Loading Now

ਕਵਿਤਾ/ਦੇਸ਼ ਪੰਜਾਬ/ਦਲਜੀਤ ਸਿੰਘ ਕਾਹਲੋਂ

ਕਵਿਤਾ/ਦੇਸ਼ ਪੰਜਾਬ/ਦਲਜੀਤ ਸਿੰਘ ਕਾਹਲੋਂ

ਤੜਕਸਾਰ ਚਾਚੇ ਸੁਪਨਾ ਆਇਆ ।

ਉੱਭੜਵਾਹਾ ਉੱਠਿਆ ਪਜਾਮਾ ਪਾਇਆ ॥

ਨਹਾ ਧੋ ਕੇ ਸੀ ਕੁੜਤਾ ਪਾਇਆ ।

ਲਾਇਆ ਚੌਂਕੜਾ ਤੇ ਨਾਮ ਧਿਆਇਆ ॥

ਪਿੰਨੀ ਖਾਹ , ਲਾਈ ਚਾਹ ਦੀ ਚੁਸਕੀ ।

ਖਾਂਦਿਆਂ ਸਾਰ ਜਿਵੇਂ ਆ ਗਈ ਫੁਰਤੀ ॥

ਚੱਕਿਆ ਸਾਈਕਲ ਖੋਲ੍ਹ ਕੇ ਬੂਹੇ ।

ਮਾਰੀ ਫੁਰਤੀ ਤੇ ਤੁਰ ਪਿਆ ਖੂਹੇ ॥

ਬੰਨਿਆ ਗੇੜਾ ਤੇ ਫਿਰਨੀ ਪਾਤਾ ।

ਹਵਾ ਨਾਲ ਗੱਲਾਂ ਕਰਨੇ ਲਾਤਾ ॥

ਲਾਇਆ ਸਟੈਂਡ , ਜਾ ਖੂਹ ਤੇ ਖੜਿਆ ।

ਕੱਢੀ ਡਾਇਰੀ ਤੇ ਪੈਨ ਹੱਥ ਫੜਿਆ ॥

ਜਾਂਦਾ ਈ ਚਾਚਾ ਮੌਣ ਤੇ ਬਹਿ ਗਿਆ ।

ਦਿਨ ਢਲਦੇ ਤੱਕ ਓਥੇ ਈ ਰਹਿ ਗਿਆ ॥

ਲਿਖ ਲਿਖ ਪੇਪਰ ਭਰਦਾ ਜਾਵੇ ।

ਦਿਲ ਦੀਆਂ ਗੱਲਾਂ ਕਰਦਾ ਜਾਵੇ ॥

ਜੁੜ ਗਿਆ ਵਤਨ ਦੀ ਮਿੱਟੀ ਨਾਲ ।

ਕਲਮ ਚੱਲੀ ਬਈ ਵਾਹ ਕਮਾਲ ॥

ਦੇਸ਼ ਪੁਰਾਣਾ ਯਾਦ ਆ ਗਿਆ ।

ਅੱਖਾਂ ਅੱਗੇ ਹਨੇਰ ਛਾ ਗਿਆ ॥

ਲਿਖਦਿਆਂ ਪੈੱਨ ਸੀ ਐਸਾ ਅੜਿੱਆ ।

ਉਹੀ ਪੁਰਾਣੇ “ ਪੰਜਾਬ “ ਜਾ ਵੜਿਆ ॥

ਮਹਾਰਾਜੇ ਦੀ ਯਾਦ ਕੀ ਆਈ ।

ਪਲਾਂ ਦੇ ਵਿੱਚ ਤਹਿਰੀਖ ਦੁਹਰਾਈ ॥

ਮਹਾਰਾਜਾ ਰਣਜੀਤ ਸੀ ਕਹਿੰਦੇ ।

ਸੁਣ ਕਿੱਸੇ ਉਹਦੇ ਹਾਉਕੇ ਲੈਂਦੇ ॥

ਚਾਚਾ ਉਹਨੂੰ ਮਿੱਸ ਪਿਆ ਕਰਦਾ ।

ਠੰਡੀਆਂ ਠੰਡੀਆਂ ਆਹਾਂ ਭਰਦਾ ॥

ਉਹ ਸੱਭਨਾਂ ਦੇ ਸਿਰ ਦਾ ਤਾਜ ।

ਕਿੰਨਾ ਚੰਗਾ ਸੀ ਉਸਦਾ ਰਾਜ ॥

ਲੋਕ ਹਿੱਤਾਂ ਦੇ ਉਹਦੇ ਕਾਜ ।

ਪਬਲਿਕ ਕਰਦੀ ਹੁਣ ਤੱਕ ਯਾਦ ॥

ਪਰਜਾ ਕਹਿੰਦੇ ਸੁਖੀ ਸੀ ਬਾਹਲੀ ।

ਧੀਮੀ ਜਿੰਦਗੀ ਕੋਈ ਨਾ ਕਾਹਲੀ ॥

ਸੁਨਿਹਰੀ ਅੱਖਰਾਂ ਚਿ ਅੱਜ ਤੱਕ ਪੜ੍ਹਦੇ ।

ਸਿੱਖ ਸਾਮਰਾਜ “ ਦੇ ਝੰਡੇ ਚੜ੍ਹਦੇ ॥

ਮਨਹੂਸ ਘੜੀ ਅੰਤ ਐਸੀ ਆਈ ।

ਸਾਰੀ ਖਲਕਤ ਸੋਚੀਂ ਪਾਈ ॥

ਗੋਰਿਆਂ ਦਾ ਝੁੰਡ ਐਸਾ ਆਇਆ ।

ਦੇਸ਼ ਮੇਰੇ ਨੂੰ ਲਾਂਬੂ ਲਾਇਆ ॥

ਐਸੇ ਪਹੁੰਚੇ ਵਿੱਚ ਮੁਕਾਮ ।

ਰਾਜ ਕਰੇਂਦੇ ਹੋਏ ਗੁਲਾਮ ॥

ਗੁਲਾਮੀ ਦੀਆਂ ਆਖਿਰ ਜੰਜੀਰਾਂ ਵੱਢੀਆਂ ।

ਗੋਰੇ – ਗੋਰੀਆਂ ਦੇਸ਼ੋਂ ਕੱਢੀਆਂ ॥

ਜਾਂਦੇ ਜਾਂਦੇ ਐਸਾ ਭੜਥੂ ਪਾ ਗਏ ।

ਦੋ ਹਿਸਿਆਂ ਵਿੱਚ ਦੇਸ਼ ਵੰਡਾ ਗਏ ॥

ਮਨਹੂਸ ਸੰਨ ਸੰਤਾਲੀ ਆਇਆ ।

ਪੰਜਾਬ ਮੇਰੇ ਨੂੰ ਲਾਂਬੂ ਲਾਇਆ ॥

ਲੋਕਾਂ ਭਾਣੇ ਅਜ਼ਾਦੀ ਆਈ ।

ਸਾਡੇ ਹਿੱਸੇ ਬਰਬਾਦੀ ਆਈ ॥

ਵੰਡਿਆ ਗਿਆ ਸਾਡਾ ਦੇਸ਼ ਪੰਜਾਬ ।

ਭਾਰਤ ਦਾ ਕੁੱਝ ਨਾ ਹੋਇਆ ਖਰਾਬ ॥

ਦੋ ਭਾਈਆਂ ਵਿੱਚ ਵੰਡੀਆਂ ਪਈਆਂ ।

ਵੱਖਰੇ ਰਾਹ ਤੇ ਵੱਖ ਡੰਡੀਆਂ ਪਈਆਂ ॥

ਬਹੁਤਾ ਈ ਵੱਢ-ਵਢਾਂਗਾ ਹੋਇਆ ।

ਬੜਾ ਹੀ ਖੂਨ-ਖਰਾਬਾ ਹੋਇਆ ॥

ਚਾਚਾ ਹੁਣ ਕੁਰਲਾਂਦਾ ਫਿਰਦਾ ।

ਖੂਨ ਦੇ ਸੋਹਲੇ ਗਾਂਦਾ ਫਿਰਦਾ ॥

ਸੀਨ ਯਾਦ ਕਰ ਹਾਉਕੇ ਭਰਦਾ ।

ਗਮ ਦਾ ਮਾਰਿਆ ਡਿੱਗਣ ਨੂੰ ਕਰਦਾ ॥

ਅਖੇ ਲਹਿੰਦਾ-ਚੜ੍ਹਦਾ ਕਿਉਂ ਬਣਾਇਆ ?

ਦੇਸ਼ ਮੇਰੇ ਨੂੰ ਲਾਂਬੂ ਲਾਇਆ ॥

ਟੋਟੋ – ਟੋਟੇ ਕਰਕੇ ਰੱਖਤਾ ।

ਦੁੱਖਾਂ ਨਾਲ ਸਾਡਾ ਵਿਹੜਾ ਭਰਤਾ ॥

ਏਥੇ ਓਥੇ , ਬੈਠੇ ਝੂਰੀ ਜਾਵਣ ।

ਕੀ ਖੱਟਿਆ , ਸੋਚਣ – ਪਛਤਾਵਣ ॥

ਆਪਣੇ ਹੀ ਵੱਢਕੇ ਦਿੱਤੇ ਰੱਖ ।

ਹੋ ਗਏ ਦੋਵੇਂ ਵੱਖੋ – ਵੱਖ ॥

ਹੱਦਾਂ ਪਿੱਛੇ ਹੋਈ ਲੜਾਈ ।

ਗੋਰਿਆਂ ਐਸੀ ਅੱਗ ਸੀ ਲਾਈ ॥

ਵਿੱਚ ਸੋਚਾਂ ਦੇ ਏਨਾ ਡੁੱਬ ਗਿਆ ।

ਲੱਗਿਆ ਇਵੇਂ ਜਿਉਂ ਜਿੱਲ੍ਹ ਵਿੱਚ ਖੁੱਭ ਗਿਆ ॥

ਚੱਕਿਆ ਸਾਈਕਲ ਮੁੜ ਪਿੰਡ ਵੱਲ ਭੱਜਿਆ ।

ਵਿੱਚ ਪਰੇਸ਼ਾਨੀ ਟਾਹਲੀ ਚਿ ਵੱਜਿਆ ॥

ਵਿੱਚ ਖਤਾਨਾਂ ਸਾਈਕਲ ਡਿੱਗਿਆ ।

ਸਿਰ ਪੈਰਾਂ ਤੱਕ ਸਾਰਾ ਭਿੱਜਿਆ ॥

ਨਚੋੜਕੇ ਕੱਪੜੇ ਬੈਠਿਆ ਛਾਵੇਂ ।

ਪ੍ਰੇਸ਼ਾਨੀ ਵਿੱਚ ਕੁੱਝ ਨਾ ਭਾਵੇ ॥

ਰੱਬ ਦੁਆਲੇ ਦੇ ਦਿੱਤਾ ਗੇੜਾ ।

ਦੁੱਖ ਦੱਸਿਆ ਨਹੀਂ ਕਿਹੜਾ ਕਿਹੜਾ ॥

ਮੇਹਣੇ ਤੇ ਮੇਹਣਾ ਮਾਰੀ ਜਾਵੇ ।

ਮੰਨ ਦਾ ਬੋਝ ਉਤਾਰੀ ਜਾਵੇ ॥

ਐਸੀ ਮਾਰ ਪਈ ਕੁਰਲਾਣੇ ।

ਤੈਂ ਕੀ ਦਰਦ ਨਾ ਆਇਆ ॥

ਬਾਬੇ ਦੇ ਬੋਲ ਉਵੇਂ ਹੀ ਕਹਿ ਗਿਆ ।

ਸੂਰਜ ਛਿਪਣ ਤੱਕ ਉੱਥੇ ਈ ਰਹਿ ਗਿਆ ॥

ਹੁਣ ਵਾਗਡੋਰ ਕਾਲੇ ਅੰਗਰੇਜ਼ ਕੋਲ ਆਈ ।

ਉਨ੍ਹਾਂ ਵੀ ਪੂਰੀ ਅਤਿ ਕਰਾਈ ॥

ਹੁਣ ਤੱਕ ਦੇਸ਼ ਨੂੰ ਲੁੱਟਦੇ ਵੀ ਰਹੇ ।

ਲੁੱਟਦੇ ਵੀ ਰਹੇ ਤੇ ਕੁੱਟਦੇ ਵੀ ਰਹੇ ॥

ਉਨ੍ਹਾਂ ਨੂੰ ਵੀ ਚਾਚਾ ਕੋਸੀ ਜਾਵੇ ।

ਹੱਥ ਮੱਥੇ ਮਾਰੇ ਤੇ ਪਛਤਾਵੇ ॥

ਕਹਿੰਦਾ ਇਨ੍ਹਾਂ ਵੀ ਕਿਹੜੀ ਕੀਤੀ ਘੱਟ ।

ਪੰਜਾਬ ਨੂੰ ਪਾਇਆ ਵੱਟੋ – ਵੱਟ ॥

