ਇਕ ਫ਼ਿਲਮ ਤੇ ਕਿਤਾਬ ਦਾ ਰੌਲਾ/ਜਯੋਤੀ ਮਲਹੋਤਰਾ
ਲੰਘੇ ਹਫ਼ਤੇ ਇਕ ਫ਼ਿਲਮ ਅਤੇ ਕਿਤਾਬ ਰਾਸ਼ਟਰੀ ਪੱਧਰ ਦੀ ਬਹਿਸ ਦਾ ਕੇਂਦਰ ਬਣੀਆਂ ਰਹੀਆਂ। ਆਨਲਾਈਨ ਪਲੈਟਫਾਰਮ ਨੈੱਟਫਲਿਕਸ ‘ਘੂਸਖੋਰ ਪੰਡਿਤ’ ਨਾਮ ਦੀ ਫ਼ਿਲਮ ਦਾ ਨਾਂ ਬਦਲਣ ਅਤੇ ਇਸ ਦੀ ਸਾਰੀ ਪ੍ਰਚਾਰ ਸਮੱਗਰੀ ਵਾਪਸ ਲੈਣ ਲਈ ਮੰਨ ਗਿਆ ਹੈ। ਭਗਵੇਂ ਪਹਿਰਾਵੇ ਵਾਲੇ ਅੱਧਖੜ ਉਮਰ ਦੇ ਕੁਝ ਕ੍ਰੋਧਿਤ ਬੰਦਿਆਂ ਵੱਲੋਂ ਫਿਲਮ ਨੂੰ ‘ਜਾਤੀਵਾਦੀ’ ਤੁਹਮਤ ਦੱਸ ਕੇ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਇਸ ਸਬੰਧੀ ਲਖਨਊ ਦੇ ਹਜ਼ਰਤਗੰਜ ਥਾਣੇ ਵਿੱਚ ਇੱਕ ਐਫ ਆਈ ਆਰ ਵੀ ਦਰਜ ਕੀਤੀ ਗਈ ਸੀ ਅਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਸ਼ਿਕਾਇਤ ਕੀਤੀ ਸੀ, ਜਿਸ ਦੇ ਨਿਬੇੜੇ ’ਤੇ ਭਾਜਪਾ ਆਗੂ ਗੌਰਵ ਭਾਟੀਆ ਨੇ ਜਿੱਤ ਦਾ ਐਲਾਨ ਕਰਦਿਆਂ ਕਿਹਾ,‘‘ਸਨਾਤਨ ਧਰਮ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ।’’
ਭਾਟੀਆ ਨੇ ਕਿਹਾ, ‘‘ਅਸੀਂ ਉਨ੍ਹਾਂ ਲੋਕਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਲਈ ਵਚਨਬੱਧ ਹਾਂ ਜੋ ਵਪਾਰਕ ਲਾਭ ਲਈ ਕਿਸੇ ਵੀ ਜਾਤ ਜਾਂ ਭਾਈਚਾਰੇ ਨੂੰ ਨੀਵਾਂ ਦਿਖਾਉਂਦੇ ਹਨ।’’ ਤੇ ਨਾਲ ਹੀ ਜੋੜਿਆ ‘‘ਸਬਕਾ ਸਾਥ, ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ’’ ਸਾਡਾ ਮਾਰਗਦਰਸ਼ਕ ਸਿਧਾਂਤ ਹੈ।’’ ਇਹ ਸਪੱਸ਼ਟ ਨਹੀਂ ਕਿ ਕੀ ਭਾਜਪਾ ਆਗੂ ਇਹ ਗੱਲ ਜਾਣਦੇ ਸਨ ਕਿ ਉਹ ਹਾਸਰਸ ਦੇ ਬੁਨਿਆਦੀ ਅਸੂਲਾਂ ਨੂੰ ਕੁਚਲਣ ਦੇ ਨਾਲ-ਨਾਲ ‘ਵਿਅੰਗ ਦੀ ਮੌਤ’ ਦਾ ਵੀ ਜਸ਼ਨ ਮਨਾ ਰਹੇ ਸਨ। ਯਕੀਨੀ ਤੌਰ ’ਤੇ ਵਿਅੰਗਾਤਮਕ ਸੁਰਖੀਆਂ ਨੂੰ ਹੁਣ ਹੰਢੀ-ਵਰਤੀ ਸ਼ੈਲੀ ’ਚੋਂ ਬਾਹਰ ਕੱਢਣਾ ਹੀ ਪਵੇਗਾ।
ਜਾਂ ਸ਼ਾਇਦ ਹੁਣ ਇਹ ਬਹੁਤਾ ਮਾਅਨੇ ਨਹੀਂ ਰੱਖਦਾ, ਖ਼ਾਸ ਕਰ ਕੇ ਉਦੋਂ ਤਾਂ ਬਿਲਕੁਲ ਨਹੀਂ ਜਦੋਂ ਹਫ਼ਤੇ ਦਾ ਅੱਧਾ ਸਮਾਂ ਲੋਕ ਸਭਾ ਦੀ ਵਾਰ-ਵਾਰ ਮੁਲਤਵੀ ਹੋ ਰਹੀ ਕਾਰਵਾਈ ਨੇ ਹੀ ਖਾ ਲਿਆ ਹੋਵੇ। ਕਾਂਗਰਸ ਨੇਤਾ ਰਾਹੁਲ ਗਾਂਧੀ ਸਾਬਕਾ ਫੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਦੁਆਰਾ ਲਿਖੀ ਗਈ ਇੱਕ ਕਿਤਾਬ ਬਾਰੇ ਲਗਾਤਾਰ ਸਵਾਲ ਪੁੱਛ ਰਹੇ ਹਨ। ਸੱਤਾਧਾਰੀ ਭਾਜਪਾ ਵੀ ਬਰਾਬਰ ਮਜ਼ਬੂਤੀ ਨਾਲ ਅੜੀ ਹੋਈ ਹੈ ਅਤੇ ਇਹ ਦਲੀਲ ਦਿੰਦਿਆਂ ਕਿਸੇ ਵੀ ਚਰਚਾ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਰਹੀ ਹੈ ਕਿ ਕਿਤਾਬ ਅਜੇ ਪ੍ਰਕਾਸ਼ਿਤ ਨਹੀਂ ਹੋਈ ਹੈ, ਇਸ ਲਈ ਸੰਸਦ ਵਿੱਚ ਇਸ ’ਤੇ ਬਹਿਸ ਨਹੀਂ ਹੋ ਸਕਦੀ।
ਜੋ ਚੀਜ਼ ਮੌਜੂਦ ਹੀ ਨਹੀਂ ਹੈ, ਉਸ ’ਤੇ ਚਰਚਾ ਨਹੀਂ ਹੋ ਸਕਦੀ, ਠੀਕ ਹੈ ਨਾ? ਸਿਵਾਏ ਇਸ ਦੇ ਕਿ ਰਾਹੁਲ ਸਦਨ ਦੇ ਅੰਦਰ ਅਤੇ ਬਾਹਰ ਇਸ ਦੀ ਇੱਕ ਪ੍ਰੀ-ਪਬਲੀਕੇਸ਼ਨ ਕਾਪੀ (ਛਪਣ ਤੋਂ ਪਹਿਲਾਂ ਦੀ ਨਕਲ) ਦਿਖਾ ਰਹੇ ਹਨ। ਇਸ ਤੋਂ ਇਲਾਵਾ, ਇਸ ਦਾ ਪੀ ਡੀ ਐੱਫ ਦੁਨੀਆ ਭਰ ਦੇ ਪੜ੍ਹਨ ਲਈ ਉਪਲੱਬਧ ਹੈ। ਪਰ ਸਰਕਾਰ ਵੀ ਆਪਣੀ ਥਾਂ ਸਹੀ ਹੈ। ਕਿਤਾਬ ਅਜੇ ਬਾਜ਼ਾਰ ਵਿੱਚ ਉਪਲੱਬਧ ਨਹੀਂ ਹੈ। ਰੱਖਿਆ ਮੰਤਰਾਲਾ ਅਜੇ ਵੀ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਕੀ ਇਸ ਦੀ ਸਮੱਗਰੀ ਨਿਯਮਾਂ ਅਨੁਸਾਰ ਤਸੱਲੀਬਖ਼ਸ਼ ਹੈ ਜਾਂ ਨਹੀਂ।
