Loading Now

ਆਵਾਸ ਤੇ ਪਰਵਾਸ ਦੇ ਮਸਲਿਆਂ ਪ੍ਰਤੀ ਉਦਾਰਚਿੱਤ ਮਾਨਵੀ ਕਥਾ ਦ੍ਰਿਸ਼ਟੀ ਦੇ ਬਿੰਬ— ਸਤਨਾਜਾ

ਆਵਾਸ ਤੇ ਪਰਵਾਸ ਦੇ ਮਸਲਿਆਂ ਪ੍ਰਤੀ ਉਦਾਰਚਿੱਤ ਮਾਨਵੀ ਕਥਾ ਦ੍ਰਿਸ਼ਟੀ ਦੇ ਬਿੰਬ— ਸਤਨਾਜਾ

ਚਰਨਜੀਤ ਪਨੂੰ ਅਮਰੀਕੀ ਪੰਜਾਬੀ ਕਹਾਣੀ ਦੇ ਸਿਰਜਣਾਮਿਕ ਖੇਤਰ ਨਾਲ ਜੁੜੀ ਸ਼ਖ਼ਸੀਅਤ ਹੈ। ਉਹ ਪਿਛਲੇ ਪੰਜ ਦਹਾਕਿਆਂ ਤੋਂ ਸਾਹਿਤ ਸਾਧਨਾ ਵਿੱਚ ਲੀਨ ਲੇਖਕ ਹੈ। ਕਹਾਣੀ, ਕਵਿਤਾ ਅਤੇ ਸਫਰਨਾਮਾ ਜਿਹੇ ਸਾਹਿਤ ਰੂਪਾਂ ਵਿੱਚ ਉਸਨੇ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ। ਉਸਦੇ ਲਿਖਣ ਸੰਸਾਰ ਵਿੱਚ ਪਰਵਾਸ ਦੇ ਸਹਿਜ ਤੇ ਰੁਟੀਨ ਦੇ ਅਨੁਭਵ ਤੋਂ ਪਾਰ ਜਾ ਕੇ ਘੁਮੱਕੜੀ ਜੀਵਨ ਅਨੁਭਵਾਂ ਦਾ ਵੀ ਚੌਖਾ ਯੋਗਦਾਨ ਹੈ। ਆਵਾਸ ਤੇ ਪਰਵਾਸ ਦੇ ਰਵਾਇਤੀ ਤੇ ਨਵੀਨ ਮੁੱਦਿਆਂ, ਉਪਭੋਗਤਾਵਾਦ ਵਿਚਲੇ ਟਾਕਰਵੇਂ ਜੀਵਨ ਅਨੁਭਵਾਂ, ਦਵੰਦਮਈ ਮਾਨਸਿਕਤਾ ਅਤੇ ਸੰਸਕ੍ਰਿਤਕ ਭੇੜਾਂ ਨੂੰ ਉਸਦੇ ਕਥਾ ਸੰਸਾਰ ਵਿੱਚ ਭਰਵੀਂ ਸਪੇਸ ਮਿਲਦੀ ਹੈ। ਲੇਖਕ  ਅਮਰੀਕਾ ਵਰਗੇ ਨਵ ਪੂੰਜੀਵਾਦੀ ਦੇਸ਼ਾਂ ਦੀ ਰਹਿਤਲ ਵਿੱਚ ਬੇਗਾਨਗੀ ਤੇ ਅਲਹਿਦਗੀ ਵਾਲਾ ਦੋਹਰਾ ਜੀਵਨ ਜੀਉਣ ਅਤੇ ਆਪਣੇ ਜਗੀਰੂ ਆਡੰਬਰਾਂ ਵਿੱਚ ਅਨੈਤਿਕ ਕਾਰ ਵਿਹਾਰ ਕਰਨ ਵਾਲੇ ਪੰਜਾਬੀ ਮਨੁੱਖ ਨੂੰ  ਉਪਦੇਸ਼ਮਈ ਲਹਿਜ਼ੇ ਵਿੱਚ ਸੰਬੋਧਿਤ ਹੁੰਦਾ ਹੈ। ਉਸਦੇ ਕਥਾ ਸੰਸਾਰ ਵਿੱਚ ਰਵਾਇਤੀ ਕਹਾਣੀ ਵਾਲੇ ਰਚਨਾ ਤੱਤਾਂ ਦੀ ਪ੍ਰਧਾਨਤਾ ਹੈ ਜਿੱਥੇ ਕਹਾਣੀ ਆਦਿ-ਮੱਧ ਤੇ ਅੰਤ ਵਾਲੇ ਨਿਸ਼ਚਿਤ ਦਾਇਰਿਆਂ ਸਮੇਤ ਪਾਤਰਾਂ ਦੇ ਸਿੱਧ ਪੱਧਰੇ ਵਿਹਾਰ ਅਤੇ ਉਦੇਸ਼ਮਈ ਅੰਦਾਜ਼ ਵਿੱਚ ਤੁਰਦੀ ਹੈ।

ਚਰਨਜੀਤ ਪਨੂੰ ਦੀ ਬਿਰਤਾਂਤਕ ਮਨਸ਼ਾ ਸਮਾਜਿਕ ਪ੍ਰਤਿਮਾਨਾਂ ਦੀ ਰਾਖੀ ਅਤੇ ਮਾਨਵੀ ਕਦਰਾਂ ਕੀਮਤਾਂ ਦੀ ਰਖਵਾਲੀ ਧਿਰ ਵਜੋਂ ਉਭਰਵੇਂ ਰੂਪ ਵਿੱਚ ਪ੍ਰਗਟ ਹੁੰਦੀ ਹੈ। ਇਸਦਾ ਪ੍ਰਗਟਾਵਾ ਉਸਦੇ ਨਵੇਂ ਕਹਾਣੀ ਸੰਗਿ੍ਰਹ ‘ਸਤਨਾਜਾ’ ਵਿੱਚ ਵੀ ਪੇਸ਼ ਹੈ। ‘ਸਤਨਾਜਾ’ ਸ਼ਬਦ ਪੰਜਾਬੀ ਲੋਕਧਾਰਾ ਵਿੱਚ ਸੱਤ ਅਨਾਜਾਂ ਦੇ ਮਿਸ਼ਰਣ ਨਾਲ ਜੁੜੇ ਮਹਾਤਮੀ ਉਦੇਸ਼ ਵਾਲਾ ਹੈ। ਇਸ ਅੰਦਰ ਚੌਲ, ਮੂੰਗੀ, ਮਾਂਹ, ਕਣਕ, ਤਿਲ, ਜੌਂਅ ਅਤੇ ਸਰੋਂ ਸ਼ਾਮਿਲ ਹੁੰਦੀ ਹੈ। ਪੰਜਾਬੀ ਲੋਕ ਵਿਸ਼ਵਾਸ ਹੈ ਕਿ ਸਤਨਾਜੇ ਦੇ ਦਾਨ ਪੁੰਨ ਨਾਲ ਅਸ਼ੁੱਭ ਗ੍ਰਹਿਾਂ ਤੋਂ ਬਚਾਅ ਹੁੰਦਾ ਹੈ ਅਤੇ ਬੁਰੀਆਂ ਆਤਮਾਵਾਂ ਦਾ ਵਾਸ ਖਤਮ ਹੁੰਦਾ ਹੈ। ਸਤਹੀ ਪੱਧਰ ‘ਤੇ ਇਸ ਸੰਗਿ੍ਰਹ ਦੀਆਂ ਸੱਤ ਕਹਾਣੀਆਂ ਦੇ ਆਧਾਰ ‘ਤੇ ਇਸ ਪੁਸਤਕ ਨੂੰ ਸਤਨਾਜਾ ਕਹਿ ਕੇ ਸੂਤਰਬੱਧ ਕਰ ਲਿਆ ਗਿਆ ਹੈ ਪਰ ਅਵਚੇਤਨੀ ਤੌਰ ‘ਤੇ ਲੇਖਕ ਦੀ ਕਥਾ ਦ੍ਰਿਸ਼ਟੀ ਸਮਾਜ ਵਿੱਚ ਫੈਲੀਆਂ ਕੁਰੀਤੀਆਂ, ਸਮਾਜਿਕ ਬੁਰਾਈਆਂ ਅਤੇ ਅਨੈਤਿਕਤਾ ਦੀ ‘ਗ੍ਰਹਿ ਚਾਲ’ ਤੋਂ ਬਚਾਅ ਲਈ ਸ਼ਬਦਾਂ ਦੀ ਸਾਧਨਾ ਨੂੰ ਸਤਨਾਜੇ ਵਜੋਂ ਪ੍ਰਯੋਗ ਕਰਦੀ ਹੈ। ਇਸ ਸਤਨਾਜੇ ਦਾ ਆਪਣਾ ਮਹਾਤਮੀ ਸੰਸਾਰ ਹੈ। ਲੇਖਕ ਦੀ ਹਰ ਕਹਾਣੀ ਸਤਨਾਜੇ ਦੇ ਵੱਖੋ ਵੱਖਰੇ ਅਨਾਜ ਵਾਂਗ ਆਪਣੇ ਨਿਸ਼ਚਿਤ ਪ੍ਰਤਿਮਾਨਾਂ ਨਾਲ ਜੁੜੀ ਹੈ ਪਰ ਇਕੱਠੇ ਤੌਰ ‘ਤੇ ਸਤਨਾਜੇ ਵਾਲੀ ਕਥਾ ਦ੍ਰਿਸ਼ਟੀ ਮਨੁੱਖ ਨੂੰ ਹਰ ਤਰ੍ਹਾਂ ਦੇ ਗੈਰ ਇਖਲਾਕੀ ਅਸਰਾਂ, ਬੁਰੇ ਪ੍ਰਭਾਵਾਂ ਅਤੇ ਅਮਾਨਵੀ ਹੋਣੀਆਂ ਤੋਂ ਬਚਾਅ ਲਈ ਪ੍ਰੇਰਦੀ ਹੈ।

