Loading Now

ਕਵਿਤਾ/ਮੈਂ ਨੱਥੂ ਰਾਮ ਗੋਡਸੇ ਬੋਲ ਰਿਹਾ ਹਾਂ/ਯਸ਼ ਪਾਲ

ਕਵਿਤਾ/ਮੈਂ ਨੱਥੂ ਰਾਮ ਗੋਡਸੇ ਬੋਲ ਰਿਹਾ ਹਾਂ/ਯਸ਼ ਪਾਲ

*ਮੁੜ ਪ੍ਰਣਾਮ*
*ਬਾਪੂ!*

*ਮੁੱਦਤ ਬਾਅਦ ਲੱਗਿਆ*
*ਕਿ ਤੁਹਾਡੇ ਨਾਲ ਗੱਲ ਕਰਾਂ*
*ਗੱਲ ਵੀ*
*ਬਹੁਤ ਜ਼ਰੂਰੀ ਸੀ*
*ਤੇ ਮੇਰੇ ਹਿਸਾਬ ਨਾਲ*
*ਇਹੋ ਹੀ ਸਹੀ ਵਕ਼ਤ ਹੈ*
*ਤੁਹਾਡੇ ਨਾਲ*
*ਗੱਲ ਕਰਨ ਦਾ*

*ਬਾਪੂ!*
*ਸੱਚ ਕਹਾਂ!*
*ਮੈਂ ਸਚਮੁੱਚ ਹੀ*
*ਤੁਹਾਡਾ ਜਾਣੂ ਨਹੀਂ ਸੀ*
*ਬਿਲਕੁਲ ਅਣਜਾਣ ਸਾਂ*
*ਤੁਹਾਡੀ ਮਹਾਨਤਾ ਤੋਂ*
*ਸਮਝਣ ਲੱਗਿਆ ਸੀ*
*ਤੁਹਾਨੂੰ ਦੇਸ਼ ਦਾ ਦੁਸ਼ਮਣ*

*ਮੈਨੂੰ*
*ਦਿੱਤੀਆਂ ਗਈਆਂ ਸਨ*
*ਬੇਹੱਦ*
*ਗਲਤ ਸੂਚਨਾਵਾਂ*
*ਤੁਹਾਡੇ ਬਾਰੇ*
*ਤੇ ਮੈਂ ਵੀ ਉਨ੍ਹਾਂ ‘ਤੇ*
*ਭਰੋਸਾ ਕਰ ਲਿਆ*
*ਅੱਖਾਂ ਬੰਦ ਕਰ ਕੇ*

*ਮੈਨੂੰ*
*ਇਹ ਵੀ ਨਹੀਂ ਸੀ ਪਤਾ*
*ਕਿ ਤੁਹਾਡੇ ‘ਤੇ*
*ਹੋਏ ਸਨ*
*ਜਾਨਲੇਵਾ ਹਮਲੇ*
*ਦੱਖਣੀ ਅਫ਼ਰੀਕਾ ‘ਚ ਵੀ*

*’ਤੇ*
*ਤੁਸੀਂ*
*ਮੁਆਫ਼ ਕਰ ਦਿੱਤਾ ਸੀ*
*ਹਮਲਾਵਰਾਂ ਨੂੰ*

*ਬਾਪੂ!*
*ਦਰਅਸਲ*
*ਹਨੇਰਾ ਤੇ ਅਗਿਆਨ*
*ਡਰਦਾ ਰਿਹਾ ਹੈ*
*ਹਮੇਸ਼ਾ ਹੀ*
*ਰੌਸ਼ਨੀ ਤੋਂ*

*ਇਸ ਕਰਕੇ*
*ਹਰ ਯੁੱਗ ‘ਚ*
*ਪੁਰਜ਼ੋਰ ਕੋਸ਼ਿਸ਼ ਕੀਤੀ*
*ਹਨੇਰੇ ਨੇ*
*ਉਜਾਲੇ ਨੂੰ ਮਾਰਨ ਦੀ*
*ਤੇ ਉਹ*
*ਨਾਕਾਮ ਰਿਹਾ*
*ਹਰ ਵਾਰ*

