Loading Now

ਕਵਿਤਾ/ਫੱਨੇਂ ਖਾਂ/ਯਸ਼ ਪਾਲ

ਕਵਿਤਾ/ਫੱਨੇਂ ਖਾਂ/ਯਸ਼ ਪਾਲ

*ਫੱਨੇਂ ਖਾਂ:6*
*ਫੰਨੇਂ ਖਾਂ ਨੂੰ*
*ਬਹੁਤ ਲਗਾਉ ਸੀ*
*ਭੇਡਾਂ ਨਾਲ*

*ਭੇਡਾਂ ਨੂੰ ਦੇਖਦੇ ਹੀ*
*ਉਸ ਅੰਦਰ*
*ਖੁਸ਼ੀ ਦਾ ਫੁਹਾਰਾ ਫੁਟਦਾ*

*ਉਹ*
*ਕਦੇ ਵੀ ਥਕਦਾ ਨਹੀਂ ਸੀ*
*ਭੇਡਾਂ ਦੀ ਤਾਰੀਫ਼ ਕਰਦਾ*

*ਭੇਡਾਂ ਦੀ ਪਿਆਰ ਭਰੀ*
*ਸਿਫ਼ਤ ਕਰਦੇ ਹੋਏ*
*ਇਕ ਵਾਰ ਉਸਨੇ*
*ਆਪਣੀ ਡਾਇਰੀ ‘ਚ*
*ਲਿਖਿਆ-*

*’ਭੇਡਾਂ*
*ਇਸ ਦੁਨੀਆਂ ‘ਚ*
*ਸਭ ਤੋਂ ਵੱਡੀ*
*ਨਿਆਮਤ ਹੈ*
*ਉੱਪਰ ਵਾਲੇ ਦੀ*

*ਕਿੰਨਾ ਆਸਾਨ ਹੈ*
*ਭੇਡਾਂ ਨੂੰ ਪਾਲਣਾ*
*ਤੇ ਕਿੰਨਾ ਆਸਾਨ ਹੈ*
*ਉਨ੍ਹਾਂ ਨੂੰ ਹੱਕਣਾ*
*ਭੇਡਾਂ ਕਦੇ*
*ਛੜ ਨਹੀਂ ਮਾਰਦੀਆਂ*
*ਉਨ੍ਹਾਂ ਦੇ ਸਿੰਗ ਨਹੀਂ ਹੁੰਦੇ*
*ਨਾ ਹੀ*
*ਤਿੱਖੇ ਵੱਡੇ ਦੰਦ ਤੇ ਨਹੁੰ*
*ਉਹ ਕਦੇ*
*ਗੁੱਸੇ ਨਹੀਂ ਹੁੰਦੀਆਂ*
*ਉਹ ਦੂਜੇ ਦੀ*
*ਦੇਖਾ-ਦੇਖੀ ਕਰਦੀਆਂ*
*ਹਮੇਸ਼ਾ ਚਲਦੀਆਂ ਨੇ*
*ਝੁੰਡ ‘ਚ*

*ਇਨਸਾਨ ਨੂੰ ਵੀ*
*ਹੋਣਾ ਚਾਹੀਦੈ*
*ਭੇਡ ਵਰਗਾ’*

*ਭੇਡਾਂ ਨਾਲ*
*ਫੱਨੇਂ ਖਾਂ ਦਾ ਲਗਾਉ*
*ਰਹਿ ਰਹਿ ਕੇ*
*ਬੇਚੈਨ ਕਰਦਾ ਉਸਨੂੰ*

*ਫਿਰ ਉਹ*
*ਨਿੱਕਲ ਪੈਂਦਾ*
*ਭੇਡਾਂ ਨੂੰ ਲੱਭਣ*
*ਚਰਾਂਦ ਵੱਲ*

*ਜਦ ਭੇਡਾਂ*
*ਚਰ ਰਹੀਆਂ ਹੁੰਦੀਆਂ*
*ਤਾਂ ਉਹ*
*ਟਿੱਬੀ ‘ਤੇ ਬੈਠਾ*
*ਤਾਕ ‘ਚ ਰਹਿੰਦਾ*

*ਜਿਉਂ ਹੀ*
*ਚੱਲਣ ਲਗਦਾ*
*ਭੇਡਾਂ ਦਾ ਵੱਗ*
*ਉਹ ਅੱਗੇ ਹੋ ਜਾਂਦਾ*
*ਸਭ ਤੋਂ ਅੱਗੇ ਚੱਲ ਰਹੀ*
*ਭੇਡ ਦੇ*