ਲੇਖਕ ਦੇ ਕਥਾ ਸੰਸਾਰ ਵਿੱਚ ਪਰਵਾਸ ਅਤੇ ਮੂਲਵਾਸ ਦੇ ਟਾਕਰਵੇਂ ਸਮਾਜਿਕ ਮੁੱਲਾਂ ਦੀ ਪੇਸ਼ਕਾਰੀ ਹੈ। ਉਹ ਪਰਵਾਸ ਵਿੱਚ ‘ਗੈਰ’ ਹੋਣ ਦੇ ਲਕਬ ਹੇਠ ਵਿਚਰਦੀ ਮਾਨਵੀ ਹੋਂਦ ਦੀ ਸਹਿਜ ਪੇਸ਼ਕਾਰੀ ਕਰਦਾ ਆਪਣੀ ਉਦਾਰਵਾਦੀ ਤੇ ਸਮਤਾਮੂਲਕ ਬਿਰਤਾਂਤ ਦ੍ਰਿਸ਼ਟੀ ਕਾਇਮ ਰੱਖਦਾ ਹੈ। ਸਮਾਜਿਕ ਵਿਵਸਥਾ ਅਤੇ ਸਥਾਪਿਤ ਮਾਨਤਾਵਾਂ ਦੇ ਮਨੁੱਖ ਵਿਰੋਧੀ ਕਿਰਦਾਰ ਪ੍ਰਤੀ ਉਗਰ ਵਿਦਰੋਹ ਦੀ ਥਾਂ ਉਹ ਆਪਣੀ ਸਹਿਜ ਸੰਬੋਧਨੀ ਸੁਰ ਵਿੱਚ ਤਾਰਕਿਕ ਤੇ ਵਿਗਿਆਨਕ ਬੋਧ ਦਾ ਪ੍ਰਗਟਾਵਾ ਕਰਦਾ ਹੈ। ‘ਸਤਨਾਜਾ’ ਕਹਾਣੀ ਸੰਗਿ੍ਰਹ ਵਿੱਚ ਵੀ ਉਹ ਆਵਾਸ ਤੇ ਪਰਵਾਸ ਦੀਆਂ ਵਿਸੰਗਤੀਆਂ ਵਿੱਚ ਘਿਰੇ ਮਾਨਵੀ ਅਸਤਿਤਵ ਦੇ ਸੰਕਟਸ਼ੀਲ ਪ੍ਰੇਰਕਾਂ ਦਾ ਵਰਨਣ ਹੀ ਨਹੀਂ ਕਰਦਾ ਸਗੋਂ ਇਨ੍ਹਾਂ ਦੇ ਨਿਧਾਨ/ਸਮਾਧਾਨ ਪ੍ਰਤੀ ਵੀ ਆਪਣੀਆਂ ਮੌਲਿਕ ਅੰਤਰ ਦ੍ਰਿਸ਼ਟੀਆਂ ਦਾ ਪੱਖ ਰੱਖਦਾ ਹੈ। ਇਸ ਸੰਗਿ੍ਰਹ ਦੀ ਕੇਂਦਰੀ ਧੁਨੀ ਅਜਿਹੇ ਮਾਨਵੀ ਸਮਾਜ ਦੀ ਸਿਰਜਣਾ ਦੇ ਸੁਪਨੇ ਨਾਲ ਜੁੜੀ ਹੈ ਜਿਹੜਾ ਮਾਨਵਤਾਵਾਦੀ, ਉਦਾਰਚਿੱਤ, ਪ੍ਰਗਤੀਸ਼ੀਲ ਅਤੇ ਵਿਗਿਆਨਕ ਸੋਚ ਦਾ ਧਾਰਨੀ ਹੋਵੇ। ਇਸ ਗਲਪ ਦ੍ਰਿਸ਼ਟੀ ਦੇ ਪ੍ਰਗਟਾਵੇ ਲਈ ਲੇਖਕ ਲਕੀਰੀ ਬਿਰਤਾਂਤ ਦੁਆਰਾ ਪਾਤਰਾਂ ਨੂੰ ਮਨਭਾਉਂਦੇ ਕਥਾ ਸੰਦਰਭਾਂ ਵਿੱਚ ਪੇਸ਼ ਕਰਦਾ ਹੈ। ਉਹ ਸਮਤਾਮੂਲਕ ਸਮਾਜ ਤੇ ਤਰਕਸ਼ੀਲ ਜੀਵਨ ਦ੍ਰਿਸ਼ਟੀ ਦੇ ‘ਵਿਸ਼ੇਸ਼’ ਪ੍ਰਚਾਰ ਪਾਸਾਰ ਲਈ ਕਹਾਣੀ ਨੂੰ ਰੁਮਾਂਸਵਾਦੀ ਕਥਾ ਲਹਿਜ਼ੇ ਵਿੱਚ ਪੇਸ਼ ਕਰਨ ਤਤਪਰ ਰਹਿੰਦਾ ਹੈ।

