ਕਮਲ ਤੇ ਤੱਕੜੀ ਦੀ ਮੁੜ ਗਲਵੱਕੜੀ
ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਗੱਠਜੋੜ ਦੀ ਉਡੀਕੀ ਜਾ ਰਹੀ ਬਹਾਲੀ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਦੇ ਸਰੂਪ ’ਤੇ ਮੋਹਰ ਲਗਾ ਦਿੱਤੀ ਹੈ। ਇਹ ਐਲਾਨ ਮੰਗਲਵਾਰ ਦੁਪਹਿਰ ਨੂੰ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਸੀਟਾਂ ਦੀ ਵੰਡ ਬਾਰੇ ਫ਼ੈਸਲਾ ਬਾਅਦ ਵਿੱਚ ਕੀਤਾ ਜਾਵੇਗਾ ਪਰ ਅਮਿਤ ਸ਼ਾਹ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਮੁੱਖ ਮੰਤਰੀ ‘ਵੱਡੇ ਭਰਾ’ ਦੀ ਭੂਮਿਕਾ ਨਿਭਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦਾ ਹੀ ਹੋਵੇਗਾ। ਇਸ ਗੱਠਜੋੜ ਦਾ ਇੱਕ ਮਹੱਤਵਪੂਰਨ ਪਹਿਲੂ ਇਹ ਹੈ ਕਿ ਇਹ 1996 ਵਾਂਗ ਬਿਨਾਂ ਸ਼ਰਤ ਹੋਇਆ ਹੈ। ਫ਼ਰਕ ਸਿਰਫ਼ ਇੰਨਾ ਹੈ ਕਿ 2020 ਵਿੱਚ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਵੱਖ ਹੋਣ ਤੋਂ ਬਾਅਦ ਦੋਵੇਂ ਪਾਰਟੀਆਂ ਇੱਕ-ਦੂਜੇ ’ਤੇ ਤਿੱਖੇ ਹਮਲੇ ਕਰ ਰਹੀਆਂ ਸਨ, ਜਿਨ੍ਹਾਂ ਕਾਨੂੰਨਾਂ ਨੂੰ ਮੋਦੀ ਸਰਕਾਰ ਨੂੰ ਅਖ਼ੀਰ ’ਚ ਵਾਪਸ ਲੈਣਾ ਪਿਆ ਸੀ। ਹਾਲਾਂਕਿ, ਕਿਸਾਨਾਂ ਨਾਲ ਸਬੰਧਿਤ ਮੁੱਦੇ ਅਜੇ ਵੀ ਅਣਸੁਲਝੇ ਹਨ। ਦੋਵਾਂ ਧਿਰਾਂ ਵਿਚਾਲੇ ਕੁੜੱਤਣ ਇਸ ਹੱਦ ਤੱਕ ਵਧ ਗਈ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਪਿੱਛੇ ਵੀ ਭਾਜਪਾ ਦਾ ਹੱਥ ਹੋਣ ਦਾ ਦੋਸ਼ ਲਗਾਇਆ ਸੀ।
ਇਸ ਹੁਕਮਨਾਮੇ ਵਿੱਚ ਸਮੁੱਚੀ ਲੀਡਰਸ਼ਿਪ ਨੂੰ ਅਗਵਾਈ ਕਰਨ ਲਈ ਨੈਤਿਕ ਤੌਰ ’ਤੇ ਅਯੋਗ ਕਰਾਰ ਦਿੱਤਾ ਗਿਆ ਸੀ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ‘ਪੰਥ ਰਤਨ ਫ਼ਖ਼ਰ-ਏ-ਕੌਮ’ ਦਾ ਸਨਮਾਨ ਮਰਨ ਉਪਰੰਤ ਵਾਪਸ ਲੈ ਲਿਆ ਗਿਆ ਸੀ। ਇਹ ਸੁਖਬੀਰ ਸਿੰਘ ਬਾਦਲ ਲਈ ਸਭ ਤੋਂ ਵੱਡਾ ਝਟਕਾ ਸੀ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਸਿੱਖ ਸੰਸਥਾਵਾਂ ’ਤੇ ਆਪਣਾ ਦਬਦਬਾ ਰੱਖਦੇ ਹਨ।
ਜ਼ਿਕਰਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਗੱਠਜੋੜ ਦੇ ਬਾਵਜੂਦ ਅਕਾਲੀ ਦਲ ਕਈ ਮੁੱਦਿਆਂ ਕਾਰਨ ਤੀਜੇ ਸਥਾਨ ’ਤੇ ਖਿਸਕ ਗਿਆ ਸੀ, ਜਿਨ੍ਹਾਂ ਵਿੱਚੋਂ ਕੁਝ ਮੁੱਦੇ ਪੰਥਕ ਹਲਕਿਆਂ ਵਿੱਚ ਅਜੇ ਵੀ ਉੱਭਰ ਰਹੇ ਹਨ। ਆਗਾਮੀ ਵਿਧਾਨ ਸਭਾ ਚੋਣਾਂ ਦੋ ਪੱਧਰਾਂ ’ਤੇ ਲੜੀਆਂ ਜਾਣਗੀਆਂ, ਇੱਕ ਪੱਧਰ ਵਿਧਾਨ ਸਭਾ ਵਿੱਚ ਸਰਦਾਰੀ ਦੀ ਲੜਾਈ ਹੈ ਅਤੇ ਦੂਜਾ ਪਹਿਲੂ ਪੰਥਕ ਖੇਤਰ ਵਿੱਚ ਦਬਦਬੇ ਦੀ ਲੜਾਈ ਹੈ। ਲੰਮੇ ਸਮੇਂ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਪੰਜਾਬ ਦੇ ਮਾਮਲੇ ਵਿੱਚ ਪੰਥਕ ਖੇਤਰ ਦੀ ਲੜਾਈ ਹੀ ਵਧੇਰੇ ਅਹਿਮ ਹੋਵੇਗੀ। ਪੰਥਕ ਖੇਤਰ ਵਿੱਚ ਹੀ ਪੰਜਾਬ ਦੀ ਸਿਆਸਤ ਅਤੇ ਇੱਥੋਂ ਤੱਕ ਕਿ ਇਸ ਦੇਸ਼ ਦੀ ਭੂ-ਸਿਆਸਤ ਨੂੰ ਪ੍ਰਭਾਵਿਤ ਕਰਨ ਦੀ ਅੰਦਰੂਨੀ ਸਮਰੱਥਾ ਹੈ। ਬੇਸ਼ੱਕ, ਇਸ ਖੇਤਰ ਵਿੱਚ ਅੰਤਿਮ ਪ੍ਰੀਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀਆਂ ਚੋਣਾਂ ਹੋਣਗੀਆਂ (ਜਦੋਂ ਵੀ ਉਹ ਕਰਵਾਈਆਂ ਜਾਣਗੀਆਂ)। ਪੰਥਕ ਧਿਰਾਂ ਵਿਧਾਨ ਸਭਾ ਚੋਣਾਂ ਨੂੰ ਪੰਥਕ ਖੇਤਰ ਦੀ ਫ਼ੈਸਲਾਕੁੰਨ ਲੜਾਈ ਵਜੋਂ ਦੇਖ ਰਹੀਆਂ ਹਨ।
