Loading Now

ਕਪੂਰਥਲਾ ਦੇ ਅਮਨਦੀਪ ਸਿੰਘ ਮੱਥੋਂ ਰੌਇਲ ਆਸਟਰੇਲੀਅਨ ਏਅਰ ਫੋਰਸ ਵਿੱਚ ਪਾਇਲਟ ਅਫਸਰ ਨਿਯੁਕਤ

ਕਪੂਰਥਲਾ ਦੇ ਅਮਨਦੀਪ ਸਿੰਘ ਮੱਥੋਂ ਰੌਇਲ ਆਸਟਰੇਲੀਅਨ ਏਅਰ ਫੋਰਸ ਵਿੱਚ ਪਾਇਲਟ ਅਫਸਰ ਨਿਯੁਕਤ

ਕਪੂਰਥਲਾ, 17 ਅਕਤੂਬਰ – ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ 35 ਸਾਲਾ ਅਮਨਦੀਪ ਸਿੰਘ ਮੱਥੋਂ ਨੇ ਰੌਇਲ ਆਸਟਰੇਲੀਅਨ ਏਅਰ ਫੋਰਸ ਆਫੀਸਰ ਟਰੇਨਿੰਗ ਸਕੂਲ ਤੋਂ ਗ੍ਰੈਜੂਏਸ਼ਨ ਕਰਕੇ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਉਸ ਨੇ ਪਾਇਲਟ ਅਫਸਰ ਵਜੋਂ ਆਪਣੀਆਂ ਨਵੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਹਨ। ਕਪੂਰਥਲਾ ਦੇ ਆਰਮੀ ਸਕੂਲ ਤੋਂ ਪੜ੍ਹਾਈ ਕਰਨ ਵਾਲੇ ਅਮਨਦੀਪ ਨੇ ਫੌਜ ਵਿੱਚ ਸੇਵਾਵਾਂ ਨਿਭਾਉਣ ਦੀ ਆਪਣੀ ਸ਼ਾਨਦਾਰ ਪਰਿਵਾਰਕ ਰਵਾਇਤ ਨੂੰ ਅੱਗੇ ਤੋਰਿਆ ਹੈ। ਜਿੱਥੇ ਉਸਦੇ ਬਜ਼ੁਰਗਾਂ ਨੇ ਭਾਰਤ ਵਿੱਚ ਸੇਵਾਵਾਂ ਨਿਭਾਈਆਂ, ਉੱਥੇ ਹੀ ਹੁਣ ਉਹ ਅਤੇ ਉਸਦੇ ਭਰਾ ਆਸਟਰੇਲੀਆ ਵਿੱਚ ਪਰਿਵਾਰ ਦੀ ਫੌਜੀ ਵਿਰਾਸਤ ਨੂੰ ਕਾਇਮ ਰੱਖਦਿਆਂ ਸੇਵਾਵਾਂ ਨਿਭਾ ਰਹੇ ਹਨ। ਤਿੰਨ ਭਰਾਵਾਂ ਵਿੱਚੋਂ ਇੱਕ ਅਮਨਦੀਪ ਅਤੇ ਉਸਦੇ ਦੋਵੇਂ ਭਰਾਵਾਂ ਲਈ ਪਰਿਵਾਰ ਦਾ ਫੌਜੀ ਪਿਛੋਕੜ ਉਨ੍ਹਾਂ ਦੇ ਇਸ ਪੇਸ਼ੇ ਦੀ ਚੋਣ ਲਈ ਵੱਡੀ ਪ੍ਰੇਰਨਾ ਬਣਿਆ।