*ਤੇ ਇਹ ਦੇਖ ਕੇ*
*ਬਹੁਤ ਖੁਸ਼ ਹੁੰਦਾ*
*ਕਿ ਉਸਦੇ ਪਿੱਛੇ*
*ਚੱਲ ਰਹੀਆਂ ਨੇ*
*ਇੰਨੀਆਂ ਭੇਡਾਂ*

*ਦੁਹਰਾਉਂਦੇ-ਦੁਹਰਾਉਂਦੇ*
*ਇਸ ਤਰਕੀਬ ਨੂੰ*
*ਫੱਨੇਂ ਖਾਂ ਬਣ ਗਿਆ*
*ਭੇਡਾਂ ਦਾ ਆਗੂ*

*ਤੇ ਹੌਲੀ-ਹੌਲੀ*
*ਭੇਡਾਂ ਨੂੰ ਵੀ*
*ਆਦਤ ਪੈ ਗਈ*
*ਫੱਨੇਂ ਖਾਂ ਦੇ ਪਿੱਛੇ ਚੱਲਣ ਦੀ*

*ਚਲਦੇ ਚਲਦੇ*
*ਫੱਨੇਂ ਖਾਂ ਰੁਕ ਜਾਂਦਾ*
*ਤਾਂ ਰੁਕ ਜਾਂਦੀਆਂ*
*ਭੇਡਾਂ ਵੀ*

*ਫਿਰ ਫੱਨੇਂ ਖਾਂ*
*ਸੰਬੋਧਨ ਕਰਦਾ*
*ਉਨ੍ਹਾਂ ਨੂੰ*
*ਪੂਰੇ ਹਾਵ-ਭਾਵ ਨਾਲ*
*ਕਿੱਸੇ ਸੁਣਾਉਂਦਾ*
*ਭੇਡਾਂ ਨਾਲ ਆਪਣੇ*
*ਲਗਾਉ ਦੇ*

*ਫਿਰ*
*ਵਿਆਖਿਆ ਕਰਦਾ*
*ਭੇਡਾਂ ਦੀ ਗੌਰਵਸ਼ਾਲੀ*
*ਸਭਿਅਤਾ ਦੀ*
*ਤੇ ਮਹਾਨ ਸੰਸਕ੍ਰਿਤੀ ਦੀ*

*ਇਹ ਸਭ ਸੁਣ ਕੇ*
*ਭੇਡਾਂ ਹੋ ਜਾਂਦੀਆਂ*
*ਸਰੋਸ਼ਾਰ*
*ਅਨੋਖੇ ਗਰਵ*
*ਤੇ ਉੱਤਮਤਾ-ਬੋਧ ਨਾਲ*

*ਫੱਨੇਂ ਖਾਂ ਨੂੰ*
*ਬਹੁਤ ਸੁਆਦ ਆਉਂਦਾ*
*ਵਾਰ ਵਾਰ ਭੇਡਾਂ ਨੂੰ*
*ਸੰਬੋਧਨ ਕਰਨ ‘ਚ*

*ਪਰ*
*ਹਰ ਵਾਰ ਸੁਣਦੇ-ਸੁਣਦੇ*
*ਇੱਕੋ ਹੀ ਵਖਿਆਨ*
*ਅੱਕਣ ਲੱਗੀਆਂ ਭੇਡਾਂ*
*ਜੋ ਜ਼ਾਹਿਰ ਹੋਣ ਲੱਗੀ*
*ਉਨ੍ਹਾਂ ਦੀ ਘਟਦੀ ਤਾਦਾਦ ਤੋਂ*

*ਫਿਰ ਫੱਨੇਂ ਖਾਂ ਨੇ*
*ਜੋ ਪਹਿਚਾਨਦਾ ਸੀ*
*ਭੇਡਾਂ ਦੀ ਹਰ ਨਬਜ਼*
*ਉਂਗਲੀ ਰੱਖ ਤੀ*
*ਭੇਡਾਂ ਦੀ ਦੁਖਦੀ ਰਗ ‘ਤੇ*

*ਕਿਹਾ-*
*”ਮੈਨੂੰ ਪਤਾ ਹੈ*
*ਤੁਹਾਨੂੰ ਹਮੇਸ਼ਾ*
*ਰਹਿੰਦਾ ਹੈ*
*ਜਾਨ ਦਾ ਖ਼ਤਰਾ*
*ਹਿੰਸਕ ਪਸ਼ੂਆਂ*
*ਤੇ ਸ਼ਿਕਾਰੀਆਂ ਤੋਂ*

*ਬਚਾਅ ਲਈ*
*ਤੁਹਾਡੇ ਕੋਲ*
*ਨਾ ਤਾਂ ਸਿੰਗ ਨੇ*
*ਨਾ ਨਹੁੰਦਰਾਂ*

*ਮੈਂ ਤੁਹਾਨੂੰ ਲੈ ਚਲਾਂਗਾ*
*ਅਜਿਹੀ ਜਗ੍ਹਾ*
*ਜਿੱਥੇ*
*ਖ਼ੂਬ ਚਰਾਂਦਾ ਹੋਣ*
*ਵੱਡਾ ਸਾਰਾ ਹੋਵੇ*
*ਸਬਜ਼-ਬਾਗ਼*

