ਏਅਰ ਕੇਅਰ ਸੈਂਟਰ ਅਤੇ ਕਲੀਨ ਏਅਰ ਪੰਜਾਬ ਵੱਲੋਂ ਹਵਾ ਪ੍ਰਦੂਸ਼ਣ ਦੇ ਸਿਹਤ ‘ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਮਾਹਿਰਾਂ ਨੇ ਕੀਤੀ ਚਰਚਾ
ਅੰਮ੍ਰਿਤਸਰ , 5 ਨਵੰਬਰ – ਏਅਰ ਕੇਅਰ ਸੈਂਟਰ ਵੱਲੋਂ ਕਲੀਨ ਏਅਰ ਪੰਜਾਬ ਦੇ ਸਹਿਯੋਗ ਨਾਲ ਅੰਮ੍ਰਿਤਸਰ ਵਿਖੇ ‘ਹਵਾ ਪ੍ਰਦੂਸ਼ਣ ਦੀ ਮਨੁੱਖੀ ਕੀਮਤ’ ਵਿਸ਼ੇ ‘ਤੇ ਵਿਸ਼ੇਸ਼ ਵਿਚਾਰ-ਚਰਚਾ ਕਰਵਾਈ ਗਈ। ਇਸ ਵਿੱਚ ਸਿੱਖਿਆ ਸ਼ਾਸਤਰੀਆਂ, ਡਾਕਟਰਾਂ, ਜਨਤਕ ਸਿਹਤ ਮਾਹਿਰਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕਰਦਿਆਂ ਹਵਾ ਪ੍ਰਦੂਸ਼ਣ ਦੇ ਮਨੁੱਖੀ ਸਿਹਤ ਅਤੇ ਜੀਵਨ ‘ਤੇ ਪੈ ਰਹੇ ਮਾੜੇ ਪ੍ਰਭਾਵਾਂ ਬਾਰੇ ਵਿਚਾਰ ਸਾਂਝੇ ਕੀਤੇ।
ਚਰਚਾ ਦੌਰਾਨ ਦੱਸਿਆ ਗਿਆ ਕਿ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈਣ ਨਾਲ ਸਾਹ ਸਬੰਧੀ ਬਿਮਾਰੀਆਂ ਵਧਣ ਦੇ ਨਾਲ-ਨਾਲ ਪਹਿਲਾਂ ਤੋਂ ਮੌਜੂਦ ਸਿਹਤ ਸਮੱਸਿਆਵਾਂ ਵੀ ਗੰਭੀਰ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਹਵਾ ਪ੍ਰਦੂਸ਼ਣ ਦਾ ਮਾਨਸਿਕ ਸਿਹਤ ‘ਤੇ ਵੀ ਅਸਰ ਪੈਂਦਾ ਹੈ, ਜਿਸ ਬਾਰੇ ਅਕਸਰ ਘੱਟ ਚਰਚਾ ਹੁੰਦੀ ਹੈ। ਮਾਹਿਰਾਂ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਸਿਰਫ਼ ਵਾਤਾਵਰਣ ਨਾਲ ਜੁੜਿਆ ਮੁੱਦਾ ਨਹੀਂ, ਸਗੋਂ ਜਨਤਕ ਸਿਹਤ ਲਈ ਵੀ ਇੱਕ ਵੱਡੀ ਚੁਣੌਤੀ ਹੈ। ਇਸ ਨਾਲ ਨਜਿੱਠਣ ਲਈ ਲਗਾਤਾਰ ਯਤਨਾਂ, ਰੋਕਥਾਮ ਵਾਲੀਆਂ ਸਿਹਤ ਸੇਵਾਵਾਂ ਅਤੇ ਲੋਕਾਂ ਦੀ ਜਾਗਰੂਕਤਾ ਤੇ ਭਾਗੀਦਾਰੀ ਦੀ ਲੋੜ ਹੈ।

ਮੁੱਖ ਭਾਸ਼ਣ ਦਿੰਦਿਆਂ ਖਾਲਸਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਮੇਹਲ ਸਿੰਘ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਸਾਂਝੇ ਯਤਨ, ਸਿੱਖਿਆ ਅਤੇ ਲੋਕ ਜਾਗਰੂਕਤਾ ਬੇਹੱਦ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਸਾਫ਼ ਹਵਾ ਇੱਕ ਸਿਹਤਮੰਦ ਸਮਾਜ ਦੀ ਬੁਨਿਆਦੀ ਲੋੜ ਹੈ ਅਤੇ ਵਿਦਿਅਕ ਸੰਸਥਾਵਾਂ ਨੌਜਵਾਨਾਂ ਨੂੰ ਇਸ ਬਾਰੇ ਜਾਗਰੂਕ ਕਰਨ ਅਤੇ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਉਨ੍ਹਾਂ ਵਾਤਾਵਰਣ ਦੀ ਸੁਰੱਖਿਆ ਨੂੰ ਲੋਕਾਂ ਦੀ ਰੋਜ਼ਾਨਾ ਸਿਹਤ ਅਤੇ ਜੀਵਨ ਦੀ ਗੁਣਵੱਤਾ ਨਾਲ ਜੋੜਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।
