Loading Now

ਕਵਿਤਾ/ਲੜਕੀਆਂ ਗਾਲ੍ਹਾਂ ਦੇ ਰਹੀਆਂ ਨੇ/ਯਸ਼ ਪਾਲ

ਕਵਿਤਾ/ਲੜਕੀਆਂ ਗਾਲ੍ਹਾਂ ਦੇ ਰਹੀਆਂ ਨੇ/ਯਸ਼ ਪਾਲ

ਜਿਸ ਦੇਸ਼ ‘ਚ
ਨੜ੍ਹਿਨਵੇਂ ਫੀਸਦੀ ਗਾਲਾਂ
ਬਣੀਆਂ ਹੀ
ਲੜਕੀਆਂ ਲਈ ਨੇ

ਗਾਲ੍ਹ ਦੇ ਕੇਂਦਰ ‘ਚ
ਹਮੇਸ਼ਾ ਰਹੀ ਹੈ
ਲੜਕੀ ਹੀ

ਇੱਕ ਲੜਕਾ
ਜਦ ਗਾਲ੍ਹ ਕਢਦਾ ਹੈ
ਦੂਜੇ ਲੜਕੇ ਨੂੰ
ਤਾਂ ਉਹ
ਗਾਲ੍ਹ ਕੱਢ ਰਿਹਾ ਹੁੰਦੈ
ਲੜਕੀ ਨੂੰ

ਜਿਹੜਾ ਸਮਾਜ
ਲੜਕੀਆਂ ਦੀ
ਜਿੰਦਗੀ ਨੂੰ ਹੀ
ਬਣਾ ਦੇਵੇ ਗਾਲ੍ਹ

ਜੋ ਦੇਸ਼
ਆਪਣੀ ਮਰਦਾਨਗੀ
ਸਾਬਤ ਕਰੇ
ਲੜਕੀਆਂ ਨੂੰ
ਬੇਇੱਜ਼ਤ ਕਰਕੇ
ਮਸਲ-ਕੁਚਲ ਕੇ

ਜੋ ਖ਼ੁਦ
ਇਨਸਾਨੀਅਤ ਦੇ
ਚਿਹਰੇ ‘ਤੇ
ਗੰਦੀ ਗਾਲ੍ਹ ਹੀ ਹੈ

ਜੋ ਲੋਕ
ਗਾਲ੍ਹ ਤੋਂ ਵੀ
ਘਟੀਆ ਨੇ

ਉਨ੍ਹਾਂ ਨੂੰ ਸ਼ਿਕਾਇਤ ਹੈ

ਕਿ ਲੜਕੀਆਂ
ਗਾਲ੍ਹਾਂ ਦੇ ਰਹੀਆਂ ਨੇ

ਦਰਅਸਲ
ਲੜਕੀਆਂ
ਉਹ ਸਭ ਕੁਸ਼
ਸੂਦ ਸਮੇਤ
ਮੋੜ ਰਹੀਆਂ ਨੇ
ਜੋ ਉਨ੍ਹਾਂ ਨੂੰ
ਅਖੌਤੀ ਸੱਭਿਆ ਸਮਾਜ
ਦਿੰਦਾ ਰਿਹਾ ਹੈ
ਹਜ਼ਾਰਾਂ ਸਾਲਾਂ ਤੋਂ

ਸਨਾਤਨ ਸਮਾਜ ਅੰਦਰ
ਹੋਲੀ ਆਲੇ ਦਿਨ
ਲੜਕੀਆਂ ਨੂੰ
ਦਿੱਤੀਆਂ ਜਾਂਦੀਆਂ ਨੇ
ਘਿਨਾਉਣੀਆਂ ਗਾਲ੍ਹਾਂ

ਅੱਜ ਤੱਕ
ਕਿਸੇ ਨੇ ਵੀ
ਦਰਜ ਨਹੀਂ ਕਰਵਾਇਆ
ਇਤਰਾਜ਼

ਹਰ ਰੋਜ਼
ਹਰ ਪਲ
ਹਰ ਜਗ੍ਹਾ
ਦਿੱਤੀਆਂ ਜਾਂਦੀਆਂ ਨੇ
ਗਾਲ੍ਹਾਂ ਤੇ ਗਾਲ੍ਹਾਂ
ਲੜਕੀਆਂ ਨੂੰ

ਕਦੇ ਸਿੱਧੀਆਂ ਹੀ
ਕਦੇ ਲੜਕਿਆਂ ਦੇ
ਹਵਾਲੇ ਨਾਲ

ਉਹ ਸਭਿਆ ਸਮਾਜ
ਜਿੱਥੇ ਲੜਕੀਆਂ
ਸਿਰ ਝੁਕਾ ਕੇ
ਖਾਂਦੀਆਂ ਰਹਿਣ ਗਾਲ੍ਹਾਂ
ਲੱਤਾਂ-ਮੁੱਕੇ ਖਾਣ ਤੋਂ ਬਾਅਦ

ਸਭਿਅਤਾ ਦੀ
ਬਹੁਤ ਭਾਰੀ
ਕੀਮਤ ਚੁਕਾਈ
ਸਿਰਫ਼ ਲੜਕੀਆਂ ਨੇ

ਹੁਣ ਉਹ
ਚਾਹੁੰਦੀਆਂ ਨੇ
ਜ਼ਰਾ-ਕੁ
ਅਸੱਭਿਆ ਹੋਣਾ

ਹੋਰ ਕੋਈ ਆਜ਼ਾਦੀ
ਮਿਲੇ ਨਾ ਮਿਲੇ

ਪਰ
ਸਦੀਆਂ ਤੋਂ
ਦਿੱਤੀਆਂ ਜਾ ਰਹੀਆਂ
ਗਾਲ੍ਹਾਂ ਨੂੰ
ਸੂਦ ਸਮੇਤ ਮੋੜਣ ਦੀ
ਆਜ਼ਾਦੀ ਚਾਹੁੰਦੀਆਂ ਨੇ
ਲੜਕੀਆਂ

ਆਜ਼ਾਦੀ ਦੇ
ਅੰਮ੍ਰਿਤ-ਕਾਲ ਦੇ
ਸਾਵਣ ‘ਚ
ਕੀ ਇੰਨਾਂ ਕੁ ਜ਼ਹਿਰ
ਪਚਾਇਆ ਨ੍ਹੀਂ ਜਾ ਸਕਦਾ!

ਮੂਲ:# ਹੂਬਨਾਥ

ਹਿੰਦੀ ਤੋਂ ਪੰਜਾਬੀ ਰੂਪ:
ਯਸ਼ ਪਾਲ ਵਰਗ ਚੇਤਨਾ
(98145 35005)

Share this content:

Post Comment