*ਤੇ ਉਸਦੇ ਚਾਰੇ ਪਾਸੇ*
*ਖੁਦਵਾ ਦੇਵਾਂਗਾ*
*ਖ਼ੂਬ ਚੌੜੀ ਖਾਈ*
*ਤਾਂ ਜੋ*
*ਖ਼ਤਰਾ ਨਾ ਰਹੇ*
*ਹਿੰਸਕ ਪਸ਼ੂਆਂ ਦਾ*

*ਇਹ ਸੁਣਕੇ*
*ਭੇਡਾਂ ਦੀ ਖੁਸ਼ੀ ਦਾ*
*ਠਿਕਾਨਾ ਨਾ ਰਿਹਾ*
*ਪਰ ਇਹ ਖੁਸ਼ੀ*
*ਬਦਲਣ ਲੱਗੀ*
*ਹੌਲੀ ਹੌਲੀ*
*ਮਾਯੂਸੀ ‘ਚ*

*ਫੱਨੇਂ ਖਾਂ ਆਉਂਦਾ*
*ਤੇ ਚਲਾ ਜਾਂਦਾ*
*ਸਬਜ਼-ਬਾਗ ਦਾ*
*ਸਪਨਾ ਦੁਹਰਾਕੇ*

*ਹਕੀਕਤ ‘ਚ*
*ਹੁੰਦਾ ਕੁਸ਼ ਵੀ ਨਹੀਂ ਸੀ*

*ਫੱਨੇਂ ਖਾਂ ਸਮਝ ਗਿਆ*
*ਜਿਆਦਾ ਦਿਨ*
*ਨਹੀਂ ਚੱਲੇਗਾ*
*ਇਸ ਤਰ੍ਹਾਂ*
*ਕੁੱਝ ਕਰਨਾ ਹੋਵੇਗਾ*
*ਭੇਡਾਂ ਦਾ*
*ਭਰੋਸਾ ਜਿੱਤਣ ਲਈ*

*ਇਸ ਵਾਰ*
*ਆਉਂਦੇ ਹੀ*
*ਉਸਨੇ ਕਰ ਦਿੱਤਾ*
*ਐਲਾਨ-*

*ਸ਼ੁਰੂ ਹੋ ਗਿਆ ਹੈ*
*ਨਿਰਮਾਣ*
*ਸਬਜ਼-ਬਾਗ਼ ਦਾ*

*ਖੁਸ਼ੀ ਦੇ ਮਾਰੇ*
*ਉਛਲਣ ਲਗੀਆਂ*
*ਭੇਡਾਂ*

*ਤੇ ਫੱਨੇਂ ਖਾਂ*
*ਚਲਾ ਗਿਆ*
*ਹੱਥ ਹਿਲਾਉਂਦਾ*

*ਇਸ ਤੋਂ ਬਾਅਦ*
*ਜਦ ਆਇਆ*
*ਫੱਨੇਂ ਖਾਂ*
*ਤਾਂ ਭੇਡਾਂ ਨੇ ਸੋਚਿਆ*
*ਕਿ ਬਣ ਗਿਆ ਹੋਵੇਗਾ*
*ਸਬਜ਼-ਬਾਗ਼*
*ਹੁਣ ਅਸੀਂ-ਲੋਕ*
*ਕੂਚ ਕਰਾਂਗੇ*
*ਇੱਥੋਂ ਤੋਂ ਉੱਥੇ ਲਈ*

*ਪਰ*
*ਫੱਨੇਂ ਖਾਂ ਨੇ ਦੱਸਿਆ-*
*ਸਾਡੇ ਵਿਰੋਧੀ*
*ਅੜਿੱਕੇ ਡਾਹ ਰਹੇ ਨੇ*
*ਲਗਾਤਾਰ*
*ਉਨ੍ਹਾਂ ਨੂੰ*
*ਠਿਕਾਣੇ ਲਾਏ ਬਗ਼ੈਰ*
*ਪੂਰਾ ਨਹੀਂ ਹੋਵੇਗਾ*
*ਸਾਡਾ ਸਪਨਾ*

*ਉਦੋਂ ਤੋਂ*
*ਫੱਨੇਂ ਖਾਂ*
*ਜੁੱਟਿਆ ਹੋਇਆ ਹੈ*
*ਲਗਾਤਾਰ*

*ਤੇ ਭੇਡਾਂ*
*ਕਰ ਰਹੀਆਂ ਨੇ*
*ਇੰਤਜ਼ਾਰ*

*ਕਦ ਹੋਵੇਗਾ*
*ਸਬਜ਼ਬਾਗ਼ ਦਾ ਸਪਨਾ*
*ਸਾਕਾਰ*

*ਫੱਨੇਂ ਖਾਂ:7*
………..

*ਫੱਨੇਂ ਖਾਂ ਨੂੰ*
*ਇੱਕ ਦੂਜੇ ਤੋਂ ਉੱਤੋਂ ਦੀ*
*ਖ਼ਿਆਲ ਆਉਂਦੇ ਸਨ*
*ਗ਼ਜ਼ਬ ਦੇ*

*ਤੇ ਜਦ ਵੀ*
*ਇਉਂ ਹੁੰਦਾ*
*ਉਹ ਬੈਠ ਜਾਂਦਾ*
*ਪੁਲਾਉ ਬਣਾਉਣ*

*ਸਾਰੇ ਘਰ ‘ਚ ਹੀ ਨਹੀਂ*
*ਘਰ ਦੇ ਬਾਹਰ ਵੀ*
*ਖੁਸ਼ਬੂ ਫੈਲਣ ਲਗਦੀ*
*ਪੁਲਾਉ ਦੀ*

*ਫੱਨੇਂ ਖਾਂ ਦੇ*
*ਪਾਲਤੂ ਕੁੱਤੇ*
*ਚਿਉਂ-ਚਿਉੰ ਕਰਦੇ*
*ਘੁੰਮਦੇ ਰਹਿੰਦੇ*
*ਬਰਾਂਡੇ ‘ਚ*

*ਭੁੱਖ ਭੜਕ ਜਾਂਦੀ*
*ਗਲੀ ‘ਚੋਂ ਲੰਘ ਰਹੇ*
*ਰਾਹਗੀਰਾਂ ਦੀ ਵੀ*

*ਕੁਸ਼ ਹੀ ਪਲਾਂ ‘ਚ*
*ਖ਼ਬਰ ਫੈਲ ਜਾਂਦੀ*
*ਪੂਰੇ ਮੁਹੱਲੇ ‘ਚ*
*ਕਿ ਪੁਲਾਉ ਬਣ ਰਿਹੈ*
*ਫੱਨੇਂ ਖਾਂ ਦੇ ਘਰੇ*

*ਲਗਦੈ*
*ਫਿਰ ਕੋਈ*
*ਖ਼ਿਆਲ ਆਇਆ ਹੈ*
*ਗ਼ਜ਼ਬ ਦਾ*

*ਪਰ ਇਹ*
*ਹਰ ਕਿਸੇ ਦੀ*
*ਸਮਝ ਤੋਂ ਪਰ੍ਹੇ ਸੀ*
*ਕਿ*
*ਕੀ ਚੱਲ ਰਿਹੈ*
*ਫੱਨੇਂ ਖਾਂ ਦੇ ਦਿਮਾਗ਼ ‘ਚ*

*ਜਦ ਪੁਲਾਉ ਪੱਕ ਜਾਂਦਾ*
*ਤਾਂ ਫੱਨੇਂ ਖਾਂ*
*ਨੌਕਰ ਦੇ ਹੱਥ*
*ਭਿਜਵਾ ਦਿੰਦਾ*
*ਥੋੜ੍ਹਾ-ਥੋੜ੍ਹਾ ਪੁਲਾਉ*
*ਗੁਆਂਢੀਆਂ ਨੂੰ ਵੀ*

*ਜਦ ਉਨ੍ਹਾਂ ‘ਚੋਂ*
*ਕੋਈ ਮਿਲਦਾ*
*ਤਾਂ ਫੱਨੇਂ ਖਾਂ ਪੁਛਦਾ-*
*ਕਿਉਂ ਬਈ*
*ਪੁਲਾਉ ਕਿਵੇਂ ਲੱਗਿਆ?*

*ਜੁਆਬ ਮਿਲਦਾ-*
*ਪੁਲਾਉ ਤਾਂ*
*ਹੈ ਈ ਨਹੀਂ ਸੀ*
*ਪਲੇਟ ‘ਚ*
*ਕੱਲੀ ਪਲੇਟ ਹੀ ਸੀ*

*ਫੱਨੇਂ ਖਾਂ*
*ਮੁਸਕਰਾਕੇ ਆਖਦਾ-*
*ਖੁਸ਼ਬੂ ਤਾਂ ਹੈ ਸੀ ਨਾ!*

*ਇੱਕ ਦਿਨ*
*ਫੱਨੇਂ ਖਾਂ ਨੂੰ*
*ਇੱਕ ਹੋਰ*
*ਖ਼ਿਆਲ ਆਇਆ*
*ਗ਼ਜ਼ਬ ਦਾ*
*ਕਿ ਕਿਉਂ ਨਾ*
*ਪੁਲਾਉ ਦਾ ਰੁੱਖ ਹੀ*
*ਲਾ ਦਿੱਤਾ ਜਾਏ*

*ਤਾਂ ਜੋ*
*ਹਰ ਵਕ਼ਤ ਫੈਲਦੀ ਰਹੇ*
*ਉਸਦੀ ਖੁਸ਼ਬੂ*

*ਫਿਰ ਉਸਨੇ*
*ਉਵੇਂ ਹੀ ਕੀਤਾ*
*ਰੁੱਖ ਲਾ ਦਿੱਤਾ*
*ਪੁਲਾਉ ਦਾ*
*ਤੇ ਸੋਸ਼ਿਲ ਮੀਡੀਆ ‘ਤੇ*
*ਜਾਰੀ ਕਰ ਦਿੱਤੀ*
*ਉਸਦੀ ਫੋਟੋ ਵੀ*

*ਫੱਨੇਂ ਖਾਂ:8*
……….

