Loading Now

ਕਵਿਤਾ/ਸ਼ੁਕਰੀਆ ਸਿਆਸਤ/ਯਸ਼ ਪਾਲ

ਕਵਿਤਾ/ਸ਼ੁਕਰੀਆ ਸਿਆਸਤ/ਯਸ਼ ਪਾਲ

ਸ਼ੁਕਰੀਆ ਸਿਆਸਤ
ਲੱਖ-ਲੱਖ ਸ਼ੁਕਰੀਆ!

ਜਮਹੂਰੀਅਤ ਨੂੰ
ਜਹਾਲਤ ‘ਚ
ਬਦਲਣ ਲਈ
ਸ਼ੁਕਰੀਆ!

ਗੁਨਾਹਗਾਰਾਂ ਨੂੰ
ਵਜ਼ੀਰ
ਤਾਲਿਬ-ਏ-ਇਲਮ ਨੂੰ
ਫ਼ਕੀਰ
ਬਣਾਉਣ ਲਈ

ਦਿਲੋਂ ਸ਼ੁਕਰੀਆ!

ਹਤਿਆਰੇ ਨੂੰ
ਹੁਕਮਰਾਨ
ਇਬਾਦਤਗਾਹਾਂ ਨੂੰ
ਪੀਕਦਾਨ
ਬਣਾਉਣ ਲਈ

ਰੂਹ ਦੀਆਂ
ਗਹਿਰਾਈਆਂ ‘ਚੋਂ
ਸ਼ੁਕਰੀਆ!

ਦੇਸ਼ ਦੇ ਜਵਾਨਾਂ ਨੂੰ
ਕਿੱਲਾਂ ਵਾਲੀਆਂ
ਡਾਂਗਾਂ ਨਾਲ
ਕੁੱਟਣ ਲਈ
ਸੰਵਿਧਾਨ ਦੀਆਂ ਧੱਜੀਆਂ
ਉਡਾਉਣ ਲਈ
ਮੁਲਕ ਨੂੰ ਫਾਂਸੀ ‘ਤੇ
ਚੜ੍ਹਾਉਣ ਲਈ

ਬੇਹੱਦ ਸ਼ੁਕਰੀਆ!

ਮੁਲਕ ਦੇ ਅੱਸੀ ਕਰੋੜ
ਸਨਮਾਨਿਤ ਨਾਗਰਿਕਾਂ ਨੂੰ
ਪੰਜ ਕਿੱਲੋ ਅਨਾਜ ਦੇਕੇ
ਭਿਖਾਰੀ ਤੇ ਨਾਕਾਰਾ
ਬਣਾਉਣ ਲਈ

ਦਿਲੋਂ ਸ਼ੁਕਰੀਆ!

ਬੇਹਿਆਈ ਦੇ
ਸਨਮਾਨ ਲਈ
ਗੌਂਡਰਪੁਣੇ ਦੇ
ਅਭਿਮਾਨ ਲਈ
ਕਮੀਨਗੀ ਦੇ
ਪਰਵਾਨ ਲਈ
ਸ਼ਰਾਫ਼ਤ ਦੇ
ਬਲੀਦਾਨ ਲਈ

ਸ਼ੁਕਰੀਆ ਸਿਆਸਤ!

ਝੂਠ ਤੇ ਮਕਾਰੀ ਨੂੰ
ਬੇਪਨਾਹ ਇੱਜ਼ਤ
ਬਖ਼ਸ਼ਣ ਲਈ
ਵਪਾਰ ਤੇ ਅਪਰਾਧ ਨੂੰ
ਬਾਇੱਜ਼ਤ
ਨਾਲ ਜੋੜਣ ਲਈ
ਸਚਾਈ ਦਾ ਸਿਰ
ਤੋੜਣ ਲਈ
ਮੁਲਕ ਨੂੰ ਤਬਾਹੀ ਵੱਲ
ਮੋੜਣ ਲਈ

ਹਜ਼ਾਰਾਂ ਸ਼ੁਕਰੀਆ!

ਸ਼ੁਕਰੀਆ!
ਕਿ ਤੂੰ
ਇਨਸਾਨ ਤੇ ਇਨਸਾਨ
ਵਿਚਕਾਰ
ਡੂੰਘੀ ਖਾਈ ਬਣਾਈ

ਕਿ ਮਜ਼੍ਹਬ ਦੇ ਜ਼ਹਿਰ ਦੀ
ਘੁੱਟੀ ਪਿਆਈ

ਕਿ ਕੁੰਦ ਕਰ ਦਿੱਤੇ
ਜ਼ਹਿਨ
ਬੰਦ ਕਰ ਦਿੱਤੀਆਂ
ਰਵਾਇਤਾਂ
ਸੋਚਣ ਤੇ ਸਮਝਣ ਦੀਆਂ

ਇੱਕ ਸੌ ਚਾਲੀ ਕਰੋੜ
ਜਿਉਂਦੇ ਜਾਗਦੇ
ਇਨਸਾਨਾਂ ਨੂੰ
ਭੇਡਾਂ ਦੀ ਤਰ੍ਹਾਂ
ਹੱਕਣ ਲਈ

ਮਾਂ ਵਰਗੀ ਜ਼ਮੀਨ ਨੂੰ
ਟੁਕੜਿਆਂ ‘ਚ
ਵੰਡਣ ਲਈ

ਹਜ਼ਾਰਾਂ ਸਾਲਾਂ ਦੀ
ਸੰਸਕ੍ਰਿਤੀ ਨੂੰ
ਜੜ੍ਹ ਤੋਂ ਹੀ
ਪੁੱਟਣ ਲਈ

ਕਿੰਨਾ ਸ਼ੁਕਰੀਆ
ਅਦਾ ਕਰਾਂ
ਇਹ ਮੇਰੀ ਸਮਝ ਤੋਂ
ਬਾਹਰ ਹੈ

ਫਿਰ ਵੀ
ਤੇਰਾ ਲੱਖ-ਲੱਖ ਸ਼ੁਕਰੀਆ
ਸਿਆਸਤ!

ਕਿ ਤੂੰ
ਨਰਕ ਬਣਾ ਦਿੱਤਾ
ਹਸਦੀ-ਖੇਡਦੀ
ਜਿੰਦਗੀ ਨੂੰ

ਸ਼ੁਕਰੀਆ!
ਸ਼ੁਕਰੀਆ!!
ਸ਼ੁਕਰੀਆ!!!

ਮੂਲ #ਹੂਬ ਨਾਥ

ਹਿੰਦੀ ਤੋਂ ਪੰਜਾਬੀ ਰੂਪ:
ਯਸ਼ ਪਾਲ ਵਰਗ ਚੇਤਨਾ
(98145 35005)

Share this content:

Post Comment