ਪੁਸਤਕ ਦੀਆਂ ਕਈ ਕਹਾਣੀਆਂ ਜਿਵੇਂ ‘ਵਸੀਹਤਨਾਮਾ’, ‘ਆਖਰੀ ਚੀਕ’, ‘ਕੈਂਸਰ ਦੇ ਛਿੱਟੇ’ ਪੰਜਾਬੀ ਸਮਾਜਿਕ ਪਰਿਵੇਸ਼ ਵਿੱਚੋਂ ਆਕਾਰ ਧਾਰਦੀਆਂ ਹਨ ਜਿੱਥੇ ਦਫਤਰੀ ਭ੍ਰਿਸ਼ਟਾਚਾਰ, ਨਸ਼ੇਖੋਰੀ, ਦੰਪਤੀ ਜੀਵਨ ਦੀ ਟੁੱਟ ਭੱਜ, ਪੂੰਜੀ ਪ੍ਰਧਾਨ ਜੀਵਨ ਸ਼ੈਲੀ ਨਾਲ ਖੁਰਦੀਆਂ ਕਦਰਾਂ ਕੀਮਤਾਂ ਅਤੇ ਅਨੈਤਿਕਤਾ ਤੋਂ ਪੈਦਾ ਵਿਸੰਗਤੀਆਂ ਨੂੰ ਪੇਸ਼ ਕਰਦੀਆਂ ਹਨ। ਇਨ੍ਹਾਂ ਕਹਾਣੀਆਂ ਵਿੱਚ ਮੱਧਵਰਗੀ ਜੀਵਨ ਯਥਾਰਥ ਦੀਆਂ ਅੰਦਰੂਨੀ ਦੁਬਿਧਾਵਾਂ ਤੇ ਮਨੋ ਦਵੰਦਾਂ ਦਾ ਭਰਵਾਂ ਜਿਕਰ ਹੈ। ਸੰਗਿ੍ਰਹ ਦੀਆਂ ਹੋਰ ਕਹਾਣੀਆਂ ਪੂਰੀ ਤਰਾਂ ਅਮਰੀਕੀ ਸਮਾਜਿਕ ਰਹਿਤਲ ਦੇ ਬਿਰਤਾਂਤਕ ਲੋਕੇਲ ‘ਤੇ ਬੁਣੀਆਂ ਹਨ ਜਿੱਥੇ ਪਰਵਾਸੀ ਪੰਜਾਬੀ ਅਤੇ ਮੂਲਵਾਸੀ ਪਾਤਰਾਂ ਨਾਲ ਜੁੜੇ ਤਣਾਅਸ਼ੀਲ ਕਥਾ ਪ੍ਰਸੰਗ ਪੇਸ਼ ਹਨ। ਇਹ ਕਹਾਣੀਆਂ ਪਰਵਾਸੀ ਧਰਤੀ ‘ਤੇ ‘ਬਿਗਾਨੇ’ ਅਤੇ  ‘ਗੈਰ’ ਦੀ ਹੋਂਦ ਵਿੱਚੋਂ ਗੁਜ਼ਰਦੀ ਡਾਇਸਪੋਰਿਕ ਦ੍ਰਿਸ਼ਟੀ ਦੀਆਂ ਵਾਹਕ ਹਨ ਜਿੱਥੇ ਭੂ ਹੇਰਵੇ ਵੀ ਹੈ ਅਤੇ ਨਾਲ ਹੀ ਪਰਵਾਸੀ ਰਹਿਤਲ ਵਿੱਚ ਰਲੇਵੇਂਕਰਨ ਦਾ ਮਨੋ ਦਵੰਦ ਵੀ ਹੈ। ‘ਕਿਸਮਤ ਪੁੜੀ’, ‘ਜਾਬਤਾ’, ‘ਹੱਦ ਹੋ ਗੀ’ ਆਦਿ ਕਹਾਣੀਆਂ ਪਰਵਾਸੀ ਹੋਣ ਦੇ ਸੰਤਾਪ  ਨਾਲ ਜੁੜੇ ਦੁਖਾਂਤਕ ਕਥਾ ਬਿੰਬ ਹਨ ਜਿੱਥੇ ਪਰਵਾਸ ਦਾ ਪੂੰਜੀ ਪ੍ਰਧਾਨ ਗਲੈਮਰ ਰਿਸ਼ਤਿਆਂ ਦੇ ਸਵਾਰਥ, ਪਦਾਰਥਵਾਦੀ ਜੀਵਨ ਮੁੱਲਾਂ, ਪੀੜੀ ਪਾੜੇ ਅਤੇ ਦੋ ਰਹਿਤਲਾਂ  ਦੀ ਟੱਕਰ ਤੋਂ ਪੈਦਾ ਵਿਸੰਗਤੀਆਂ ਵਿੱਚ ਫਿੱਕਾ ਪੈ ਜਾਂਦਾ ਹੈ। ‘ਕਿਸਮਤਪੁੜੀ’ ਕਹਾਣੀ ਅਣਜੋੜ ਵਿਆਹ ਨੂੰ ਮਾਧਿਅਮ ਬਣਾ ਕੇ ਪਰਵਾਸੀ ਨਾਗਰਿਕਤਾ ਹਾਸਿਲ ਕਰਨ ਅਤੇ ਇਸ ਤੋਂ ਪੈਦਾ ਮਾਨਸਿਕ ਉਲਝਣਾ ਦਾ ਬਿਰਤਾਂਤ ਹੈ।

ਕਹਾਣੀ ਵਿੱਚ ਪੰਜਾਬੀ ਲੜਕੀ ਲਾਲੀ ਦਾ ਵਿਆਹ ਪਰਵਾਸੀ ਲਾੜੇ ਰਾਬਰਟ ਨਾਲ ਹੁੰਦਾ ਹੈ ਪਰ ਗਰਜ ਅਤੇ ਸਵਾਰਥ ‘ਤੇ ਟਿਕਿਆ ਇਹ ਸਮਝੌਤਾਨੁਮਾ ਰਿਸ਼ਤਾ ਲਾਲੀ ਲਈ ਮਾਨਸਿਕ ਦੁਬਿਧਾ ਤੇ ਤਣਾਅ ਦਾ ਕਾਰਨ ਬਣ ਜਾਂਦਾ ਹੈ। ਪਰਵਾਸ ਦੀ ਨਾਗਰਿਕਤਾ ਹਾਸਿਲ ਕਰਨ ਲਈ ਵਿਆਹ ਨੂੰ ਪਰਵਾਸੀ ਪਾਤਰ ਰਾਬਰਟ ਨਾਲ ਵਿਆਹ ਦੀ ਸੰਸਥਾ ਨੂੰ ‘ਕਿਸਮਤ ਪੁੜੀ’ ਸਮਝਣ ਵਾਲਾ ਭਰਮ ਉਦੋਂ ਟੁੱਟ ਜਾਂਦਾ ਹੈ ਜਦੋਂ ਲਾਲੀ ਪਤੀ ਦੀ ਖੁਦਮੁਖਤਾਰੀ ਵਿੱਚ ਆਪਣੀ ਸੁਤੰਤਰ ਹੋਂਦ ਤੋਂ ਅਵਾਜ਼ਾਰ ਹੋ ਜਾਂਦੀ ਹੈ। ਉਹ ਇਕ ਪਾਸੇ ਆਪਣੇ ਰਹਿਤਲੀ ਪਰਿਵੇਸ਼ ਅਤੇ ਪਰਿਵਾਰਕ ਮੈਂਬਰਾਂ ਤੋਂ ਅਲਹਿਦਗੀ ਭੋਗਦੀ ਹੈ ਦੂਜੇ ਪਾਸੇ ਪਰਵਾਸ ਧਾਰਨ ਕਰਨ ਲਈ ਸਿਰਜੇ ਸੁਪਨ ਸੰਸਾਰ ਦੇ ਢਹਿ ਢੇਰੀ ਹੋਣ ‘ਤੇ ਬੇਗਾਨਗੀ ਤੇ ਅਜਨਬੀ ਬੋਧ ਵਿੱਚੋਂ ਗੁਜ਼ਰਦੀ ਹੈ। ਲਾਲੀ ਦੇ ਮਾਧਿਅਮ ਨਾਲ ਲੇਖਕ ਪੰਜਾਬੀ ਔਰਤ ਦੇ ਨਾਰੀਤਵ ਨੂੰ ਉਜਾਗਰ ਕਰਨਾ ਚਾਹੁੰਦਾ ਹੈ ਜਿਸਦੇ ਲਈ  ਵਿਆਹ ਦੀ ਸੰਸਥਾ ਪਰਵਾਸੀ ਧਰਤੀ ਦੇ ਗਲੈਮਰ ਨੂੰ ਮਾਣਨਾ  ਨਹੀਂ ਸਗੋਂ ਮੋਹਵੰਤੇ ਰਿਸ਼ਤਿਆਂ ਦੀ ਵੀ ਤਾਸੀਰ ਹੈ। ਉਹ ਰਾਬਰਟ ਨਾਲ ਵਿਆਹ ਦੇ ਰਿਸ਼ਤਾਗਤ ਪ੍ਰਬੰਧ ਵਿੱਚ ਸਮਰਪਿਤ ਹੋਣਾ ਲੋਚਦੀ ਹੈ ਪਰ ਰਾਬਰਟ ਦੀ ਮਰਦਾਵੀਂ ਪਿੱਤਰ ਸੱਤਾ ਦੇ ਅਧੀਨਦੀ ਨਹੀਂ ਚਾਹੁੰਦੀ।

