Loading Now

ਐੱਸ ਬੀ ਆਈ ਨੇ 3,897 ਗਾਹਕਾਂ ਦੇ ਰਿਕਾਰਡ ਦੀ ਪਛਾਣ ਕੀਤੀ; ਜਾਂਚ ਸ਼ੁਰੂ

ਐੱਸ ਬੀ ਆਈ ਨੇ 3,897 ਗਾਹਕਾਂ ਦੇ ਰਿਕਾਰਡ ਦੀ ਪਛਾਣ ਕੀਤੀ; ਜਾਂਚ ਸ਼ੁਰੂ

ਨਵੀਂ ਦਿੱਲੀ, 21 ਅਕਤੂਬਰ – ਸਟੇਟ ਬੈਂਕ ਆਫ਼ ਇੰਡੀਆ (ਐੱਸ.ਬੀ.ਆਈ.) ਨੇ ਮੰਗਲਵਾਰ ਨੂੰ ਦੱਸਿਆ ਕਿ ਡਾਰਕ ਵੈੱਬ ’ਤੇ ਲੀਕ ਹੋਣ ਦੇ ਖ਼ਦਸ਼ੇ ਵਾਲੇ ਡਾਟਾ ਦੇ ਮੁਢਲੇ ਵਿਸ਼ਲੇਸ਼ਣ ਦੌਰਾਨ ਉਸ ਨੇ ਗਾਹਕਾਂ ਦੀ ਨਿੱਜੀ ਪਛਾਣ ਨਾਲ ਜੁੜੇ 3,897 ਰਿਕਾਰਡਾਂ ਦੀ ਪਛਾਣ ਕੀਤੀ ਹੈ। ਇਸ ਦੇ ਨਾਲ ਹੀ ਬੈਂਕ ਨੇ ਘਟਨਾ ਦੀ ਵਿਸਥਾਰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ ਵਿੱਚ ਬੈਂਕ ਨੇ ਦੱਸਿਆ ਕਿ 16 ਅਕਤੂਬਰ ਨੂੰ ਉਸ ਨੂੰ ਆਪਣੇ ਥ੍ਰੈਟ ਇੰਟੈਲੀਜੈਂਸ ਸਰਵਿਸ ਪ੍ਰੋਵਾਈਡਰ, ਡਿਫੈਂਸ ਸਾਈਬਰ ਏਜੰਸੀ ਅਤੇ ਸਰਟ-ਇਨ (CERT-In) ਤੋਂ ਡਾਰਕ ਵੈੱਬ ’ਤੇ ਗਾਹਕਾਂ ਦੇ ਡਾਟਾ ਦੀ ਸੰਭਾਵਿਤ ਲੀਕ ਬਾਰੇ ਅਲਰਟ ਪ੍ਰਾਪਤ ਹੋਇਆ ਸੀ।

ਬੈਂਕ ਨੇ ਦੱਸਿਆ ਕਿ ਮੁਢਲੇ ਵਿਸ਼ਲੇਸ਼ਣ ਵਿੱਚ ਡਾਰਕ ਵੈੱਬ ’ਤੇ ਮੌਜੂਦ ਲਗਪਗ 3,75,000 ਰਿਕਾਰਡਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ 3,897 ਗਾਹਕਾਂ ਦੇ ਅਜਿਹੇ ਰਿਕਾਰਡ ਪਾਏ ਗਏ ਜਿਨ੍ਹਾਂ ਵਿੱਚ ਉਨ੍ਹਾਂ ਦੀ ਨਿੱਜੀ ਪਛਾਣ ਵਾਲੀ ਜਾਣਕਾਰੀ (PII) ਸ਼ਾਮਲ ਸੀ। ਰਿਪੋਰਟ ਅਨੁਸਾਰ, ਲੀਕ ਹੋਈ ਜਾਣਕਾਰੀ ਵਿੱਚ ਗਾਹਕਾਂ ਦੇ ਰਜਿਸਟਰਡ ਮੋਬਾਈਲ ਨੰਬਰ, ਜਨਮ ਤਾਰੀਖ਼, ਨਾਮ, ਲਿੰਗ (ਜੈਂਡਰ), ਈਮੇਲ ਪਤੇ ਅਤੇ ਰਹਾਇਸ਼ੀ ਪਤੇ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਵਿੱਚ ਬਰਾਂਚ ਅਤੇ ਕਸਟਮਰ ਇਨਫਰਮੇਸ਼ਨ ਫਾਈਲ (CIF) ਆਈਡੈਂਟੀਫਾਇਰ, ਲੀਡ ਆਈ.ਡੀ. (Lead IDs), ਅਤੇ ਲੋਨ ਤੇ ਲੀਡ ਰਿਕਾਰਡਾਂ ਅਤੇ ਹੋਰ ਸਬੰਧਤ ਫਾਈਲਾਂ ਨਾਲ ਜੁੜਿਆ ਮੈਟਾਡਾਟਾ ਵੀ ਸ਼ਾਮਲ ਹੈ।

ਸਟੇਟ ਬੈਂਕ ਆਫ਼ ਇੰਡੀਆ (SBI) ਦਾ ਕਹਿਣਾ ਹੈ ਕਿ ਲੀਕ ਹੋਏ ਡਾਟਾ ਦੀ ਅਸਲੀਅਤ ਜਾਂਚਣ, ਇਸ ਦੇ ਫੈਲਣ ਦੇ ਕਾਰਨਾਂ ਅਤੇ ਦਾਇਰੇ ਦਾ ਪਤਾ ਲਗਾਉਣ ਲਈ ਡੂੰਘਾਈ ਨਾਲ ਪੜਤਾਲ ਕਰਨ ਦੀ ਲੋੜ ਹੈ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਇਸ ਨਾਲ ਗਾਹਕਾਂ ਅਤੇ ਬੈਂਕ ਨੂੰ ਕਿੰਨਾ ਖ਼ਤਰਾ ਹੈ। ਬੈਂਕ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਬਾਰੇ ਅਲਰਟ ਮਿਲਿਆ, ਉਨ੍ਹਾਂ ਨੇ ਤੁਰੰਤ ਸੁਰੱਖਿਆ ਅਤੇ ਬਚਾਅ ਦੇ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਸਨ। ਇਸ ਮਾਮਲੇ ਦੀ ਪੂਰੀ ਜਾਂਚ ਕਰਨ ਲਈ ਬੈਂਕ ਨੇ ਸਰਟ-ਇਨ (CERT-In) ਵੱਲੋਂ ਮਨੋਨੀਤ ਕੀਤੀ ਗਈ ਇੱਕ ਸੁਤੰਤਰ ਸਾਇਬਰ ਸੁਰੱਖਿਆ ਏਜੰਸੀ ਨੂੰ ਵੀ ਨਾਲ ਜੋੜ ਲਿਆ ਹੈ। SBI ਮੁਤਾਬਕ ਇਹ ਜਾਂਚ ਇਸ ਸਮੇਂ ਜਾਰੀ ਹੈ ਅਤੇ ਲੋੜ ਅਨੁਸਾਰ ਠੋਸ ਕਦਮ ਚੁੱਕੇ ਜਾ ਰਹੇ ਹਨ। ਬੈਂਕ ਨੇ ਇਹ ਵੀ ਸਾਫ਼ ਕੀਤਾ ਹੈ ਕਿ ਇਸ ਘਟਨਾ ਦਾ ਉਸ ਦੇ ਮੁੱਖ ਕਾਰੋਬਾਰ, ਵਿੱਤੀ ਹਾਲਤ ਜਾਂ ਕੰਮਕਾਜ ਉੱਤੇ ਕੋਈ ਮਾੜਾ ਅਸਰ ਨਹੀਂ ਪਿਆ ਹੈ।

Share this content:

Post Comment