Loading Now

ਇਰਾਨ ਜੰਗ ਦਾ ਵਿਸ਼ਵਵਿਆਪੀ ਪ੍ਰਭਾਵ

ਇਰਾਨ ਜੰਗ ਦਾ ਵਿਸ਼ਵਵਿਆਪੀ ਪ੍ਰਭਾਵ

ਮੱਧ ਪੂਰਬ ਦਹਾਕਿਆਂ ਤੋਂ ਜੰਗੀ ਤੇ ਭੂ-ਸਿਆਸੀ ਖਿੱਚੋਤਾਣ ਦਾ ਕੇਂਦਰ ਬਣਿਆ ਹੋਇਆ ਹੈ। ਇਸ ਖਿੱਤੇ ’ਚ ਇਰਾਨ ਉੱਤੇ ਥੋਪੀ ਅਮਰੀਕੀ-ਇਜ਼ਰਾਈਲੀ ਜੰਗ ਇਸ ਸਮੇਂ ਇੱਕ ਅਜਿਹੇ ਮੋੜ ’ਤੇ ਆ ਖੜ੍ਹੀ ਹੈ ਜਿੱਥੋਂ ਇਰਾਨ ਸਮੇਤ ਨਵੀਂ ਵਿਸ਼ਵ ਵਿਵਸਥਾ ਦਾ ਭਵਿੱਖ ਤੈਅ ਹੋਵੇਗਾ। ਅਮਰੀਕਾ-ਇਜ਼ਰਾਈਲ ਗੱਠਜੋੜ ਵੱਲੋਂ ਇਰਾਨੀ ਟਿਕਾਣਿਆਂ ’ਤੇ ਕੀਤੇ ਜਾ ਰਹੇ ਤਾਜ਼ਾ ਜੰਗੀ ਹਮਲੇ ਕੇਵਲ ਦੋ ਦੇਸ਼ਾਂ ਦੀ ਜੰਗ ਨਹੀਂ, ਸਗੋਂ ਇੱਕ ਨਵੀਂ ਵਿਸ਼ਵ ਵਿਵਸਥਾ ਦਾ ਨਵਾਂ ਮੁਹਾਂਦਰਾ ਸਿਰਜਣ ਅਤੇ ਪੁਰਾਣੀ ਅਮਰੀਕੀ ਸਾਮਰਾਜੀ ਚੌਧਰ ਨੂੰ ਬਚਾਉਣ ਦੀ ਲੜਾਈ ਹੈ। ਇਸ ਨਾਲ ਸੰਸਾਰ ਦੀਆਂ ਦੂਜੀਆਂ ਵੱਡੀਆਂ ਸਾਮਰਾਜੀ ਤਾਕਤਾਂ ਦੀ ਹੈਸੀਅਤ ਦੀ ਪਰਖ ਤੇ ਭਵਿੱਖੀ ਨਿਰਣੇ ਵੀ ਜੁੜੇ ਹੋਏ ਹਨ।

ਅਮਰੀਕਾ-ਇਜ਼ਰਾਈਲ ਵੱਲੋਂ ਇਰਾਨ ਉੱਤੇ ਘਾਤਕ ਹਮਲੇ ਲਗਾਤਾਰ ਜਾਰੀ ਹਨ ਜਿਸ ਵਿੱਚ ਭਾਰੀ ਜਾਨੀ-ਮਾਲੀ ਨੁਕਸਾਨ ਦੇ ਨਾਲ-ਨਾਲ ਇਰਾਨ ਦੇ ਤੇਲ-ਪਾਣੀ ਸੋਧਕ ਕਾਰਖਾਨਿਆਂ, ਫੌਜੀ ਟਿਕਾਣਿਆਂ ਤੇ ਹੋਰ ਬੁਨਿਆਦੀ ਢਾਂਚਿਆਂ ’ਤੇ ਹੋਏ ਹਮਲਿਆਂ ਨੇ ਜਿੱਥੇ ਆਰਥਿਕ ਮੰਦਹਾਲੀ ’ਚ ਫਸੇ ਇਰਾਨ ਦੀ ਆਰਥਿਕਤਾ ਦੀ ਰੀੜ੍ਹ ’ਤੇ ਸੱਟ ਮਾਰੀ ਹੈ, ਉੱਥੇ ਸਮੁੱਚੀ ਗਲੋਬਲ ਆਰਥਿਕਤਾ ਦੇ ਨੈਣ-ਨਕਸ਼ ਬਦਲ ਕੇ ਰੱਖ ਦਿੱਤੇ ਹਨ। ਦੂਜੇ ਪਾਸੇ ਇਰਾਨ ਦੀ ਜਵਾਬੀ ਕਾਰਵਾਈ ਸਿਰਫ਼ ਸਿੱਧੀਆਂ ਮਿਜ਼ਾਈਲਾਂ ਦਾਗਣ ਤੱਕ ਸੀਮਤ ਨਹੀਂ ਹੈ, ਸਗੋਂ ਹਿਜ਼ਬੁੱਲਾ (ਲੈਬਨਾਨ), ਹੂਤੀ ਬਾਗੀਆਂ (ਯਮਨ) ਅਤੇ ਇਰਾਕੀ ਮਿਲੀਸ਼ੀਆ ਪ੍ਰੌਕਸੀ ਗਰੁੱਪਾਂ ਰਾਹੀਂ ਅਮਰੀਕਾ-ਇਜ਼ਰਾਈਲ ’ਤੇ ਦਬਾਅ ਬਣਾਇਆ ਜਾ ਰਿਹਾ ਹੈ। ਇਰਾਨ ਨੇ ਹੋਰਮੁਜ਼ ਤੇ ਲਾਲ ਸਾਗਰ ਜਲਮਾਰਗਾਂ ’ਚ ਰੋਕਾਂ ਡਾਹ ਕੇ ਅਮਰੀਕਾ ਲਈ ਵੱਡੀ ਸਿਰਦਰਦੀ ਖੜ੍ਹੀ ਕਰ ਦਿੱਤੀ ਹੈ, ਜਿਸਦਾ ਸੰਸਾਰ ਆਰਥਿਕਤਾ ਉੱਤੇ ਬੁਰਾ ਪ੍ਰਭਾਵ ਪੈ ਰਿਹਾ ਹੈ ਤੇ ਜੰਗਬੰਦੀ ਲਈ ਵਿਸ਼ਵਵਿਆਪੀ ਦਬਾਅ ਵਧ ਰਿਹਾ ਹੈ। ਅਮਰੀਕਾ ਅੰਦਰ ਮਾਰੂ ਜੰਗ ਤੇ ਟਰੰਪ ਪ੍ਰਸ਼ਾਸ਼ਨ ਖਿਲਾਫ ਉਮੜਿਆ ਜਨ-ਸੈਲਾਬ ਇਤਿਹਾਸਕ ਹੋ ਨਿਬੜਿਆ ਹੈ।

ਇਸ ਸਮੇਂ ਮੱਧ ਪੂਰਬ ਵਿੱਚ ਚੱਲਦੇ ਬੰਬਾਂ ਦੀ ਗੂੰਜ ਦੁਨੀਆ ਭਰ ਦੀਆਂ ਮੰਡੀਆਂ ’ਚ ਸੁਣਾਈ ਦੇ ਰਹੀ ਹੈ। ਤੇਲ ਕੀਮਤ $112 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਈ ਹੈ, ਜਿਸ ਨਾਲ ਭਾਰਤ ਸਮੇਤ ਅਨੇਕਾਂ ਵਿਕਾਸਸ਼ੀਲ ਦੇਸ਼ਾਂ ਵਿੱਚ ਮਹਿੰਗਾਈ ਦੀ ਗਾਜ਼ ਡਿੱਗ ਰਹੀ ਹੈ। ਉਧਰ ਲਾਲ ਸਾਗਰ ਵਿੱਚ ਹੂਤੀ ਹਮਲਿਆਂ ਨੇ ਪਹਿਲਾਂ ਹੀ ਸਮੁੰਦਰੀ ਵਪਾਰ ਨੂੰ ਮਹਿੰਗਾ ਤੇ ਮੁਸ਼ਕਲ ਕਰ ਦਿੱਤਾ ਸੀ, ਪਰ ਤਾਜ਼ਾ ਹਮਲਿਆਂ ਨਾਲ ਇਹ ਖ਼ਤਰਾ ਹੋਰ ਵੱਧ ਗੰਭੀਰ ਰੂਪ ਧਾਰਨ ਕਰ ਗਿਆ ਹੈ। ਅਮਰੀਕਾ ਵੱਲੋਂ ਜੰਗ ’ਚ ਏ ਆਈ ਦੀ ਵਰਤੋਂ ਕਰਨ ਤੇ ਇਰਾਨ ਵੱਲੋਂ ਅਮਰੀਕੀ ਡਾਟਾ ਸੈਂਟਰਾਂ ਉੱਤੇ ਹਮਲਾ ਕਰਨ, ਲੈਬਨਾਨ ’ਚ ਇਜ਼ਰਾਈਲ ਵੱਲੋਂ ਬਦਨਾਮ ਤੇ ਪਾਬੰਦੀਸ਼ੁਦਾ ਘਾਤਕ ਕੈਮੀਕਲ ਚਿੱਟੇ ਫਾਸਫੋਰਸ ਦੀ ਵਰਤੋਂ ਕਰਨ, ਇਰਾਨ ਵੱਲੋਂ ਪੈਟਰੋਡਾਲਰ ਨੂੰ ਚੁਣੌਤੀ ਤੇ ਸਮੁੰਦਰੀ ਲਾਂਘੇ ਦੇ ਭਾੜੇ ਦੀ ਭਰਪਾਈ ਚੀਨੀ ਯੂਆਨ ’ਚ ਕਰਨ, ਗਲਫ਼ ਮੁਲਕਾਂ ਨੂੰ ਦਿੱਤੀ ਜਾਂਦੀ ਅਮਰੀਕੀ ਸੁਰੱਖਿਆ ਗਾਰੰਟੀ ਦੀ ਪੋਲ ਖੁੱਲ੍ਹਣ, ਸ਼ੇਅਰ ਬਾਜ਼ਾਰ ਵਿੱਚ ਅਸਥਿਰਤਾ ਖੜ੍ਹੀ ਕਰਨ, ਅਮਰੀਕਾ ਸਿਰ ਕਰਜ਼ ਸੰਕਟ (39 ਖਰਬ ਡਾਲਰ) ਵਧਣ, ਡਾਲਰ ਦੀ ਕਦਰ-ਘਟਣ ਨਾਲ ਇਰਾਨ ਨੇ ਮਹਾਸ਼ਕਤੀ ਅਮਰੀਕਾ ਤੇ ਉਸਦੇ ਜੋਟੀਦਾਰ ਇਜ਼ਰਾਈਲ ਨੂੰ ਮਹਿੰਗੀ, ਬਦਨਾਮ ਤੇ ਅਜਿੱਤ ਜੰਗ ਵੱਲ ਝੋਕ ਦਿੱਤਾ ਹੈ। ਟਰੰਪ ਪ੍ਰਸ਼ਾਸਨ ਜੰਗ ਵਿੱਚ ਬੁਰੀ ਤਰ੍ਹਾਂ ਫਸ ਚੁੱਕਾ ਹੈ ਤੇ ਵਧ ਰਹੇ ਵਿਸ਼ਵਵਿਆਪੀ ਵਿਰੋਧ ਨਾਲ ਉਸਦਾ ਸਰਬਸ਼ਕਤੀਮਾਨ ਹੋਣ ਦਾ ਭਰਮ ਚਕਨਾਚੂਰ ਹੋ ਰਿਹਾ ਹੈ। ਨਾਟੋ ਤੇ ਉਸਦੇ ਭਾਈਵਾਲ ਖਾੜੀ ਮੁਲਕ ਦੁਬਕ ਕੇ ਜੰਗੀ ਖ਼ਤਰਿਆਂ ਤੋਂ ਤ੍ਰਾਹ ਰਹੇ ਹਨ।

ਇਰਾਨ ਉੱਤੇ ਸਾਮਰਾਜੀ ਹਮਲਾ ਬਹੁ-ਪਸਾਰੀ ਤੇ ਸਾਮਰਾਜੀ ਅੰਤਰ-ਵਿਰੋਧਾਂ ਦਾ ਨਤੀਜਾ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਅਮਰੀਕਾ ਦੁਨੀਆ ਦੀ ਇੱਕੋ-ਇੱਕ ਵੱਡੀ ਸਾਮਰਾਜੀ ਤਾਕਤ ਚੱਲਿਆ ਆ ਰਿਹਾ ਹੈ। ਇਸਨੇ 1944 ਤੋਂ ਬਾਅਦ ਡਾਲਰ ਦੀ ਸਰਦਾਰੀ, ਫੌਜੀ ਹਥਿਆਰ ਸਨਅਤ, ਦਿਓਕੱਦ ਬਹੁਕੌਮੀ ਅਜਾਰੇਦਾਰ ਕਾਰਪੋਰੇਸ਼ਨਾਂ ਰਾਹੀਂ ਸੰਸਾਰ ਭਰ ਵਿੱਚ ਆਪਣੀ ਚੌਧਰ ਦਾ ਝੰਡਾ ਝੂਲਦਾ ਰੱਖਿਆ। ਇਸਦੀਆਂ ਦਿਓਕੱਦ ਟੈੱਕ, ਪੈਟਰੋਲੀਅਮ, ਦਵਾਈ, ਵਿੱਤੀ ਤੇ ਖੇਤੀ-ਵਪਾਰਕ ਕੰਪਨੀਆਂ ਦੀ ਅਜਾਰੇਦਾਰੀ ਨੇ ਸੰਸਾਰ ਮੰਡੀ ਵਿੱਚ ਔਕਟੋਪਸ ਵਾਂਗ ਆਪਣੇ ਪੈਰ ਪਸਾਰ ਲਏ ਹਨ। ਅਮਰੀਕੀ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੇ ਦੁਨੀਆ ਦੇ ਕਮਜ਼ੋਰ ਮੁਲਕਾਂ ਨੂੰ ਕਰਜ਼ ਦੇ ਮੱਕੜਜਾਲ ਵਿੱਚ ਫਸਾ ਕੇ ਆਪਣੀਆਂ ਸਾਮਰਾਜੀ ਨੀਤੀਆਂ ਦੇ ਪੈਰੋਕਾਰ ਬਣਾ ਲਿਆ ਹੈ। ਸੰਸਾਰ ਭਰ ਦੇ ਕਮਜ਼ੋਰ ਮੁਲਕਾਂ ਦੀ ਸਸਤੀ ਕਿਰਤ ਤੇ ਕੁਦਰਤੀ ਸਰੋਤਾਂ ਦੀ ਲੁੱਟ ਨੇ ਇਹਨਾਂ ਮੁਲਕਾਂ ’ਚ ਉਤਪਾਦਨ, ਪੂੰਜੀ ਤੇ ਉੱਨਤ ਤਕਨੀਕ ਦਾ ਵਾਧੂ ਭੰਡਾਰ ਪੈਦਾ ਕਰ ਦਿੱਤਾ ਜੋ ਆਪਣੀ ਖਪਤ ਲਈ ਨਵੀਆਂ ਮੰਡੀਆਂ ਦੀ ਭਾਲ ਵਿੱਚ ਹੈ। ਇਹ ਮੰਡੀਆਂ (ਕਮਜ਼ੋਰ ਮੁਲਕ) ਇਸ ਸਮੇਂ ਕਿਸੇ ਸਾਮਰਾਜੀ ਮੁਲਕ ਦੀ ਸਿੱਧੀ ਬਸਤੀ ਤਾਂ ਭਾਵੇਂ ਨਹੀਂ ਹਨ ਪ੍ਰੰਤੂ ਇਹਨਾਂ ਦੀ ਹੋਣੀ, ਵਿਕਾਸ ਤੇ ਵਜੂਦ ਵੱਡੇ ਸਾਮਰਾਜੀ ਦੇਸ਼ਾਂ (ਅਮਰੀਕਾ, ਚੀਨ, ਰੂਸ, ਯੂਰਪੀ ਸੰਘ, ਬਰਤਾਨੀਆ ਆਦਿ) ਦੇ ਇੱਕ ਜਾਂ ਦੂਜੇ ਧੜੇ ਨਾਲ ਜੁੜਿਆ ਹੈ।

ਇਸ ਲਈ ਜਦੋਂ ਵੱਡੇ ਸਾਮਰਾਜੀ ਦੇਸ਼ ਇਹਨਾਂ ਨਵ-ਬਸਤੀਵਾਦੀ ਮੁਲਕਾਂ ਵਿੱਚ ਆਪਣੇ ਹਿੱਤਾਂ ਦਾ ਪਸਾਰਾ (ਫੌਜੀ, ਸਿਆਸੀ, ਤਕਨੀਕੀ ਤੇ ਵਿੱਤੀ ਤੌਰ ’ਤੇ) ਕਰਦੇ ਹਨ ਤਾਂ ਦੂਜਾ ਧੜਾ ਇਸਨੂੰ ਚੁਣੌਤੀ ਵਜੋਂ ਚਿਤਵਦਾ ਹੈ। ਉਦਾਹਰਨ ਵਜੋਂ ਰੂਸ-ਚੀਨ ਦਾ ਦੱਖਣੀ ਅਮਰੀਕਾ, ਅਫਰੀਕਾ ਤੇ ਮੱਧ ਪੂਰਬ ਵਿੱਚ ਵਧਦਾ ਪ੍ਰਭਾਵ ਅਮਰੀਕੀ ਸਾਮਰਾਜ ਲਈ ਵੱਡੀ ਚੁਣੌਤੀ ਹੈ ਜਿਸਦੇ ਸਿੱਟੇ ਵਜੋਂ ਇਹ ਮੁਲਕ ਅਮਰੀਕੀ ਸਾਮਰਾਜੀ ਗੁੱਸੇ ਦਾ ਸ਼ਿਕਾਰ ਹੋਣ ਲਈ ਸਰਾਪੇ ਹੋਏ ਹਨ। ਇਰਾਨ ਉੱਤੇ ਮੌਜੂਦਾ ਸਾਮਰਾਜੀ ਹਮਲਾ ਇਸ ਅੰਤਰ-ਸਾਮਰਾਜੀ ਖਹਿਭੇੜ ਨੂੰ ਹੋਰ ਵੱਧ ਗੁੰਝਲਦਾਰ ਬਣਾ ਦਿੰਦਾ ਹੈ। ਇਸ ਸਮੇਂ ਅਮਰੀਕੀ ਸਾਮਰਾਜ ਰੂਸ-ਚੀਨ ਤੇ ਹੋਰ ਸਾਮਰਾਜੀ ਤਾਕਤਾਂ ਦੇ ਮੁਕਾਬਲੇ ਵੱਧ ਹਮਲਾਵਰ ਤੇ ਖੂੰਖਾਰ ਤਬੀਅਤ ਵਾਲਾ ਹੈ। ਇਸਤੋਂ ਇਲਾਵਾ ਇਰਾਨੀ ਲੋਕਾਂ ਦੀ ਆਪਣੀ ਵੀ ਇੱਕ ਕੌਮੀ ਹਸਤੀ ਹੈ। ਅਮਰੀਕਾ ਦੇ ਪ੍ਰਭਾਵੀ ਆਲਮੀ ਗਲਬੇ ਅਤੇ ਰੂਸ-ਚੀਨ ਦੇ ਖੇਤਰੀ ਉਭਾਰ ਵਿਚਕਾਰ ਵੀ ਗੁਣਾਤਮਕ ਫਰਕ ਹੈ। ਅੱਜ ਪਿਛਾਖੜੀ ਇਰਾਨੀ ਹਕੂਮਤ ਦੀ ਸਾਮਰਾਜ ਵਿਰੁੱਧ ਲੜਾਈ ਅਗਾਂਹਵਧੂ ਕਦਮ ਹੈ ਕਿਉਂਕਿ ਇਹ ਸਾਮਰਾਜੀ ਢਾਂਚੇ ਨੂੰ ਕਮਜ਼ੋਰ ਕਰਦੀ ਹੈ। ਇਰਾਨੀ ਹਾਕਮਾਂ ਦਾ ਮਕੈਨਕੀ ਢੰਗ ਨਾਲ ਵਿਰੋਧ ਕਰਕੇ ਅਮਰੀਕਾ ਨੂੰ ਇਰਾਨ ਤਬਾਹ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਰਾਨ ਇੱਕ ਪ੍ਰਾਚੀਨ ਸੱਭਿਆਚਾਰ ਅਤੇ ਮਜ਼ਬੂਤ ਕੌਮੀ ਭਾਵਨਾ ਵਾਲਾ ਦੇਸ਼ ਹੈ।

ਇਸ ਜੰਗ ਨੂੰ ਮਹਿਜ਼ ‘ਪ੍ਰੌਕਸੀ ਜੰਗ’ ਨਹੀਂ ਕਿਹਾ ਜਾ ਸਕਦਾ। ਇਹ ਕਹਿਣ ਦਾ ਅਰਥ ਹੋਵੇਗਾ ਕਿ ਦੁਨੀਆ ਵਿੱਚ ਸਿਰਫ਼ ਵੱਡੀਆਂ ਤਾਕਤਾਂ ਹੀ ਫੈਸਲੇ ਲੈਂਦੀਆਂ ਹਨ ਅਤੇ ਛੋਟੀਆਂ ਕੌਮਾਂ ਦੀ ਆਪਣੀ ਕੋਈ ਹੋਂਦ ਜਾਂ ਹਸਤੀ ਨਹੀਂ ਹੁੰਦੀ। ਅੱਜ ਚੀਨ ਵਰਗੀਆਂ ਨਵੀਆਂ ਤਾਕਤਾਂ ਦੇ ਉਭਾਰ ਨੇ ਅੰਤਰ-ਸਾਮਰਾਜੀ ਖਹਿਭੇੜ ਨੂੰ ਹੋਰ ਵੱਧ ਗੁੰਝਲਦਾਰ ਬਣਾ ਦਿੱਤਾ ਹੈ। ਯੂਕਰੇਨ ਜੰਗ ਅਤੇ ਮੱਧ ਪੂਰਬ ਦਾ ਤਣਾਅ ਦਿਖਾਉਂਦਾ ਹੈ ਕਿ ਸਾਮਰਾਜੀ ਤਾਕਤਾਂ ਸਰੋਤਾਂ ਤੇ ਮੰਡੀਆਂ ਦੀ ਮੁੜ-ਵੰਡ ਲਈ ਦੁਨੀਆ ਨੂੰ ਮਾਰੂ ਜੰਗਾਂ ਵੱਲ ਧੱਕ ਰਹੀਆਂ ਹਨ। ਭਾਵੇਂ ਅੱਜ ਸਾਮਰਾਜਵਾਦ ਦੇ ਸੰਦ (tool) ਬਦਲ ਗਏ ਹਨ, ਪਰ ਇਸਦਾ ਬੁਨਿਆਦੀ ਸੁਭਾਅ (ਮੁਨਾਫ਼ੇ ਦੀ ਹਵਸ ਅਤੇ ਕਮਜ਼ੋਰ ਕੌਮਾਂ ਦੀ ਲੁੱਟ) ਅੱਜ ਵੀ ਕਾਇਮ ਹੈ। ਇਸ ਜੰਗ ਵਿੱਚ ਵਿਚਾਰਧਾਰਕ ਪਹਿਲੂ ਵੀ ਅਟੁੱਟ ਤੌਰ ’ਤੇ ਜੁੜਿਆ ਹੋਇਆ ਹੈ। ਮੱਧ ਪੂਰਬ ਦੇ ਇਤਿਹਾਸਕ ਧਾਰਮਿਕ ਤੇ ਵਿਰਾਸਤੀ ਕਲੇਸ਼ਾਂ ਨੂੰ ਤੂਲ ਦੇ ਕੇ ਸਾਮਰਾਜੀ ਤਾਕਤਾਂ ਧਾਰਮਿਕ ਤੇ ਨਸਲਵਾਦੀ ਬਿਰਤਾਂਤ ਨੂੰ ਆਪਣੇ ਪਸਾਰਵਾਦੀ ਮਨਸੂਬਿਆਂ ਲਈ ਵਰਤ ਰਹੀਆਂ ਹਨ। ਇਜ਼ਰਾਈਲ ਇਸਨੂੰ ‘ਸੱਭਿਅਤਾ ਦੀ ਜੰਗ’ ਵਜੋਂ ਪੇਸ਼ ਕਰਦਾ ਹੈ ਤੇ ਇਰਾਨ ਇਸ ਨੂੰ ‘ਮਜ਼ਲੂਮਾਂ ਦੀ ਜ਼ਾਲਮ ਵਿਰੁੱਧ ਜੰਗ’ ਆਖਦਾ ਹੈ। ਇਜ਼ਰਾਈਲ ਵੱਲੋਂ ਗਾਜ਼ਾ, ਪੱਛਮੀ ਕੰਢੇ, ਯਮਨ ਤੇ ਲੈਬਨਾਨ ਵਿੱਚ ਅਤਿਵਾਦ ਵਿਰੋਧੀ ਹਮਲਿਆਂ ਦੀ ਆੜ ਹੇਠ ‘ਗ੍ਰੇਟਰ ਇਜ਼ਰਾਈਲ’ ਦੇ ਏਜੰਡੇ ਨੂੰ ਅੱਗੇ ਵਧਾਉਣਾ ਇਹਨਾਂ ਨਸਲਵਾਦੀ ਸਾਮਰਾਜੀ ਪਸਾਰਵਾਦੀ ਮਨਸ਼ਿਆਂ ਦੀ ਪੁਸ਼ਟੀ ਕਰਦਾ ਹੈ। ਇਹ ਜੰਗ ਇਸਲਾਮੀ ਜਗਤ ਦੇ ਅੰਦਰੂਨੀ ਵਿਰੋਧਾਂ ਨੂੰ ਵੀ ਉਭਾਰ ਰਹੀ ਹੈ। ਇੱਕ ਪਾਸੇ ਸ਼ੀਆ ਬਹੁਗਿਣਤੀ ਵਾਲਾ ਇਰਾਨ ਹੈ, ਦੂਜੇ ਪਾਸੇ ਸੁੰਨੀ ਅਰਬ ਦੇਸ਼ ਹਨ। ਹਾਲਾਂਕਿ, ਇਜ਼ਰਾਈਲ ਦੇ ਗਾਜ਼ਾ ਵਿੱਚ ਕੀਤੇ ਗਏ ਵਹਿਸ਼ੀ ਹਮਲਿਆਂ ਨੇ ਮੁਸਲਿਮ ਜਗਤ ਦੇ ਲੋਕਾਂ ਨੂੰ ਇਰਾਨ ਦੇ ਨੇੜੇ ਲਿਆਂਦਾ ਹੈ, ਭਾਵੇਂ ਕਿ ਉੱਥੋਂ ਦੇ ਹਾਕਮ ਅਮਰੀਕਾ ਦੇ ਦਬਾਅ ਹੇਠ ਹਨ।