ਗ਼ੌਰਤਲਬ ਹੈ ਕਿ ਆਮ ਆਦਮੀ ਪਾਰਟੀ 2022 ਦੀਆਂ ਚੋਣਾਂ ਵਿੱਚ ਸੂਬੇ ਵਿੱਚ ਹੂੰਝਾਫੇਰ ਜਿੱਤ ਦਰਜ ਕਰਨ ਤੋਂ ਪਹਿਲਾਂ 2017 ਵਿੱਚ ਮੁੱਖ ਵਿਰੋਧੀ ਪਾਰਟੀ ਵਜੋਂ ਉੱਭਰੀ ਸੀ। ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਵਿੱਚ ਮੁਕਾਬਲਾ ਚਹੁੰ-ਕੋਣਾ ਹੋਵੇਗਾ, ਜਿਸ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਆਪਣੇ ਗੜ੍ਹ ਨੂੰ ਬਚਾਉਣ ਲਈ ਮੈਦਾਨ ਵਿੱਚ ਉਤਰੇਗੀ। ਕਾਂਗਰਸ ਨੇ ਕਮਿਊਨਿਸਟਾਂ ਵਰਗੀ ਕਿਸੇ ਵੀ ਛੋਟੀ ਸਿਆਸੀ ਪਾਰਟੀ ਨਾਲ ਹੱਥ ਮਿਲਾਉਣ ਦਾ ਕੋਈ ਸੰਕੇਤ ਨਹੀਂ ਦਿੱਤਾ, ਜਿਨ੍ਹਾਂ ਦਾ ਆਧਾਰ ਬਹੁਤ ਸੀਮਿਤ ਹੈ। ਇੱਕ ਹੋਰ ਗੱਠਜੋੜ ਦੀ ਚਰਚਾ ਹੋ ਰਹੀ ਹੈ, ਜੋ ‘ਵਾਰਿਸ ਪੰਜਾਬ ਦੇ’, ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ‘ਅਕਾਲੀ ਦਲ (ਪੁਨਰ ਸੁਰਜੀਤ)’ ਅਤੇ ‘ਬਹੁਜਨ ਸਮਾਜ ਪਾਰਟੀ (ਬਸਪਾ)’ ਵਿਚਕਾਰ ਹੈ। ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੀ ਇਸ ਗੱਠਜੋੜ ਦਾ ਹਿੱਸਾ ਹੋਵੇਗਾ।
ਇਹ ਵੀ ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ‘ਪੁਨਰ ਸੁਰਜੀਤ’ ਧੜੇ ਉੱਤੇ ਭਾਜਪਾ ਦੀ ‘ਬੀ’ ਟੀਮ ਹੋਣ ਦਾ ਦੋਸ਼ ਲਗਾਉਂਦੇ ਰਹੇ ਹਨ। ਆਪਣੀ ਦਾਦੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਣ ਲਈ ਪੁਲੀਸ ਹਿਰਾਸਤ ਵਿੱਚ ਅੰਮ੍ਰਿਤਪਾਲ ਸਿੰਘ ਦੀ ਤਿੰਨ ਘੰਟੇ ਦੀ ਫੇਰੀ ਨੇ ਇੱਕ ਨਵਾਂ ਪਹਿਲੂ ਪੇਸ਼ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅੰਤਿਮ ਸੰਸਕਾਰ ਮੌਕੇ ਇਕੱਠ ਕਾਫ਼ੀ ਪ੍ਰਭਾਵਸ਼ਾਲੀ ਅਤੇ ਆਪਮੁਹਾਰਾ ਸੀ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਇਕੱਠ ਵਿੱਚ 70 ਫ਼ੀਸਦੀ ਤੋਂ ਵੱਧ ਸ਼ਮੂਲੀਅਤ ਨੌਜਵਾਨ ਪੀੜ੍ਹੀ ਦੀ ਸੀ। ਅੰਮ੍ਰਿਤਪਾਲ ਸਿੰਘ ਨੇ ਇੱਕ ਸ਼ਬਦ ਵੀ ਨਹੀਂ ਬੋਲਿਆ ਪਰ ਉਸ ਦੀ ਚੁੱਪ ਬਹੁਤ ਕੁਝ ਕਹਿ ਗਈ।