ਜਨਰਲ ਨਰਵਾਣੇ ਦੀ ਸਵੈ-ਜੀਵਨੀ ਵਿੱਚ ਕੁਝ ਦਿਲਚਸਪ ਤੱਥ ਸ਼ਾਮਲ ਹਨ। ਇਨ੍ਹਾਂ ਵਿੱਚ ਜੂਨ 2020 ਵਿੱਚ ਲੱਦਾਖ ਦੇ ਗਲਵਾਨ ਵਿੱਚ ਹੋਏ ਭਾਰਤ-ਚੀਨ ਟਕਰਾਅ ਦਾ ਜ਼ਿਕਰ ਹੈ, ਜਦੋਂ 20 ਭਾਰਤੀ ਸੈਨਿਕ ਸ਼ਹੀਦ ਹੋਏ ਸਨ, ਅਤੇ ਚਾਰ ਚੀਨੀ ਸੈਨਿਕ ਵੀ ਮਾਰੇ ਗਏ ਸਨ, ਹਾਲਾਂਕਿ ਰੂਸ ਦੀ ‘ਟੈਸ’ ਵਰਗੀਆਂ ਵਿਦੇਸ਼ੀ ਸਮਾਚਾਰ ਏਜੰਸੀਆਂ ਨੇ ਕਿਹਾ ਸੀ ਕਿ 45 ਚੀਨੀ ਸੈਨਿਕ ਮਾਰੇ ਗਏ ਸਨ। ਇਸ ਦੇ ਨਾਲ ਹੀ ਕੁਝ ਮਹੀਨਿਆਂ ਬਾਅਦ ਕੈਲਾਸ਼ ਰੇਂਜ ਵਿੱਚ ਹੋਈ ਕਾਰਵਾਈ ਦਾ ਵੀ ਜ਼ਿਕਰ ਹੈ। ਇਸ ਵਿੱਚ ਭੂਟਾਨ ਦੇ ਪ੍ਰਭਾਵਸ਼ਾਲੀ ਸਾਬਕਾ ਨਰੇਸ਼ ਜਿਗਮੇ ਸਿੰਗਯੇ ਵਾਂਗਚੁਕ, ਜਿਨ੍ਹਾਂ ਨੂੰ ‘ਕੇ4’ ਵਜੋਂ ਜਾਣਿਆ ਜਾਂਦਾ ਹੈ, ਨਾਲ ਗੱਲਬਾਤ; ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਸੰਦੇਸ਼ਾਂ; ਅਤੇ ਪ੍ਰਧਾਨ ਮੰਤਰੀ ਨਾਲ ਹੋਈਆਂ ਮੀਟਿੰਗਾਂ ਦਾ ਵੇਰਵਾ ਵੀ ਹੈ।
ਜ਼ਾਹਿਰਾ ਤੌਰ ’ਤੇ, ਉਹ ਪੈਰਾ ਜਿਸ ਨੇ ਸਿਆਸੀ ਤੂਫਾਨ ਖੜ੍ਹਾ ਕਰ ਦਿੱਤਾ ਹੈ, ਲਗਭਗ ਸਿੱਧਾ-ਸਾਦਾ ਜਾਪਦਾ ਹੈ, ਅਤੇ ਅਸਲ ਵਿੱਚ ਸਾਬਕਾ ਫੌਜ ਮੁਖੀ ਨੂੰ ਥੋੜ੍ਹਾ ਤਣਾਅ ਵਿੱਚ ਦਿਖਾਉਂਦਾ ਹੈ, ਇਹੀ ਉਹ ਪੈਰਾ ਹੈ ਜਿਸ ਨੂੰ ਰਾਹੁਲ ਨੇ ਸਪੱਸ਼ਟ ਜਾਂ ਪ੍ਰਗਟ ਕੀਤਾ ਹੈ। ਪੈਰਾ ਇਹ ਹੈ ਕਿ ਜਦੋਂ ਚੀਨੀ ਪੀ.ਐਲ.