Loading Now

ਕਹਾਣੀਕਾਰ ਲਾਲ ਸਿੰਘ ਦਸੂਹਾ ਦਾ ਸਾਹਿਤਕ ਮਿਸ਼ਨ ਹਰ ਪਿੰਡ ਅਤੇ ਘਰ ਤੱਕ ਪਹੁੰਚਾਉਣ ਦਾ ਅਹਿਦ

ਕਹਾਣੀਕਾਰ ਲਾਲ ਸਿੰਘ ਦਸੂਹਾ ਦਾ ਸਾਹਿਤਕ ਮਿਸ਼ਨ ਹਰ ਪਿੰਡ ਅਤੇ ਘਰ ਤੱਕ ਪਹੁੰਚਾਉਣ ਦਾ ਅਹਿਦ

21,ਜੁਲਾਈ –  ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ (ਰਜਿ.) ਪੰਜਾਬ ਦੀ ਇੱਕ ਵਿਸ਼ੇਸ਼ ਕਾਨਫਰੰਸ ਕਾਲ ਮੀਟਿੰਗ ਚੇਅਰਮੈਨ ਸੁਖਾਲਵੀਰ ਸਿੰਘ ਕੈਲਗਰੀ ਅਤੇ ਮੰਚ ਦੀ ਸਰਪਰਸਤ ਮੱਖਣ ਸਿੰਘ ਕੁਹਾੜ ਦੀ ਰਹਿਨੁਮਾਈ ਹੇਠ ਸੰਪੰਨ ਹੋਈ। ਜਿਸ ਦੀ ਸਾਰੀ ਕਾਰਵਾਈ ਪ੍ਰਧਾਨ ਅਮਰਜੀਤ ਸਿੰਘ ਦਸੂਹਾ ਅਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਰਾਜਾ ਦੇ ਦੇਖ ਰੇਖ ਹੇਠ ਹੋਈ । ਮੀਟਿੰਗ ਦੌਰਾਨ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ-ਪ੍ਰਸਾਰ ਲਈ ਇੱਕ ਵਿਸ਼ਾਲ ਲੋਕ-ਲਹਿਰ ਆਰੰਭਣ ਦਾ ਅਹਿਮ ਫ਼ੈਸਲਾ ਲਿਆ ਗਿਆ। ਯੂਮ ਮੀਟਿੰਗ ਵਿੱਚ ਇਸ ਗੱਲ ਉੱਤੇ ਡੂੰਘਾ ਚਿੰਤਨ ਕੀਤਾ ਗਿਆ ਕਿ ਮਹਾਨ ਕਹਾਣੀਕਾਰ ਲਾਲ ਸਿੰਘ ਦਸੂਹਾ ਨੇ ਆਪਣਾ ਸਾਰਾ ਜੀਵਨ ਪੰਜਾਬੀ ਸਾਹਿਤ ਦੀ ਜੋਤ ਨੂੰ ਰੌਸ਼ਨ ਰੱਖਣ, ਨਵੀਆਂ ਕਲਮਾਂ ਨੂੰ ਉਤਸ਼ਾਹਿਤ ਕਰਨ ਅਤੇ ਸਾਹਿਤ ਨੂੰ ਲੋਕਾਂ ਦੀ ਚੇਤਨਾ ਨਾਲ ਜੋੜਨ ਲਈ ਸਮਰਪਿਤ ਕੀਤਾ। ਉਨ੍ਹਾਂ ਵੱਲੋਂ ਆਪਣੇ ਲਹੂ –ਪਸੀਨੇ ਨਾਲ ਜਗਾਈ ਗਈ ਸਾਹਿਤਕ ਮਸ਼ਾਲ ਸਮੁੱਚੇ ਸਾਹਿਤ-ਪ੍ਰੇਮੀ ਸਮਾਜ ਦੀ ਅਮਾਨਤ ਹੈ। ਇਸ ਮਸ਼ਾਲ ਨੂੰ ਹੋਰ ਉੱਚਾ ਚੁੱਕ ਕੇ ਪੰਜਾਬ ਖਾਸ ਕਰਕੇ ਦੁਆਬੇ ਦੇ ਘਰ ਘਰ ਤੱਕ ਪਹੁੰਚਾਉਣਾ ਮੰਚ ਦਾ ਸਾਂਝਾ ਸੰਕਲਪ ਹੈ।ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ (ਰਜਿ.) ਪੰਜਾਬ ਨੇ ਐਲਾਨ ਕੀਤਾ ਕਿ ਦਸੂਹਾ ਅਤੇ ਸਮੁੱਚੇ ਦੁਆਬਾ ਖੇਤਰ ਤੋਂ ਸ਼ੁਰੂ ਕਰਦਿਆਂ ਘਰ-ਘਰ, ਪਿੰਡ-ਪਿੰਡ ਸਾਹਿਤਕ ਮਿਲਣੀਆਂ, ਵਿਚਾਰ-ਗੋਸ਼ਟੀਆਂ, ਪੁਸਤਕ ਚਰਚਾਵਾਂ, ਕਵੀ ਦਰਬਾਰ ਅਤੇ ਕਹਾਣੀ ਗੋਸ਼ਟੀਆਂ ਆਯੋਜਿਤ ਕੀਤੀਆਂ ਜਾਣਗੀਆਂ।

ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਆਮ ਲੋਕਾਂ, ਵਿਦਿਆਰਥੀਆਂ ਅਤੇ ਨੌਜਵਾਨ ਪੀੜ੍ਹੀ ਵਿੱਚ ਪੰਜਾਬੀ ਸਾਹਿਤ, ਕਲਾ, ਸੱਭਿਆਚਾਰ ਅਤੇ ਮਨੁੱਖੀ ਕਦਰਾਂ-ਕੀਮਤਾਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਮੰਚ ਦਾ ਵਿਸ਼ਵਾਸ ਹੈ ਕਿ ਸਾਹਿਤ ਕੇਵਲ ਮਨੋਰੰਜਨ ਨਹੀਂ, ਸਗੋਂ ਮਨੁੱਖ ਨੂੰ ਸੰਵੇਦਨਸ਼ੀਲ, ਚਿੰਤਨਸ਼ੀਲ ਅਤੇ ਸਮਾਜ ਪ੍ਰਤੀ ਜ਼ਿੰਮੇਵਾਰ ਬਣਾਉਣ ਵਾਲੀ ਸਭ ਤੋਂ ਪ੍ਰਭਾਵਸ਼ਾਲੀ ਸ਼ਕਤੀ ਹੈ।ਇਸ ਮੀਟਿੰਗ ਵਿੱਚ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਦੋਂ ਸਮਾਜ ਕਈ ਤਰ੍ਹਾਂ ਦੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ, ਉਦੋਂ ਸਾਹਿਤ ਹੀ ਉਹ ਤਾਕਤ ਹੈ ਜੋ ਮਨੁੱਖ ਨੂੰ ਆਪਣੇ ਵਿਰਸੇ, ਸੱਭਿਆਚਾਰ ਅਤੇ ਮਾਨਵੀ ਕਦਰਾਂ ਨਾਲ ਜੋੜ ਸਕਦਾ ਹੈ। ਇਸ ਲਈ ਹਰ ਸਾਹਿਤ-ਪ੍ਰੇਮੀ ਦਾ ਫ਼ਰਜ਼ ਬਣਦਾ ਹੈ ਕਿ ਉਹ ਪੰਜਾਬੀ ਮਾਂ-ਬੋਲੀ ਦੀ ਤਰੱਕੀ ਅਤੇ ਸਾਹਿਤਕ ਵਿਰਾਸਤ ਦੀ ਸੰਭਾਲ ਲਈ ਆਪਣਾ ਸਰਗਰਮ ਯੋਗਦਾਨ ਪਾਵੇ।