ਇਹ ਦ੍ਰਿਸ਼ ਪੰਥਕ ਧਾਰਾ ਦੀ ਲਾਮਬੰਦੀ ਨੂੰ ਦਰਸਾਉਂਦਾ ਹੈ। ਬਿਨਾਂ ਇੱਕ ਵੀ ਸ਼ਬਦ ਬੋਲੇ ਅੰਤਿਮ ਸੰਸਕਾਰ ਵਿੱਚ ਉਸ ਦੀ ਮੌਜੂਦਗੀ ਨੇ ਇਸ ਸਿਆਸੀ ਲੜਾਈ ਵਿੱਚ ਇੱਕ ਰਹੱਸਮਈ ਪਹਿਲੂ ਜੋੜ ਦਿੱਤਾ ਹੈ। ਬੇਸ਼ੱਕ, ਪਾਰਟੀ ਦੀ ਰਜਿਸਟ੍ਰੇਸ਼ਨ ਹੋਣੀ ਅਜੇ ਬਾਕੀ ਹੈ। ਹਾਲਾਂਕਿ, ਜੇਕਰ ਰਜਿਸਟ੍ਰੇਸ਼ਨ ਤੋਂ ਇਨਕਾਰ ਕੀਤਾ ਜਾਂਦਾ ਹੈ ਤਾਂ ਇਹ ਪੰਥਕ ਧਾਰਾ ਲਈ ਵਿਤਕਰੇ ਜਾਂ ਪੀੜਤ ਹੋਣ ਦਾ ਨਾਅਰਾ ਬੁਲੰਦ ਕਰਨ ਦਾ ਇੱਕ ਹੋਰ ਕਾਰਨ ਬਣ ਜਾਵੇਗਾ, ਜੋ ਦਹਾਕਿਆਂ ਤੋਂ ਸਿੱਖ ਸਿਆਸਤ ਦਾ ਹਿੱਸਾ ਰਿਹਾ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ, ਜਿਨ੍ਹਾਂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਟੁੱਟਣ ਦੇ ਕੰਢੇ ਪਹੁੰਚ ਗਈ ਸੀ, ਦੀ ਥਾਂ ਪਰਗਟ ਸਿੰਘ ਨੂੰ ਸੂਬਾ ਪ੍ਰਧਾਨ ਨਿਯੁਕਤ ਕਰਨ ਤੋਂ ਬਾਅਦ ਕਾਂਗਰਸ ਖ਼ੁਦ ਨੂੰ ਇੱਕ ਮਜ਼ਬੂਤ ਬਦਲ ਵਜੋਂ ਪੇਸ਼ ਕਰ ਰਹੀ ਹੈ। ਪਾਰਟੀ ਦੇ ਅੰਦਰੂਨੀ ਹਾਲਾਤ ਹੁਣ ਸੁਧਾਰ ਲਏ ਗਏ ਹਨ ਅਤੇ ਪਾਰਟੀ ਸੱਤਾਧਾਰੀ ਧਿਰ ਨੂੰ ਵੱਡੀ ਚੁਣੌਤੀ ਦੇਣ ਦੇ ਰੌਂਅ ਵਿੱਚ ਨਜ਼ਰ ਆ ਰਹੀ ਹੈ। ਸਿੱਖ ਧਾਰਾ ਦੇ ਕਮਜ਼ੋਰ ਅਤੇ ਵੰਡੇ ਹੋਣ ਕਾਰਨ ਕਾਂਗਰਸ ਖ਼ੁਦ ਨੂੰ ‘ਆਪ’ ਦੇ ਮੁੱਖ ਵਿਰੋਧੀ ਵਜੋਂ ਦੇਖ ਰਹੀ ਸੀ।
ਹੁਣ ਅਕਾਲੀ-ਭਾਜਪਾ ਗੱਠਜੋੜ ਵੀ ਸਖ਼ਤ ਮੁਕਾਬਲੇ ਵਿੱਚ ਹੈ ਅਤੇ ਜੇਕਰ ਬਾਕੀ ਦੋ ਅਕਾਲੀ ਧੜਿਆਂ ਤੇ ਬਸਪਾ ਵਿਚਕਾਰ ਗੱਲਬਾਤ ਸਿਰੇ ਚੜ੍ਹ ਜਾਂਦੀ ਹੈ ਤਾਂ ਇੱਕ ਹੋਰ ਵੱਡਾ ਦਾਅਵੇਦਾਰ ਸਾਹਮਣੇ ਹੋਵੇਗਾ। ਸੱਤਾਧਾਰੀ ਪਾਰਟੀ ਨੂੰ ਸੱਤਾ ਵਿਰੋਧੀ ਲਹਿਰ ਨੂੰ ਬੇਅਸਰ ਕਰਨਾ ਪਵੇਗਾ। ‘ਆਪ’ ਸਰਕਾਰ ਪਿਛਲੇ ਕੁਝ ਸਮੇਂ ਤੋਂ ਨਸ਼ਿਆਂ ਅਤੇ ਅਮਨ-ਕਾਨੂੰਨ ਦੇ ਮੁੱਦੇ ’ਤੇ ਤਿੱਖੇ ਹਮਲਿਆਂ ਦਾ ਸਾਹਮਣਾ ਕਰ ਰਹੀ ਹੈ। ਗੈਂਗਸਟਰਾਂ ਕਾਰਨ ਪੰਜਾਬ ਦੇ ਪੇਂਡੂ ਖੇਤਰ ਅਸੁਰੱਖਿਅਤ ਹੁੰਦੇ ਜਾ ਰਹੇ ਹਨ। ਨਸ਼ਿਆਂ ਨਾਲ ਸਬੰਧਿਤ ਇੱਕ ਮਾਮਲੇ ਵਿੱਚ ਇੱਕ ਕੈਮਿਸਟ ਵੱਲੋਂ ਪਰਵਿੰਦਰ ਸਿੰਘ ਉਰਫ਼ ਝੋਟਾ ਦੇ ਕਤਲ ਤੋਂ ਬਾਅਦ ਲੋਕਾਂ ਦਾ ਹਾਲ ਹੀ ਵਿੱਚ ਇਕੱਠੇ ਹੋਣਾ ਜ਼ਮੀਨੀ ਹਕੀਕਤ ਦਾ ਅਸਲ ਸੰਕੇਤ ਸੀ। ਅਜਿਹੇ ਮੁੱਦੇ ਲੰਮੇ ਸਮੇਂ ਵਿੱਚ ਲੋਕਾਂ ਦੀ ਧਾਰਨਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਭਾਵੇਂ ਚੋਣਾਂ ਵਿੱਚ ਸਿਰਫ਼ ਤਿੰਨ ਕੁ ਮਹੀਨੇ ਹੀ ਰਹਿ ਗਏ ਹਨ, ਪਰ ਅਜੇ ਤੱਕ ਕੋਈ ਠੋਸ ਏਜੰਡਾ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਅਜਿਹਾ ਹੁੰਦਾ ਜਾਪਦਾ ਹੈ। ਅਮਿਤ ਸ਼ਾਹ ਨੇ 2029 ਦੇ ਅਖ਼ੀਰ ਤੱਕ ਸੂਬੇ ਨੂੰ ਨਸ਼ਾ ਮੁਕਤ ਅਤੇ ਗੈਂਗਸਟਰ ਮੁਕਤ ਬਣਾਉਣ ਦੀ ਗੱਲ ਕਹੀ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਵਧੇਰੇ ਗੰਭੀਰ ਹੋ ਸਕਦੀ ਹੈ ਪਰ ਗੁਆਂਢੀ ਸੂਬੇ ਹਰਿਆਣਾ ਵਿੱਚ ਵੀ ਸਥਿਤੀ ਬਹੁਤੀ ਸੁਖਾਵੀਂ ਨਹੀਂ ਹੈ, ਜਿੱਥੇ ਭਾਜਪਾ ਦੀ ਹੀ ਸਰਕਾਰ ਹੈ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਵੀ ਸੂਬੇ ਵਿੱਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਹਾਲਾਂਕਿ, ਅਜਿਹਾ ਨਹੀਂ ਹੈ ਕਿ ਨਸ਼ਿਆਂ ਦੀ ਤਸਕਰੀ ਸਿਰਫ਼ ਸਰਹੱਦ ਪਾਰੋਂ ਹੀ ਹੋ ਰਹੀ ਹੈ, ਗੁਜਰਾਤ ਦੀਆਂ ਬੰਦਰਗਾਹਾਂ ਇਸ ਦਾ ਇੱਕ ਹੋਰ ਵੱਡਾ ਰਸਤਾ ਹਨ। ਇਸ ਤੋਂ ਇਲਾਵਾ ਦੇਸ਼ ਦੇ ਅੰਦਰ ਹੀ ਬਣਨ ਵਾਲੀਆਂ ਨਸ਼ੀਲੀਆਂ ਦਵਾਈਆਂ (ਫਾਰਮਾਸਿਊਟੀਕਲ ਡਰੱਗਜ਼) ਵੀ ਇਸ ਸਮੱਸਿਆ ਦਾ ਇੱਕ ਵੱਡਾ ਹਿੱਸਾ ਹਨ।
Share this content:



Post Comment