ਇਤਿਹਾਸ, ਧਰਮ ਤੇ ਯੁੱਧਨੀਤੀ ਦਾ ਜਲੌਅ ਹੈ ਮੇਲਾ ਮਾਘੀ
ਆਮ ਤੌਰ ’ਤੇ ਮੇਲੇ ਧਰਮ ਤੇ ਵਿਰਾਸਤ ਨਾਲ ਜੁੜੇ ਹੁੰਦੇ ਹਨ ਪਰ ਮੁਕਤਸਰ ਦਾ ਮੇਲਾ ਮਾਘੀ ਬਹੁਤ ਸਾਰੇ ਪੱਖ ਆਪਣੇ ਅੰਦਰ ਸਾਂਭੀ ਬੈਠਾ ਹੈ। ਇਹ ਇਤਿਹਾਸ, ਧਰਮ, ਸਮਾਜ, ਯੁੱਧ ਕਲਾ, ਮਰਿਆਦਾ, ਮਨ ਦੀ ਅਸੀਮ ਸ਼ਕਤੀ ਅਤੇ ਰਾਜਨੀਤਕ ਪ੍ਰਸੰਗਾਂ ਨਾਲ ਜੁੜਿਆ ਹੈ। ਇਸ ਮੇਲੇ ਪਿਛਲੇ ਮੂਲ ਤੱਤਾਂ ਨੂੰ ਪਛਾਣਨ ਅਤੇ ਇਸ ਦਾ ਅਧਿਐਨ ਕਰਨ ਦੀ ਲੋੜ ਹੈ। ਮੇਲੇ ਦੇ ਇਤਿਹਾਸਕ ਤੱਥ ਫੋਲਣ ਤੋਂ ਪਹਿਲਾਂ ਇਸ ਦੇ ਖਿਦਰਾਣੇ ਦੀ ਢਾਬ (ਢਾਬ ਉਹ ਥਾਂ ਹੁੰਦੀ ਹੈ ਜਿਸ ਦੇ ਚਾਰੇ ਪਾਸੇ ਉੱਚੀ ਰੇਤਲੀ ਮਿੱਟੀ ਦੇ ਟਿੱਬੇ ਹੋਣ ਅਤੇ ਵਿਚਕਾਰ ਬਾਰਸ਼ਾਂ ਦਾ ਜਮ੍ਹਾਂ ਹੋਇਆ ਪਾਣੀ ਹੋਵੇ) ਤੋਂ ਸ੍ਰੀ ਮੁਕਤਸਰ ਸਾਹਿਬ ਤੱਕ ਦੇ ਨਾਮ ਰਚਨਾ ਦੀ ਗੱਲ ਕਰਦੇ ਹਾਂ। ਖਿਦਰਾਣਾ, ਰੁਪਾਣਾ ਤੇ ਧਿਗਾਣਾ ਤਿੰਨ ਭਰਾ ਸਨ ਜਿਨ੍ਹਾਂ ਆਪਣੇ ਨਾਵਾਂ ਤੋਂ ਤਿੰਨ ਪਿੰਡਾਂ ਦੀ ਮੋਹੜੀ ਗੱਡੀ ਸੀ। ਪਿੰਡ ਰੁਪਾਣਾ ਅਤੇ ਧਿਗਾਣਾ ਅਜੇ ਵੀ ਇਸੇ ਨਾਮ ਨਾਲ ਜਾਣੇ ਜਾਂਦੇ ਹਨ। ਇਹ ਦੋਵੇਂ ਪਿੰਡ ਮੁਕਤਸਰ ਤੋਂ ਤਕਰੀਬਨ 10-12 ਕਿਲੋਮੀਟਰ ਮਲੋਟ ਵਾਲੇ ਪਾਸੇ ਹਨ। ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਕਰਕੇ ‘ਖਿਦਰਾਣੇ ਦੀ ਢਾਬ’ ਮੁਕਤੀਸਰ ਦਾ ਸਰ, ਮੁਕਤਸਰ ਬਣ ਗਿਆ ਅਤੇ ਫਰਵਰੀ 2012 ਵਿੱਚ ਤਤਕਾਲੀ ਪੰਜਾਬ ਸਰਕਾਰ ਨੇ ਇਸ ਦਾ ਨਾਮ ਸ੍ਰੀ ਮੁਕਤਸਰ ਸਾਹਿਬ ਕਰ ਦਿੱਤਾ।
