ਕਵਿਤਾ/ਦਰਦ ਦੀਆਂ ਪੈੜਾਂ/ਆਸ਼ਾ ਅਰਮਾਨ

ਦਰਦ ਦੀਆਂ ਪੈੜਾਂ
ਇਹ ਦਰਦ ਦੀਆਂ ਪੈੜਾਂ ਨੂੰ ਨਾਪਦਾ,
ਕਿਹੜਾ ਆਉਂਦਾ ਦਿਲ ਦਾ ਵੀਰਾਨ ਵਿਹੜਾ ਮਾਪਦਾ।
ਖ਼ੁਸ਼ੀ ਦਾ ਨਹੀਂ, ਸਫ਼ਰ ਗਮ ਦੇ ਤਾਪ ਦਾ,
ਮੇਰਾ ਸਫ਼ਰ ਹੈ, ਸਫ਼ਰ ਆਪਣੇ ਆਪ ਦਾ।
ਮੇਰੀ ਮੰਜ਼ਿਲ, ਮੈਨੂੰ ਪਈ ਹੈ ਉਡੀਕਦੀ
ਹਰ ਮੋੜ ਤਖਤੀ,ਮੇਰੀ ਗਾਥਾ ਚੀਕਦੀ।
ਹਰ ਪਲ ਰਾਖੀ ਕੀਤੀ, ਖਿੱਚੀ ਲੀਕ ਦੀ
ਫ਼ੈਸਲਾ ਆਇਆ ਨਾ ਆਸ,ਅਗਲੀ ਤਰੀਕ ਦੀ
ਹਰ ਹੰਝੂ ਹੁਣ, ਕੱਚ ਦਾ ਟੁਕੜਾ ਜਾਪਦਾ
ਇਹ ਦਰਦ ਦੀਆਂ ਪੈੜਾਂ ਨੂੰ ਨਾਪਦਾ
ਕਿਹੜਾ ਆਉਂਦਾ, ਦਿਲ ਦਾ ਵੀਰਾਨ ਵਿਹੜਾ ਮਾਪਦਾ।
ਸਮੇਂ ਨੇ ਕਿਹੋ ਜਿਹੀ, ਠੋਕਰ ਹੈ ਮਾਰੀ
ਉੱਜੜ ਗਈ ਮੇਰੀ ਸੱਧਰਾਂ ਦੀ ਕਿਆਰੀ
ਉਂਝ ਹੱਸਾਂ-ਖੇਡਾਂ,ਵੇਖਣ ਨੂੰ ਪਿਆਰੀ
ਪਰ ਅੰਦਰੋਂ ਹਾਂ ਮਰੀ, ਸਾਰੀ ਦੀ ਸਾਰੀ
ਜਿਵੇਂ ਹੋਵੇ ਕੋਈ ਬਿਰਹਾ ਰਾਗ ਅਲਾਪਦਾ
ਇਹ ਦਰਦ ਦੀਆਂ ਪੈੜਾਂ ਨੂੰ ਨਾਪਦਾ
ਕਿਹੜਾ ਆਉਂਦਾ ਦਿਲ ਦਾ ਵੀਰਾਨ ਵਿਹੜਾ ਮਾਪਦਾ
ਆਸ਼ਾ ਅਰਮਾਨ
Share this content:



Post Comment