Loading Now

ਕਵਿਤਾ/ਲਾਲ ਕਿਲੇ ‘ਤੇ ਝੰਡਾ/ਗੁਰਮੀਤ ਕੜਿਆਲਵੀ

ਕਵਿਤਾ/ਲਾਲ ਕਿਲੇ ‘ਤੇ ਝੰਡਾ/ਗੁਰਮੀਤ ਕੜਿਆਲਵੀ

Screenshot_2025-08-20-18-40-31-733_com.facebook.katana-e1755695525752-254x300 ਕਵਿਤਾ/ਲਾਲ ਕਿਲੇ 'ਤੇ ਝੰਡਾ/ਗੁਰਮੀਤ ਕੜਿਆਲਵੀ

*ਲਾਲ ਕਿਲ੍ਹੇ ‘ਤੇ ਝੰਡਾ*

*ਪ੍ਰੀਤੂ ਅਮਲੀ ਦਾ!*

*ਪ੍ਰੀਤੂ ਅਮਲੀ*

*ਅੱਜ-ਕੱਲ੍ਹ*

*ਬੱਕਰੀਆਂ*

*ਘੱਟ ਚਾਰਦਾ ਹੈ*

*ਝੱਲ-ਵਲੱਲੀਆਂ*

*ਵੱੱਧ ਮਾਰਦਾ ਹੈ*

 

*ਆਖਦਾ ਹੈ*

*”ਲੋਕਾਂ ਨੂੰ*

*ਪ੍ਰੀਤੂ-ਪ੍ਰੀਤੂ*

*ਕਹਿਣ ਲਾਉਣਾ ਹੈ*

*ਯਾਰਾਂ ਨੇ*

*ਲਾਲ ਕਿਲ੍ਹੇ ‘ਤੇ*

*ਝੰਡਾ ਚੜ੍ਹਾਉਣਾ ਹੈ”*

 

*ਦਾਲ ਪੀਣਿਆਂ ਦਾ*

*’ਲੱਭੂ’*

*ਉਸਦੀ ਗੱਲ ‘ਤੇ*

*ਹੱਸਦਾ ਹੈ*

*ਉਹਨੂੰ ਹਿੱਲ ਗਿਆ*

*ਦੱਸਦਾ ਹੈ*

*-”ਇਹ ਮੂੰਹ*

*ਤੇ ਮਸਰਾਂ ਦੀ ਦਾਲ!”*

*ਉਸ ‘ਤੇ ਵਿਅੰਗ ਕਸਦਾ ਹੈ*

 

*ਪ੍ਰੀਤੂ ਕੋਲ*

*ਆਪਣੇ ਪੱਖ ‘ਚ*

*ਬਹੁਤ ਵੱਡਾ ਤਰਕ ਹੈ*

*ਉਹ ਕਹਿੰਦਾ*

*ਮੇਰੇ ‘ਚ ਤੇ ਉਹਨਾਂ ‘ਚ*

*ਕੀ ਫ਼ਰਕ ਹੈ?*

 

*’ਦੁੱਕੀ’*

*ਪ੍ਰੀਤੂ ਦਾ ਆੜੀ*

*ਉਹਦੇ ਨੇੜੇ ਆਉਂਦਾ ਹੈ*

*ਤੇ*

*ਝੰਡਾ ਚੜ੍ਹਾਉਣ ਵਾਲੇ ਦੇ*

*ਗੁਣ ਸਮਝਾਉਂਦਾ ਹੈ*

 

*”-ਝੰਡਾ ਲਹਿਰਾਉਣ ਲਈ*

*ਬੱਕਰੀਆਂ ਨਹੀਂ*

*ਬੰਦੇ ਚਾਰਨੇ ਪੈਂਦੇ ਨੇ*

*ਖ਼ੂਬਸੂਰਤ ਫੁੱਲ-ਕਲੀਆਂ*

*ਅੱਗ ‘ਚ ਸਾੜਨੇ ਪੈਂਦੇ ਨੇ*

*ਘੁੱਗੀਆਂ-ਚਿੜੀਆਂ*

*ਪਿੰਜਰੇ ‘ਚ ਤਾੜਨੇ ਪੈਂਦੇ ਨੇ*

*ਜਾਨਵਰ ਬਚਾਉਣੇ*

*ਤੇ ਬੰਦੇ ਮਾਰਨੇ ਪੈਂਦੇ ਨੇ”*

 

*ਪ੍ਰੀਤੂ*

*ਬੰਸਰੀ ਬੁੱਲ੍ਹਾਂ ਨੂੰ*

*ਛੁਹਾਉਂਦਾ ਹੈ*

*ਪੋਰਾਂ ‘ਚ ਫੂਕ ਮਾਰਕੇ*

*ਮਧੁਰ ਧੁਨ ਵਜਾਉਂਦਾ ਹੈ*

*ਜਾਨੋਂ ਪਿਆਰੀਆਂ*

*ਬੱਕਰੀਆਂ ਨੂੰ*

*ਕੋਲ-ਕੋਲ ਬੁਲਾਉਂਦਾ ਹੈ*

*ਤੇ ਦਿਲ ਕੀ ਬਾਤ*

*ਬਤਾਉਂਦਾ ਹੈ*

 

*-“ਦੱਸੋ*

*ਮੇਰੇ ਆਲੇ-ਭੋਲਿਓ*

*ਲਾਲ ਕਿਲ੍ਹੇ ‘ਤੇ*

*ਝੰਡਾ ਚੜ੍ਹਾਉਣਾ*

*ਕੋਈ ਟੇਢਾ ਕੰਮ ਹੈ?”*

 

