Loading Now

ਕਵਿਤਾ/ਲੋਕਤੰਤਰ ‘ਚ/ਯਸ਼ ਪਾਲ

ਕਵਿਤਾ/ਲੋਕਤੰਤਰ ‘ਚ/ਯਸ਼ ਪਾਲ

*ਲੋਕਤੰਤਰ-*
*ਬਖ਼ਸ਼ਦਾ ਹੈ ਤੁਹਾਨੂੰ*
*ਕਈ ਤਰ੍ਹਾਂ ਦੀਆਂ*
*ਆਜ਼ਾਦੀਆਂ*
*ਕਈ ਤਰ੍ਹਾਂ ਦੇ*
*ਮੌਕੇ*
*ਕਈ ਤਰ੍ਹਾਂ ਦੀਆਂ*
*ਸਹੂਲਤਾਂ*

*ਤੁਸੀਂ ਕਰ ਸਕਦੇ ਹੋ*
*ਆਪਣੇ ਧਰਮ ਦੀ ਚੋਣ*
*ਆਪਣੇ ਕਰਮ ਦੀ ਚੋਣ*
*ਆਪਣੀ ਸ਼ਰਮ ਦੀ ਚੋਣ*

*ਤੁਹਾਨੂੰ ਦਿੱਤੀ ਜਾਂਦੀ ਹੈ*
*ਆਪਣੀ ਮਰਜੀ ਨਾਲ*
*ਜੀਣ ਦੀ ਆਜ਼ਾਦੀ*
*ਪੀਣ ਦੀ ਆਜ਼ਾਦੀ*
(ਸ਼ਰਾਬ ਤੋਂ ਗਾਂ-ਮੂਤਰ ਤੱਕ)

*ਤੇ ਆਜ਼ਾਦੀ*
*ਮਰਨ ਦੀ ਵੀ*

*ਤੁਸੀਂ*
*ਮਰ ਸਕਦੇ ਹੋ*
*ਟੁੱਟੇ ਹੋਏ ਪੁਲ ਤੋਂ*
*ਡਿੱਗ ਕੇ*

*ਮਰ ਸਕਦੇ ਹੋ*
*ਖੇਡ੍ਹ ਮੇਲੇ ‘ਚ*
*ਕੁਚਲ ਕੇ*

*ਮਰ ਸਕਦੇ ਹੋ*
*ਧਾਰਮਿਕ ਭੀੜ ‘ਚ*
*ਦਬ ਕੇ*

*ਮਰ ਸਕਦੇ ਹੋ*
*ਫੈਕਟਰੀ ‘ਚ ਕੰਮ ਕਰਦੇ*
*ਝੁਲਸ ਕੇ*

*ਮਰ ਸਕਦੇ ਹੋ*
*ਉਮੜਦੇ ਹੜ੍ਹ ‘ਚ*
*ਡੁੱਬ ਕੇ*

*ਜਿਉਂਦੇ ਥੱਕ ਗਏ ਹੋ*
*ਤਾਂ ਮਰ ਸਕਦੇ ਹੋ*
*ਉਬ੍ਹ ਕੇ*

*ਮਰਨ ਦੀ ਆਜ਼ਾਦੀ*
*ਜਿੰਨੀ*
*ਲੋਕਤੰਤਰ ਦਿੰਦਾ ਹੈ*
*ਉਨੀਂ ਮੁਸ਼ਕਲ ਹੈ*
*ਹੋਰਨਾਂ ਵਾਸਤੇ*

*ਤੁਸੀਂ*
*ਮਰ ਸਕਦੇ ਹੋ*
*ਕਿਸੇ ਨੇਤਾ ਲਈ*
*ਮਰ ਸਕਦੇ ਹੋ*
*ਕਿਸੇ ਬਾਬੇ ਲਈ*

*ਮਰ ਸਕਦੇ ਹੋ*
*ਪਿੰਡ ‘ਚ*
*ਮਰ ਸਕਦੇ ਹੋ*
*ਜੰਗਲ ‘ਚ*
*ਮਰ ਸਕਦੇ ਹੋ*
*ਸ਼ਹਿਰ ‘ਚ*

*ਮਰ ਸਕਦੇ ਹੋ*
*ਆਪਣੇ*
*ਲਿਬਾਸ ਦੀ ਵਜ੍ਹਾ ਕਰਕੇ*
*ਮਰ ਸਕਦੇ ਹੋ*
*ਆਪਣੇ*
*ਮਜ੍ਹਬ ਦੀ ਵਜ੍ਹਾ ਕਰਕੇ*

*ਬਿਨਾਂ ਕਿਸੇ ਵਜ੍ਹਾ ਦੇ ਵੀ*
*ਮਰਨ ਦੀ ਸੁਵਿਧਾ*
*ਦੇ ਸਕਦਾ ਹੈ*
*ਲੋਕਤੰਤਰ ਹੀ*

*ਪੂਰੀ ਦੁਨੀਆ ‘ਚ*
*ਮੰਨੀ ਜਾਂਦੀ ਹੈ*
*ਸਭ ਤੋਂ ਬਿਹਤਰ*
*ਲੋਕਤੰਤਰ ਵਿਵਸਥਾ*

*ਤੁਹਾਡੀ ਮੌਤ ਦਾ*
*ਜ਼ਿੰਮੇਵਾਰ*
*ਕਰ ਦਿੰਦਾ ਹੈ*
*ਬੜੇ ਮਾਨ ਨਾਲ*
*ਬੜੀ ਸ਼ਾਨ ਨਾਲ*
*ਬੜੇ ਸਨਮਾਨ ਨਾਲ*
*ਤੁਹਾਡੀ ਮੌਤ ਨੂੰ*
*ਆਪਣੇ ਜਾਦੂ ਨਾਲ*
*ਤਿਲਸਮੀ ਮੁਆਵਜ਼ੇ ‘ਚ*
*ਅਵਾਜ਼ਾਰ*

*ਤੇ ਮੌਤ ਦਾ ਦੁੱਖ*
*ਦਬ ਕੇ ਮਰ ਜਾਂਦਾ ਹੈ*
*’ਲੋਕਤੰਤਰਿਕ’ ਚੈਕ਼ ਹੇਠ*

*ਇੱਕ ਕਰਿਸ਼ਮਾ*
*ਹੋਰ ਵੀ ਹੁੰਦਾ ਹੈ*
*ਲੋਕਤੰਤਰ ‘ਚ*

*ਸਿਰਫ਼*
*’ਲੋਕ’ ਮਰਦਾ ਹੈ*
*’ਤੰਤਰ’ ਤਰਦਾ ਹੈ*

*ਇਸਦੇ ਬਾਵਜ਼ੂਦ*
*ਜੇ ਤੁਹਾਨੂੰ*
*ਸ਼ਿਕਾਇਤ ਹੈ*
*ਲੋਕਤੰਤਰ ਤੋਂ*

*ਤਾਂ*
*ਇਹ ਤੁਹਾਡਾ*
*ਲੋਕਤੰਤਰਿਕ*
*ਅਧਿਕਾਰ ਹੈ*

*#ਹੂਬ ਨਾਥ*

ਹਿੰਦੀ ਤੋਂ ਪੰਜਾਬੀ ਰੂਪ:
*ਯਸ਼ ਪਾਲ ਵਰਗ ਚੇਤਨਾ*
(98145 35005)

Share this content:

Post Comment