ਈ- ਕਾਮਰਸ ਕੰਪਨੀ ਮੀਸ਼ੋ ਨੂੰ 1,500 ਕਰੋੜ ਰੁਪਏ ਦਾ ਇਨਕਮ ਟੈਕਸ ਨੋਟਿਸ
ਨਵੀਂ ਦਿੱਲੀ, 9 ਮਾਰਚ – ਈ-ਕਾਮਰਸ ਪਲੇਟਫਾਰਮ ਮੀਸ਼ੋ ਨੇ ਹਾਲ ਹੀ ਵਿੱਚ ਜਾਣਕਾਰੀ ਦਿੱਤੀ ਹੈ ਕਿ ਉਸ ਨੂੰ ਇਨਕਮ ਟੈਕਸ ਵਿਭਾਗ ਵੱਲੋਂ ਮੁਲਾਂਕਣ ਸਾਲ 2023-24 ਲਈ ਲਗਭਗ 1,500 ਕਰੋੜ ਰੁਪਏ (ਵਿਆਜ ਸਮੇਤ) ਦਾ ਟੈਕਸ ਡਿਮਾਂਡ ਨੋਟਿਸ ਪ੍ਰਾਪਤ ਹੋਇਆ ਹੈ। ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਨਕਮ ਟੈਕਸ ਵਿਭਾਗ ਦੇ ਇਸ ਮੁਲਾਂਕਣ ਨਾਲ ਸਹਿਮਤ ਨਹੀਂ ਹੈ ਅਤੇ ਇਸ ਆਦੇਸ਼ ਨੂੰ ਕਾਨੂੰਨੀ ਤੌਰ ’ਤੇ ਚੁਣੌਤੀ ਦੇਣ ਦੀ ਤਿਆਰੀ ਕਰ ਰਹੀ ਹੈ। ਮੀਸ਼ੋ ਅਨੁਸਾਰ, ਉਨ੍ਹਾਂ ਕੋਲ ਇਸ ਮੰਗ ਦਾ ਵਿਰੋਧ ਕਰਨ ਲਈ ਮਜ਼ਬੂਤ ਕਾਨੂੰਨੀ ਅਧਾਰ ਹਨ ਅਤੇ ਅਜਿਹਾ ਹੀ ਇੱਕ ਮਾਮਲਾ ਪਹਿਲਾਂ ਵੀ ਕਰਨਾਟਕ ਹਾਈ ਕੋਰਟ ਵਿੱਚ ਪੈਂਡਿੰਗ ਹੈ, ਜਿੱਥੇ ਅਦਾਲਤ ਨੇ ਪਿਛਲੇ ਨੋਟਿਸ ’ਤੇ ਸਟੇਅ ਲਗਾਇਆ ਹੋਇਆ ਹੈ। ਦੂਜੇ ਪਾਸੇ, ਵਿੱਤੀ ਨਤੀਜਿਆਂ ਦੀ ਗੱਲ ਕਰੀਏ ਤਾਂ ਦਸੰਬਰ 2025 ਨੂੰ ਖਤਮ ਹੋਈ ਤੀਜੀ ਤਿਮਾਹੀ ਵਿੱਚ ਕੰਪਨੀ ਦਾ ਘਾਟਾ ਵਧ ਕੇ 490.6 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ, ਜਦੋਂਕਿ ਪਿਛਲੇ ਸਾਲ ਇਸੇ ਸਮੇਂ ਇਹ ਘਾਟਾ ਸਿਰਫ਼ 37.43 ਕਰੋੜ ਰੁਪਏ ਸੀ। ਘਾਟਾ ਵਧਣ ਦਾ ਮੁੱਖ ਕਾਰਨ ਤਿਉਹਾਰਾਂ ਦੇ ਸੀਜ਼ਨ ਦੌਰਾਨ ਖਰਚਿਆਂ ਵਿੱਚ ਹੋਇਆ ਭਾਰੀ ਵਾਧਾ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਕੰਪਨੀ ਦੇ ਕੰਮਕਾਜ ਤੋਂ ਹੋਣ ਵਾਲੀ ਆਮਦਨ ਵਿੱਚ 31 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ 3,517.5 ਕਰੋੜ ਰੁਪਏ ਰਹੀ ਹੈ।
Share this content:


Post Comment