*ਬੱਕਰੀਆਂ ਦੀ ਥਾਂ*

*’ਦੁੱਕੀ’ ਬੋਲਦਾ ਹੈ*

*ਘੁੰਡੀ ਖੋਲ੍ਹਦਾ ਹੈ*

*-“ਝੰਡਾ ਚੜ੍ਹਾਉਣ ਲਈ*

*ਤੇਰੇ ਅਰਗਾ ਲੰਡੂ ਨਹੀਂ*

*ਬੁਲਾਰਾ ਚਾਹੀਦੈ*

*ਜਨਤਾ ਨੂੰ ਦੇਣ ਲਈ*

*ਉਸ ਕੋਲ*

*ਖ਼ੂਬਸੂਰਤ ਤੇ ਮਿੱਠਾ*

*ਲਾਰਾ ਚਾਹੀਦੈ”*

 

 

*ਪ੍ਰੀਤੂ*

*ਹਿੱਕ ‘ਤੇ ਹੱਥ ਮਾਰਦਾ ਹੈ*

*-“ਇਹ ਕਿੱਡੀ ਕੁ*

*ਔਖੀ ਖੇਡ੍ਹ ਹੈ?*

*ਇਹ ਤਾਂ ਵੀਰ ਮੇਰਿਆ*

*ਸੂਤ ਆਏ ਦਾ ਗੇੜ ਹੈ*

*ਲੰਮੇ-ਚੌੜੇ ਭਾਸ਼ਨਾਂ ‘ਚ*

*ਕੀ ਗੱਲ ਹੈ*

*ਐਵੇਂ ਜਾਭਾਂ ਦਾ ਭੇੜ ਹੈ”*

 

*”ਮੈਂ ਰੱਬ ਨਾਲੋਂ ਵੀ ਵੱਡੀਆਂ*

*ਸੁਣਾ ਸਕਦਾ ਹਾਂ*

*ਦਿਨ ਨੂੰ ਰਾਤ*

*ਤੇ ਰਾਤ ਨੂੰ ਦਿਨ*

*ਬਣਾ ਸਕਦਾ ਹਾਂ*

*ਅੰਬਰਾਂ ਨੂੰ ਟਾਕੀ*

*ਲਾ ਸਕਦਾ ਹਾਂ*

*ਤੇ ਜਾਗਦਿਆਂ ਨੂੰ*

*ਘੂਕ ਸੁਆ ਸਕਦਾ ਹਾਂ”*

 

*ਦੁੱਕੀ’ ਨਾਂਹ ‘ਚ*

*ਸਿਰ ਹਿਲਾਉਂਦਾ ਹੈ*

*ਤੇ ਰਾਜ ਦੀ*

*ਗੱਲ ਸਮਝਾਉਂਦਾ ਹੈ*

 

*-“ਝੰਡਾ ਚੜ੍ਹਾਉਣ ਲਈ ਤਾਂ*

*ਅੱਗ ਨਾਲ ਖੇਡ੍ਹਣ ਦੀ*

*ਤਰਕੀਬ ਚਾਹੀਦੀ ਹੈ*

*ਜਹਿਰ-ਭਿੱਜੇ*

*ਖਿਆਲ ਚਾਹੀਦੇ ਨੇ*

*ਕੱਪੜੇ ਦੁੱਧ ਵਰਗੇ*

*ਸਫੈਦ ਚਾਹੀਦੇ ਨੇ*

*ਹੱਥ ਪੂਰੀ ਤਰ੍ਹਾਂ*

*ਲਾਲ ਚਾਹੀਦੇ ਨੇ’*

 

*ਪ੍ਰੀਤੂ*

*ਆਪਣੇ ਹੱਥਾਂ ਨੂੰ*

*ਪੁੱਠੇ-ਸਿੱਧੇ ਕਰਦਾ ਹੈ*

*ਤੇ ਕਾਲੇ-ਸਿਆਹ*

*ਹੋ ਚੁੱਕਿਆਂ ਵੱਲ ਵੇਖ*

*ਮੀਲਾਂ ਲੰਮੇ*

*ਹਾਉਕੇ ਭਰਦਾ ਹੈ*

*ਧੁਰ ਅੰਦਰ ਤੱਕ*

*ਉਦਾਸ ਹੋ ਹੌਲੀ ਜਿਹੇ*

*ਬਿਆਨ ਕਰਦਾ ਹੈ*

 

*”-ਇਹ ਮੈਥੋਂ ਨਹੀਂ ਹੋਣਾ*

*ਇਹ ਤਾਂ ਬਹੁਤ ਔਖਾ ਕੰਮ ਹੈ”*

 

*ਉਂਝ*

*ਪ੍ਰੀਤੂ ਬੱਕਰੀਆਂ ਵਾਲਾ*

*ਹਿੰਡੀ ਬਹੁਤ ਹੈ*

*ਹਿੰਡ ਨਹੀਂ ਛੱਡਦਾ*

*ਆਖਦਾ ਹੈ*

 

*-“ਆਪਾਂ ਤਾਂ ਬੱਸ*

*ਨਵਾਂ ਰਿਕਾਟ ਬਣਾਉਣਾ ਹੈ*

*ਲਾਲ ਕਿਲ੍ਹੇ ‘ਤੇ*

*ਝੰਡਾ ਜਰੂਰ ਚੜ੍ਹਾਉਣਾ ਹੈ”*

 

 

ਲੇਖਕ:

*ਗੁਰਮੀਤ ਕੜਿਆਲਵੀ*

 

ਪੇਸ਼ਕਸ਼:

*ਯਸ਼ ਪਾਲ ਵਰਗ ਚੇਤਨਾ*

(98145 35005)

Share this content:

Post Comment