ਅੱਜ ਤੋਂ ਤਕਰੀਬਨ 321 ਵਰ੍ਹੇ ਪਹਿਲਾਂ 1704 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਾਲਮ ਮੁਗ਼ਲ ਸਾਮਰਾਜ ਖ਼ਿਲਾਫ਼ ਖਿਦਰਾਣੇ ਦੀ ਢਾਬ ’ਤੇ ਜੰਗ ਲੜੀ। ਇੱਕ ਪਾਸੇ ਗੁਰੂ ਜੀ ਦੇ ਮੁੱਠੀ ਭਰ ਸਿੰਘ ਸਨ ਤੇ ਦੂਜੇ ਪਾਸੇ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਦੀਆਂ ਵੱਡੀ ਗਿਣਤੀ ’ਚ ਫ਼ੌਜਾਂ ਸਨ। ਗੁਰੂ ਜੀ ਨੇ ਆਪਣੇ ਸਿੰਘਾਂ ਵਿੱਚ ਅਜਿਹੀ ਮਾਨਸਿਕ ਸ਼ਕਤੀ ਭਰੀ ਕਿ ਉਨ੍ਹਾਂ ਮੁਗ਼ਲਾਂ ਦੀ ਵੱਡੀ ਫ਼ੌਜ ਨੂੰ ਮਾਤ ਦੇ ਦਿੱਤੀ। ਇਹ ਮੁਗ਼ਲਾਂ ਨਾਲ ਆਖ਼ਰੀ ਅਤੇ ਨਿਰਣਾਇਕ ਜੰਗ ਸੀ, ਜਿਸ ਵਿੱਚ ਗੁਰੂ ਜੀ ਨੇ ਜਿੱਤ ਹਾਸਲ ਕੀਤੀ। ਜ਼ੁਲਮ ਦੇ ਖ਼ਿਲਾਫ਼ ਇਹ ਜੰਗ ਖ਼ਾਲਸਾ ਪੰਥ ਦੀ ਜੰਗੀ ਕੌਸ਼ਲਤਾ ਅਤੇ ਰਣਨੀਤੀ ਦਾ ਪ੍ਰਤੱਖ ਪ੍ਰਮਾਣ ਸੀ ਜੋ ਅੱਜ ਵੀ ਸੰਸਾਰ ਭਰ ਦੀਆਂ ਯੁੱਧ ਨੀਤੀਆਂ ਨੂੰ ਮਾਤ ਪਾਉਂਦੀ ਹੈ। ਗੁਰੂ ਜੀ ਨੇ ਯੁੱਧ ਨੀਤੀ ਅਨੁਸਾਰ ਇਸ ਥਾਂ ਦੀ ਚੋਣ ਕੀਤੀ ਸੀ। ਇਸ ਜਗ੍ਹਾ ਦੇ ਆਸੇ-ਪਾਸੇ ਉੱਚੇ ਟਿੱਬੇ ਸਨ। ਵਿਚਕਾਰ ਪਾਣੀ ਦੀ ਢਾਬ ਸੀ। ਇੱਥੇ ਹੁਣ ਗੁਰਦੁਆਰਾ ਟੁੱਟੀ ਗੰਢੀ ਸਾਹਿਬ, ਤੰਬੂ ਸਾਹਿਬ ਅਤੇ ਮਾਤਾ ਭਾਗ ਕੌਰ ਸਥਿਤ ਹੈ।
ਇਹ ਲੜਾਈ 21 ਵਿਸਾਖ ਨੂੰ ਲੜੀ ਗਈ ਸੀ। ਗਰਮੀ ਦਾ ਮੌਸਮ ਸੀ। ਇਸ ਲਈ ਪੀਣ ਵਾਲੇ ਪਾਣੀ ਦੀ ਬਹੁਤ ਲੋੜ ਸੀ। ਰੇਤਲੀ ਧਰਤੀ ਦੇ ਰੁੱਖਾਂ ਕਰੀਰ, ਵਣ ਅਤੇ ਝਾੜ ਬੂਝਿਆਂ ਉੱਪਰ ਚਾਦਰਾਂ ਪਾ ਦਿੱਤੀਆਂ ਜਿਹੜੀਆਂ ਦੂਰੋਂ ਤੰਬੂਆਂ ਦਾ ਭੁਲੇਖਾ ਪਾਉਂਦੇ ਸਨ। ਗੁਰੂ ਜੀ ਨੇ ਖ਼ੁਦ ਦੂਰ ਇੱਕ ਉੱਚੀ ਟਿੱਬੀ ਮੱਲ ਲਈ। ਇੱਥੇ ਹੀ ਗੁਰਦੁਆਰਾ ਟਿੱਬੀ ਸਾਹਿਬ, ਰਕਾਬਗੰਜ ਸਾਹਿਬ ਅਤੇ ਦਾਤਣਸਰ ਸਾਹਿਬ ਮੌਜੂਦ ਹਨ। ਮੁਗ਼ਲ ਫ਼ੌਜਾਂ ਪਿੱਛਾ ਕਰਦੀਆਂ ਇੱਥੇ ਪੁੱਜੀਆਂ ਤਾਂ ਉਹ ਝਾੜ ਬੂਝਿਆਂ ਉੱਪਰ ਪਾਈਆਂ ਚਾਦਰਾਂ ਨੂੰ ਤੰਬੂ ਸਮਝ ਕੇ ਘਬਰਾ ਗਈਆਂ ਕਿਉਂਕਿ ਉਨ੍ਹਾਂ ਨੂੰ ਸੂਹ ਮਿਲੀ ਸੀ ਕਿ ਥੋੜ੍ਹੇ ਜਿਹੇ ਭੁੱਖੇ-ਪਿਆਸੇ ਸਿੰਘ ਹਨ, ਪਰ ਇੱਥੇ ਤਾਂ ਸੈਂਕੜੇ ਤੰਬੂ ਲੱਗੇ ਹੋਏ ਹਨ, ਭਾਵ ਵੱਡੀ ਗਿਣਤੀ ’ਚ ਫ਼ੌਜ ਹੈ। ਗੁਰੂ ਜੀ ਮੁਗ਼ਲ ਫ਼ੌਜ ਦੇ ਹੌਸਲੇ ਪਸਤ ਕਰਨ ਦੀ ਯੋਜਨਾ ’ਚ ਸਫ਼ਲ ਹੋ ਗਏ।
ਘਬਰਾਏ ਮੁਗ਼ਲਾਂ ਉੱਪਰ ਸਿੰਘ ਟੁੱਟ ਕੇ ਪੈ ਗਏ। ਉੱਪਰ ਟਿੱਬੀ ’ਤੇ ਬੈਠੇ ਦਸਵੇਂ ਗੁਰੂ ਨੇ ਤੀਰਾਂ ਦੀ ਵਰਖਾ ਕਰ ਦਿੱਤੀ। ਗੁਰੂ ਜੀ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਤੋਂ ਬੇਦਾਵਾ ਦੇ ਕੇ ਗਏ 40 ਸਿੰਘ ਵੀ ਮਾਈ ਭਾਗੋ ਅਤੇ ਭਾਈ ਮਹਾਂ ਸਿੰਘ ਦੀ ਅਗਵਾਈ ਹੇਠ ਵਾਪਸ ਆ ਕੇ ਇਸ ਜੰਗ ਵਿੱਚ ਸ਼ਾਮਿਲ ਹੋ ਗਏ। ਇਨ੍ਹਾਂ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕਰਕੇ ਬੇਦਾਵਾ ਪੜ੍ਹਵਾਇਆ ਅਤੇ ਗੁਰੂ ਜੀ ਨਾਲੋਂ ਟੁੱਟੀ ਗੰਢ ਕੇ ਮੁਕਤੀ ਦੀ ਬਖ਼ਸ਼ਿਸ਼ ਪ੍ਰਾਪਤ ਕੀਤੀ। ਗੁਰੂ ਜੀ ਨੇ ਸ਼ਹੀਦਾਂ ਨੂੰ ਮੁਕਤਿਆਂ ਦਾ ਵਰ ਦਿੱਤਾ। ਇਤਿਹਾਸ ਫੋਲਿਆਂ ਪਤਾ ਲੱਗਦਾ ਹੈ ਕਿ ਜਿਸ ਜਗ੍ਹਾ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਦਾ ਪਵਿੱਤਰ ਸਰੋਵਰ ਸਥਿਤ ਹੈ (ਇਹ ਸਰੋਵਰ ਤਰਨਤਾਰਨ ਸਾਹਿਬ ਤੋਂ ਬਾਅਦ ਸਭ ਤੋਂ ਵੱਡਾ ਸਰੋਵਰ ਹੈ), ਪਹਿਲਾਂ ਇੱਥੇ ਸਰੋਵਰ ਵਜੋਂ ਇੱਕ ਛੱਪੜ ਹੁੰਦਾ ਸੀ। ਫਿਰ ਹੌਲੀ-ਹੌਲੀ ਛੋਟੀ ਇੱਟ ਦੀਆਂ ਇਮਾਰਤਾਂ ਬਣੀਆਂ। ਸਰੋਵਰ ਬਣਿਆ। 15 ਕੁ ਕਿਲੋਮੀਟਰ ਦੁਰਾਡੇ ਪਿੰਡ ਹਰੀਕੇ ਕਲਾਂ ਦੇ ਨਿਰਮਲੇ ਸੰਤ ਪਿੰਡੋਂ ਲੰਗਰ ਤਿਆਰ ਕਰਕੇ ਲਿਆਉਂਦੇ। ਸੰਗਤਾਂ ਨੂੰ ਛਕਾਉਂਦੇ। ਕਾਰ ਸੇਵਾ ਚੱਲਦੀ ਰਹਿੰਦੀ। ਉਨ੍ਹਾਂ ਸੰਤਾਂ ਨੂੰ ਭਾਈ ਲੰਗਰ ਸਿੰਘ ਕਿਹਾ ਜਾਣ ਲੱਗਿਆ। ਉਨ੍ਹਾਂ ਦੇ ਨਾਮ ’ਤੇ ਕੋਟਕਪੂਰਾ ਰੋਡ ’ਤੇ ਭਾਈ ਲੰਗਰ ਸਿੰਘ
ਗੇਟ ਬਣਿਆ ਹੋਇਆ ਹੈ। ਇੱਥੇ ਵਿਸਾਖ ਮਹੀਨੇ
ਚਾਲ਼ੀ ਮੁਕਤਿਆਂ ਦੀ ਯਾਦ ਵਿੱਚ 12 ਫਰਵਰੀ (21 ਵਿਸਾਖ) ਤੋਂ 3 ਮਈ ਤੱਕ ਅਖੰਡ ਪਾਠਾਂ ਦੀ ਲੜੀ ਹਰ ਵਰ੍ਹੇ ਚੱਲਦੀ ਹੈ।
1945 ਵਿੱਚ ਗੁਰਦੁਆਰਾ ਐਕਟ 1925 ਵਿੱਚ ਤਰਮੀਮ ਕਰਵਾ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸ੍ਰੀ ਦਰਬਾਰ ਸਾਹਿਬ ਤਰਨਤਾਰਨ, ਸ੍ਰੀ ਪੰਜਾ ਸਾਹਿਬ ਦੇ ਨਾਲ ਸ੍ਰੀ ਦਰਬਾਰ ਸਾਹਿਬ ਮੁਕਤਸਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਕਰ ਦਿੱਤਾ। ਚਾਲ਼ੀ ਮੁਕਤਿਆਂ ਦੀ ਯਾਦ ’ਚ ਬਣੇ ਗੁਰਦੁਆਰਾ ਸਾਹਿਬ ਨੂੰ ‘ਸ੍ਰੀ ਦਰਬਾਰ ਸਾਹਿਬ’ ਦਾ ਮਾਣ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਮਹਾਰਾਜਾ ਹੀਰਾ ਸਿੰਘ ਹੋਰਾਂ ਨੇ ਕਰਵਾਈ। ਟਿੱਕਾ ਰਿਪੁਦਮਨ ਸਿੰਘ ਦੇ ਜਨਮ ਦੀ ਖ਼ੁਸ਼ੀ ਵਿੱਚ 700 ਮਣ ਦਾ ਨਿਸ਼ਾਨ ਸਾਹਿਬ ਸਥਾਪਤ ਕੀਤਾ ਜੋ ਕਿ ਇੰਗਲੈਂਡ ਤੋਂ ਤਿਆਰ ਹੋਇਆ। ਇਹ ਹੁਣ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਸੁਸ਼ੋਭਿਤ ਹੈ। ਇਸ ਨੂੰ ਸਹਾਰਾ ਦੇਣ ਵਾਲੀ ਇੱਕ ਅਟਾਰੀ ਅਤੇ ਸ੍ਰੀ ਦਰਬਾਰ ਸਾਹਿਬ ਦੀ ਪੁਰਾਣੀ ਛੋਟੀ ਇੱਟ ਦੀ ਇਮਾਰਤ ਸਣੇ ਹੋਰ ਕਈ ਇਮਾਰਤਾਂ 1984 ਦੇ ਹਮਲੇ ਵਿੱਚ ਢਹਿ ਗਈਆਂ ਸਨ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ, ਸ਼ਹੀਦ ਗੰਜ ਸਾਹਿਬ, ਤੰਬੂ ਸਾਹਿਬ, ਮਾਈ ਭਾਗੋ, ਭਾਈ ਮਹਾਂ ਸਿੰਘ ਦੀਵਾਨ ਹਾਲ, ਅਜਾਇਬਘਰ, ਸਰਾਂ ਤੇ ਵਿਸ਼ਾਲ ਸਰੋਵਰ ਮੌਜੂਦ ਹੈ।
ਸ੍ਰੀ ਦਰਬਾਰ ਸਾਹਿਬ ਦੇ ਆਸ-ਪਾਸ ਬਹੁਤ ਵਿਉਂਤ ਨਾਲ ਪੱਤੀਆਂ (ਬਸਤੀਆਂ) ਬਣਾਈਆਂ ਗਈਆਂ ਹਨ, ਜਿੱਥੇ ਕਾਰੀਗਰ, ਕਿਸਾਨ, ਪੁਜਾਰੀ, ਜੁਲਾਹੇ, ਬਾਜ਼ੀਗਰ ਰਹਿੰਦੇ ਹਨ ਤੇ ਨਿਹੰਗ ਸਿੰਘਾਂ ਦੀਆਂ ਛਾਉਣੀਆਂ ਹਨ। ਸ਼ਹੀਦਾਂ ਦੀ ਇਸ ਪਵਿੱਤਰ ਧਰਤੀ ਉੱਪਰ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਮਿਤੀ 13, 14 ਅਤੇ 15 ਜਨਵਰੀ ਮੁਤਾਬਿਕ 30 ਪੋਹ, 1 ਅਤੇ 2 ਮਾਘ ਨੂੰ ਦੁਨੀਆ ਭਰ ਤੋਂ ਸੰਗਤਾਂ ਚਾਲ਼ੀ ਮੁਕਤਿਆਂ ਨੂੰ ਨਤਮਸਤਕ ਹੋਣ ਵਾਸਤੇ ਆਉਂਦੀਆਂ ਹਨ। ਪਵਿੱਤਰ ਸਰੋਵਰ ’ਚ ਇਸ਼ਨਾਨ ਕਰਕੇ ਸ਼ਰਧਾ ਸੁਮਨ ਭੇਟ ਕਰਦੀਆਂ ਹਨ।
Share this content:



Post Comment