Loading Now

ਐੱਲ ਪੀ ਯੂ ਘਟਨਾ ਨੂੰ ਲੈ ਕੇ ਭਖੀ ਸਿਆਸਤ

ਐੱਲ ਪੀ ਯੂ ਘਟਨਾ ਨੂੰ ਲੈ ਕੇ ਭਖੀ ਸਿਆਸਤ

ਫਗਵਾੜਾ – 29-ਸਤੰਬਰ ਪੰਜਾਬ ’ਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਕਈ ਦਿਨਾਂ ਤੋਂ ਵਾਪਰ ਰਹੀਆਂ ਘਟਨਾਵਾਂ ਨੂੰ ਲੈ ਕੇ ਸਿਆਸਤ ਭਖ ਗਈ ਹੈ। ਅੱਜ ‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਪੰਜਾਬ ਪੁਲੀਸ ਨੇ ਬਹੁਤ ਹੀ ਪੇਸ਼ੇਵਰ ਢੰਗ ਨਾਲ ਮੋਰਚਾ ਸਾਂਭਿਆ ਅਤੇ ਵਿਸ਼ੇਸ਼ ਜਾਂਚ ਟੀਮ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੰਨੂ ਨੇ ਵਿਦਿਆਰਥੀਆਂ ਨਾਲ ਜੁੜੇ ਸੰਵੇਦਨਸ਼ੀਲ ਮੁੱਦੇ ’ਤੇ ਸਿਆਸਤ ਕਰਨ ਲਈ ਵਿਰੋਧੀ ਆਗੂਆਂ ਦੀ ਆਲੋਚਨਾ ਕੀਤੀ।

ਕਾਂਗਰਸ ਨੇ ਨਿਰਪੱਖ ਜਾਂਚ ਦੀ ਮੰਗ ਕੀਤੀ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੇ ਦੋ ਵੱਡੇ ਸਿੱਖਿਆ ਅਦਾਰਿਆਂ ਵਿੱਚ ਹੋਈ ਹਿੰਸਾ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਹਿੰਸਾ ਦੇ ਤਰੀਕੇ ’ਤੇ ਡੂੰਘੀ ਚਿੰਤਾ ਪ੍ਰਗਟਾਈ।

ਐੱਨ ਆਈ ਏ ਤੋਂ ਜਾਂਚ ਕਰਵਾਈ ਜਾਵੇ: ਜਾਖੜ

ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੀਆਂ ਘਟਨਾਵਾਂ ਪਿੱਛੇ ਲੁਕੇ ਤੱਤਾਂ ਦੀ ਪਛਾਣ ਲਈ ਐੱਨ ਆਈ ਏ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਬਾਹਰੀ ਹਥਿਆਰਬੰਦ ਲੋਕਾਂ ਦੀ ਸ਼ਮੂਲੀਅਤ ਤੋਂ ਬਾਅਦ ਅਚਾਨਕ ਸਥਿਤੀ ਕਿਵੇਂ ਭੜਕ ਗਈ, ਇਹ ਜਾਂਚ ਦਾ ਵਿਸ਼ਾ ਹੈ।

ਵਿਦਿਆਰਥੀਆਂ ਨੂੰ ਮੋਹਰਾ ਬਣਾਇਆ: ਮਜੀਠੀਆ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ‘ਆਪ’ ਨੇ ਅਸ਼ੋਕ ਮਿੱਤਲ ਤੋਂ ਬਦਲਾ ਲੈਣ ਲਈ ਐੱਲ ਪੀ ਯੂ ਦੇ ਵਿਦਿਆਰਥੀਆਂ ਨੂੰ ਮੋਹਰਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਅਸ਼ੋਕ ਮਿੱਤਲ ਭਾਜਪਾ ਵਿੱਚ ਆਇਆ ਹੈ ਤਾਂ ਦਿੱਲੀ ਤੋਂ ਗੈਰ ਸਮਾਜਿਕ ਅਨਸਰ ਬੁਲਾ ਕੇ ਅੰਦੋਲਨ ਭੜਕਾਇਆ ਗਿਆ।

