ਏਅਰੋਟ੍ਰੋਪੋਲਿਸ ਲਈ 3,864 ਏਕੜ ਜ਼ਮੀਨ ਐਕਵਾਇਰ
ਐੱਸ.ਏ.ਐੱਸ. ਨਗਰ, 17 ਜੁਲਾਈ – ਮੁਹਾਲੀ ਦੇ ਮਹੱਤਵਪੂਰਨ ਏਅਰੋਟ੍ਰੋਪੋਲਿਸ ਰਿਹਾਇਸ਼ੀ ਪ੍ਰਾਜੈਕਟ ਦੇ ਵਿਸਥਾਰ ਲਈ 3,864 ਏਕੜ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਹੁਣ ਅੰਤਿਮ ਪੜਾਅ ਵਿੱਚ ਦਾਖ਼ਲ ਹੋ ਗਈ ਹੈ। ਗਮਾਡਾ 20 ਜੁਲਾਈ ਨੂੰ ਅੱਠ ਪਿੰਡਾਂ ਦੇ ਕਿਸਾਨਾਂ ਨੂੰ ਜ਼ਮੀਨ ਦੀ ਕੀਮਤ ਸਬੰਧੀ ਅਵਾਰਡ ਸੁਣਾਏਗਾ। ਇਸ ਸਬੰਧੀ ਭੂਮੀ ਪ੍ਰਾਪਤੀ ਕਲੈਕਟਰ ਵੱਲੋਂ ਸਬੰਧਤ ਪਿੰਡਾਂ ਦੇ ਸਰਪੰਚਾਂ ਨੂੰ ਮੁਨਿਆਦੀ ਕਰਵਾਉਣ ਅਤੇ ਕਿਸਾਨਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਪੱਤਰ ਜਾਰੀ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਏਅਰੋਟ੍ਰੋਪੋਲਿਸ ਦੇ ਈ, ਐੱਫ਼, ਜੀ, ਐੱਚ, ਆਈ ਅਤੇ ਜੇ ਪਾਕੇਟਾਂ ਦੀ ਸਥਾਪਨਾ ਲਈ ਕੁਰੜੀ, ਕਿਸ਼ਨਪੁਰਾ, ਛੱਤ, ਪੱਤੋਂ, ਮਟਰਾਂ, ਬੜੀ, ਬਾਕਰਪੁਰ ਅਤੇ ਸਿਆਊ ਪਿੰਡਾਂ ਦੀ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ। ਇਹ ਐਕੁਆਇਰਮੈਂਟ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਤਹਿਤ ਹੋਵੇਗੀ, ਜਿਸ ਤਹਿਤ ਕਿਸਾਨਾਂ ਨੂੰ ਨਕਦ ਮੁਆਵਜ਼ਾ ਜਾਂ ਲੈਂਡ ਪੂਲਿੰਗ ਦੇ ਲਾਭਾਂ ਵਿੱਚੋਂ ਆਪਣੀ ਪਸੰਦ ਦਾ ਵਿਕਲਪ ਚੁਣਨ ਦੀ ਛੋਟ ਦਿੱਤੀ ਗਈ ਹੈ। ਗਮਾਡਾ ਵੱਲੋਂ ਜਾਰੀ ਸਮਾਂ-ਸਾਰਣੀ ਅਨੁਸਾਰ 20 ਜੁਲਾਈ ਨੂੰ ਪੁੱਡਾ ਭਵਨ ਦੀ ਦੂਜੀ ਮੰਜ਼ਿਲ ਸਥਿਤ ਕਮੇਟੀ ਹਾਲ ਵਿੱਚ ਸਵੇਰੇ 10 ਵਜੇ ਕੁਰੜੀ, 11 ਵਜੇ ਪੱਤੋਂ, 12 ਵਜੇ ਸਿਆਊ, ਦੁਪਹਿਰ 1 ਵਜੇ ਬੜੀ, 2 ਵਜੇ ਮਟਰਾਂ ਅਤੇ ਬਾਕਰਪੁਰ, 3 ਵਜੇ ਛੱਤ ਅਤੇ ਸ਼ਾਮ 4 ਵਜੇ ਕਿਸ਼ਨਪੁਰਾ ਦੇ ਕਿਸਾਨਾਂ ਨੂੰ ਅਵਾਰਡ ਸੁਣਾਇਆ ਜਾਵੇਗਾ।
ਸੋਧੀ ਹੋਈ ਲੈਂਡ ਪੂਲਿੰਗ ਨੀਤੀ ਤਹਿਤ ਕਿਸਾਨਾਂ ਨੂੰ ਹਰ ਇੱਕ ਏਕੜ ਦੇ ਬਦਲੇ 1,000 ਵਰਗ ਗਜ਼ ਰਿਹਾਇਸ਼ੀ ਅਤੇ 210 ਵਰਗ ਗਜ਼ ਵਪਾਰਕ ਥਾਂ ਦਿੱਤੀ ਜਾਵੇਗੀ। ਜੇਕਰ ਕੋਈ ਕਿਸਾਨ ਵਪਾਰਕ ਸਾਈਟ ਨਹੀਂ ਲੈਣਾ ਚਾਹੁੰਦਾ ਤਾਂ ਉਸ ਨੂੰ 1,630 ਵਰਗ ਗਜ਼ ਰਿਹਾਇਸ਼ੀ ਪਲਾਟ ਦਾ ਵਿਕਲਪ ਮਿਲੇਗਾ। ਇਸ ਤੋਂ ਇਲਾਵਾ ਕਿਸਾਨਾਂ ਨੂੰ ਸਹੂਲਤ ਸਰਟੀਫਿਕੇਟ ਵੀ ਜਾਰੀ ਕੀਤਾ ਜਾਵੇਗਾ, ਜਿਸ ਤਹਿਤ ਉਹ ਅਗਲੇ ਚਾਰ ਸਾਲਾਂ ਤੱਕ ਖਰੀਦੀ ਜਾਣ ਵਾਲੀ ਜ਼ਮੀਨ ਜਾਂ ਪਲਾਟ ਦੀ ਰਜਿਸਟਰੀ ‘ਤੇ ਸਟੈਂਪ ਡਿਊਟੀ ਤੋਂ ਛੋਟ ਦਾ ਲਾਭ ਲੈ ਸਕਣਗੇ। ਲੈਂਡ ਪੂਲਿੰਗ ਜਾਂ ਮੁਆਵਜ਼ਾ ਲੈਣ ਵਾਲੇ ਕਿਸਾਨਾਂ ਨੂੰ ਆਊਸਟੀ ਕੋਟੇ ਤਹਿਤ ਰਾਖਵੀਂ ਕੀਮਤ ’ਤੇ ਪਲਾਟ ਵੀ ਦਿੱਤੇ ਜਾਣਗੇ। ਇਸ ਵਿੱਚ ਇੱਕ ਏਕੜ ਤੱਕ ਜ਼ਮੀਨ ਵਾਲਿਆਂ ਨੂੰ 200 ਵਰਗ ਗਜ਼, ਇੱਕ ਤੋਂ ਢਾਈ ਏਕੜ ਤੱਕ 300 ਵਰਗ ਗਜ਼ ਅਤੇ ਢਾਈ ਏਕੜ ਤੋਂ ਵੱਧ ਜ਼ਮੀਨ ਵਾਲਿਆਂ ਨੂੰ 500 ਵਰਗ ਗਜ਼ ਦਾ ਪਲਾਟ ਦਿੱਤਾ ਜਾਵੇਗਾ।
Share this content:



Post Comment