‘ਹੱਦ ਹੋ ਗੀ’ ਕਹਾਣੀ ਅਮਰੀਕੀ ਸਮਾਜ ਦੇ ਪੂੰਜੀਵਾਦੀ ਜੀਵਨ ਮੁੱਲਾਂ ਵਿੱਚ ਬਜ਼ੁਰਗਾਂ ਦੀ ਅਣਦੇਖੀ ਅਤੇ ਪੀੜੀ ਪਾੜੇ ਕਾਰਨ ਖੁਰਦੀਆਂ ਕਦਰਾਂ ਕੀਮਤਾਂ ਦੀ  ਦੁਖਾਂਤਕ ਵਿੱਥਿਆ ਹੈ। ਕਹਾਣੀ ਦਾ ਕੇਂਦਰੀ ਪਾਤਰ ਬਿੱਕਰ ਸਿੰਘ ਪੰਜਾਬ ਵਿੱਚ ਆਰਥਿਕ ਤੇ ਸਮਾਜਿਕ ਦਬਦਬੇ ਵਾਲੇ ਜਮਾਤੀ ਸਮਾਜ ਦਾ ਪ੍ਰਤੀਨਿਧ ਪਾਤਰ ਹੈ ਜੋ ਅਮਰੀਕਾ ਦੇ ਪੂੰਜੀਵਾਦੀ ਗਲੈਮਰ ਦੇ ਅਸਰ ਹੇਠਾਂ ਆਪਣੀ ਧੀ ਦਾ ਵਿਆਹ ਦਹਾਜੂ ਪਰਵਾਸੀ ਬੰਦੇ ਸੁਨੀਲ ਨਾਲ ਕਰ ਦਿੰਦਾ ਹੈ। ਇਸ ਉਪਰੰਤ ਬਿੱਕਰ ਸਿੰਘ ਤੇ ਬਿਸ਼ਨ ਕੌਰ ਆਪਣੇ ਧੀ-ਜਵਾਈ ਕੋਲ ਅਮਰੀਕਾ ਚਲੇ ਜਾਂਦੇ ਹਨ ਜਿੱਥੇ ਕੁੜਮਚਾਰੀ ਵਿੱਚ ਰਹਿੰਦਿਆਂ ਉਹ ਬੇਗਾਨਗੀ ਤੇ ਅਜਨਬੀ ਭਰੇ ਘੁਟਨਮਈ ਜੀਵਨ ਵਿੱਚ ਤਿਲ ਤਿਲ ਮਰਦੇ ਹਨ। ਬਿੱਕਰ ਸਿੰਘ ਨੂੰ ਆਪਣੇ ਭੱਠੇ ‘ਤੇ ਪਰਵਾਸੀ ਮਜ਼ਦੂਰਾਂ ਦਾ ਹੁੰਦਾ ਸ਼ੋਸਣ ਯਾਦ ਆਉਂਦਾ ਹੈ ਜਿਹੜੇ ਪਰਤਵੇਂ ਰੂਪ ਵਿੱਚ ਅਮਰੀਕਾ ਵਿੱਚ ‘ਗੈਰ  ਮੁਲਕਾਂ ’ ਦੇ ਵਾਸ਼ਿੰਦਿਆਂ ਨਾਲ ਹੁੰਦਾ ਦਿਸਦਾ ਹੈ। ਸੁਨੀਲ ਤੇ ਰੋਜ਼ੀ ਦੇ ਵਿਚਲਿਤ ਦੰਪਤੀ ਜੀਵਨ, ਬਜੁਰਗਾਂ ਦੀ ਅਣਦੇਖੀ ਸਮੇਤ ਪਰਵਾਸੀ ਜੀਵਨ ਵਿੱਚਲੀ ਘੁਟਣ ਦੇ ਕਈ ਪਾਸਾਰ ਕਹਾਣੀ ਦਾ ਹਿੱਸਾ ਬਣੇ ਹਨ।

ਪੰਜਾਬ ਦੇ ਸਾਧਨ ਸੰਪੰਨ ਮਾਹੌਲ ਵਿੱਚੋਂ ਗਏ ਰੁਤਬਾਧਾਰੀ ਬਜ਼ੁਰਗਾਂ ਦੀ ਵਾਰਤਾਲਾਪ ਅਮਰੀਕੀ ਰਹਿਤਲ ਦੇ ਕਰੂਰ ਸੱਚ ਨੂੰ ਉਜਾਗਰ ਕਰ ਦਿੰਦੀ ਹੈ। ਬਿੱਕਰ ਸਿੰਘ, ਬਿਸ਼ਨ ਕੌਰ ਤੇ ਹੋਰ ਬਜ਼ੁਰਗ ਪਾਤਰਾਂ ਦੇ ਦਮਿਤ ਜੀਵਲ ਲਈ ਚਾਰ ਜੁਲਾਈ ਦਾ ਅਮਰੀਕੀ ਆਜ਼ਾਦੀ ਦਿਹਾੜਾ, ‘ਲਾਇਫ ਲਿਵਰਟੀ ਤੇ ਪਰਸੂਇਟ ਆਫ ਹੈਪੀਨੈਂਸ’ ਦੇ ਮੌਲਿਕ ਅਧਿਕਾਰ ਉਨ੍ਹਾਂ ਦੀ ਖਿੱਲੀ ਉਡਾਉਂਦੇ ਹਨ। ਲੇਖਕ ਦੀ ਕਥਾ ਦ੍ਰਿਸ਼ਟੀ ਅਮਰੀਕੀ ਸਮਾਜ ਵਿੱਚ ਆਜ਼ਾਦੀ, ਉਦਾਰਤਾ ਅਤੇ ਖੁੱਲ੍ਹੇਪਨ ਦੇ ਖੋਖਲੇ ਦਾਅਵਿਆਂ ਹੇਠਾਂ ਗੁਲਾਮੀ ਦੀ ਗਰਦਸ਼ ਵਿੱਚ ਵਿਚਰਦੇ ਪਰਵਾਸੀਆਂ ਦੇ ਦਮਨ ਭਰੇ ਜੀਵਨ ਨੂੰ ਪੇਸ਼ ਕਰਦੀ ਹੈ। ਕਹਾਣੀ ਦਾ ਇਕ ਪਾਸਾਰ ਪੰਜਾਬੀ ਅਤੇ ਅਮਰੀਕੀ ਸਮਾਜ ਦੇ ਤੁਲਨਾਵੀਂ ਪਰਿਪੇਖ ਨਾਲ ਜੁੜਿਆ ਹੈ ਜਿੱਥੇ ਨਾਰੀ ਦੀ ਹੋਂਦ ਦੇ ਕਈ ਦਮਨਕਾਰੀ ਪਾਸਾਰ ਪੇਸ਼ ਹੁੰਦੇ ਹਨ। ਬਿੱਕਰ ਸਿੰਘ ਦੀ ਧੀ ਰੋਜ਼ੀ ਕਈ ਕਈ ਸ਼ਿਫਟਾਂ ਵਿੱਚ ਕੰਮ ਕਰਦੀ ਆਪਣੇ ਸ਼ਰਾਬੀ ਪਤੀ ਨਾਲ ਦਿਨਕਟੀ ਕਰਦੀ ਰਿਸ਼ਤਿਆਂ ਦੀ ਲੱਜ ਪਾਲਦੀ ਹੈ। ਉਹ ‘ਘਰ’ ਦੀ ਸੰਸਥਾ ਨੂੰ ਬਚਾਉਣ ਤੇ ਮਾਪਿਆਂ ਤੇ ਭਰਾ ਦੇ ਗਰੀਨ ਕਾਰਡ ਦਾ ਸਲਾਮਤੀ ਲਈ ਇਕ ਮਨੁੱਖੀ ਹੋਂਦ ਤੋਂ ਭੋਗਣਹਾਰ ਵਸਤੂ ਦੇ ਰੂਪ ਵਿੱਚ ਵਟ ਜਾਂਦੀ ਹੈ। ਅਜਿਹੇ ਦਮਨਕਾਰੀ ਮਾਹੌਲ  ਨੂੰ ਲੇਖਕ ‘ਘੋਗੜ ਕਾਂਵਾਂ ਦੁਆਰਾ ਗੋਰੀਆਂ ਘੁੱਗੀਆਂ’ ਨੂੰ ਘੇਰੇ ਵਿੱਚ ਲੈਣ ਦੇ ਪ੍ਰਤੀਕ ਨਾਲ ਪੇਸ਼ ਕਰਦਾ ਹੈ।  ਬਿੱਕਰ ਸਿੰਘ ਪਰਵਾਸੀ ਜੀਵਨ ਦੇ ਖੁੱਲ੍ਹੇ ਜਿਨਸੀ ਮਾਹੌਲ ਵਿੱਚ ਪੰਜਾਬੀ ਕੁੜੀਆਂ ਦੇ ਸ਼ੋਸ਼ਣੀ ਪ੍ਰਸੰਗਾਂ ਨੂੰ ਪੰਜਾਬ ਵਿੱਚ ਆਪਣੇ ਭੱਠੇ ‘ਤੇ ਕੰਮ ਕਰਦੀ ਤ੍ਰਿਪਤਾ ਅਤੇ ਮੱਸਿਆ ‘ਤੇ ਮੇਲੇ ‘ਤੇ ਧੱਕੇ ਦਾ ਸ਼ਿਕਾਰ ਹੁੰਦੀ ਦੇਬੋ ਦੇ ਸੰਦਭਰ ਵਿੱਚ ਸਿਮਰਦਾ ਹੈ।