ਨਿੱਜੀ ’ਵਰਸਿਟੀ ਵਿੱਚ ਭੰਨ-ਤੋੜ ਮੰਦਭਾਗੀ: ਗੜਗੱਜ

ਅੰਮ੍ਰਿਤਸਰ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਦੀਆਂ ਨਿੱਜੀ ਯੂਨੀਵਰਸਿਟੀਆਂ ਵਿੱਚ ਭੰਨ-ਤੋੜ ਨੂੰ ਮੰਦਭਾਗਾ ਕਰਾਰ ਦਿੰਦਿਆਂ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਹ ਪੰਜਾਬ ਦਾ ਖਾਸਾ ਨਹੀਂ ਹੈ। ਪੰਜਾਬ ਵਿੱਚ ਬਹੁਤ ਵਿਦਿਆਰਥੀ ਸੰਘਰਸ਼ ਹੋਏ ਹਨ ਪਰ ਪੰਜਾਬੀ ਵਿਦਿਆਰਥੀਆਂ ਨੇ ਕਦੇ ਵੀ ਅਜਿਹਾ ਰੋਸ ਨਹੀਂ ਕੀਤਾ, ਜਿਸ ਵਿੱਚ ਇਸ ਤਰ੍ਹਾਂ ਭੰਨ-ਤੋੜ ਕੀਤੀ ਹੋਵੇ। ਪੰਜਾਬ ਦੇ ਵਿਦਿਆਰਥੀਆਂ ਨੇ ਕਦੇ ਵੀ ਗੱਡੀਆਂ ਨਹੀਂ ਭੰਨੀਆਂ ਤੇ ਨਾ ਯੂਨੀਵਰਸਿਟੀਆਂ ਨੂੰ ਸਾੜਿਆ ਜਾਂ ਨੁਕਸਾਨ ਪਹੁੰਚਾਇਆ। ਇਸ ਦੀ ਮੁਕੰਮਲ ਜਾਂਚ ਹੋਣੀ ਚਾਹੀਦੀ ਹੈ।

ਯੂਨੀਵਰਸਿਟੀਆਂ ’ਚ ਘਟਨਾਵਾਂ ਦੀ ਨਿਰਪੱਖ ਜਾਂਚ ਹੋਵੇ: ਛੜਬੜ

ਰਾਜਪੁਰਾ (ਨਿੱਜੀ ਪੱਤਰ ਪ੍ਰੇਰਕ): ਬਸਪਾ ਦੇ ਸੂਬਾ ਜਨਰਲ ਸਕੱਤਰ ਜਗਜੀਤ ਸਿੰਘ ਛੜਬੜ ਨੇ ਕਿਹਾ ਕਿ ਚਿਤਕਾਰਾ ਯੂਨੀਵਰਸਿਟੀ ਬਨੂੜ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ 48 ਘੰਟਿਆਂ ਦੌਰਾਨ। ਜੋ ਕੁਝ ਵਾਪਰਿਆ ਹੈ, ਉਹ ਪੰਜਾਬ ਦੀ ਸ਼ਾਂਤੀ, ਭਾਈਚਾਰਕ ਸਾਂਝ ਅਤੇ ਅਕਸ ’ਤੇ ਗੰਭੀਰ ਸੱਟ ਹੈ। ਸਾਰੇ ਮਾਮਲੇ ਦੀ ਉੱਚ ਪੱਧਰੀ ਤੇ ਨਿਰਪੱਖ ਜਾਂਚ ਕੀਤੀ ਜਾਵੇ। ਨਿਰਦੋਸ਼ਾਂ ਦੀ ਸੁਰੱਖਿਆ, ਕਿਸੇ ਵੀ ਬੇਗੁਨਾਹ ਵਿਦਿਆਰਥੀ ਨਾਲ ਧੱਕਾ ਜਾਂ ਗਲਤ ਕੇਸ ਦਰਜ ਨਾ ਹੋਵੇ, ਸਿਰਫ਼ ਅਸਲ ਦੋਸ਼ੀਆਂ ਨੂੰ ਹੀ ਸਖ਼ਤ ਸਜ਼ਾਵਾਂ ਮਿਲਣ। ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚ ਬਿਨਾਂ ਜਾਂਚ-ਪੜਤਾਲ ਤੋਂ ਦਿੱਤੇ ਜਾ ਰਹੇ ਦਾਖ਼ਲਿਆਂ ’ਤੇ ਕੋਟਾ ਲਗਾਇਆ ਜਾਵੇ ਅਤੇ ਬਾਹਰੋਂ ਆਉਣ ਵਾਲਿਆਂ ਦੀ ਪੁਲੀਸ ਪੜਤਾਲ ਹੋਵੇ।

Share this content:

Post Comment