ਤਿੰਨ ਹਿੱਸੇ ਅੱਗੇ ਕਰਕੇ ਰੱਖਤੇ ।

ਹਰਿਆਣਾ ਹਿਮਾਚਲ ਕੱਢ ਕੇ ਰੱਖਤੇ ॥

ਇਹ ਕਾਲੇ ਅੰਗਰੇਜ਼ ਤਾਂ ਪੱਕੇ ਈ ਰਹਿ ਗਏ ।

ਪੰਜਾਬ ਮੇਰੇ ਦੇ ਜੜੀਂ ਹੀ ਬਹਿ ਗਏ ॥

ਵਾਰੋ – ਵਾਰੀ ਆਈ ਜਾਵਣ ।

ਪੰਜਾਬ ਮੇਰੇ ਨੂੰ ਖਾਈ ਜਾਵਣ ॥

ਸਿਉਂਕ ਦੇ ਵਾਂਗੂੰ ਖੋਖਲਾ ਕਰਤਾ ।

ਬਾਟੇ ਵਾਂਗੂੰ ਮਾਂਜ ਕੇ ਰੱਖਤਾ ॥

ਇਨ੍ਹਾਂ ਦੇ ਘਰਾਂ ਚਿ ਚਹਿਲ ਤੇ ਪਹਿਲ ।

ਉੱਚੇ ਬਣ ਗਏ ਇਨ੍ਹਾਂ ਦੇ ਮਹਿਲ ॥

ਇਨ੍ਹਾਂ ਦੀ ਹੋ ਗਈ ਬੱਲੇ – ਬੱਲੇ ।

ਪੰਜਾਬ ਮੇਰਾ ਆਇਆ ਕਰਜ਼ੇ ਥੱਲੇ ॥

ਚਾਚੇ ਖਪਾਇਆ ਆਪਣਾ- ਆਪ । ਦਿਨ ਲੰਘਿਆ ਕਰਦਿਆਂ ਵਿਰਲਾਪ ॥

ਹੱਥ – ਮੂੰਹ ਧੋਤਾ ਤੇ ਕੱਪੜੇ ਪਾ ਲਏ ।

ਪਿੰਡ ਵੱਲ ਕਾਹਲੀ ਚਿ ਮੋੜੇ ਪਾ ਲਏ ॥

ਥੱਕਿਆ ਟੁੱਟਿਆ ਵਿਹੜੇ ਵੜਿਆ ।

ਨਿਆਣਿਆਂ ਆਉਂਦੇ ਦਾ ਸਾਈਕਲ ਫੜਿਆ ॥

ਸਾਰੇ ਪੁੱਛਣ ਚੁੱਪ ਕਿਉਂ ਬਹਿ ਗਿਆ ।

ਕਹਿੰਦਾ ਰੱਬ ਨਾਲ ਸੀ ਪੰਗਾ ਪੈ ਗਿਆ ॥

ਮੋਹਣੋ – ਮੇਹਣੀ ਹੋ ਕੇ ਆਇਆ ।

ਖੂਹ ਤੇ ਬੈਠ ਕੇ ਰੋ ਕੇ ਆਇਆ ॥

ਬਾਥਰੂਮ ਵੜ ਫਿਰ ਨਹਾਉਣ ਸੀ ਲੱਗਿਆ ।

ਧੀਮੀ ਧੀਮੀ ਗਾਉਣ ਸੀ ਲੱਗਿਆ ॥

“ ਸੋਹਣੇ ਫੁੱਲਾਂ ਵਿੱਚੋਂ ਫੁੱਲ ਗੁਲਾਬ ਨੀ ਸਹੀਓ ।

ਸੋਹਣੇ ਦੇਸ਼ਾਂ ਵਿਚੋਂ ਦੇਸ਼ ਪੰਜਾਬ ਨੀ ਸਹੀਓ ॥

ਸੋਹਣੇ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨੀ ਸਹੀਓ “॥

diljit-singh-kahlon-190x300 ਕਵਿਤਾ/ਦੇਸ਼ ਪੰਜਾਬ/ਦਲਜੀਤ ਸਿੰਘ ਕਾਹਲੋਂ

Share this content:

Post Comment