ਇਸੇ ਤਰ੍ਹਾਂ ਇਰਾਕ ਯੁੱਧ ਵਿੱਚ ਗਏ ਅਮਰੀਕੀ ਫੌਜੀਆਂ ਦੀਆਂ ਪਤਨੀਆਂ ਪਤੀਆਂ ਦੀ ਉਡੀਕ ਵਿੱਚ ਆਪਣੇ ਦੀਦੇ ਗਾਲਦੀਆਂ ਹਨ। ਅਜਿਹੇ ਵਰਤਾਰੇ ਦੀਆਂ ਧੁਨੀਆ ਅਮਰੀਕੀ ਪੂੰਜੀਵਾਦੀ ਸਾਮਰਾਜ ਦੀਆਂ ਧੌਂਸਮੂਲਕਤਾ ਨੀਤੀਆਂ ਨਾਲ ਜੁੜਦੀਆਂ ਹਨ ਜਿਸ ਪ੍ਰਬੰਧ ਵਿੱਚ ਮੂਲਵਾਸੀ ਤੇ ਪਰਵਾਸੀ ਬੰਦੇ ਦਾ ਦਮਿਤ ਜੀਵਨ ਸੰਤਾਪ ਦਾ ਸਾਂਝ ਮੁਹਾਜ਼ ਪੈਦਾ ਕਰਦਾ ਹੈ। ਅਜਿਹੀ ਵਿਚਾਰਕੀ  ਨਾਲ ਲੇਖਕ ਹਾਸ਼ੀਅਤ ਧਿਰਾਂ ਦੀ ਸਿੱਧ ਪੱਧਰੀ ਪਛਾਣ ਤੋਂ ਪਾਰ ਜਾ ਕੇ ਇਨ੍ਹਾਂ ਪ੍ਰਤੀ ਨਿਵੇਕਲੀ ਉਦਾਰਵਾਦੀ ਅੰਤਰ ਦ੍ਰਿਸ਼ਟੀ ਪੈਦਾ ਕਰਦਾ ਹੈ। ਸੰਗਿ੍ਰਹ ਦੀ ਕਹਾਣੀ ‘ਜ਼ਾਬਤਾ’ ਵਿੱਚ ਪੱਛਮ ਦੇ ਵਿਕਸਤ ਸਮਾਜ ਵਿੱਚ ਜਾਨਵਰਾਂ ਪ੍ਰਤੀ ਮਾਨਵੀ ਹਮਦਰਦੀ ਅਤੇ ਉਨ੍ਹਾਂ ਦੇ ਜੀਉਣ ਅਧਿਕਾਰਾਂ ਦੀ ਰਾਖੀ ਲਈ ਸਥਾਪਿਤ ਕਾਨੂੰਨੀ ਤਾਣੇ ਬਾਣੇ ਨੂੰ ਪੇਸ਼ ਕੀਤਾ ਗਿਆ ਹੈ ਦੂਜੇ ਪਾਸੇ ਕਹਾਣੀ ਦੀ ਸੂਖ਼ਮੀ ਸੁਰ ਭਾਰਤ ਵਰਗੇ ਦੇਸ਼ ਦੇ ਭ੍ਰਿਸ਼ਟ ਵਿਹਾਰ ਅਤੇ ਨਿਆਇਕ ਤੰਤਰ ਵਿੱਚ ਮਨੁੱਖਤਾ ਦੇ ਹੁੰਦੇ ਘਾਣ ਪ੍ਰਤੀ ਤੁਲਨਾਤਮਿਕ ਲਹਿਜਾ ਰੱਖਦੀ ਹੈ। ਕਹਾਣੀ ਵਿੱਚ ਪੰਜਾਬ ਦੇ ਜਗੀਰੂ ਪ੍ਰਤਿਮਾਨਾਂ ਅਤੇ ਸੱਤਾ ਦੇ ਤਸ਼ੱਸ਼ਦੀ ਵਿਵਹਾਰ ਵਿੱਚੋਂ ਅਮਰੀਕਾ ਪਰਵਾਸ ਧਾਰਨ ਵਾਲੇ ਬਿਰਤਾਂਤਕਾਰ ਦੀ ਤੁਲਨਾਵੀਂ ਮਨੋਦਸ਼ਾ ਪੇਸ਼ ਹੋਈ ਹੈ। ਕਹਾਣੀ ਵਿੱਚ ਉੱਤਮ ਪੁਰਖੀ ਪਾਤਰ ਪਰਵਾਸ ਧਾਰਨ ਕਰਨ ਵਾਲੀ ਪਹਿਲੀ ਪੀੜੀ ਦਾ  ਪ੍ਰਤੀਨਿਧ ਹੈ ਜਿਸਦੇ ਪੋਤੇ ਪੋਤੀਆਂ ਪਰਵਾਸੀ ਰਹਿਤਲ ਵਿੱਚ ਰਲੇਵੇਂ ਵਾਲੀ ਪੀੜ੍ਹੀ ਦੇ ਪ੍ਰਤੀਨਿਧ ਪਾਤਰ ਹਨ। ਉਹ ‘ਮੈਕਸਲ’ ਨਾਂ ਦੇ ਕੁੱਤੇ ਨੂੰ ਪਾਲਦੇ ਹਨ ਜਿਸਦੇ ਗੁੰਮ ਹੋ ਜਾਣ ‘ਤੇ ਵਿਆਕੁਲ ਹੋਏ ਵਿਚਰਦੇ ਹਨ।