ਮੰਚ ਨੇ ਦਸੂਹਾ ਅਤੇ ਸਮੁੱਚੇ ਦੁਆਬਾ ਖੇਤਰ ਦੀਆਂ ਸਮੂਹ ਸਾਹਿਤਕ ਕਲਮਾਂ, ਕਵੀਆਂ, ਕਹਾਣੀਕਾਰਾਂ, ਲੇਖਕਾਂ, ਬੁੱਧੀਜੀਵੀਆਂ, ਅਧਿਆਪਕਾਂ ਅਤੇ ਸਾਹਿਤ-ਪ੍ਰੇਮੀਆਂ ਨੂੰ ਇਸ ਸਾਂਝੇ ਸਾਹਿਤਕ ਕਾਰਵਾਂ ਨਾਲ ਜੁੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਆਓ, ਅਸੀਂ ਸਭ ਮਿਲ ਕੇ ਕਹਾਣੀਕਾਰ ਲਾਲ ਸਿੰਘ ਦਸੂਹਾ ਦੇ ਸੁਪਨਿਆਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਈਏ ਅਤੇ ਪੰਜਾਬੀ ਸਾਹਿਤ ਦੀ ਇਸ ਪਵਿੱਤਰ ਜੋਤ ਨੂੰ ਹੋਰ ਮਗਾਈਏ ਕਰੀਏ। ਮੀਟਿੰਗ ਦੇ ਅੰਤ ਵਿੱਚ ਸਮੂਹ ਮੈਂਬਰਾਂ ਨੇ ਇੱਕ ਸੁਰ ਵਿੱਚ ਇਹ ਅਹਿਦ ਦੁਹਰਾਇਆ ਕਿ ਕਹਾਣੀਕਾਰ ਲਾਲ ਸਿੰਘ ਦਸੂਹਾ ਦੀ ਸੋਚ ਅਤੇ ਉਹਨਾਂ ਦੀ ਕਲਮ ਦੀ ਲੋਅ ਕਦੇ ਮੱਧਮ ਨਹੀਂ ਪੈਣ ਦਿੱਤੀ ਜਾਵੇਗੀ , ਕਹਾਣੀਕਾਰ ਲਾਲ ਸਿੰਘ ਦਸੂਹਾ ਦਾ ਸਾਹਿਤਕ ਮਿਸ਼ਨ ਹਰ ਪਿੰਡ, ਹਰ ਘਰ ਅਤੇ ਹਰ ਦਿਲ ਤੱਕ ਪਹੁੰਚਾਇਆ ਜਾਵੇਗਾ। ਇਹੀ ਉਨ੍ਹਾਂ ਪ੍ਰਤੀ ਸਾਡੀ ਸੱਚੀ ਸ਼ਰਧਾਂਜਲੀ ਅਤੇ ਪੰਜਾਬੀ ਮਾਂ-ਬੋਲੀ ਪ੍ਰਤੀ ਸਾਡਾ ਪਵਿੱਤਰ ਫ਼ਰਜ਼ ਹੈ।ਇਸ ਮੌਕੇ ਮੰਚ ਦੇ ਪ੍ਰਧਾਨ ਅਮਰਜੀਤ ਸਿੰਘ, ਜਨਰਲ ਸਕੱਤਰ ਭੁਪਿੰਦਰ ਸਿੰਘ ਰਾਜਾ, ਚੈਅਰਮੈਨ ਸੁਖਪਾਲਵੀਰ ਸਿੰਘ ਕੈਲਗਰੀ,ਸਰਪ੍ਰਸਤ ਮੱਖਣ ਕੁਹਾੜ, ਵਾਈਸ ਪ੍ਰਧਾਨ ਦਲਵੀਰ ਸਿੰਘ ਭੁੱਲਰ, ਵਾਇਸ ਪ੍ਰਧਾਨ ਗੁਰਪ੍ਰੀਤ ਸਿੰਘ ਹੈਪੀ ਸਹੋਤਾ, ਅਦਬੀ ਵਿਰਾਸਤ ਮੈਗਜ਼ੀਨ ਦੇ ਕਾਰਜਕਾਰੀ ਸੰਪਾਦਕ ਦਲਜੀਤ ਰਾਏ ਕਾਲੀਆ, ਪਰਮਿੰਦਰ ਕਲੇਰ ,ਰਾਜਿੰਦਰ ਸਿੰਘ  ਜੋਗਾ ਸਿੰਘ ਡਿਬੂ ,  ਗੁਰਿੰਦਰ ਸਿੰਘ ਸਫਰੀ , ਜੈਲੀ ਗੇਰਾ , ਜਸਵਿੰਦਰ ਸਿੰਘ , ਜਸਵੀਰ ਸਿੰਘ , ਸਰਬਜੀਤ ਕੌਰ , ਹਰਪ੍ਰੀਤ ਕੌਰ ਆਦਿ ਸਮੇਤ ਅਨੇਕ ਸਾਹਿਤਕਾਰ ਹਾਜ਼ਰ ਸਨ।

Share this content:

Post Comment