ਇਰਾਨ-ਅਮਰੀਕਾ-ਇਜ਼ਰਾਈਲ ਜੰਗ ਨਵੇਂ ਮੋੜ ’ਤੇ
ਟਰੰਪ ਨੇ ਇਕ ਮਹੀਨੇ ਦੀ ਜੰਗ ਉਪਰੰਤ 2 ਅਪਰੈਲ ਦੇ ਆਪਣੇ ਕੌਮ ਦੇ ਨਾਮ ਸੰਦੇਸ਼ ਵਿੱਚ ਐਲਾਨ ਕੀਤਾ ਹੈ ਕਿ ਇਰਾਨ ਨਾਲ ਜੰਗ ਜਿੱਤੀ ਪਈ ਹੈ ਪਰ ਇਹ ਦੋ-ਤਿੰਨ ਹਫਤਿਆਂ ਤੱਕ ਹੋਰ ਚੱਲੇਗੀ। ਉਸ ਨੇ ਇਰਾਨੀ ਨੇਵੀ, ਹਵਾਈ ਤਾਕਤ, ਪ੍ਰਮਾਣੂ ਕੇਂਦਰ ਅਤੇ ਮਿਜ਼ਾਈਲ ਲਾਂਚ ਸਿਸਟਮ ਤਬਾਹ ਕਰ ਦੇਣ ਦਾ ਦਾਅਵਾ ਕੀਤਾ ਤੇ ਨਾਲ ਹੀ ਧਮਕੀ ਵੀ ਦਿੱਤੀ ਕਿ ਇਰਾਨ ਝੁਕੇ, ਨਹੀਂ ਤਾਂ ਬੰਬਾਰੀ ਨਾਲ ਪੱਥਰ ਯੁੱਗ ਵਿੱਚ ਪਹੁੰਚਾ ਦਿੱਤਾ ਜਾਵੇਗਾ। ਤਾਜ਼ੀ ਖ਼ਬਰ ਹੈ ਕਿ ਟਰੰਪ ਨੇ ਅਮਰੀਕੀ ਸੈਨਾਵਾਂ ਦੇ ਮੁਖੀ ਰੈਂਡੀ ਜੌਰਜ ਅਤੇ ਸੌਲੀਸਿਟਰ ਜਨਰਲ ਪੈਮ ਬੌਂਡੀ ਨੂੰ ਅਹੁਦਿਆਂ ਤੋਂ ਹਟਾ ਦਿੱਤਾ ਹੈ। ਟਰੰਪ ਨੇ ਆਪਣੇ ਸੰਬੋਧਨ ਵਿੱਚ ਇਰਾਨ ਅੰਦਰ ਕਿਸੇ ਤਰ੍ਹਾਂ ਦੇ ਗਰਾਊਂਡ ਅਪਰੇਸ਼ਨ ਕਰਨ ਦਾ ਨਾਮ ਨਹੀਂ ਸੀ ਲਿਆ ਅਤੇ ਹੋਰਮੁਜ਼ ਜਲਮਾਰਗ ਖੁੱਲ੍ਹਵਾਉਣ ਬਾਰੇ ਆਖਿਆ ਕਿ ਅਮਰੀਕਾ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ। ਜਿਨ੍ਹਾਂ ਨੇ ਉਧਰੋਂ ਲੰਘਣਾ ਜਾਂ ਤੇਲ ਲੰਘਾਉਣਾ ਹੈ, ਉਨ੍ਹਾਂ ਨੇ ਜੋ ਕਰਨਾ ਹੈ ਉਹ ਕਰਨ। ਇਸ ਨਾਲ ਖਾੜੀ ਦੇ ਅਰਬ ਦੇਸ਼ਾਂ ਨੂੰ ਸਭ ਤੋਂ ਵੱਡਾ ਝਟਕਾ ਲੱਗਾ ਹੋਵੇਗਾ ਕਿਉਂਕਿ ਉਨ੍ਹਾਂ ਨੇ ਤਾਂ ਸਭ ਖੁਰਾਕੀ ਸਮੱਗਰੀ ਤੇ ਲੋੜ ਦਾ ਸਾਰਾ ਕੁਝ ਮੰਗਵਾਉਣਾ ਹੁੰਦਾ ਹੈ। ਲੋਕ ਹੈਰਾਨ ਹਨ ਕਿ ਟਰੰਪ ਨੇ ਨਾਟੋ ਅਤੇ ਹੋਰ ਸਹਿਯੋਗੀ ਦੇਸ਼ਾਂ ਵੱਲੋਂ ਸਾਥ ਨਾ ਦੇਣ ਬਾਰੇ ਇਜ਼ਰਾਈਲ ਅਤੇ ਅਰਬ ਦੇਸ਼ਾਂ ਸਬੰਧੀ ਅਗਲੀ ਨੀਤੀ ਬਾਰੇ ਵੀ ਕੁਝ ਨਹੀਂ ਕਿਹਾ। ਸਗੋਂ ਇਹ ਕਿਹਾ ਕਿ ਇਰਾਨ ਸਰਕਾਰ ਦਾ ਤਖ਼ਤਾ ਪਲਟਣਾ ਸਾਡਾ ਮਕਸਦ ਹੀ ਨਹੀਂ ਸੀ।
ਇਹ ਫਿਰ ਕਾਹਦੀ ਜਿੱਤ ਹੈ ? ਇਹ ਬਿਆਨ ਤਾਂ ਜੰਗ ਤੋਂ ਪਹਿਲਾਂ ਮਿਥੇ ਨਿਸ਼ਾਨਿਆਂ ਤੋਂ ਭੱਜਣ ਵਰਗੇ ਹਨ। ਸੁਣ ਕੇ ਲੱਗਾ ਜਿਵੇਂ ਪਹਿਲਾਂ ਵੀ ਅਤੇ ਹੁਣ ਵੀ ਇਰਾਨ ਨੂੰ ਸਿਰਫ ਤਬਾਹ ਕਰਨਾ ਹੀ ਜੰਗ ਦਾ ਮਕਸਦ ਹੋਵੇ। ਟਰੰਪ ਦੇ ਸੰਬੋਧਨ ਉਪਰੰਤ ਦੋਵਾਂ ਪਾਸਿਓਂ ਹਮਲੇ ਹੋਰ ਪ੍ਰਚੰਡ ਹੋ ਗਏ ਹਨ। ਜਾਨੀ ਮਾਲੀ ਨੁਕਸਾਨ ਵਧਿਆ ਹੈ। 18 ਅਮਰੀਕੀ ਕੰਪਨੀਆਂ ਉੱਤੇ ਖਾੜੀ ਦੇਸ਼ਾਂ ਵਿਚ ਹਮਲੇ ਕਾਰਨ ਇਮਾਰਤਾਂ ਖਾਲੀ ਹੋ ਗਈਆਂ ਹਨ। ਇਜ਼ਰਾਈਲ-ਅਮਰੀਕਾ 200 ਜਹਾਜ਼ਾਂ ਨਾਲ ਲਗਾਤਾਰ ਵਿਨਾਸ਼ਕਾਰੀ ਹਮਲੇ ਕਰ ਰਹੇ ਹਨ, ਜਦਕਿ ਇਰਾਨ, ਲਿਬਨਾਨੀ ਹਿਜ਼ਬੁੱਲਾ ਅਤੇ ਯਮਨ ਦੇ ਹੂਤੀ ਮੋੜਵਾਂ ਮਾਰੂ ਜਵਾਬ ਦੇ ਕੇ ਹੈਰਾਨ ਕਰ ਰਹੇ ਹਨ। ਇਰਾਨ ਨੇ ਕਿਹਾ ਹੈ ਕਿ ਉਸ ਨੇ ਇੱਕ ਅਮਰੀਕੀ ਲੜਾਕਾ ਜਹਾਜ਼ ਫੁੰਡ ਕੇ ਪਾਇਲਟ ਫੜ ਲਿਆ ਹੈ ਤੇ ਪਾਇਲਟ ਨੂੰ ਲੱਭਣ ਆਏ ਹੈਲੀਕਾਪਟਰ ਨੂੰ ਵੀ ਡੇਗ ਲੈਣ ਦਾ ਦਾਅਵਾ ਕੀਤਾ ਹੈ। ਇਰਾਨ ਦੁਆਲੇ ਅਮਰੀਕੀ ਫੌਜੀਆਂ ਦਾ ਜਮਾਵੜਾ ਵੀ ਜਾਰੀ ਹੈ।