*ਫੱਨੇਂ ਖਾਂ ਅਕਸਰ*
*ਪਹੁੰਚ ਜਾਂਦਾ*
*ਇੱਕ ਖਾਸ ਤਰ੍ਹਾਂ ਦੇ*
*ਖ਼ੁਆਬ ‘ਚ*

*ਉੱਥੇ ਉਹ*
*ਇਲਮ ਵੰਡਣਾ*
*ਸ਼ੁਰੂ ਕਰ ਦਿੰਦਾ*
*ਸਾਰੀ ਦੁਨੀਆਂ ਨੂੰ*

*ਕਦੇ ਉਹ*
*ਦੱਸ ਰਿਹਾ ਹੁੰਦਾ*
*ਵਿਗਿਆਨੀਆਂ ਨੂੰ*
*’ਕਲਾਈਮੇਟ ਚੇਂਜ’ ਬਾਰੇ*

*ਤੇ ਕਦੇ*
*ਇਤਿਹਾਸਕਾਰਾਂ ਨੂੰ*
*ਤਕਸ਼ਿਲਾ ਬਾਰੇ*

*ਕਦੇ ਉਹ*
*ਦੱਸ ਰਿਹਾ ਹੁੰਦਾ*
*ਡਾਕਟਰਾਂ ਦੀ ਸਭਾ ‘ਚ*
*ਕਿ ਕਿਵੇਂ*
*ਵਿਕਾਸ ਹੋਇਆ*
*’ਪਲਾਸਟਿੱਕ ਸਰਜਰੀ’ ਦਾ*

*ਤੇ ਕਦੇ*
*ਸਮਝਾ ਰਿਹਾ ਹੁੰਦਾ*
*ਸਿੱਖਿਆ ਸ਼ਾਸਤਰੀਆਂ ਨੂੰ*
*ਸਿੱਖਿਆ ਦੀਆਂ ਵਿਧੀਆਂ*

*ਤੇ ਕਦੇ*
*ਪ੍ਰੀਖਿਆਰਥੀਆਂ ਨੂੰ*
*ਪ੍ਰੀਖਿਆ ਦੇ ਗੁਰ*

*ਪਰ ਬੱਚੇ*
*ਵੱਡਿਆਂ ਵਾਂਗ*
*ਕਾਬੂ ‘ਚ ਨਹੀਂ ਰੱਖ ਸਕਦੇ*
*ਆਪਣੀ ਜਿਗਿਆਸਾ*
*ਇੱਕ ਬੱਚਾ*
*ਪੁੱਛ ਬੈਠਾ*
*’ਸਰ’ ਤੁਸੀਂ*
*ਪੜ੍ਹਾਈ ਕਿੱਥੋਂ ਤੱਕ ਕੀਤੀ ਹੈ?*

*ਇਹ ਸੁਣਦੇ ਹੀ*
*ਫੱਨੇਂ ਖਾਂ*
*ਉੱਥੋਂ ਨਿੱਕਲ ਗਿਆ*
*ਬੁੜਬੁੜਾਉਂਦਾ ਹੋਇਆ*
*ਫਿਰ ਨਜ਼ਰ ਨਹੀਂ ਆਇਆ*

*ਇੱਕ ਬੱਚੇ ਦੇ*
*ਸੁਆਲ ਨੇ*
*ਉਸਨੂੰ*
*ਇੰਨਾ ਡਰਾਇਆ*
*ਕਿ ਕੁਸ਼ ਦਿਨ ਉਸਨੂੰ*
*ਕੋਈ ਖ਼ੁਆਬ ਨਹੀਂ ਆਇਆ*

*ਪਰ*
*ਇਲਮ ਵੰਡਣ ਦੀ ਇੱਛਾ*
*ਉਸਨੂੰ ਫਿਰ*
*ਪਰੇਸ਼ਾਨ ਕਰਨ ਲੱਗੀ*
*ਤੇ ਉਹ ਫਿਰ*
*ਪਹੁੰਚ ਗਿਆ ਖ਼ੁਆਬ ‘ਚ*

*ਪਰ ਇਸ ਵਾਰ*
*ਸਰੋਤਿਆਂ ਨੂੰ*
*ਸੰਬੋਧਨ ਕਰਨ ਤੋਂ ਪਹਿਲਾਂ*
*ਉਸਨੇ ਟੰਗ ਦਿੱਤਾ*
*’ਬੈਨਰ’-*
*ਸੁਆਲ ਪੁੱਛਣਾ ਮਨ੍ਹਾ ਹੈ*

*ਫੱਨੇਂ ਖਾਂ:9*
……….