*ਇਸ ਵਾਰ ਵੀ*

*ਬਾਪੂ!*
*ਮੇਰੇ ਸਾਥੀ*
*ਸਚਮੁੱਚ*
*ਦੇਸ਼ਭਗਤ ਸਨ*

*ਪਰ ਉਨ੍ਹਾਂ ਨੂੰ*
*ਗ਼ਲਤ ਦੱਸਿਆ ਗਿਆ ਸੀ*
*ਦੇਸ਼ ਦਾ ਅਰਥ*
*ਜਿਸ ਤਰ੍ਹਾਂ*
*ਦੱਸਿਆ ਜਾਂਦਾ ਹੈ*
*ਜਿਹਾਦੀਆਂ ਨੂੰ*
*ਧਰਮ ਦਾ*
*ਗਲਤ ਅਰਥ*

*ਸਾਡੇ ਸਾਹਮਣੇ*
*ਇੱਕ ਸਲਤਨਤ ਰਚੀ*
*ਝੂਠ ਦੀ*
*ਸਾਨੂੰ ਰਸਤਾ*
*ਦਿਖਾਉਣ ਵਾਲਿਆਂ ਨੇ*

*ਜੋ ਲੋਕ*
*ਚਾਹੁੰਦੇ ਸੀ*
*ਬਟਵਾਰਾ ਕਰਨਾ*
*ਦੇਸ਼ ਦਾ*
*ਉਹ ਕਹਾਏ*
*ਦੇਸ਼ਭਗਤ*

*ਤੇ ਜੋ ਚਾਹੁੰਦੇ ਸਨ*
*ਦੇਸ਼ ਨੂੰ*
*ਇੱਕ ਰੱਖਣਾ*
*ਉਹ ਦੇਸ਼ਧ੍ਰੋਹੀ*

*ਜੋ ਕਾਰਨ*
*ਦੱਸੇ ਗਏ ਸੀ ਸਾਨੂੰ*
*ਤੁਹਾਡੀ ਹੱਤਿਆ ਲਈ*
*ਉਹ ਸਭ ਸਨ*
*ਬੇਬੁਨਿਆਦ*
*ਤੇ ਝੂਠੇ*

*ਇਹ ਮੈਨੂੰ*
*ਪਤਾ ਚੱਲਿਆ*
*ਬਾਅਦ ‘ਚ*
*ਕਿ ਪੂਨੇ ‘ਚ*
*25 ਜੂਨ 1934 ਨੂੰ ਵੀ*
*ਕੋਸ਼ਿਸ਼ ਕੀਤੀ ਗਈ ਸੀ*
*ਤੁਹਾਨੂੰ ਮਾਰਨ ਦੀ*
*ਬੰਬ ਸਿੱਟ ਕੇ*

*ਉਦੋਂ ਤਾਂ ਅਜਿਹੀ*
*ਕੋਈ ਵਜ੍ਹਾ ਨਹੀਂ ਸੀ*
*ਜੋ ਸਾਨੂੰ ਦੱਸੀ ਗਈ*
*ਬਾਅਦ ‘ਚ ਘੜ੍ਹ ਕੇ*

*ਬਾਪੂ!*
*ਦਰਅਸਲ*
*ਜਦ ਕੰਨਾਂ ਦੇ ਕੋਲ*
*ਝੂਠ ਬੋਲਿਆ ਜਾਵੇ*
*ਦਿਨ-ਰਾਤ ਲਗਾਤਾਰ*
*ਜੋਰ-ਸ਼ੋਰ ਨਾਲ*
*ਤਾਂ ਹਿੰਮਤ ਨਹੀਂ ਪੈਂਦੀ*
*ਸੱਚ ਪਹਿਚਾਨਣ ਦੀ*
*ਤੇ ਸੱਚ ਮੰਨ ਲਿਆ ਜਾਂਦਾ ਹੈ*
*ਝੂਠ ਨੂੰ ਹੀ*