ਇਸ ਜੰਗ ਵਿੱਚ ਕੁੱਝ ਫੌਰੀ ਨੈਤਿਕ-ਸਿਆਸੀ ਹਿੱਤ ਵੀ ਜੁੜੇ ਹੋਏ ਹਨ। ਅਮਰੀਕਾ ਦੀ ਘਰੇਲੂ ਰਾਜਨੀਤੀ ਵਿੱਚ ਐਪਸਟੀਨ ਫਾਈਲਾਂ ਦੇ ਵਿਵਾਦ ਵਿੱਚ ਘਿਰਿਆ ਟਰੰਪ ਪ੍ਰਸ਼ਾਸਨ ਅਤੇ ਇਜ਼ਰਾਈਲ ਵਿੱਚ ਭ੍ਰਿਸ਼ਟਾਚਾਰ ਤੇ ਜੰਗੀ ਅਪਰਾਧਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਨੇਤਨਯਾਹੂ ਸੱਤਾ ’ਚ ਬਣੇ ਰਹਿਣ ਦੀ ਜੱਦੋਜਹਿਦ ’ਚ ਇਸ ਜੰਗ ਨੂੰ ਤੇਜ਼ ਕਰ ਰਹੇ ਹਨ। ਆਰਥਿਕ ਤੌਰ ’ਤੇ ਮੱਧ ਪੂਰਬ ਦੇ ਕੁਦਰਤੀ ਸਰੋਤਾਂ ’ਤੇ ਕਬਜ਼ਾ ਅਤੇ ਹਥਿਆਰਾਂ ਦੀ ਸਨਅਤ ਲਈ ਇਹ ਜੰਗ ਇੱਕ ਮੁਨਾਫ਼ੇ ਵਾਲਾ ਸੌਦਾ ਹੈ। ਇਸਦੇ ਨਾਲ ਹੀ ਅੱਜ ਦੀ ਦੁਨੀਆ ਇੱਕ-ਧਰੁਵੀ ਨਹੀਂ ਰਹੀ। ਅਮਰੀਕੀ ਚੌਧਰ ਨੂੰ ਰੂਸ ਅਤੇ ਚੀਨ ਵੱਲੋਂ ਵੱਡੀ ਚੁਣੌਤੀ ਮਿਲ ਰਹੀ ਹੈ। ਰੂਸ ਲਈ ਇਰਾਨ ਇੱਕ ਅਹਿਮ ਰਣਨੀਤਕ ਭਾਈਵਾਲ ਹੈ। ਯੂਕਰੇਨ ਜੰਗ ਵਿੱਚ ਰੂਸ ਨੇ ਇਰਾਨੀ ਡਰੋਨਾਂ ਦੀ ਵਰਤੋਂ ਕੀਤੀ ਹੈ। ਰੂਸ ਚਾਹੁੰਦਾ ਹੈ ਕਿ ਅਮਰੀਕਾ ਮੱਧ ਪੂਰਬ ਵਿੱਚ ਉਲਝਿਆ ਰਹੇ ਤਾਂ ਜੋ ਯੂਕਰੇਨ ਤੋਂ ਪੱਛਮ ਦਾ ਧਿਆਨ ਹਟ ਜਾਵੇ। ਉਧਰ ਚੀਨ ਇਰਾਨ ਦੇ ਤੇਲ ਦਾ ਸਭ ਤੋਂ ਵੱਡਾ ਖਰੀਦਦਾਰ ਹੈ। ਚੀਨ ਇਸ ਜੰਗ ਵਿੱਚ ਸਿੱਧਾ ਨਹੀਂ ਕੁੱਦ ਰਿਹਾ ਪਰ ਉਹ ‘ਬ੍ਰਿਕਸ’ ਅਤੇ ਹੋਰ ਮੰਚਾਂ ਰਾਹੀਂ ਅਮਰੀਕੀ ਪਾਬੰਦੀਆਂ ਨੂੰ ਬੇਅਸਰ ਕਰ ਰਿਹਾ ਹੈ। ਇਸ ਜੰਗ ਦਾ ਸਭ ਤੋਂ ਦੂਰਗਾਮੀ ਪ੍ਰਭਾਵ ਅਮਰੀਕੀ ਡਾਲਰ ’ਤੇ ਪੈ ਰਿਹਾ ਹੈ। ਦਹਾਕਿਆਂ ਤੋਂ ਤੇਲ ਦਾ ਵਪਾਰ ਡਾਲਰ ਵਿੱਚ ਹੁੰਦਾ ਆਇਆ ਹੈ, ਜਿਸ ਨੇ ਅਮਰੀਕਾ ਨੂੰ ਵਿਸ਼ਵ ਦੀ ਆਰਥਿਕ ਸੁਪਰਪਾਵਰ ਬਣਾਇਆ। ਪਰ ਹੁਣ ਇਰਾਨ, ਰੂਸ ਅਤੇ ਚੀਨ ਆਪਣੀਆਂ ਸਥਾਨਕ ਕਰੰਸੀਆਂ ਵਿੱਚ ਵਪਾਰ ਕਰ ਰਹੇ ਹਨ। ਜੇਕਰ ਜੰਗ ਕਾਰਨ ਅਰਬ ਦੇਸ਼ ਵੀ ਡਾਲਰ ਤੋਂ ਕਿਨਾਰਾ ਕਰਦੇ ਹਨ ਤਾਂ ਪੈਟਰੋਡਾਲਰ ਦਾ ਪਤਨ ਅਮਰੀਕੀ ਸਾਮਰਾਜ ਦੇ ਪਤਨ ਦਾ ਮੁੱਖ ਕਾਰਨ ਬਣੇੇਗਾ।

ਜੰਗ ਦੀਆਂ ਭਵਿੱਖੀ ਸੰਭਾਵਨਾਵਾਂ ਇਹ ਹਨ ਕਿ ਟਕਰਾਅ ਲੰਮਾ ਤੇ ਸੀਮਤ ਰਹਿ ਸਕਦਾ ਹੈ। ਵਕਤੀ ਜੰਗਬੰਦੀ, ਹਮਲੇ ਅਤੇ ਜਵਾਬੀ ਹਮਲੇ ਚੱਲਦੇ ਰਹਿ ਸਕਦੇ ਹਨ ਪਰ ਕੋਈ ਵੀ ਧਿਰ ‘ਪੂਰਨ ਜੰਗ’ ਜਾਂ ਤੀਜੀ ਸੰਸਾਰ ਜੰਗ ਦੀ ਇਛੁੱਕ ਨਹੀਂ ਹੋਵੇਗੀ ਕਿਉਂਕਿ ਇਸਦਾ ਨੁਕਸਾਨ ਬੇਅੰਤ ਤੇ ਅਣਕਿਆਸਾ ਹੋਵੇਗਾ। ਇਸਤੋਂ ਇਲਾਵਾ ਇਹ ਜੰਗ ਸਿੱਧੇ ਬਸਤੀਵਾਦੀ ਕਬਜ਼ੇ ਦੀ ਜੰਗ ਨਹੀਂ ਜਿਸ ਕਾਰਨ ਵਿਸ਼ਵ ਸ਼ਕਤੀਆਂ ਵਿੱਚ ਤੀਜੀ ਸੰਸਾਰ ਜੰਗ ਦੇ ਆਸਾਰ ਮੱਧਮ ਪੈ ਜਾਂਦੇ ਹਨ। ਇਸਦੇ ਬਾਵਜੂਦ ਸਾਮਰਾਜੀ ਦੌਰ ਅੰਦਰ ਜੰਗਾਂ ਦਾ ਜਾਰੀ ਰਹਿਣਾ ਅਟੱਲ ਵਰਤਾਰਾ ਹੈ। ਇਹ ਜੰਗ ਪੱਛਮੀ ਸਰਦਾਰੀ ਦੇ ਅੰਤ ਦਾ ਕਾਰਨ ਬਣ ਸਕਦੀ ਹੈ, ਜਿੱਥੇ ਵੱਡੀਆਂ ਪੂਰਬੀ ਏਸ਼ਿਆਈ ਤਾਕਤਾਂ (ਚੀਨ, ਰੂਸ) ਵਿਸ਼ਵ ਰਾਜਨੀਤੀ ਦੇ ਕੇਂਦਰ ਵਿੱਚ ਆ ਸਕਦੀਆਂ ਹਨ। ਸੰਸਾਰ ਇੱਕ ਬਹੁਤ ਵੱਡੀ ਤਬਦੀਲੀ ਦੀ ਦਹਲੀਜ਼ ’ਤੇ ਖੜ੍ਹਾ ਹੈ।

Share this content:

Post Comment