ਅਮਨਦੀਪ ਅਤੇ ਉਸਦੇ ਦੋਵੇਂ ਭਰਾ ਰੌਇਲ ਆਸਟਰੇਲੀਅਨ ਏਅਰ ਫੋਰਸ ਅਤੇ ਪੁਲੀਸ ਫੋਰਸ ਵਿੱਚ ਸੇਵਾ ਨਿਭਾ ਰਹੇ ਹਨ। ਅਮਨਦੀਪ ਦੇ ਛੋਟੇ ਭਰਾ ਕਮਲਪ੍ਰੀਤ ਨੂੰ ਪਿਛਲੇ ਸਾਲ ਰੌਇਲ ਆਸਟਰੇਲੀਅਨ ਏਅਰ ਫੋਰਸ ਵਿੱਚ ਫਲਾਇੰਗ ਅਫਸਰ ਨਿਯੁਕਤ ਕੀਤਾ ਗਿਆ ਸੀ, ਜਿੱਥੇ ਉਹ ਆਪਣੀ ਡਿਊਟੀ ਬਾਖੂਬੀ ਨਿਭਾ ਰਿਹਾ ਹੈ। ਉਸਦੇ ਵੱਡੇ ਭਰਾ, ਸਰਬਜੀਤ ਸਿੰਘ ਮੱਥੋਂ ਨੇ ਨਿਊ ਸਾਊਥ ਵੇਲਜ਼ ਪੁਲੀਸ ਫੋਰਸ ਵਿੱਚ ਪੁਲੀਸ ਅਫਸਰ ਬਣਨ ਤੋਂ ਪਹਿਲਾਂ ਆਸਟਰੇਲੀਅਨ ਆਰਮੀ ਵਿੱਚ ਵੀ ਸੇਵਾਵਾਂ ਨਿਭਾਈਆਂ ਹਨ। ਇਹ ਪਰਿਵਾਰ ਕਈ ਦਹਾਕੇ ਪਹਿਲਾਂ ਆਸਟਰੇਲੀਆ ਚਲਾ ਗਿਆ ਸੀ ਅਤੇ ਇਸ ਸਮੇਂ ਮੈਲਬੌਰਨ ਵਿੱਚ ਰਹਿ ਰਿਹਾ ਹੈ। ਆਸਟਰੇਲੀਆ ਤੋਂ ‘ਟ੍ਰਿਬਿਊਨ ਸਮੂਹ’ ਨਾਲ ਗੱਲਬਾਤ ਕਰਦਿਆਂ ਅਮਨਦੀਪ ਦੀ ਮਾਤਾ ਅਮਰਜੀਤ ਕੌਰ ਨੇ ਦੱਸਿਆ, “ਮੇਰੇ ਪੁੱਤਰ ਆਪਣੇ ਪਿਤਾ ਸੇਵਾ ਸਿੰਘ ਦੇ ਨਕਸ਼ੇ-ਕਦਮਾਂ ‘ਤੇ ਚੱਲ ਰਹੇ ਹਨ, ਜਿਨ੍ਹਾਂ ਨੇ ਭਾਰਤੀ ਫੌਜ ਵਿੱਚ ਸੇਵਾ ਨਿਭਾਈ ਸੀ।

ਅਸੀਂ ਸਾਲਾਂ ਪਹਿਲਾਂ ਆਸਟਰੇਲੀਆ ਆ ਗਏ ਸੀ ਅਤੇ ਮੇਰੇ ਪੁੱਤਰਾਂ ਨੇ ਇਹ ਮੁਕਾਮ ਹਾਸਲ ਕਰਨ ਲਈ ਬਹੁਤ ਮਿਹਨਤ ਕੀਤੀ ਹੈ। ਉਹ ਸਟੱਡੀ ਵੀਜ਼ੇ ‘ਤੇ ਇੱਥੇ ਆਏ ਸਨ ਅਤੇ ਨੌਕਰੀਆਂ ਦੇ ਨਾਲ-ਨਾਲ ਪੜ੍ਹਾਈ ਕਰਕੇ ਸਖ਼ਤ ਮਿਹਨਤ ਕੀਤੀ ਅਤੇ ਫਿਰ ਫੋਰਸ ਵਿੱਚ ਸ਼ਾਮਲ ਹੋਣ ਲਈ ਸਖ਼ਤ ਸਿਖਲਾਈ ਲਈ। ਮੇਰੇ ਪਤੀ ਦਾ ਫੌਜੀ ਪਿਛੋਕੜ ਅਤੇ ਉਸੇ ਮਾਹੌਲ ਵਿੱਚ ਮੇਰੇ ਪੁੱਤਰਾਂ ਦੀ ਪਰਵਰਿਸ਼ ਨੇ ਉਨ੍ਹਾਂ ਦੇ ਇਰਾਦਿਆਂ ਨੂੰ ਹੋਰ ਮਜ਼ਬੂਤ ਕੀਤਾ। ਉਨ੍ਹਾਂ ਕਿਹਾ, “ਅਮਨਦੀਪ ਨੇ ਹੁਣ ਇਸ ਸੁਪਨੇ ਨੂੰ ਪੂਰਾ ਕਰਨ ਲਈ ਆਪਣੇ ਭਰਾਵਾਂ, ਪਿਤਾ ਅਤੇ ਬਜ਼ੁਰਗਾਂ ਦਾ ਰਾਹ ਚੁਣਿਆ ਹੈ। ਮੇਰੇ ਪਿਤਾ ਅਤੇ ਭਰਾ ਨੇ ਵੀ ਭਾਰਤੀ ਫੌਜ ਵਿੱਚ ਸੇਵਾ ਨਿਭਾਈ ਸੀ। ਆਪਣੀ ਪਾਸਿੰਗ ਆਊਟ ਪਰੇਡ ਤੋਂ ਤੁਰੰਤ ਬਾਅਦ ਅਮਨਦੀਪ ਬਹੁਤ ਖੁਸ਼ ਸੀ ਅਤੇ ਉਸਨੇ ਕਿਹਾ ਕਿ ਇਹ ਮੇਰੇ ਲਈ ਸਿਰਫ ਇੱਕ ਵਰਦੀ ਨਹੀਂ ਬਲਕਿ ਜ਼ਿੰਦਗੀ ਜਿਊਣ ਦਾ ਇੱਕ ਤਰੀਕਾ (way of life) ਹੈ।

Share this content:

Post Comment