ਅਮਰੀਕਾ ਦੀ ‘ਬਿਊਰੋ ਔਫ ਕਾਊਂਟਰ ਟੈਰਰਿਜ਼ਮ’ ਦੇ ਮੁਖੀ ਜੋਅ ਕੈਂਟ ਵੀ ਇਹ ਆਖ ਕੇ ਅਸਤੀਫਾ ਦੇ ਚੁੱਕਾ ਹੈ ਕਿ ਇਰਾਨ ਕੋਲੋਂ ਅਮਰੀਕਾ ਨੂੰ ਕੋਈ ਖ਼ਤਰਾ ਨਹੀਂ ਸੀ, ਸਗੋਂ ਇਰਾਨ ਉੱਤੇ ਹਮਲਾ ਟਰੰਪ ਤੇ ਨੇਤਨਯਾਹੂ ਦੀ ਜ਼ਿਆਦਤੀ ਹੈ, ਇਹ ਅਮਰੀਕਾ ਦੇ ਹਿੱਤ ਵਿੱਚ ਨਹੀਂ। ਅਮਰੀਕਾ ਦੇ 100 ਪ੍ਰਮੁੱਖ ਕਾਨੂੰਨੀ ਮਾਹਿਰਾਂ ਨੇ ਸਾਂਝਾ ਬਿਆਨ ਦਿੱਤਾ ਹੈ ਕਿ ਅਮਰੀਕਾ-ਇਜ਼ਰਾਈਲ ਵੱਲੋਂ ਇਹ ਹਮਲਾ ਯੂ ਐੱਨ ਚਾਰਟਰ ਦੀ ਉਲੰਘਣਾ ਹੈ। ਇਹ ਖਿੱਤਾ ਤੇਲ ਭੰਡਾਰਾਂ ਨਾਲ ਮਾਲਾਮਾਲ ਹੈ। ਇਸ ਖਿੱਤੇ ਵਿਚ ਹਰ ਤਰ੍ਹਾਂ ਦੀ ਫੌਜੀ ਚੁਣੌਤੀ ਨੂੰ ਪੈਦਾ ਨਾ ਹੋਣ ਦੇਣਾ ਅਮਰੀਕਾ ਦੀ ਯੁੱਧ ਨੀਤੀ ਹੈ। ਕੋਈ ਵੱਡੀ ਗੱਲ ਨਹੀਂ ਜੇ ਇਰਾਕ ਉੱਤੇ ਹਮਲੇ ਤੋਂ ਬਾਅਦ ਇਰਾਨ, ਉੱਤਰੀ ਕੋਰੀਆ, ਜਾਂ ਲਿਬੀਆ ਉੱਤੇ ਵੀ ਹਮਲਾ ਕਰ ਦਿੱਤਾ ਜਾਵੇ”।
ਰੂਸੀ ਵਿਦੇਸ਼ ਮੰਤਰੀ ਲਾਵਰੋਵ ਦਾ ਵੀ ਤਾਜ਼ਾ ਬਿਆਨ ਕਿ ਇਰਾਕ, ਲਿਬੀਆ, ਸੀਰੀਆ ਨੂੰ ਬਰਬਾਦ ਕਰਨ ਤੋਂ ਬਾਅਦ ਹੁਣ ਇਨ੍ਹਾਂ ਦਾ ਇਰਾਨ ਉੱਤੇ ਹੱਲਾ ਜਾਰੀ ਹੈ। ਟਰੰਪ ਕਹਿੰਦਾ ਹੈ ਕਿ ਅਗਲਾ ਨੰਬਰ ਕਿਊਬਾ ਦਾ ਹੈ, ਕਿਊਬਾ ਦੀ ਮੁਕੰਮਲ ਨਾਕਾਬੰਦੀ ਕਰ ਦਿੱਤੀ ਗਈ ਹੈ। ਸੋਵੀਅਤ ਯੂਨੀਅਨ ਦੇ 15 ਦੇਸ਼ਾਂ ਵਿੱਚ ਵੰਡੇ ਜਾਣ ਉਪਰੰਤ 1992 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜਾਰਜ ਬੁਸ਼ ਨੇ ਆਪਣੀ ਪਾਰਲੀਮੈਂਟ ਵਿਚ ਐਲਾਨ ਕੀਤਾ ਸੀ, “ਜਦੋਂ ਮੈਂ ਅਮਰੀਕਾ ਦਾ ਰਾਸ਼ਟਰਪਤੀ ਬਣਿਆ ਸੀ ਤਾਂ ਦੁਨੀਆ ਵਿੱਚ ਦੋ ਮਹਾਸ਼ਕਤੀਆਂ ਸਨ। ਮੈਂ ਫ਼ਖ਼ਰ ਨਾਲ ਐਲਾਨ ਕਰ ਰਿਹਾ ਹਾਂ ਕਿ ਦੂਜੀ ਮਹਾਸ਼ਕਤੀ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਹੁਣ ਅਮਰੀਕਾ ਹੀ ਇੱਕੋ ਇੱਕ ਮਹਾਸ਼ਕਤੀ ਹੈ”।
‘ਇੱਕੋ ਇੱਕ ਮਹਾਸ਼ਕਤੀ’ ਹੋਣ ਵਾਲਾ ਨਸ਼ਾ ਟਰੰਪ ਦੇ ਆਉਣ ਤੋਂ ਬਾਅਦ ਤਾਂ ਏਨਾ ਸਿਰ ਨੂੰ ਚੜ੍ਹ ਗਿਆ ਕਿ ਉਸ ਨੇ ਆਪਣੇ ਫ਼ੌਜੀ ਗੱਠਜੋੜ ‘ਨਾਟੋ’ ਦੇ ਮੈਂਬਰ ਦੇਸ਼ਾਂ (ਗਰੀਨਲੈਂਡ, ਕੈਨੇਡਾ) ਉੱਤੇ ਕਬਜ਼ਾ ਕਰ ਲੈਣ ਦੇ ਸ਼ਰੇਆਮ ਬਿਆਨ ਦੇਣੇ ਸ਼ੁਰੂ ਕਰ ਦਿੱਤੇ। ਕੁੱਲ ਦੁਨੀਆ ਉੱਤੇ ਇਕਪਾਸੜ ਟੈਰਿਫ ਵਧਾਉਣ ਦਾ ਐਲਾਨ ਕਰ ਦਿੱਤਾ। ਅਮਰੀਕਾ ਦੇ ਇਸ ਰਵੱਈਏ ਨੇ ‘ਨਾਟੋ’ ਗੱਠਜੋੜ ਨੂੰ ਅੰਦਰੋਂ ਕਮਜ਼ੋਰ ਕਰ ਦਿੱਤਾ ਹੈ। ਇਸੇ ਲਈ ਟਰੰਪ ਦੀਆਂ ਵਾਰ-ਵਾਰ ਅਪੀਲਾਂ ਦੇ ਬਾਵਜੂਦ ਕੋਈ ‘ਨਾਟੋ’ ਦੇਸ਼ ਅਮਰੀਕਾ ਨਾਲ ਇਰਾਨ ਵਿਰੁੱਧ ਲੜਨ ਲਈ ਨਹੀਂ ਆਇਆ। ਸਗੋਂ ਫਰਾਂਸ, ਸਪੇਨ, ਇਟਲੀ, ਜਰਮਨ, ਇੰਗਲੈਂਡ, ਸਵਿਟਜ਼ਰਲੈਂਡ, ਜਪਾਨ, ਆਸਟਰੇਲੀਆ, ਆਸਟਰੀਆ ਨੇ ਆਖਿਆ,‘‘ਇਹ ਸਾਡੀ ਜੰਗ ਨਹੀਂ, ਇਸ ਲਈ ਸਾਡੇ ਏਅਰ ਸਪੇਸ ਵਰਤਣ ਦੀ ਅਮਰੀਕਾ ਨੂੰ ਇਜਾਜ਼ਤ ਨਹੀਂ ਹੈ।’’ ਇਟਲੀ ਨੇ ਤਾਂ ਅਮਰੀਕੀ ਜਹਾਜ਼ ਆਪਣੀ ਧਰਤੀ ’ਤੇ ਉਤਰਨ ਹੀ ਨਹੀਂ ਦਿੱਤੇ। ਅਮਰੀਕਾ ਨੇ ਵੀ ਅੱਗੋਂ ਆਖ ਦਿੱਤਾ,‘‘ ਯੂਕਰੇਨ ਵੀ ਫਿਰ ਸਾਡੀ ਜੰਗ ਨਹੀਂ।’’ ਸ਼ਾਇਦ ਹੁਣ ‘ਨਾਟੋ’ ਦਾ ਵਜੂਦ ਪਹਿਲਾਂ ਵਾਲਾ ਨਹੀਂ ਰਹਿ ਸਕੇਗਾ।
ਆਮ ਲੋਕ ਸੋਚਦੇ ਹਨ ਕਿ ਜੇ ਪ੍ਰਮਾਣੂ ਬੰਬਾਂ ਨਾਲ ਲੈਸ ਮੁਲਕਾਂ ਨੇ ਇਹ ਧੌਂਸ ਦਿਖਾ ਕੇ ਦੂਜੇ ਮੁਲਕਾਂ ਦਾ ਇਰਾਨ ਵਾਲਾ ਹਾਲ ਕਰਨਾ ਹੈ, ਤਾਂ ਫਿਰ ‘ਮਰਦਾ ਕੀ ਨਹੀਂ ਕਰਦਾ’ ਦੇ ਅਖਾਣ ਮੁਤਾਬਕ ਉਨ੍ਹਾਂ ਕੋਲ ਵੀ ਅੱਗੋਂ ਉੱਤਰੀ ਕੋਰੀਆ ਵਾਂਗ ਐਟਮ ਬੰਬ ਬਣਾ ਕੇ ਆਪਣਾ ਬਚਾਅ ਕਰ ਲੈਣ ਤੋਂ ਸਿਵਾਏ ਹੋਰ ਚਾਰਾ ਵੀ ਕੀ ਹੈ? ਟਰੰਪ ਤਾਂ ਕਹਿ ਚੁੱਕਾ ਹੈ, ‘‘ਜ਼ਰਾ ਕੁ ਇੰਤਜ਼ਾਰ ਕਰੋ, ਇਰਾਨੀ ਤੇਲ ਵੀ ਸਾਡਾ ਹੋਵੇਗਾ।’’ ਇਜ਼ਰਾਈਲ ਇਸ ਜੰਗ ਦੀ ਆੜ ਵਿੱਚ ‘ਗਰੇਟਰ ਇਜ਼ਰਾਈਲ’ ਏਜੰਡੇ ਤਹਿਤ ਲੈਬਨਾਨ ਦੇ ਦੱਖਣੀ ਇਲਾਕੇ ਉੱਤੇ ‘ਲਿਤਾਨੀ’ ਦਰਿਆ, ਜੋ ਇਜ਼ਰਾਇਲੀ ਹੱਦ ਤੋਂ 30 ਕਿਲੋਮੀਟਰ ਦੂਰ ਹੈ, ਤੱਕ ਕਬਜ਼ਾ ਕਰਨ ਲਈ ਲੜ ਰਿਹਾ ਹੈ। ਪਿਛਲੇ ਸਾਲ ਸੀਰੀਆ ਦੇ ਇਲਾਕੇ ਅਤੇ ਪਹਿਲਾਂ ਗਾਜ਼ਾ ਉੱਤੇ ਵੀ ਇਸ ਨੇ ਕਬਜ਼ਾ ਕੀਤਾ, ਜਦਕਿ ਇਰਾਨ ਵਾਸਤੇ ਇਹ ਥੋਪੀ ਗਈ ਜੰਗ ਲੜਨਾ ਆਪਣੀ ਹੋਂਦ ਅਤੇ ਅਣਖ ਨੂੰ ਬਚਾਉਣ ਦਾ ਕੌਮੀ ਯੁੱਧ ਬਣ ਗਿਆ ਹੈ। ਇੱਕ ਮਹੀਨੇ ਦੀ ਲੜਾਈ ਦਾ ਨਿਚੋੜ ਇਹ ਹੈ ਕਿ ਅਮਰੀਕਾ-ਇਜ਼ਰਾਈਲ ਦੇ ਹਮਲੇ ਦਾ ਕੋਈ ਵੀ ਮਕਸਦ ਪੂਰਾ ਨਹੀਂ ਹੋਇਆ। ਇਸ ਨੇ ਆਪਣੇ ਪੱਖੀ ਸਰਕਾਰ ਜ਼ਬਰਦਸਤੀ ਬਣਾਉਣੀ ਸੀ, ਸਗੋਂ ਉਲਟਾ ਇਰਾਨੀ ਆਗੂਆਂ ਦੇ ਕਤਲਾਂ ਦੇ ਬਾਵਜੂਦ ‘ਰਾਇਟਰਜ਼’ ਦੀ ਰਿਪੋਰਟ ਹੈ ਕਿ ਸਰਕਾਰ ਨੂੰ ਲੋਕਾਂ ਦੀ ਹਮਾਇਤ ਬਹੁਤ ਵਧ ਗਈ ਹੈ। ਪ੍ਰਮਾਣੂ ਮੁੱਦੇ ਬਾਰੇ ਤਾਂ ਸੰਭਾਵਨਾ ਹੈ ਕਿ ਇਰਾਨ ਪ੍ਰਮਾਣੂ ਬੰਬ ਬਣਾਉਣ ਨੂੰ ਹੁਣ ਆਪਣੀ ਜ਼ਰੂਰਤ ਵਜੋਂ ਪੇਸ਼ ਕਰਨ ਵੱਲ ਵਧੇਗਾ। ਇਰਾਨ ਦੀ ਮਿਜ਼ਾਈਲ ਡਰੋਨ ਸ਼ਕਤੀ ਅਜਿੱਤ ਜਾਪਣ ਲੱਗੀ ਹੈ। ਟਰੰਪ ਜਦੋਂ ਸੰਬੋਧਨ ਵਿੱਚ ਕਹਿ ਰਿਹਾ ਸੀ ਕਿ ਇਰਾਨ ਦੀ ਲੜਨ ਸ਼ਕਤੀ ਖ਼ਤਮ ਕਰ ਦਿੱਤੀ ਗਈ ਹੈ ਤਾਂ ਉਸ ਤੋਂ 34 ਮਿੰਟ ਬਾਅਦ ਇਰਾਨ ਨੇ ਇਜ਼ਰਾਈਲ ਉੱਤੇ ਜੋ ਹਮਲਾ ਕੀਤਾ, ਉਸ ਬਾਰੇ ਇ਼ਜਰਾਈਲ ਨੇ ਕਿਹਾ ਕਿ ਇਹ ਹੁਣ ਤਕ ਦਾ ਸਭ ਤੋਂ ਵੱਡਾ ਹਮਲਾ ਸੀ। ਇਰਾਨ ਦੇ ਹੌਸਲੇ ਬੁਲੰਦ ਹਨ। ਹਾਲਾਂਕਿ ਆਰਥਿਕ ਨੁਕਸਾਨ ਦਾ ਕੋਈ ਹਿਸਾਬ ਹੀ ਨਹੀਂ ਹੈ।