*ਫੱਨੇਂ ਖਾਂ*
*ਜਦ ਵੀ*
*ਨਵਾਂ ਕੁੜਤਾ ਸਵਾਉਂਦਾ*
*ਨਾਪ ਦੇਣ ਤੋਂ ਬਾਅਦ*
*ਦਰਜੀ ਨੂੰ ਕਹਿੰਦਾ-*
*ਜ਼ਰਾ ਵੱਡਾ ਰੱਖਣਾ*
*ਕੁੜਤੇ ਦਾ ਸੀਨਾ*

*ਹੈਰਾਨ ਹੋ ਜਾਂਦਾ*
*ਦਰਜੀ*

*ਨਾਪ ਦਾ*
*ਖ਼ਿਆਲ ਰੱਖਣ ਦੀ ਥਾਂ*
*ਇਉਂ ਕਿਉਂ ਚਾਹੁੰਦਾ ਹੈ*
*ਫੱਨੇਂ ਖਾਂ*

*ਪਰ ਉਸਨੂੰ*
*ਮੰਨਣੀ ਹੀ ਪੈਂਦੀ*
*ਗਾਹਕ ਦੀ ਇੱਛਾ*

*ਨਵਾਂ ਕੁੜਤਾ ਪਹਿਨੇ*
*ਜਦ ਵੀ*
*ਫੱਨੇਂ ਖਾਂ ਦਿਸ ਜਾਂਦਾ*
*ਦੁਵਿਧਾ ‘ਚ ਪੈ ਜਾਂਦਾ*
*ਦਰਜੀ*

*ਕੁੜਤਾ ਬਿਲਕੁਲ*
*ਫਿੱਟ ਆਇਆ ਹੈ*
*ਇੰਨੇ ਚੌੜੇ ਸੀਨੇ ਦਾ*
*ਕੁੜਤਾ*
*ਪਰ ਭੋਰਾ ਵੀ ਕਿਤੇ*
*ਝੋਲ ਨਹੀਂ*

*ਫੱਨੇਂ ਖਾਂ*
*ਜਿੱਥੇ ਵੀ ਹਾਜ਼ਿਰ ਹੁੰਦਾ*
*ਚਾਹੇ ਕਿਸੇ ਸੜਕ ‘ਤੇ*
*ਜਾਂ ਬਾਜ਼ਾਰ ‘ਚ*
*ਜਾਂ ਦੋਸਤਾਂ ਦੀ*
*ਮਹਿਫ਼ਲ ‘ਚ*
*ਜਾਂ ਕਿਸੇ*
*ਮਜਲਿਸ ‘ਚ*
*ਜਾਂ ਜਲਸੇ ‘ਚ*

*ਲੋਕਾਂ ਦਾ ਧਿਆਨ*
*ਜ਼ਰੂਰ ਉਸਦੇ*
*ਬੇਹੱਦ ਚੌੜੇ*
*ਸੀਨੇ ਵੱਲ ਜਾਂਦਾ*

*ਬਹੁਤ ਸਾਰੇ ਲੋਕ*
*ਬੱਸ ਇਸ ਲਈ*
*ਮੁਰੀਦ ਹੋ ਗਏ ਸਨ*
*ਉਸਦੇ*
*ਕਿ ਫੱਨੇਂ ਖਾਂ ਦੇ*
*ਬਰਾਬਰ ਦਾ ਸੀਨਾ*
*ਕਿਸੇ ਹੋਰ ਦਾ ਨਹੀਂ ਸੀ*

*ਪਰ ਇੱਕ ਦਿਨ*
*ਹੋਇਆ ਇਹ*
*ਕਿ ਫੱਨੇਂ ਖਾਂ ਦੇ*
*ਇੱਕ ਜਿਗਰੀ ਦੋਸਤ ਨੇ*
*ਪਤਾ ਨਹੀਂ ਕੀ ਸੋਚਕੇ*
*ਜਾਂ ਪਤਾ ਨਹੀ*
*ਕਿਸ ਆਵੇਸ਼ ‘ਚ ਆਕੇ*
*ਸ਼ਰੇਆਮ*
*ਜੋਰ ਨਾਲ ਫੱਨੇਂ ਖਾਂ ਨੂੰ*
*ਆਪਣੇ ਸੀਨੇ ਨਾਲ ਲਾ ਲਿਆ*

*ਫੱਨੇਂ ਖਾਂ ਦੇ*
*ਗੁਬਾਰੇ ਫਟ ਗਏ*
*ਤੇ ਇਸਦੇ ਨਾਲ ਹੀ*
*ਪਿਚਕ ਗਿਆ*
*ਉਸਦਾ ਸੀਨਾ ਵੀ*
*ਤੇ ਉਸੇ ਦਿਨ ਤੋਂ*
*ਉਹ ਦੋਸਤ*
*ਦੋਸਤ ਨਾ ਰਿਹਾ*

*ਫੱਨੇਂ ਖਾਂ:10*
…………

*ਫੱਨੇਂ ਖਾਂ ਦੇ*
*ਸੀਨੇ ਦੀ ਤਰ੍ਹਾਂ*
*ਫੱਨੇਂ ਖਾਂ ਦਾ*
*ਝੋਲਾ ਵੀ*
*ਬਣ ਗਿਆ ਸੀ*
*ਫੱਨੇਂ ਖਾਂ ਦਾ*
*ਇੱਕ ਪ੍ਰਤੀਕ*

