Loading Now

ਕਵਿਤਾ/ਅੱਜ ਦੀ ਗੱਲ/ਸੁਸ਼ੀਲ ਦੁਸਾਂਝ

ਕਵਿਤਾ/ਅੱਜ ਦੀ ਗੱਲ/ਸੁਸ਼ੀਲ ਦੁਸਾਂਝ

FB_IMG_1786981634128-300x198 ਕਵਿਤਾ/ਅੱਜ ਦੀ ਗੱਲ/ਸੁਸ਼ੀਲ ਦੁਸਾਂਝ
ਸੁਸ਼ੀਲ ਦੁਸਾਂਝ

ਅੱਜ ਦੀ ਗੱਲ

ਦਿਮਾਗ਼ ਹੈ ਤਾਂ ਨਕਸਲ ਹੋ?

ਹਕੂਮਤ ਤੋਂ ਸਵਾਲ ਪੁੱਛੋ-

ਤੁਸੀਂ ‘ਅੰਦੋਲਨ-ਜੀਵੀ’ ਹੋ।

ਸੱਤਾ ਦੀਆਂ ਨੀਤੀਆਂ ’ਤੇ ਉਂਗਲ ਰੱਖੋ-

ਤੁਸੀਂ ‘ਅਰਬਨ ਨਕਸਲ’ ਹੋ।

ਤੇ ਜੇ ਤੁਸੀਂ ਸੋਚਦੇ ਹੋ, ਬੋਲਦੇ ਹੋ-

ਤਾਂ ਤੁਸੀਂ ‘ਦਿਮਾਗ਼ੀ ਨਕਸਲ’ ਹੋ!

 

ਲੱਗਦਾ ਹੈ-

ਹਕੂਮਤ ਨੇ ਮੁਲਕ ਲਈ ਨਵਾਂ ਸ਼ਬਦ-ਕੋਸ਼ ਛਾਪ ਦਿੱਤਾ ਹੈ।

ਇਸ ਵਿੱਚ ਸਵਾਲਾਂ ਲਈ ਥਾਂ ਹੀ ਨਹੀਂ,

ਨਾਂਅ-ਕੁਨਾਂਅ ਰੱਖਣ ਲਈ ਬਹੁਤ ਹੈ।

 

ਕਿਸਾਨ ਸੜਕ ’ਤੇ ਆਇਆ

‘ਅੰਦੋਲਨ-ਜੀਵੀ’।

ਵਿਦਿਆਰਥੀ ਸਵਾਲ ਪੁੱਛੇ

‘ਭਟਕਿਆ ਹੋਇਆ’।

ਪੱਤਰਕਾਰ ਹਕੂਮਤ ਤੋਂ ਜਵਾਬ ਮੰਗੇ

‘ਐਂਟੀ-ਨੈਸ਼ਨਲ’।

ਲੇਖਕ ਅਸਹਿਮਤ ਹੋਵੇ

‘ਅਰਬਨ ਨਕਸਲ’।

ਤੇ ਹੁਣ-

ਸੋਚਣ ਵਾਲਾ ਮਨੁੱਖ-

‘ਦਿਮਾਗ਼ੀ ਨਕਸਲ’!

 

ਮੁੱਦਾ ਇਹ ਨਹੀਂ ਕਿ

ਨਕਸਲਵਾਦ ਕੀ ਹੈ।

ਮੁੱਦਾ ਇਹ ਹੈ ਕਿ

ਕੀ ਹਰ ਅਸਹਿਮਤੀ ਨੂੰ ਨਕਸਲਵਾਦ ਦਾ ਨਾਂ ਦੇ ਦੇਣ ਨਾਲ

ਅਸਹਿਮਤੀ ਖ਼ਤਮ ਹੋ ਜਾਂਦੀ ਹੈ?

ਨਹੀਂ।

ਸਿਰਫ਼ ਹਕੂਮਤ ਦੀ ਭਾਸ਼ਾ ਥਥਲਾਉਣ ਲੱਗਦੀ ਹੈ।

 

ਜਮਹੂਰੀਅਤ ਵਿੱਚ

ਨਾਗਰਿਕ ਦਾ ਕੰਮ ਤਾੜੀਆਂ ਵਜਾਉਣਾ ਨਹੀਂ।

ਸਵਾਲ ਪੁੱਛਣਾ ਹੈ।

ਸਰਕਾਰ ਦਾ ਕੰਮ

ਸਵਾਲ ਪੁੱਛਣ ਵਾਲੇ ਦਾ ਨਾਂਅ-ਕੁਨਾਂਅ ਰੱਖਣਾ ਨਹੀਂ,

ਸਵਾਲ ਦਾ ਜਵਾਬ ਦੇਣਾ ਹੈ।

 

ਜੇ ਕੋਈ ਸਰਕਾਰ

ਆਲੋਚਕਾਂ ਨੂੰ ਜਵਾਬ ਦੇਣ ਦੀ ਥਾਂ

ਉਨ੍ਹਾਂ ਦੇ ਨਾਂ ਬਦਲਣ ਲੱਗ ਪਵੇ,

ਤਾਂ ਸਮਝ ਲੈਣਾ ਚਾਹੀਦਾ ਹੈ

ਸਮੱਸਿਆ ਸਵਾਲ ਵਿੱਚ ਨਹੀਂ,

ਜਵਾਬ ਦੀ ਕਮੀ ਵਿੱਚ ਹੈ।

 