ਸਿਵਲ ਸਰਜਨ ਦਫ਼ਤਰ, ਅੰਮ੍ਰਿਤਸਰ ਦੇ ਇੰਟੀਗ੍ਰੇਟਿਡ ਡਿਜ਼ੀਜ਼ ਸਰਵੇਲੈਂਸ ਪ੍ਰੋਗਰਾਮ (IDSP) ਦੀ ਐਪੀਡੈਮੀਓਲੋਜਿਸਟ ਡਾ. ਰਿਚਾ ਵਰਮਾ ਨੇ ਹਵਾ ਪ੍ਰਦੂਸ਼ਣ ਦੇ ਜਨਤਕ ਸਿਹਤ ‘ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਿਮਾਰੀਆਂ ਦੀ ਨਿਗਰਾਨੀ, ਸਿਹਤ ਸਬੰਧੀ ਖ਼ਤਰਿਆਂ ਦੀ ਸਮੇਂ ਸਿਰ ਪਛਾਣ ਅਤੇ ਬਚਾਅ ਦੇ ਉਪਾਅ ਇਸ ਸਮੱਸਿਆ ਨਾਲ ਨਜਿੱਠਣ ਲਈ ਬਹੁਤ ਮਹੱਤਵਪੂਰਨ ਹਨ।
ਲੰਗ ਕੇਅਰ ਫਾਊਂਡੇਸ਼ਨ ਦੀ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਡਾ. ਸੋਨਾਲੀ ਨੇ ਸਾਹ ਸਬੰਧੀ ਸਿਹਤ ਬਾਰੇ ਗੱਲ ਕਰਦਿਆਂ ਦੱਸਿਆ ਕਿ ਪ੍ਰਦੂਸ਼ਿਤ ਹਵਾ ਦੇ ਸੰਪਰਕ ਵਿੱਚ ਰਹਿਣ ਨਾਲ ਸਾਹ ਦੀਆਂ ਬਿਮਾਰੀਆਂ ਗੰਭੀਰ ਹੋ ਸਕਦੀਆਂ ਹਨ ਅਤੇ ਕਈ ਹੋਰ ਸਿਹਤ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਬੱਚੇ, ਬਜ਼ੁਰਗ ਅਤੇ ਪਹਿਲਾਂ ਤੋਂ ਬਿਮਾਰੀਆਂ ਨਾਲ ਜੂਝ ਰਹੇ ਲੋਕ ਹਵਾ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਮਨੋਵਿਗਿਆਨ ਵਿਭਾਗ ਦੀ ਸਹਾਇਕ ਪ੍ਰਫੈਸਰ ਡਾ. ਮੇਹਕ ਨੇ ਹਵਾ ਪ੍ਰਦੂਸ਼ਣ ਦੇ ਮਾਨਸਿਕ ਸਿਹਤ ‘ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਵਾਤਾਵਰਣ ਨਾਲ ਜੁੜੇ ਤਣਾਅ ਦੇ ਕਾਰਕ ਮਨੁੱਖ ਦੀ ਭਾਵਨਾਤਮਕ ਅਤੇ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਸਕਦੇ ਹਨ ਅਤੇ ਇਸ ਕਾਰਨ ਚਿੰਤਾ ਤੇ ਰੋਜ਼ਾਨਾ ਜੀਵਨ ਵਿੱਚ ਤਣਾਅ ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ।
ਇਸ ਮੌਕੇ ਏਅਰ ਕੇਅਰ ਸੈਂਟਰ ਦੇ ਹਰਵਿੰਦਰ ਸਿੰਘ ਨੇ ਕਿਹਾ, “ਹਵਾ ਪ੍ਰਦੂਸ਼ਣ ਨੂੰ ਸਭ ਤੋਂ ਪਹਿਲਾਂ ਜਨਤਕ ਸਿਹਤ ਨਾਲ ਜੁੜੀ ਗੰਭੀਰ ਸਮੱਸਿਆ ਵਜੋਂ ਸਮਝਣ ਦੀ ਲੋੜ ਹੈ। ਇਸ ਦੇ ਪ੍ਰਭਾਵ ਸਿਰਫ਼ ਹਵਾ ਦੀ ਗੁਣਵੱਤਾ ਦੇ ਅੰਕੜਿਆਂ ਤੱਕ ਸੀਮਤ ਨਹੀਂ ਹਨ, ਸਗੋਂ ਇਹ ਲੋਕਾਂ ਦੀ ਸਿਹਤ ਅਤੇ ਰੋਜ਼ਾਨਾ ਜੀਵਨ ਨੂੰ ਵੀ ਪ੍ਰਭਾਵਿਤ ਕਰਦੇ ਹਨ।”
Share this content:



Post Comment