ਕਹਾਣੀ ਵਿੱਚ ਪੱਛਮੀ ਸਮਾਜ ਅੰਦਰ ਕੁਦਰਤ ਤੇ ਜੀਵਾਂ ਦੀ ਸਾਂਭ ਸੰਭਾਲ ਪ੍ਰਤੀ ਸਿਸਟਮ ਦੀ ਪ੍ਰਤੀਬੱਧਤਾ ਦਿਖਾਈ ਗਈ ਹੈ ਜਿਹੜੀ ਅਨੇਕਾਂ ਤਰ੍ਹਾਂ ਦੇ ਕਾਨੂੰਨੀ ਤੇ ਮਾਨਵਵਾਦੀ ਜਾਬਤਿਆਂ ਦਾ ਪ੍ਰਗਟਾਵਾ ਕਰਦੀ ਹੈ। ਉੱਤਮ ਪੁਰਖੀ ਬਿਰਤਾਂਤਕਾਰੀ ਇਸਦਾ ਮੂਕ ਦਰਸ਼ਕ ਬਣਿਆ ਰਹਿੰਦਾ ਹੈ ਪਰ ਉਸਦੇ ਅਵਚੇਤਨ ਵਿੱਚ ਪੰਜਾਬ ਸੰਕਟ ਦੇ ਸਮਿਆਂ ਦਾ ਉਹ ਖੂੰਖਾਰ ਤੇ ਕਰੂਪ  ਦੌਰ ਸੁਰਜੀਤ ਹੋ ਜਾਂਦਾ ਹੈ ਜਦੋਂ ਮਨੁੱਖਤਾ ਨੇ ਜਾਨਵਰਾਂ ਤੋਂ ਵੀ ਮਾੜਾ ਸਲੂਕ ਹੰਢਾਇਆ। ਕਹਾਣੀ ਦੀ ਦੂਜੀ ਧੁਨੀ ਪੱਛਮ ਦੇ ਵਿਕਸਤ ਸਮਾਜ ਅੰਦਰ ਵਿਚਰਨ ਮੌਕੇ ਅਨੇਕਾਂ ਅਦਿੱਖ ਮਸਨੂਈ ਜ਼ਾਬਤਿਆਂ ਵਿੱਚੋਂ ਗੁਜ਼ਰਨ ਦੀ ਹੈ ਜਿਹੜੇ ਜ਼ਾਬਤੇ ਮਾਨਵੀ ਆਜ਼ਾਦੀ ਅਤੇ ਪ੍ਰਗਟਾਵੇ ਦਾ ਦਮਨ ਕਰਦੇ ਹਨ। ਕਹਾਣੀਕਾਰ ਇਸ ਧੁਨੀ ਨੂੰ ਕਹਾਣੀ ਦਾ ਅਟੁੱਟ ਤੇ ਪ੍ਰਤੀਨਿਧ ਹਿੱਸਾ ਬਣਾਉਣ ਤੋਂ ਖੁੰਝਦਾ ਵੀ ਹੈ।

‘ਵਸੀਹਤਨਾਮਾ’ ਸਮਾਜ ਵਿੱਚ ਵਿਖਾਵਾਕਾਰੀ ਅਤੇ ਆਡੰਬਰੀ ਕਿਸਮ ਦੀਆਂ ਮਹਿੰਗੀਆਂ ਰਸਮਾਂ ਨੂੰ ਨਕਾਰਨ ਅਤੇ ਸਾਦਗੀ ਭਰਿਆ ਤਰਕਸ਼ੀਲ ਜੀਵਨ ਜੀਉਣ ਦੀ ਪ੍ਰੇਰਨਾ ਦੇਣ ਵਾਲੀ ਰਚਨਾ ਹੈ। ਲੇਖਕ ਦਾ ਕਥਾ ਬੋਧ ਸਮਾਜਿਕ ਵਰਤਾਰਿਆਂ ਪ੍ਰਤੀ ਤਾਰਕਿਕ ਤੇ ਵਿਗਿਆਨਕ  ਦ੍ਰਿਸ਼ਟੀ ਉਸਾਰਦਾ ਹੈ। ਕਹਾਣੀ ਦੇ ਕੇਂਦਰ  ਵਿੱਚ ਆਵਾਸ ਤੇ ਪਰਵਾਸ ਦੀਆਂ ਵਿੱਤੀ ਬਰਕਤਾਂ ਵਾਲਾ ਸਾਂਝਾ ਪਰਿਵਾਰ ਹੈ। ਜਿਸਦੇ ਮੈਂਬਰ ਸਿਧਾਂਤਕ ਜੀਵਨ ਜੀਉਣ ਵਾਲੇ ਫੌਜੀ ਪਿਤਾ ਦੀ ਮੌਤ ਉਪਰੰਤ ਲੋਕਾਚਾਰੀ ਤਹਿਤ ਅਤੇ ਖਾਨਦਾਨੀ ਚੜ੍ਹਤ ਰੱਖਣ ਬਰਕਰਾਰ ਰੱਖਣ ਲਈ ਮਹਿੰਗੀਆਂ ਆਡੰਬਰੀ ਰਸਮਾਂ ਕਰਨ ਦੇ ਇੱਛੁੱਕ ਹਨ ਪਰ ਫੌਜੀ ਪਿਤਾ ਦੀ ਵਸੀਹਤ ਨੁਮਾ ਲਿਖਤ ਵਿੱਚੋਂ ਪਰਿਵਾਰ ਨੂੰ ਇਤਫਾਕ ਨਾਲ ਅਤੇ ਸਧਾਰਨ ਰਸਮਾਂ ਨਾਲ ਅੰਤਿਮ ਵਿਦਾਈ ਦੇਣ ਦੀ ਨਸੀਹਤ ਕਹਾਣੀ ਦੀ ਅਹਿਮ ਅੰਤਰ ਦ੍ਰਿਸ਼ਟੀ ਬਣ ਜਾਂਦੀ ਹੈ। ਕਹਾਣੀ ਵਿੱਚ ‘ਵਸੀਹਤਨਾਮਾ’ ਸ਼ਬਦ ਕਿਸੇ ਤਰ੍ਹਾਂ ਦੀ ਜਮੀਨ ਜਾਇਦਾਦ ਵਾਲੀ ਪਦਾਰਥਵਾਦੀ ਵਿਰਾਸਤ ਵਾਲੇ ਅਰਥਾਂ ਦੀ ਥਾਂ ਇਤਫਾਕ, ਸਾਂਝ ਅਤੇ ਸਾਦਗੀ ਭਰੇ ਜੀਵਨ ਜੀਉਣ ਦੀ ਇਖਲਾਕੀ ਪ੍ਰੇਰਨਾ ਵਾਲੀ ਉਪਦੇਸ਼ਕੀ ਅਰਥਾਂ ਦੇ ਸੰਚਾਰ ਨਾਲ ਜੁੜਿਆ ਹੈ। ਕਹਾਣੀ ਦੇ ਬਿਰਤਾਂਤਕ ਵੇਰਵਿਆਂ ਵਿੱਚ ਮੱਧਵਰਗੀ ਜੀਵਨ ਦੀਆਂ ਉਨ੍ਹਾਂ ਵਿਸੰਗਤੀਆਂ ਦਾ ਜਿਕਰ ਹੈ ਜਿੱਥੇ ਮਨੁੱਖ ਸਮਾਜਿਕ ਲੋਕਾਚਾਰੀ ਤਹਿਤ ਦੰੰਭੀ ਕਿਸਮ ਦਾ ਜੀਵਨ ਜੀਉਂਦਾ ਹੈ।