ਏ. (ਫੌਜ) ਦੇ ਚਾਰ ਟੈਂਕ ਕੈਲਾਸ਼ ਦੀਆਂ ਉਚਾਈਆਂ, ਜੋ ਕਿ ਫਿੰਗਰ 4 ਦੇ ਪੂਰਬ ਵਿੱਚ ਹਨ, ’ਤੇ ਕਬਜ਼ਾ ਕਰਨ ਵਾਲੇ ਭਾਰਤੀ ਸੈਨਿਕਾਂ ਵੱਲ ਆ ਰਹੇ ਸਨ, ਤਾਂ ਜਨਰਲ ਨਰਵਾਣੇ ਨੇ ਰੱਖਿਆ ਮੰਤਰੀ ਨੂੰ ਫੋਨ ਕਰ ਕੇ ਪੁੱਛਿਆ ਕਿ ਕੀ ਕਰਨਾ ਹੈ। ਕੁਝ ਘੰਟਿਆਂ ਬਾਅਦ, ਰਾਜਨਾਥ ਸਿੰਘ ਨੇ ਕਥਿਤ ਤੌਰ ’ਤੇ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਫੋਨ ਕੀਤਾ।
ਕਿਤਾਬ ਦੇ ਪ੍ਰਕਾਸ਼ਕ ਵੱਲੋਂ ਸਾਲ ਤੋਂ ਵੱਧ ਪਹਿਲਾਂ ਭੇਜੇ ਗਏ ਪ੍ਰੈੱਸ ਨੋਟ , ਜਿਸ ਦਾ ਪੀਟੀਆਈ ਨੇ ਹਵਾਲਾ ਦਿੱਤਾ, ਵਿੱਚ ਨਰਵਣੇ ਲਿਖਦੇ ਹਨ: ‘‘ਮੈਂ ਰੱਖਿਆ ਮੰਤਰੀ ਨੂੰ ਸਥਿਤੀ ਦੀ ਗੰਭੀਰਤਾ ਬਾਰੇ ਦੱਸਿਆ, ਜਿਨ੍ਹਾਂ ਨੇ ਕਿਹਾ ਕਿ ਉਹ ਮੈਨੂੰ ਵਾਪਸ ਜਵਾਬ ਦੇਣਗੇ, ਜੋ ਉਨ੍ਹਾਂ ਰਾਤ ਕਰੀਬ 22:30 ਵਜੇ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੈ ਅਤੇ ਇਹ ਪੂਰੀ ਤਰ੍ਹਾਂ ਫ਼ੌਜੀ ਫੈਸਲਾ ਹੈ। ‘ਜੋ ਉਚਿਤ ਸਮਝੋ ਉਹ ਕਰੋ’। ਮੈਨੂੰ ਇੱਕ ਜਟਿਲ ਸਥਿਤੀ ਵਿਚ ਫਸਾ ਦਿੱਤਾ ਗਿਆ ਸੀ। ਇਸ ਖੁੱਲ੍ਹੀ ਛੋਟ ਦੇ ਨਾਲ, ਸਾਰੀ ਜ਼ਿੰਮੇਵਾਰੀ ਹੁਣ ਮੇਰੇ ’ਤੇ ਸੀ। ਮੈਂ ਇੱਕ ਡੂੰਘਾ ਸਾਹ ਭਰਿਆ ਅਤੇ ਕੁਝ ਮਿੰਟਾਂ ਲਈ ਚੁੱਪਚਾਪ ਬੈਠ ਗਿਆ।’’
ਸੋਚਣ ਵਾਲੀ ਗੱਲ ਇਹ ਹੈ ਕਿ ਕੀ ਇੱਕ ਪ੍ਰਧਾਨ ਮੰਤਰੀ ਜਾਂ ਰੱਖਿਆ ਮੰਤਰੀ ਨੂੰ ਆਪਣੇ ਸੈਨਾ ਮੁਖੀ ਨੂੰ ਇਹੀ ਨਹੀਂ ਕਹਿਣਾ ਚਾਹੀਦਾ? ਕਿ ਉਹ ਮੁਖੀ ਇਸ ਲਈ ਹਨ ਕਿਉਂਕਿ ਉਹ ਜ਼ਮੀਨੀ ਹਾਲਾਤ ਨੂੰ ਸਭ ਤੋਂ ਵਧੀਆ ਜਾਣਦੇ ਹਨ, ਖਾਸ ਕਰ ਕੇ ਜਦੋਂ ਦੁਸ਼ਮਣ ਅੱਗੇ ਵਧ ਰਿਹਾ ਹੋਵੇ ਅਤੇ ਇਸ ਲਈ ਉਨ੍ਹਾਂ ਨੂੰ ਉਹ ਕਰਨਾ ਚਾਹੀਦਾ ਹੈ ਜੋ ਦੇਸ਼ ਦੇ ਹਿੱਤ ਵਿੱਚ ਸਭ ਤੋਂ ਬਿਹਤਰ ਹੋਵੇ। ਅਸੀਂ ਸਾਰੇ ਜਾਣਦੇ ਹੀ ਹਾਂ ਕਿ ਉਦੋਂ ਕੀ ਹੁੰਦਾ ਹੈ ਜਦੋਂ ਰਾਜਨੀਤੀ ਫੌਜੀ ਮਾਮਲਿਆਂ ਵਿੱਚ ਦਖ਼ਲ ਦਿੰਦੀ ਹੈ, ਜਾਂ ਸੈਨਾ ਰਾਜਨੀਤੀ ਕਰਨ ਲੱਗਦੀ ਹੈ। ਭਾਰਤ ਦਾ ਗੁਆਂਢ ਅਜਿਹੇ ਪਖੰਡੀਆਂ ਨਾਲ ਭਰਿਆ ਪਿਆ ਹੈ ਜੋ ਵਰਦੀਆਂ ਵਿਚ ਵੀ ਹਨ ਅਤੇ ਸਿਵਲ ਕੱਪੜਿਆਂ ਵਿੱਚ ਵੀ। ਪਰ ਹਰ ਕੋਈ ਜਾਣਦਾ ਹੈ ਕਿ ਸ਼ਕਤੀਆਂ ਦੀ ਵੰਡ, ਜੋ ਕਿ ਕਿਸੇ ਵੀ ਲੋਕਤੰਤਰ ਦੀ ਰੀੜ੍ਹ ਦੀ ਹੱਡੀ ਹੈ, ਵਿੱਚ ਦਿਸ਼ਾ-ਨਿਰਦੇਸ਼ ਦੋਵਾਂ ਪਾਸਿਆਂ ਲਈ ਬਿਲਕੁਲ ਸਪੱਸ਼ਟ ਹਨ।
ਰਾਹੁਲ ਗਾਂਧੀ ਦੀ ਦਲੀਲ ਇਹ ਹੈ ਕਿ ਜਦੋਂ ਤੋਂ ਇਹ ਸਰਕਾਰ ਸੱਤਾ ਵਿੱਚ ਆਈ ਹੈ, ਰਾਸ਼ਟਰੀ ਸੁਰੱਖਿਆ ਇਸ ਦਾ ਮੁੱਖ ਏਜੰਡਾ ਰਿਹਾ ਹੈ, ਪਰ ਜਦ 2020 ਵਿੱਚ ਲੱਦਾਖ ਵਿੱਚ ਸੰਕਟ ਆਇਆ ਤਾਂ ਪ੍ਰਧਾਨ ਮੰਤਰੀ ਨੇ ਆਪਣੇ ਫੌਜ ਮੁਖੀ ਨੂੰ ਸਹੀ ਢੰਗ ਨਾਲ ਸਲਾਹ ਨਹੀਂ ਦਿੱਤੀ।
ਨਿਸ਼ਚਿਤ ਤੌਰ ’ਤੇ ਇਹ ਇੱਕ ਚਰਚਾਯੋਗ ਵਿਸ਼ਾ ਹੈ। ਬਹਿਸ ਦਾ ਵਿਸ਼ਾ ਇਹ ਹੈ ਕਿ ਚੀਨੀ ਗਲਵਾਨ ਵਿੱਚ ਤੁਹਾਨੂੰ ਦਬਾਉਣ ਵਿੱਚ ਕਾਮਯਾਬ ਕਿਵੇਂ ਹੋਏ, ਜਿਸ ਕਾਰਨ 20 ਭਾਰਤੀ ਸੈਨਿਕਾਂ ਦੀ ਜਾਨ ਗਈ? ਉਸ ਟਕਰਾਅ ਵਿੱਚ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਦੀ ਕੀ ਭੂਮਿਕਾ ਸੀ? ਸੈਨਾ ਕਮਾਂਡਰ ਲੈਫਟੀਨੈਂਟ ਜਨਰਲ ਵਾਈ.ਕੇ. ਜੋਸ਼ੀ (ਕਿਤਾਬ ਵਿੱਚ ਨਾਂ ‘ਜੋ’) ਨੇ ਇਸ ਨੂੰ ਕਿਵੇਂ ਸੰਭਾਲਿਆ? ਗਲਵਾਨ ਦੇ ਦੁਖਾਂਤ ਤੋਂ ਕੀ ਸਬਕ ਸਿੱਖੇ ਗਏ ਹਨ?