*ਫੱਨੇਂ ਖਾਂ ਦੇ*
*ਝੋਲੇ ‘ਚ ਕੀ ਹੈ*
*ਇਸ ਨੂੰ ਲੈਕੇ*
*ਸ਼ੁਰੂ ਸ਼ੁਰੂ ‘ਚ*
*ਅਲੱਗ ਅਲੱਗ*
*ਕਿਆਸ ਸਨ*
*ਲੋਕਾਂ ਦੇ*

*ਕੁਸ਼ ਲੋਕ ਸੋਚਦੇ*
*ਕਿਤਾਬਾਂ ਹੋਣਗੀਆਂ*
*ਝੋਲੇ ‘ਚ*
*ਇਸ ਤੋਂ ਇਲਾਵਾ*
*ਡਾਇਰੀ ਨੋਟ ਬੁੱਕ*
*ਪੈਨ ਵਗੈਰਾ*

*ਕੁਸ਼ ਲੋਕ ਸੋਚਦੇ*
*ਖਾਣ-ਪੀਣ ਦੀਆਂ*
*ਚੀਜ਼ਾਂ ਹੋਣਗੀਆਂ*

*ਪਰ ਦੂਰ ਹੋ ਗਈ*
*ਸਾਰੀ ਗਲਤ ਫ਼ਹਿਮੀ*
*ਜਦ ਫੱਨੇਂ ਖਾਂ ਨੇ*
*ਕੱਢ ਕੇ ਆਪਣੇ ਝੋਲੇ ‘ਚੋਂ*
*ਵੰਡਨੀਆਂ ਸ਼ੁਰੂ ਕੀਤੀਆਂ*
*ਪੁੜੀਆਂ*

*ਹਰ ਮਰਜ਼ ਦੀ*
*ਇੱਕ ਦਵਾ*
*ਫੱਨੇਂ ਖਾਂ ਦੀ ਪੁੜੀ*
*ਬੱਚੇ ਬੁੱਢੇ ਜਵਾਨ*
*ਮਰਦ ਔਰਤ*
*ਸਭਨਾਂ ਲਈ*
*ਮੁਫ਼ਤ ਤੇ ਮੁਫ਼ੀਦ*

*ਬੰਦਾ ਕਿੰਨਾ ਵੀ*
*ਕਮਜ਼ੋਰ ਹੋਵੇ*
*ਫੱਨੇਂ ਖਾਂ ਦੀ*
*ਪੁੜੀ ਖਾਂਦੇ ਹੀ*
*ਮਹਿਸੂਸ ਕਰਦਾ*
*ਆਪਣੇ ਆਪ ਨੂੰ*
*ਬੇਹੱਦ ਤਾਕਤਵਰ*

*ਉਸਨੂੰ*
*ਬੜੀ ਤਲਬ ਲਗਦੀ*
*ਜੋਰ ਅਜਮਾਇਸ਼ ਦੀ*

*ਉਸਦੇ ਦਿਮਾਗ਼ ‘ਚ*
*ਘਰ ਕਰ ਜਾਂਦੀ*
*ਹਰ ਚੀਜ਼ ‘ਤੇ*
*ਸ਼ੰਕਾ*
*ਹਰ ਕਿਸੇ ਨਾਲ*
*ਆਸ਼ੰਕਾ*

*ਫਿਰ ਉਹ*
*ਸਲੂਕ ਕਰਨ ਲਗਦਾ*
*ਇੱਕ ਜਾਸੂਸ ਵਾਂਗ*
*ਉਸੇ ਨੂੰ*
*ਸਮਝਣ ਲੱਗ ਜਾਂਦਾ*
*ਪਰਾਇਆ*
*ਜਿਸ ਨਾਲ*
*ਉਠਦਾ-ਬੈਠਦਾ*
*ਤੇ ਜਿਸ ਨਾਲ*
*ਕਰਦਾ ਰਿਹਾ*
*ਦੁੱਖ-ਸੁੱਖ ਸਾਂਝਾ*

*ਉਸਨੂੰ*
*ਘੁਸਪੈਠੀਆ*
*ਨਜ਼ਰ ਆਉਂਦਾ*
*ਪੁਸ਼ਤਾਂ ਤੋਂ*
*ਗੁਆਂਢੀ ਪਰਿਵਾਰ*

*ਪੁੜੀ ਦਾ*
*ਸਭ ਤੋਂ ਵੱਡਾ ਕਮਾਲ*
*ਇਹ ਸੀ*
*ਕਿ ਬੰਦਾ ਹੋਵੇ ਭਾਵੇਂ*
*ਕਿੰਨਾ ਵੀ ਉਦਾਸ*
*ਕਿੰਨੀ ਵੀ ਤਕ਼ਲੀਫ ‘ਚ*
*ਕਿੰਨੀ ਵੀ ਪੀੜਾ ‘ਚ*
*ਸਬ ਕੁਸ਼ ਭੁੱਲ ਜਾਂਦਾ*