ਅਸੂਲਾਂ ਨੂੰ ਪਿਆਰੇ, ਸੰਘਰਸ਼ਸ਼ੀਲ , ਸਿਦਕੀ ਤੇ ਸਾਦਗੀ ਭਰਿਆ ਜੀਵਨ ਜੀਉਣ ਵਾਲੇ ਫੌਜੀ ਪਿਤਾ ਦੀ ਮੌਤ  ਉਪਰੰਤ ਸਾਰਾ ਪਰਿਵਾਰ ਉਸਦੀ ਵਿਚਾਰਧਾਰਾ ਤੋਂ ਉਲਟ ਅੰਤਿਮ ਸੰਸਕਾਰ ਦੀਆਂ ਮਹਿੰਗੀਆਂ ਰਸਮਾਂ, ਭੋਗ ਲਈ ਪੈਲੇਸ ਦੀ ਬੁਕਿੰਗ, ਸ਼ਰੀਕੇ ਭਾਈਚਾਰੇ ਵਿੱਚ ਦਬਦਬੇ ਲਈ ਹੋਰ ਖਰਚੀਲੇ ਪ੍ਰਬੰਧਾਂ ਵੱਲ ਰੁਚਿਤ ਹੋ ਜਾਂਦਾ ਹੈ। ਇਸ ਧੁੰਦੂਕਾਰੇ ਵਿੱਚ ਕਹਾਣੀ ਦਾ ਉੱਤਮਪੁਰਖੀ ਪਾਤਰ ਆਪਣੇ ਪਿਤਾ ਦੇ ਜੀਵਨ ਤੇ ਵਿਚਾਰਧਾਰਾ ਦੀ ਵਸੀਹਤ ਨੂੰ ਆਪਣੇ ਅੰਦਰ ਆਤਮਸਾਤ ਕਰਦਾ ਹੈ। ਉਹ ਅੰਤਿਮ ਸੰਸਕਾਰ ਦੇ ਆਡੰਬਰੀ ਵਿਖਾਵੇ ਨੂੰ ਨਕਾਰਦਾ ਤੇ ਪਿਤਾ ਵੱਲੋਂ ਇਤਫਾਕ ਤੇ ਪਿਆਰ ਨਾਲ ਰਹਿਣ ਦੀਆਂ ਪ੍ਰੇਰਨਾਮਈ ਉਪਦੇਸ਼ਾਂ ਨੂੰ ਯਾਦ ਕਰਦਾ ਹੈ। ਉਹ ਕਹਾਣੀ ਦੇ ਅੰਤ ਵਿੱਚ ਪਿਤਾ ਵੱਲੋਂ ਲਿਖੀ ਵਸੀਹਤ ਪੜ੍ਹਦਾ ਹੈ ਜਿਸਦੀ ਲਿਖਤਕਾਰੀ ਹੀ ਕਹਾਣੀ ਦੀ ਕਥਾ ਦ੍ਰਿਸ਼ਟੀ ਬਣ ਜਾਂਦੀ ਹੈ। ਇਸ ਅੰਦਰ ਮਨੁੱਖੀ ਜੀਵਨ ਦੀ ਨਾਸ਼ਮਾਨਤਾ, ਵਿਖਾਵਾਕਾਰੀ ਰਸਮਾਂ ਨੂੰ ਖਤਮ ਕਰਨ, ਲੋੜਵੰਦਾਂ ਦੀ ਮਦਦ, ਸਾਦਗੀ ਭਰਿਆ ਜੀਵਨ ਜੀਉਣ ਅਤੇ ਕਿਰਤ ਜੀਵਨ ਜੀਉਣ ਦਾ ਉਪਦੇਸ਼ ਦਿੱਤਾ ਮਿਲਦਾ ਹੈ। ਇੰਝ ਇਹ ਕਹਾਣੀ ਪਾਠਕਾਂ ਨੂੰ ਸਮਝਾਉਣ ਤੇ ਉਪਦੇਸ਼ ਦੇਣ ਵਾਲੇ ਬਿਰਤਾਂਤਕ ਪੈਟਰਨ ‘ਤੇ ਬੁਣੀ ਹੋਈ ਹੈ ਜਿਸ ਉੱਤੇ ਮੱਧਕਾਲੀ ਕਥਾ ਰੂੜੀਆਂ ਦਾ ਅਸਰ ਹੈ।

ਸੰਗਿ੍ਰਹ ਦੀਆਂ ਦੋ ਕਹਾਣੀਆਂ ਉਪਭੋਗਤਾਵਾਦ ਦੇ ਦੌਰ ਵਿੱਚ ਮੱਧਵਰਗੀ ਜੀਵਨ ਦੇ ਦੰਭੀ, ਸਵਾਰਥੀ ਅਤੇ ਪਦਾਰਥਵਾਦੀ ਕਿਰਦਾਰ ਦੁਆਲੇ ਕੇਂਦਰਿਤ ਹਨ। ਕਹਾਣੀ ‘ਕੈਂਸਰ ਦੇ ਛਿੱਟੇ’ ਜਿੱਥੇ ਇਕ ਪਾਸੇ ਭ੍ਰਿਸ਼ਟਾਚਾਰ ਤੇ ਅਨੈਤਿਕ ਕੰਮਾਂ ਤੋਂ ਪੈਦਾ ਸਰੀਰਕ/ ਮਾਨਿਸਕ ਰੋਗਾਂ ਅਤੇ ਨਾਂਹਪੱਖੀ ਅਲਾਮਤਾਂ ਦਾ ਜਿਕਰ ਕਰਦੀ ਹੈ ਉੱਥੇ ਹੀ ਪ੍ਰਤੀਕੂਲ ਹਾਲਾਤ ਵਿੱਚ  ਅਗਾਹਵਧੂ ਸੋਚ ਅਤੇ ਉਸਾਰੂ ਜੀਵਨ ਦ੍ਰਿਸ਼ਟੀ ਨਾਲ ਮਨੁੱਖ ਅੰਦਰ ਜੀਣ ਥੀਣ ਦਾ ਮਾਦਾ ਪੁਨਰ ਸੁਰਜੀਤ ਕਰਨ ਦੀ ਕਥਾ ਦ੍ਰਿਸ਼ਟੀ ਉਸਾਰਦੀ ਹੈ। ਕਹਾਣੀ ਦਾ ਮੁੱਖ ਪਾਤਰ ਮੱਧਵਰਗੀ ਜਮਾਤੀ ਕਿਰਦਾਰ ਵਾਲਾ ਦਫਤਰੀ ਮੁਲਾਜ਼ਮ ਹੈ ਜਿਹੜਾ ਭ੍ਰਿਸ਼ਟਾਚਾਰ ਵਿੱਚ ਗਲਤਾਨ ਹੋ ਕੇ ਮਿਲੀ ਪੂੰਜੀ ਨਾਲ ਐਸ਼ੋ ਇਸ਼ਰਤ ਦੀ ਹਰ ਵਸਤੂ ਖਰੀਰਦਾ ਹੈ। ਉਹ ਭ੍ਰਿਸ਼ਟਾਚਾਰ ਵਿੱਚ ਲੀਨ ਹੋ ਕੇ ਨਸ਼ੇੜੀ ਹੋ ਜਾਂਦਾ ਹੈ ਕੈਂਸਰ ਵਰਗੀ ਬੀਮਾਰੀ ਦੇ ਸਾਏ ਹੇਠ ਜੀਉਂਦਾ ਹੈ। ਕੈਂਸਰ ਦੇ ਸਰੀਰਕ ਤੇ ਮਾਨਸਿਕ ਛਿੱਟਿਆਂ ਹੇਠ ਉਸਦੀ ਪਰਿਵਾਰਕ ਜ਼ਿੰਦਗੀ ਵਿੱਚ ਵੀ ਤ੍ਰੇੜਾਂ ਪੈ ਜਾਂਦੀਆਂ ਹਨ। ਕਹਾਣੀ ਦੇ ਅੰਤ ਵਿੱਚ ਕਿਸੇ ਜਾਣਕਾਰ ਡਾਕਟਰ ਦੋਸਤ ਦੇ ਸ਼ਬਦਾਂ ਦੀ ਟਕੋਰ ਅਤੇ ਹਿੰਮਤੀ ਪ੍ਰੇਰਨਾ ਉਸਦੀ ਜ਼ਿੰਦਗੀ ਵਿੱਚ ਰੌਣਕ ਭਰ ਦਿੰਦੀ ਹੈ। ਉਸਦਾ ਆਤਮ ਚਿੰਤਨ ਨਵੀਆਂ ਉਮੰਗ ਤੇ ਉਤਸ਼ਾਹ ਨਾਲ ਸੁਰਜੀਤ ਹੋ ਜਾਂਦਾ ਹੈ। ਕਲਾਤਮਿਕ ਸ਼ਬਦਾਂ ਦੀ ਟਕੋਰ ਨਾਲ ਉਹ ਨਿੱਜਤਾ ਦੇ ਨਾਲ ਨਾਲ ਸਮਾਜਿਕ ਜ਼ਿੰਮੇਵਾਰੀ ਤੇ ਜਵਾਬਦੇਹੀ ਨਾਲ ਵਿਚਰਨ ਦੀ ਪ੍ਰੇਰਨਾ ਹਾਸਿਲ ਕਰਦਾ ਹੈ। ਲੇਖਕ ਦੀ ਕਹਾਣੀ ਦਾ ਉਦੇਸ਼ਭਾਵੀ ਅੰਤ ਮਨੁੱਖ ਨੂੰ ਇਮਾਨਦਾਰੀ, ਭਲਾਈ ਅਤੇ ਸਹਿਜਤਾ ਨਾਲ ਜੀਵਨ ਜੀਉਣ ਦੀ ਬਿਰਤਾਂਤਕ ਦ੍ਰਿਸ਼ਟੀ ਵਾਲਾ ਹੈ।