*ਇਹੋ ਹੀ ਹੋਇਆ*
*ਸਾਡੇ ਨਾਲ ਵੀ*

*ਮੈਨੂੰ ਦੁੱਖ ਤਾਂ ਹੈ*
*ਤੁਹਾਡੀ ਹੱਤਿਆ ਦਾ*
*ਪਰੰਤੂ*
*ਉਸ ਤੋਂ ਵੀ ਵਧੇਰੇ ਦੁੱਖ*
*ਇਸ ਗੱਲ ਦਾ ਹੈ*
*ਕਿ ਜਿਨ੍ਹਾਂ ਨੇ*
*ਸਾਨੂੰ ਉਕਸਾਇਆ ਸੀ*
*ਸਾਡੇ ਉਨ੍ਹਾਂ ਪੂਜਨੀਕਾਂ ਨੇ*
*ਇੱਕ ਵਾਰ ਵੀ*
*ਨਹੀਂ ਦੇਖਿਆ ਮੇਰੇ ਵੱਲ*
*ਅਦਾਲਤ ‘ਚ*

*ਮੁਸਕਰਾ ਦਿੰਦੇ*
*ਇੱਕ ਵਾਰ ਦੇਖ ਕੇ*
*ਤਾਂ ਸ਼ੁਕਰਗੁਜ਼ਾਰ*
*ਹੋ ਜਾਂਦਾ ਮੈਂ*

*ਉਦੋਂ ਹੀ*
*ਪਤਾ ਚੱਲਿਆ ਮੈਨੂੰ*
*ਕਿ ਮੇਰਾ ਤਾਂ*
*ਇਸਤੇਮਾਲ ਕੀਤਾ ਗਿਆ*
*ਜਿਵੇਂ ਮੇਰੇ ਨਾਲ ਹੋਇਆ*
*ਪਹਿਲਾਂ ਵੀ*

*ਅੱਜ ਮੈਂ*
*ਇਸ ਲਈ*
*ਗੱਲ ਕਰਨਾ ਚਾਹੁੰਦਾ ਸੀ*
*ਤੁਹਾਡੇ ਨਾਲ*
*ਕਿ ਅੱਜ ਵੀ*
*ਘੜ੍ਹਿਆ ਜਾ ਰਿਹਾ ਹੈ*
*ਇੱਕ ਭਿਆਨਕ*
*ਤੇ ਘ੍ਰਿਣਿਤ*
*ਝੂਠ*
*ਮੇਰੇ ਨਾਂ ‘ਤੇ*

*ਮੇਰੇ ਨਾਂ ‘ਤੇ*
*ਫੈਲਾਇਆ ਜਾ ਰਿਹਾ ਹੈ*
*ਉਹੀ ਜ਼ਹਿਰ*
*ਜਿਸ ਦਾ ਹੋਇਆ ਸੀ*
*ਮੈਂ ਸ਼ਿਕਾਰ*

*ਬਾਪੂ!*
*ਬਹੁਤ ਦੁੱਖ ਹੁੰਦਾ ਹੈ*
*ਜਦ*
*ਹਜ਼ਾਰਾਂ ਸਾਲਾਂ ਦੀ*
*ਪਰੰਪਰਾ ਤੇ ਗਿਆਨ ਵਾਲਾ*
*ਮੇਰਾ ਭਾਰਤਵਰਸ਼*
*ਤਾੜੀਆਂ ਮਾਰਦਾ ਹੈ*
*ਝੂਠ ਤੇ ਪਾਖੰਡ ਦੇ ਪੱਖ ‘ਚ*
*ਅਨਪੜ੍ਹ-ਮੂਰਖਾਂ ਵਾਂਗ*

*ਅਗਿਆਨ ਤੇ ਕਰੂਰਤਾ*
*ਮੂਰਖਤਾ ਤੇ ਹਿੰਸਾ*
*ਇਸ ਕ਼ਦਰ*
*ਕਦੇ ਵੀ ਹਾਵੀ ਨਹੀਂ ਸੀ*
*ਮੇਰੇ ਦੇਸ਼ ‘ਤੇ*

*ਬਾਪੂ!*
*ਦੱਸਦਾ ਹਾਂ*
*ਇੱਕ ਹਾਸੋਹੀਣੀ ਗੱਲ*

*ਪੈਦਾ ਹੋ ਗਏ ਨੇ*
*ਅਜਿਹੇ ਅਨਪੜ੍ਹ*
*ਇਸ ਦੇਸ਼ ‘ਚ*
*ਜਿਨ੍ਹਾਂ ਨੇ*
*ਸਹੁੰ ਖਾਣ ਲਈ ਵੀ*
*ਨਹੀਂ ਛੁਹਿਆ*
*ਕਿਸੇ ਕਿਤਾਬ ਨੂੰ*
*ਫਿਰ ਵੀ ਉਹ*
*ਗਿਆਨ ਘੋਟਦੇ ਨੇ*
*ਇਤਿਹਾਸ ਧਰਮ*
*ਫ਼ਲਸਫ਼ੇ ਬਾਰੇ*

*ਤੁੱਛ ਸਹੂਲਤਾਂ*
*ਨਖਿੱਧ ਸੁਆਰਥ ਖ਼ਾਤਰ*
*ਕੱਢਕੇ ਆਪਣੀ*
*ਰੀੜ੍ਹ-ਹੱਡੀ*
*ਗੰਡੋਆ ਬਣ ਜਾਣ ਵਾਲੇ*
*ਉਂਗਲਾਂ ਉਠਾਉਂਦੇ ਨੇ*
*ਤੁਹਾਡੇ ‘ਤੇ*

*ਜੋ ਨਹੀਂ ਸੰਭਾਲ ਪਾ ਰਹੇ*
*ਆਪਣਾ ਪਰਨਾ ਵੀ*
*ਤੁਹਾਡੇ ਵਿਚਾਰਾਂ ਨੂੰ*
*ਉਹ ਦੱਸ ਰਹੇ ਨੇ ਥੋਥੇ*

*ਉਹ ਗੁੱਸੇ ਦੇ ਨਹੀਂ*
*ਤਰਸ ਦੇ ਪਾਤਰ ਨੇ*
*ਜਾਂ ਫਿਰ*
*ਪਾਤਰ ਨੇ ਮਖੌਲ ਦੇ*

*ਉਹ ਹਰ ਸਾਲ*
*ਦਾਗ਼ਦੇ ਨੇ*
*ਗੋਲੀਆਂ*
*ਤੁਹਾਡੇ ਬੁੱਤਾਂ ‘ਤੇ*

*ਮੈਂ ਜਾਣਦਾ ਹਾਂ*
*ਕਿ ਤੁਸੀਂ*
*ਨਹੀਂ ਮਰ ਸਕਦੇ*
*ਨਾ ਇਨ੍ਹਾਂ ਦੀਆਂ*
*ਗੋਲੀਆਂ ਨਾਲ*
*ਤੇ ਨਾ ਹੀ*
*ਮੇਰੀਆਂ ਗੋਲੀਆਂ ਨਾਲ*

*ਤੁਸੀਂ ਹੁਣ ਵੀ*
*ਰਹਿ ਰਹੇ ਹੋ*
*ਇਸ ਦੇਸ਼ ‘ਚ*
*ਕਿਤੇ ਨਾ ਕਿਤੇ*
*ਭਾਵੇਂ*
*ਲੁਕ ਕੇ ਹੀ ਸਹੀ*

*ਮੇਰੀ ਬੇਨਤੀ ਹੈ*
*ਹਥ ਜੋੜਕੇ ਬਾਪੂ!*

*ਤੁਸੀਂ*
*ਵਾਪਸ ਪਰਤ ਆਉ*
*ਨਹੀਂ ਤਾਂ*
*ਇਹ ਦੇਸ਼*
*ਹਮੇਸ਼ਾ ਲਈ*
*ਧਸ ਜਾਵੇਗਾ*
*ਮਾਨਸਿਕ ਗੁਲਾਮੀ ਦੀ*
*ਦਲਦਲ ‘ਚ*

*#ਹੂਬ ਨਾਥ*

ਹਿੰਦੀ ਤੋਂ ਪੰਜਾਬੀ ਰੂਪ:
*ਯਸ਼ ਪਾਲ ਵਰਗ ਚੇਤਨਾ*
(98145 35005)

Share this content:

Post Comment