*ਉਸਨੂੰ*
*ਨਾ ਤੰਗ ਕਰਦੀ*
*ਵਰਤਮਾਨ ਦੀ*
*ਕੋਈ ਸਮੱਸਿਆ*
*ਨਾ ਚਿੰਤਾ*
*ਭਵਿੱਖ ਦੀ*

*ਉਹ ਜੁੱਟ ਜਾਂਦਾ*
*ਅਤੀਤ ਨੂੰ*
*ਚਮਕਾਉਣ*
*ਤੇ ਇਤਿਹਾਸ ਨੂੰ*
*ਮਿਟਾਉਣ*

*ਉਸਨੂੰ*
*ਦੂਰ-ਦੁਰਾਡੇ ਤੋਂ ਆਉਂਦੀ*
*ਸੁਣਾਈ ਦਿੰਦੀ*
*ਡੰਕਾ ਵੱਜਣ ਦੀ ਆਵਾਜ਼*
*ਤੇ ਉਹ ਨੱਚਣ ਲਗਦਾ*
*ਖੁਸ਼ੀ ਨਾਲ ਖੀਵਾ ਹੋ ਕੇ*

*ਹਵਾਈ ਚੱਪਲ ਪਾਏ*
*ਰਾਸ਼ਨ ਦੀ ਲਾਈਨ’ਚ ਖੜ੍ਹੇ*
*ਬੰਦੇ ਨੂੰ ਲਗਦਾ*
*ਉਹ ਖੜ੍ਹਾ ਹੈ*
*ਹਵਾਈ ਜਹਾਜ਼ ‘ਚ*
*ਬੈਠਣ ਜਾ ਰਹੇ*
*ਮੁਸਾਫ਼ਿਰਾਂ ਦੀ*
*ਕਤਾਰ ‘ਚ*

*ਪੁੜੀ ਦੀ ਮਹਿਮਾ*
*ਵਧਦੀ ਗਈ*
*ਇਸ ਤਰ੍ਹਾਂ ਦੇ*
*ਚਮਤਕਾਰੀ ਅਸਰ ਕਰਕੇ*

*ਤੇ ਖੜ੍ਹੀ ਹੋ ਗਈ*
*ਇੱਕ ਫ਼ੌਜ*
*ਪ੍ਰਚਾਰਕਾਂ ਦੀ*
*ਜੋ ਘੁੰਮਦੇ ਰਹਿੰਦੇ*
*ਇਹ ਚਿਲਾਉਂਦੇ-*

*ਹਰ ਮਰਜ਼ ਦੀ*
*ਇਕੋ ਦਵਾ*
*ਹਾਂ ਹਰ ਮਰਜ਼ ਦੀ*
*ਇੱਕੋ ਦਵਾ*
*ਫੱਨੇਂ ਖਾਂ ਦੀ ਪੁੜੀ*
*ਲੈ ਲਉ ਪੁੜੀ*
*ਫੱਨੇਂ ਖਾਂ ਦੀ*

*ਜਾਣਕਾਰਾਂ ਦਾ*
*ਕਹਿਣਾ ਸੀ*
*ਇਹ ਪੁੜੀ*
*ਹੋਰ ਕੁਸ਼ ਨਹੀਂ*

*ਇੱਕ ਨਸ਼ੀਲਾ*
*ਪਦਾਰਥ ਹੈ*
*ਅਜੀਬ ਕਿਸਮ ਦਾ*
*ਕੀ ਕੀ*
*ਮਿਲਾਇਆ ਗਿਆ ਹੈ*
*ਇਸ ‘ਚ*
*ਇਹ ਹੋਣੀ ਚਾਹੀਦੀ ਹੈ*
*ਪੜਤਾਲ*

*ਚੌਕਸ ਕਰਨਾ ਚਾਹੀਦੈ*
*ਲੋਕਾਂ ਨੂੰ*
*ਇਸਦੇ ਘਾਤਕ*
*ਸਿੱਟਿਆਂ ਤੋਂ*

*ਕੁੱਝ ਲੋਕ*
*ਮੰਗ ਵੀ ਕਰਦੇ ਸਨ*
*ਇਸ ਦੇ ਵੰਡਣ ‘ਤੇ*
*ਰੋਕ ਲਾਉਣ ਦੀ*

*ਪਰ*
*ਸਿੱਟੇ ਕਿੰਨੇ ਵੀ*
*ਭਿਆਨਕ ਹੋਣ*

*ਫੱਨੇਂ ਖਾਂ ਨੂੰ*
*ਕੀ ਐ ?*
*ਉਹ ਤਾਂ*
*ਫਕੀਰ ਆਦਮੀ ਹੈ*
*ਝੋਲਾ ਉਠਾ ਕੇ*
*ਚੱਲ ਪਏਗਾ*
******

*#ਰਾਜੇਂਦਰ ਰਾਜਨ*

ਹਿੰਦੀ ਤੋਂ ਪੰਜਾਬੀ ਰੂਪ:
*ਯਸ਼ ਪਾਲ ਵਰਗ ਚੇਤਨਾ*
(98145 35005)

Share this content:

Post Comment