‘ਆਖਰੀ ਚੀਕ’ ਕਹਾਣੀ ਵਿੱਚ ਵੀ ਸਰਕਾਰੀ ਤੰਤਰ ਤੋਂ ਮਿਲੇ ਅਧਿਕਾਰਾਂ ਨੂੰ ਭ੍ਰਿਸ਼ਟਾਚਾਰ, ਨਸ਼ੇਖੋਰੀ, ਬੇਈਮਾਨੀ ਅਤੇ ਹੋਰ ਅਨੈਤਿਕ ਕੰਮਾਂ ਵਿੱਚ ਗਲਤਾਨ ਕਰਨ ਵਾਲੀ ਮਾਨਸਿਕਤਾ ਦਾ ਜਿਕਰ ਹੈ। ਨਵ ਪੂੰਜੀਵਾਦੀ ਦੌਰ ਵਿੱਚ ਮੱਧਵਰਗੀ ਜਮਾਤ ਦੇ ਉਤਸ਼ਾਹੀ ਮਨੋਵੇਗਾਂ ਅਤੇ ਉਪਭੋਗੀ ਰੁਚੀਆਂ ਨੂੰ ਪੇਸ਼ ਕਰਨ ਵਾਲੀ ਇਹ ਕਹਾਣੀ ਦੰਪਤੀ ਜੀਵਨ ਵਿੱਚ ਵੀ ਅਜਿਹੇ ਖਚਿਤ ਸਭਿਆਚਾਰ ਦਾ ਨਮੂਨਾ ਪੇਸ਼ ਕਰਦੀ ਹੈ। ਕਹਾਣੀ ਵਿੱਚਲਾ ਭਾਰਗੋ ਪਾਤਰ ਇਕ ਭ੍ਰਿਸ਼ਟ ਤੇ ਚਰਿੱਤਰਹੀਣ ਅਧਿਕਾਰੀ ਹੈ ਜੋ ਕਿ ਆਪਣੇ ਘੇਰੇ ਵਿੱਚ ਆਏ ਮੁਲਾਜਮਾਂ ਤੇ ਆਮ ਲੋਕਾਂ ਦਾ ਖੂਬ ਸ਼ੋਸ਼ਣ ਕਰਦਾ ਹੈ। ਚਰਿੱਤਰਹੀਣਤਾ ਭਰੀ ਗਲੀਜ਼ ਮਾਨਸਿਕਤਾ ਵਾਲਾ ਪਾਤਰ ਭਾਰਗੋ ਦਿਸਦੇ ਤੌਰ ‘ਤੇ ਐਸ਼ੋ ਇਸ਼ਰਤ ਵਾਲਾ ਜੀਵਨ ਜੀਉਂਦਾ ਹੈ ਪਰ ਅਣਦਿਸਦੇ ਤੌਰ ‘ਤੇ ਉਸਦੀਆਂ ਅਨੈਤਿਕ ਤੇ ਗੈਰ ਇਖਲਾਕੀ ਪ੍ਰਵਿਰਤੀਆਂ ਉਸਦੇ ਮਾਨਸਿਕ ਤੇ ਸਰੀਰਕ ਕਸ਼ਟਾਂ ਦੀਆਂ ਜਿੰਮੇਵਾਰ ਬਣਦੀਆਂ ਹਨ। ਭਾਰਗੋ ਆਪਣੀ ਪਤਨੀ ਇੰਦੂ ਦੇ ਚਰਿੱਤਰ ਪ੍ਰਤੀ  ਸ਼ੰਕਾਲੂ ਰਹਿੰਦਾ ਹੈ ਜੋ ਕਿ ਆਪਣੇ ਪਤੀ ਦੀ ਮੌਤ ਉਪਰੰਤ ਲੋਕ ਦਿਖਾਵੇ ਲਈ ਆਖਰੀ ਚੀਕ ਮਾਰ ਕੇ ਆਪਣੇ ਪ੍ਰੇਮੀ ਨਾਲ ਬਗਲਗੀਰ ਹੋ ਜਾਂਦੀ ਹੈ। ਕਹਾਣੀ ਵਿੱਚ ਉਪਭੋਗਤਾਵਾਦ ਅਤੇ ਸਵੈਪ੍ਰਸਤੀ ਦੇ ਦੌਰ ਵਿੱਚ ਰਿਸ਼ਤਿਆਂ ਨੂੰ ਵਸਤੂਆਂ ਵਾਂਗ ਵਰਤਣ ਅਤੇ ਸੁੱਟਣ ਦੀ ਪ੍ਰਵਿਰਤੀ ਪ੍ਰਤੀ ਲੇਖਕ ਦੀ ਚਿੰਤਾ ਨੂੰ ਕਲਾਮਈ ਢੰਗ ਨਾਲ ਪ੍ਰਗਟਾਂਦੀ ਹੈ। ‘ਆਖਰੀ ਚੀਕ’ ਦਾ ਪ੍ਰਤੀਕ ਨੈਤਿਕਤਾ, ਸਦਾਚਾਰ ਅਤੇ ਇਖਲਾਕੀ ਕਦਰਾਂ ਕੀਮਤਾਂ ਦੀ ਘੁਟਣ ਦਾ ਸੰਕੇਤ ਹੈ। ਕੁਲ ਮਿਲਾ ਕੇ ਚਰਨਜੀਤ ਪਨੂੰ ਦੀ ਕਥਾ ਪੋਥੀ ‘ਸਤਨਾਜਾ’ ਉਸਦੇ ਕਥਾ ਸਫਰ ਦਾ ਮਹੱਤਵਪੂਰਨ ਪੜਾਅ ਹੈ। ਆਉਣ ਵਾਲੇ ਸਮੇਂ ਵਿੱਚ ਉਸ ਤੋਂ ਹੋਰ ਵੀ ਬਲਵੰਤ ਕਥਾਕਾਰੀ ਦੀ ਤਵੱਕੋ ਹੈ।

-ਡਾ ਜੇ ਬੀ ਸੇਖੋਂ
-ਮੁਖੀ, ਪੋਸਟ ਗਰੈਜੂਏਟ ਪੰਜਾਬੀ ਵਿਭਾਗ,

ਖਾਲਸਾ ਕਾਲਜ ਮਾਹਿਲਪੁਰ (ਹੁਸ਼ਿਆਰਪੁਰ)

94175 86028

Share this content:

Post Comment