ਅਜੀਬ ਸਮਾਂ ਹੈ-

ਮੁਲਕ ਨੂੰ

ਵਿਗਿਆਨੀ ਚਾਹੀਦੇ ਹਨ,

ਵਿਦਿਆਰਥੀ ਚਾਹੀਦੇ ਹਨ,

ਲੇਖਕ ਚਾਹੀਦੇ ਹਨ,

ਚਿੰਤਕ ਚਾਹੀਦੇ ਹਨ,

ਸਵਾਲ ਪੁੱਛਣ ਵਾਲੇ ਨਾਗਰਿਕ ਚਾਹੀਦੇ ਹਨ।

ਪਰ ਹਕੂਮਤ ਨੂੰ

ਸ਼ਾਇਦ ਸਭ ਤੋਂ ਸਾਊ ਨਾਗਰਿਕ ਉਹ ਲੱਗਦਾ ਹੈ

ਜੋ ਸਿਰਫ਼ ਸੁਣੇ,

ਸੋਚੇ ਨਾ।

 

15 ਅਗਸਤ ਨੂੰ

ਅਸੀਂ ਆਜ਼ਾਦੀ ਦਾ ਜਸ਼ਨ ਮਨਾਉਂਦੇ ਹਾਂ।

ਪਰ ਆਜ਼ਾਦੀ ਸਿਰਫ਼ ਝੰਡਾ ਲਹਿਰਾਉਣ ਦਾ ਨਾਂਅ ਨਹੀਂ।

ਆਜ਼ਾਦੀ ਸੋਚਣ ਦੀ ਵੀ ਹੈ,

ਸਵਾਲ ਕਰਨ ਦੀ ਵੀ,

ਅਸਹਿਮਤ ਹੋਣ ਦੀ ਵੀ।

 

ਜੇ ਆਜ਼ਾਦ ਮੁਲਕ ਵਿੱਚ

ਆਜ਼ਾਦ ਸੋਚ ਹੀ ਸ਼ੱਕੀ ਬਣਾ ਦਿੱਤੀ ਜਾਵੇ,

ਤਾਂ ਫਿਰ ਸਾਨੂੰ ਇਹ ਵੀ ਪੁੱਛਣਾ ਪਵੇਗਾ

ਆਜ਼ਾਦੀ ਕਿਸ ਤੋਂ ਮਿਲੀ ਸੀ

ਅਤੇ ਹੁਣ ਡਰ ਕਿਸ ਤੋਂ ਲੱਗ ਰਿਹਾ ਹੈ?

 

ਦਿਮਾਗ਼ ਅੱਗੇ

ਬੈਰੀਕੇਡ ਨਹੀਂ ਲਾਇਆ ਜਾ ਸਕਦਾ।

ਸਵਾਲ ਨੂੰ

ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਦਾ।

ਵਿਚਾਰ ਨੂੰ

ਦੇਸ਼ ਨਿਕਾਲਾ ਨਹੀਂ ਦਿੱਤਾ ਜਾ ਸਕਦਾ।

 

ਅਸਹਿਮਤੀ ਨੂੰ

ਕਿਸੇ ਸਰਕਾਰੀ ਸ਼ਬਦ-ਕੋਸ਼ ਵਿੱਚ

‘ਨਕਸਲ’ ਲਿਖ ਦੇਣ ਨਾਲ

ਉਹ ਨਕਸਲ ਨਹੀਂ ਬਣ ਜਾਂਦੀ।

 

ਜਮਹੂਰੀਅਤ ਦੀ ਸਭ ਤੋਂ ਵੱਡੀ ਤਾਕਤ

ਇਹ ਨਹੀਂ ਕਿ ਲੋਕ ਸਰਕਾਰ ਨਾਲ ਸਹਿਮਤ ਹਨ।

ਇਹ ਹੈ ਕਿ ਉਹ ਅਸਹਿਮਤ ਹੋ ਕੇ ਵੀ

ਬੋਲ ਸਕਦੇ ਹਨ।

 

ਇਸ ਲਈ

ਸਵਾਲ ਪੁੱਛਦੇ ਰਹੋ।

ਸੋਚਦੇ ਰਹੋ।

ਅਸਹਿਮਤ ਹੁੰਦੇ ਰਹੋ।

ਕਿਉਂਕਿ ਜਿਸ ਦਿਨ

ਸਵਾਲ ਪੁੱਛਣਾ ‘ਅਪਰਾਧ’

ਅਤੇ ਸੋਚਣਾ ‘ਨਕਸਲਵਾਦ’ ਬਣ ਜਾਵੇ,

ਉਸ ਦਿਨ ਖ਼ਤਰਾ

ਸਵਾਲ ਪੁੱਛਣ ਵਾਲੇ ਤੋਂ ਨਹੀਂ

ਜਮਹੂਰੀਅਤ ਦੇ ‘ਲੰਬੜਦਾਰਾਂ’ ਤੋਂ ਹੁੰਦਾ ਹੈ।

 

-ਸੁਸ਼ੀਲ ਦੁਸਾਂਝ

16 ਅਗਸਤ 2026 | ਮੁਹਾਲੀ

Share this content:

Post Comment