ਹੋਰਮੁਜ਼ ਸਮੁੰਦਰੀ ਲਾਂਘਾ ਅਮਰੀਕਾ-ਇਜ਼ਰਾਈਲ ਤੇ ਉਨ੍ਹਾਂ ਦੇ ਸਹਿਯੋਗੀਆਂ ਲਈ ਇਰਾਨ ਨੇ ਫਿਲਹਾਲ ਬੰਦ ਕਰ ਦਿੱਤਾ ਹੈ। ਮੱਧ ਪੂਰਬੀ ਅਰਬ ਦੇਸ਼ਾਂ ਨੂੰ ਇਰਾਨ ਉੱਤੇ ਹਮਲੇ ਲਈ ਅਮਰੀਕਾ ਨੂੰ ਫ਼ੌਜੀ ਅੱਡੇ ਮੁਹੱਈਆ ਕਰਾਉਣ ਦੀ ਕਾਰਵਾਈ ਬਹੁਤ ਮਹਿੰਗੀ ਪਈ ਹੈ ਕਿਉਂਕਿ ਉਨ੍ਹਾਂ ਦਾ ਕਾਰੋਬਾਰ ਚੌਪਟ ਹੋਣ ਵੱਲ ਹੈ। ਅਰਬ ਦੇਸ਼ਾਂ ਵਿਚਲੇ ਅਮਰੀਕੀ ਫ਼ੌਜੀ ਅੱਡਿਆਂ ਦਾ ਬਹੁਤ ਨੁਕਸਾਨ ਹੋਇਆ ਹੈ ਤੇ ਉਸ ਦਾ ਇੱਕੋ-ਇੱਕ ਮਹਾਸ਼ਕਤੀ ਵਾਲਾ ਭਰਮ ਵੀ ਟੁੱਟਿਆ ਹੈ।
ਸੰਸਾਰ ਭਰ ਵਿੱਚ ਤੇਲ ਗੈਸ ਦਾ ਵੱਡਾ ਸੰਕਟ ਨਜ਼ਰ ਆ ਰਿਹਾ ਹੈ। 85 ਦੇਸ਼ਾਂ ਵਿਚ ਤੇਲ ਦੇ ਭਾਅ 50 ਫੀਸਦੀ ਤੱਕ ਵਧ ਚੁੱਕੇ ਹਨ। ਹਾਹਾਕਾਰ ਮੱਚੀ ਪਈ ਹੈ। ਰੂਸ ਨੇ ਇਕ ਅਪਰੈਲ ਤੋਂ ਅਗਲੇ ਚਾਰ ਮਹੀਨਿਆਂ ਲਈ ਆਪਣੇ ਤੇਲ ਤੇ ਗੈਸ ਦੇ ਨਿਰਯਾਤ ਉੱਤੇ ਰੋਕ ਲਾ ਦਿੱਤੀ ਹੈ। ਇਹ ਖ਼ਤਰਨਾਕ ਹਾਲਾਤ ਕੋਈ ਵੀ ਮੋੜ ਲੈ ਸਕਦੇ ਹਨ।
ਇਜ਼ਰਾਈਲ-ਅਮਰੀਕਾ ਵਿੱਚ ਲੱਖਾਂ ਲੋਕ ਵੀ ਮੁਜ਼ਾਹਰੇ ਕਰ ਕੇ ਆਪਣੀਆਂ ਸਰਕਾਰਾਂ ਨੂੰ ਜੰਗ ਰੋਕਣ ਲਈ ਕਹਿ ਰਹੇ ਹਨ। ਯੂ ਐੱਨ ਦੇ ਸਕੱਤਰ ਜਨਰਲ ਗੁਟੇਰੇਜ਼ ਨੇ ਅਮਰੀਕਾ-ਇਜ਼ਰਾਈਲ ਨੂੰ ਹਮਲੇ ਫੌਰੀ ਰੋਕਣ ਲਈ ਆਖਿਆ ਹੈ। ਅਮਰੀਕੀ ਮੈਗਜ਼ੀਨ ‘ਟਾਈਮਜ਼’ ਨੇ ਆਪਣੇ ‘ਕਵਰ ਪੰਨੇ’ ਉੱਤੇ ਟਰੰਪ ਦੀ ਫੋਟੋ ਲਾ ਕੇ ਉੱਪਰ ਲਿਖਿਆ ਹੈ ਕਿ “ਟਰੰਪ ਬਾਹਰ ਨਿਕਲਣ ਦਾ ਰਾਹ ਲੱਭ ਰਿਹਾ ਹੈ”।
Share this content:



Post Comment