। ਚਾਰੇ ਪਾਸੇ ਪਾਣੀ ਹੀ ਪਾਣੀ। ਮੀਂਹ ਅਜੇ ਵੀ ਵਰ੍ਹ ਰਿਹਾ ਸੀ। ਲੋਕ ਛੱਤਾਂ ’ਤੇ ਬੈਠੇ ਹੋਏ। ਸਰਕਾਰ ਕਿਤੇ ਦਿਖਾਈ ਨਹੀਂ ਸੀ ਦੇ ਰਹੀ। ਕੁਝ ਸਮਾਜ ਸੇਵੀ ਦੁੱਧ, ਬਰੈੱਡ ਅਤੇ ਹੋਰ ਜ਼ਰੂਰੀ ਵਸਤਾਂ ਲੋੜਵੰਦਾਂ ਵਿੱਚ ਵੰਡਣ ਆਉਂਦੇ ਤਾਂ ਲੋਕੀਂ ਇੱਕ ਦੂਜੇ ਤੋਂ ਮੂਹਰੇ ਹੋ ਹੱਥ ਅੱਡਦੇ। ਭੁੱਖਣ ਭਾਣੇ ਮਾਸੂਮ ਵਿਲਕ ਰਹੇ। ਲੋਕਾਂ ਨੇ ਪਸ਼ੂਆਂ ਦੇ ਸੰਗਲ ਖੋਲ੍ਹ ਦਿੱਤੇ ਸਨ। ਕਈ ਦਿਨ ਪਿੱਛੋਂ ਪਾਣੀ ਘਟਿਆ ਤਾਂ ਬਰਬਾਦੀ ਦਾ ਮੰਜ਼ਰ ਸਾਹਮਣੇ ਆਉਣ ਲੱਗਾ। ਚਿੱਕੜ ਹੀ ਚਿੱਕੜ… ਮੁਰਦਾ ਜੀਵ-ਜੰਤੂ… ਬਦਬੂ… ਮਹਾਂਮਾਰੀ ਫੈਲਣ ਦਾ ਡਰ। ਆਸਮਾਨ ’ਚ ਗਿਰਝਾਂ ਮੰਡਰਾਉਣ ਲੱਗੀਆਂ। ਮੰਤਰੀ ਨੇ ਹੜ੍ਹ ਮਾਰੇ ਇਲਾਕਿਆਂ ਦਾ ਹਵਾਈ ਸਰਵੇਖਣ ਕਰਨ ਤੋਂ ਬਾਅਦ, ਸ਼ਹਿਰ ਦੇ ਵੱਡੇ ਹੋਟਲ ਵਿੱਚ ਪ੍ਰੈਸ ਕਾਨਫਰੰਸ ਕਰਨ ਲਈ ਸੁਨੇਹੇ ਭੇਜ ਦਿੱਤੇ। ਉਸ ਨੇ ਕਿਹਾ, “ਸਾਡੀ ਹਮਦਰਦੀ ਹੜ੍ਹ-ਪੀੜਤਾਂ ਦੇ ਨਾਲ ਹੈ… ਕਮੇਟੀ ਬਣਾ ਦਿੱਤੀ ਹੈ… ਨੁਕਸਾਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ… “ਸਰ… ਹੜ੍ਹਾਂ ਦੀ ਰੋਕਥਾਮ ਲਈ ਆਏ ਕਰੋੜਾਂ ਰੁਪਏ ਦੇ ਫੰਡ ਕਿਤੇ ਨਜ਼ਰੀਂ ਨਹੀਂ ਪੈ ਰਹੇ…।” ਪੱਤਰਕਾਰ ਨੇ ਸਵਾਲ ਕੀਤਾ। “ਇਸ ਦੀ ਤਫ਼ਤੀਸ਼ ਕਰਾਵਾਂਗੇ… ਪਰ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ…।” ਦੇਖਦੇ ਹੀ ਦੇਖਦੇ ਮੰਤਰੀ ਜੀ ਦਾ ਹੈਲੀਕਾਪਟਰ ਫਿਰ ਅੰਬਰ ਦੀਆਂ ਉਚਾਈਆਂ ਛੂਹਣ ਲੱਗਾ- ਗਿਰਝਾਂ ਸੰਗ…!!
Share this content:

Post Comment