ਕਵਿਤਾ/ਦੇਵਿੰਦਰ ਸਿੰਘ ਜੌਹਲ
ਕੱਚ ਦੇ ਰੁਮਾਲ ਸਾਰੇ
ਛੱਡ ਦੇ ਸੁਆਲ ਸਾਰੇ
ਵਖਰੇ ਖਿਆਲ ਸਾਰੇ
ਏਥੇ ਕਿਹੜਾ ਸੱਚ ਦਾ
ਸੁਰਾਗ ਕੋਈ ਲੱਭਣਾ
ਸੱਥ ਦੇ ਵਿਚਾਲੇ ਰੋਜ਼
ਟੇਢੀ ਖੀਰ ਪੱਕਦੀ
ਉੱਤੋ਼ ਲੈ ਕੇ ਥੱਲੇ ਤਕ
ਸ਼ਹਿ ਹੁੰਦੀ ਲੱਖ ਦੀ
ਵਗਦੀ ਏ ਪੌਣ ਇਉਂ
ਕਰੂੰਬਲਾਂ ਨੂੰ ਪੱਛਦੀ
ਕੌਣ ਕਿਹਨੂੰ ਪੁੱਛਦਾ
ਨਾ ਧੁੱਪ ਸੱਚ ਦੱਸਦੀ
ਕੂੜ ਦੇ ਭਿਆਲ ਸਾਰੇ
ਫਾਲਤੂ ਬਵਾਲ ਸਾਰੇ
ਕਿਹਨੇ ਐਵੇਂ ਕੱਚ ਦਾ
ਗੁਲਾਬ ਚੱਬਣਾ
ਛੱਡ ਦੇ ਸੁਆਲ ਸਾਰੇ
ਵਖਰੇ ਖਿਆਲ ਸਾਰੇ
ਏਥੇ ਕਿਹੜਾ ਸੱਚ ਦਾ
ਸੁਰਾਗ ਕੋਈ ਲੱਭਣਾ
ਬੋਲਣਾ ਬੁਲਾਉਂਣਾ ਕਿਹਨੇ
ਭੱਠ ਪਏ ਚੰਬਿਆਂ ਨੂੰ
ਰੋਕਣਾ ਰੁਕਾਉਂਣਾ ਕਿਹਨੇ
ਆਮੁਹਾਰ ਰੰਬਿਆਂ ਨੂੰ
ਸੇਧ ‘ਚ ਲਿਆਉਣਾ ਕਿਹਨੇ
ਮੂਲ ਚੂਲ ਦੰਗਿਆਂ ਨੂੰ
ਦਮਾਂ ਤੇ ਟਿਕਾ ਲੈ ਥੋੜਾ
ਤਨੋ ਮਨੋ ਹੰਭਿਆਂ ਨੂੰ
ਜਿਹੜੇ ਬੇਮਿਸਾਲ ਸਾਰੇ
ਹਾਲ ਤੋਂ ਬੇਹਾਲ ਸਾਰੇ
ਐਂਵੇਂ ਨਈਓਂ ਅੱਡੀਆਂ ਨੇ
ਤਾਲ ਚੱਕਣਾ
ਛੱਡ ਦੇ ਸੁਆਲ ਸਾਰੇ
ਵਖਰੇ ਖਿਆਲ ਸਾਰੇ
ਏਥੇ ਕਿਹੜਾ ਸੱਚ ਦਾ
ਸੁਰਾਗ ਕੋਈ ਲੱਭਣਾ

ਦੇਵਿੰਦਰ ਸਿੰਘ ਜੌਹਲ
Share this content:



Post Comment