Loading Now

ਕਵਿਤਾ/ਕੌਣ ਦੇਵੇਗਾ ਸਾਡਾ ਹਿਸਾਬ/ਯਸ਼ ਪਾਲ

ਕਵਿਤਾ/ਕੌਣ ਦੇਵੇਗਾ ਸਾਡਾ ਹਿਸਾਬ/ਯਸ਼ ਪਾਲ

ਸਾਬ੍ਹ?
ਮੰਦਰ
ਮਸਜਿਦ
ਗਿਰਜਾਘਰ
ਟੁੱਟਣ ‘ਤੇ

ਕਿੰਨਾ ਡੂੰਘਾ
ਹੁੰਦਾ ਹੈ
ਤੁਹਾਡਾ ਦਰਦ

ਕਿ ਸਦੀਆਂ ਤੱਕ
ਲੈਂਦੇ ਰਹਿੰਦੇ ਹੋ
ਉਸ ਦਾ
ਹਿਸਾਬ

ਪਰ
ਜਿਨ੍ਹਾਂ ਦਾ
ਪਵਿੱਤਰ-ਸਥਾਨ ਹੈ
ਜੰਗਲ

ਉਨ੍ਹਾਂ ਨੂੰ
ਉਜਾੜਨ ਦਾ
ਕੌਣ ਦੇਵੇਗਾ
ਹਿਸਾਬ
ਸਾਬ੍ਹ?

ਪਤਾ ਨਹੀਂ
ਕਦ ਤੋਂ
ਖੇਡ੍ਹ ਰਹੇ ਹੋ
ਇਹ
ਧਰਮ-ਕਰਮ

ਜੋ ਨਹੀਂ ਆਉਂਦੇ
ਤੁਹਾਡੇ
ਧਰਮ ਦੇ
ਦਾਇਰੇ ‘ਚ

ਉਹ
ਜੰਗਲ ਨੂੰ
ਜਾਣਦੇ ਨੇ
ਜੰਗਲ ਨੂੰ ਹੀ
ਸਿਜਦਾ ਕਰਦੇ ਨੇ

ਉਹ
ਉੱਥੇ ਹੀ
ਜਿਉਂਦੇ ਨੇ
ਉੱਥੇ ਹੀ
ਮਰਦੇ ਨੇ

ਤੁਸੀਂ ਸਭ
ਬੂਟਾਂ ਸਮੇਤ
ਕਿਵੇਂ
ਵੜ ਜਾਂਦੇ ਹੋ
ਉਨ੍ਹਾਂ ਦੇ
ਧਰਮ-ਸਥਾਨਾਂ ‘ਚ?

ਵਿਕਾਸ ਦੇ ਨਾਂ ‘ਤੇ
ਮਾਰੇ ਨੇ
ਜਿੰਨੇ
ਨਿਰਦੋਸ਼

ਉਨ੍ਹਾਂ ਸਭਨਾਂ ਦਾ
ਹਿਸਾਬ
ਕੌਣ ਦੇਵੇਗਾ
ਸਾਬ੍ਹ?

ਉਹ ਜੋ
ਰਹਿੰਦੇ ਨੇ
ਜੰਗਲ-ਪਹਾੜ ‘ਚ
ਨਹੀਂ ਹਨ
ਵਣਵਾਸੀ
ਉਹ ਹਨ
ਆਦਿਵਾਸੀ

ਉਨ੍ਹਾਂ ਨੂੰ
ਉਨ੍ਹਾਂ ਦੀ ਹੀ
ਜ਼ਮੀਨ ‘ਤੇ
ਕਿਉਂ
ਬਣਾਕੇ ਰਖਦੇ ਹੋ
ਅਛੂਤ-ਪਰਵਾਸੀ?

ਲੈਕੇ
ਆਪਣਾ-ਆਪਣਾ
ਧਰਮ
ਕਿਉਂ
ਚਲੇ ਆਉਂਦੇ ਹੋ
ਇੱਧਰ?

ਆਉਂਦੇ ਹੋ
ਤਾਂ
ਧਰਮ ਦੇ ਨਾਲ
ਉਨ੍ਹਾਂ ਦੇ
ਸਭਿਆਚਾਰ ‘ਤੇ
ਕਿਉਂ
ਚਲਾਉਂਦੇ ਹੋ
ਬੁਲਡੋਜਰ?

ਤੁਸੀਂ ਸਭ
ਸ਼ਾਮਲ ਹੋ
ਹਰ ਕਾਲ
ਉਨ੍ਹਾਂ ਦੇ
ਪਵਿੱਤਰ-ਸਥਾਨ
ਉਜਾੜਨ
ਵਾਲਿਆਂ ਦੇ
ਨਾਲ

ਆਖਿਰ
ਇਸ ਸਭ ਦਾ
ਹਿਸਾਬ
ਕੌਣ ਦੇਵੇਗਾ
ਸਾਬ੍ਹ?

ਇਹ ਕੇਹਾ
ਧਰਮ ਹੈ
ਤੁਹਾਡਾ?

ਆਪਸ ‘ਚ ਤਾਂ
ਹੋ ਲੜਦੇ-ਮਰਦੇ

ਕੁਦਰਤ
ਜਿਹੜੀ
ਪਾਲਦੀ ਹੈ
ਤੁਹਾਨੂੰ
ਉਸ ਨੂੰ ਵੀ
ਨਹੀਂ ਛਡਦੇ

ਅਸੀਂ
ਲੜਾਂਗੇ
ਜਿੰਦਗੀ-ਭਰ
ਤੁਹਾਡੇ ਇਸ
ਸਭਿਆਚਾਰ ਦੇ
ਖ਼ਿਲਾਫ਼

ਬੱਸ ਤੁਸੀਂ
ਇੰਨਾ ਹੀ
ਦੱਸ ਦਿਉ

ਇਸ
ਧਰਤੀ ਨੂੰ
ਉਜਾੜਨ ਦਾ
ਹਿਸਾਬ
ਕੌਣ ਦੇਵੇਗਾ
ਸਾਬ੍ਹ?

ਮੂਲ ਲੇਖਿਕਾ:
ਆਦਿਵਾਸੀ ਕਵਿੱਤਰੀ:
*ਜਸੰਤਾ ਕੇਰਕੇੱਟਾ*

ਹਿੰਦੀ ਤੋਂ ਪੰਜਾਬੀ ਰੂਪ:
ਯਸ਼ ਪਾਲ ਵਰਗ ਚੇਤਨਾ
(98145 35005)

Share this content:

Post Comment