ਬੇਸ਼ੱਕ, ਰਾਸ਼ਟਰੀ ਸੁਰੱਖਿਆ ਇੱਕ ਅਜਿਹਾ ਸੰਵੇਦਨਸ਼ੀਲ ਵਿਸ਼ਾ ਹੈ ਜਿਸ ’ਤੇ ਸਵਾਲ ਨਹੀਂ ਚੁੱਕਿਆ ਜਾ ਸਕਦਾ ਅਤੇ ਕਾਰਵਾਈ ਦੇ ਵੇਰਵਿਆਂ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ- ਨਿਸ਼ਚਿਤ ਤੌਰ ’ਤੇ ਇਸੇ ਕਰ ਕੇ ਰੱਖਿਆ ਮੰਤਰਾਲੇ ਨੇ ਇਸ ਕਿਤਾਬ ਨੂੰ ਰੋਕ ਕੇ ਰੱਖਿਆ ਹੋਇਆ ਹੈ। ਪਰ ਹੁਣ ਇਹ ਗੱਲ ਬੇਮਾਅਨੇ ਹੋ ਗਈ ਹੈ ਕਿਉਂਕਿ ਕਿਤਾਬ ਦੀ ਪੀ ਡੀ ਐੱਫ ਕਾਪੀ ਹੁਣ ਵਿਆਪਕ ਤੌਰ ’ਤੇ ਪੜ੍ਹੀ ਜਾ ਰਹੀ ਹੈ। ਹਰ ਕੋਈ ਉਹ ਗੱਲਾਂ ਜਾਣਦਾ ਹੈ ਜੋ ਰੱਖਿਆ ਮੰਤਰਾਲਾ ਨਹੀਂ ਸੀ ਚਾਹੁੰਦਾ ਕਿ ਲੋਕਾਂ ਨੂੰ ਪਤਾ ਲੱਗਣ।
ਇਹ ਸਾਨੂੰ ਇਸ ਨਿਗੂਣੇ ਜਿਹੇ ਵਿਵਾਦ ਦੇ ਸਭ ਤੋਂ ਅਹਿਮ ਸਬਕ ਵੱਲ ਲੈ ਆਉਂਦਾ ਹੈ- ਕਿ ਯਕੀਨੀ ਤੌਰ ’ਤੇ ਇਸ ਹਫ਼ਤੇ ਕੁਝ ਹੋਰ ਨਵਾਂ ਸਾਹਮਣੇ ਆ ਜਾਵੇਗਾ- ਕਿ ‘ਰਣਨੀਤਕ ਮਾਮਲੇ’ ਵਰਗੇ ਵਿਆਪਕ ਸ਼ਬਦ ਨਾਲ ਸਬੰਧਿਤ ਸੂਚਨਾਵਾਂ ਨੂੰ ਵੱਸ ’ਚ ਰੱਖਣ ਦੀ ਸਮਰੱਥਾ, ਜਿਸ ’ਚ ਵਿਦੇਸ਼ੀ ਮਾਮਲਿਆਂ ਤੋਂ ਲੈ ਕੇ ਅੰਦਰੂਨੀ ਸੁਰੱਖਿਆ ਤੱਕ ਸਭ ਕੁਝ ਸ਼ਾਮਲ ਹੁੰਦਾ ਹੈ, ਇੱਕ ਲੋਕਤੰਤਰ ਵਿੱਚ ਬਹੁਤ ਮਹੱਤਵ ਰੱਖਦੀ ਹੈ। ਜਨਤਾ ਨੂੰ ਕਿੰਨਾ ਦੱਸਣਾ ਹੈ, ਇਹ ਇੱਕ ਅਜਿਹਾ ਸਵਾਲ ਹੈ ਜਿਸ ਨਾਲ ਹਰ ਸਰਕਾਰ ਜੂਝਦੀ ਹੈ। ਪਰ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਸੂਚਨਾ ਦੇ ਇਸ ਯੁੱਗ ਵਿੱਚ, ਬਾਵਜੂਦ ਇਸ ਦੇ ਕਿ ਡੋਨਲਡ ਟਰੰਪ ਆਪਣੇ ਇਸ ਦਾਅਵੇ ਨਾਲ (59ਵੀਂ ਵਾਰ) ਕਿ ਉਸ ਨੇ ‘ਅਪਰੇਸ਼ਨ ਸਿੰਧੂਰ’ ਵੇਲੇ ਭਾਰਤ-ਪਾਕਿਸਤਾਨ ਦਾ ਸਮਝੌਤਾ ਕਰਵਾਇਆ ਸੀ, ਕੌਮਾਂਤਰੀ ਪੱਧਰ ’ਤੇ ਮਜ਼ਾਕ ਦਾ ਪਾਤਰ ਬਣ ਗਿਆ ਹੈ। ਆਪਣੀ ਭਰੋਸੇਯੋਗਤਾ ਬਣਾਈ ਰੱਖਣ ਦੀ ਯੋਗਤਾ ਹੀ ਇਸ ਪੂਰੀ ਬਹਿਸ ਦਾ ਸਾਰ ਹੈ।
ਕਾਰਗਿਲ ਇਸ ਗੱਲ ਦਾ ਵੱਡਾ ਸਬਕ ਸੀ ਜਿਸ ਨੂੰ ਕਈ ਵਾਰ ‘ਮੀਡੀਆ ਜੰਗ’ ਵੀ ਕਿਹਾ ਜਾਂਦਾ ਹੈ। ਦੂਜੇ ਪਾਸੇ, ‘ਅਪਰੇਸ਼ਨ ਸਨੋਅ ਲੈਪਰਡ’ (ਲੱਦਾਖ ਟਕਰਾਅ) ਅਤੇ ‘ਅਪਰੇਸ਼ਨ ਸਿੰਧੂਰ’, ਦੋਵਾਂ ਵਿੱਚ ਇੱਕ ਵੱਖਰਾ ਤਰੀਕਾ ਅਪਣਾਇਆ ਗਿਆ, ਜੋ ਕਿ ਦੁਸ਼ਮਣ ਦੇ ਸੂਚਨਾ ਮਾਧਿਅਮਾਂ- ਵੈੱਬਸਾਈਟਾਂ, ਟੀ ਵੀ ਅਤੇ ਵੀਡੀਓ ਨੂੰ ਬੰਦ ਕਰਨਾ ਅਤੇ ਆਪਣਾ ਪ੍ਰਚਾਰ ਕਰਨਾ ਸੀ। ਹਾਲਾਂਕਿ ਇਹ ਉਦੋਂ ਜ਼ਰੂਰੀ ਹੋ ਸਕਦਾ ਹੈ ਜਦੋਂ ਸੰਘਰਸ਼ ਗੰਭੀਰ ਹੋਵੇ ਜਾਂ ਚੱਲ ਰਿਹਾ ਹੋਵੇ, ਪਰ ਜਦੋਂ ਹਾਲਾਤ ਆਮ ਹੋ ਜਾਂਦੇ ਹਨ ਤਾਂ ਇਹ ਤਰੀਕਾ ਉਲਟਾ ਅਸਰ ਪਾ ਸਕਦਾ ਹੈ।
ਲੋਕ ਜਾਣਨਾ ਚਾਹੁੰਦੇ ਹਨ, ਖ਼ਾਸ ਕਰ ਕੇ ਜਦੋਂ ਉਹ 5,000 ਸਾਲ ਪੁਰਾਣੀਆਂ ਸਭਿਅਤਾਵਾਂ ਨਾਲ ਸਬੰਧ ਰੱਖਦੇ ਹੋਣ ਤੇ ਜਿਨ੍ਹਾਂ ਕੋਲ ਖ਼ੂਨ-ਖ਼ਰਾਬੇ ਤੇ ਸੁਲ੍ਹਾ-ਸਫਾਈ, ਦੋਵਾਂ ਦੀਆਂ ਇਤਿਹਾਸਕ ਯਾਦਾਂ ਸਮੇਟੀਆਂ ਹੋਣ। ਇਸ ਲਈ ਜਦੋਂ ਚੀਫ਼ ਆਫ਼ ਡਿਫੈਂਸ ਸਟਾਫ਼, ਜਨਰਲ ਅਨਿਲ ਚੌਹਾਨ ਨੇ ‘ਬਲੂਮਬਰਗ ਟੀਵੀ’ ’ਤੇ ਸਵੀਕਾਰ ਕੀਤਾ ਕਿ ‘ਅਪਰੇਸ਼ਨ ਸਿੰਧੂਰ’ ਦੌਰਾਨ ਭਾਰਤ ਨੇ ਇੱਕ ਲੜਾਕੂ ਜਹਾਜ਼ ਗੁਆ ਲਿਆ ਸੀ, ਉਹ ਵੀ ਅਪਰੇਸ਼ਨ ਖਤਮ ਹੋਣ ਦੇ ਮਹਿਜ਼ ਕੁਝ ਹਫ਼ਤਿਆਂ ਬਾਅਦ, ਤਾਂ ਸਵਾਲ ਤੇਜ਼ੀ ਨਾਲ ਉੱਠਣ ਲੱਗੇ। ਕਿੰਨੇ? ਕਦੋਂ? ਕਿਵੇਂ? ਅਸਲ ਵਿੱਚ ਕੀ ਹੋਇਆ ਸੀ?
ਪੁਰਾਣੇ ਸਮਿਆਂ ਵਿੱਚ, ਜਦੋਂ ਦੁਨੀਆ ਅਜੇ ਵੀ ਸ਼ੀਤ ਯੁੱਧ ਕਾਰਨ ਦੋ ਸ਼ਕਤੀਸ਼ਾਲੀ ਗੁੱਟਾਂ ਵਿੱਚ ਵੰਡੀ ਹੋਈ ਸੀ, ਈਸਟਰਨ ਬਲਾਕ ਵਿੱਚ ‘ਸਮਿਜਡੈਟ’ ਨਾਮ ਦਾ ਇੱਕ ਸ਼ਬਦ ਹੁੰਦਾ ਸੀ, ਜਿੱਥੇ ਸਰਕਾਰੀ ਪਾਬੰਦੀ ਵਾਲੀ ਹਰ ਚੀਜ਼, ਚਾਹੇ ਉਹ ਅਖ਼ਬਾਰ ਹੋਣ, ਵਾਰਤਕ ਹੋਵੇ ਜਾਂ ਕਵਿਤਾ, ਹੱਥ ਨਾਲ ਨਕਲ ਕਰ ਕੇ ਲੋਕਾਂ ਵਿੱਚ ਵੰਡੀ ਜਾਂਦੀ ਸੀ। ‘ਘੂਸਖੋਰ ਪੰਡਿਤ’ ਅਤੇ ਨਰਵਾਣੇ ਦੀ ਕਿਤਾਬ ਦੋਵੇਂ ਇਸੇ ਸ਼੍ਰੇਣੀ ਵਿੱਚ ਆਉਣਗੇ।
Share this content:



Post Comment