Loading Now

ਆਪ ਨੇ ਪੰਜਾਬ ਕਾਂਗਰਸ ‘ਤੇ ਟਿਕਟਾਂ ਵੇਚਣ ਦੇ ਲਗਾਏ ਆਰੋਪ

ਆਪ ਨੇ ਪੰਜਾਬ ਕਾਂਗਰਸ ‘ਤੇ ਟਿਕਟਾਂ ਵੇਚਣ ਦੇ ਲਗਾਏ ਆਰੋਪ

ਚੰਡੀਗੜ੍ਹ, 6 ਜੁਲਾਈ – ਪੰਜਾਬ ਕਾਂਗਰਸ ਅੰਦਰ ਚੱਲ ਰਹੀ ਖਿੱਚਤਾਣ ਤੋਂ ਬਾਅਦ ਹੁਣ ਟਿਕਟਾਂ ਵੇਚਣ ਦੇ ਆਰੋਪਾਂ ਦੀ ਵੀ ਐਂਟਰੀ ਹੋ ਗਈ ਹੈ। ਮੱਧ ਪ੍ਰਦੇਸ਼ ਦੇ ਇੱਕ ਆਗੂ ਵੱਲੋਂ ਦਿੱਤੇ ਗਏ ਬਿਆਨ ਦਾ ਹਵਾਲਾ ਦਿੰਦਿਆਂ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਦੌਰਾਨ ਪੰਜਾਬ ਵਿੱਚ ਡਿਫੈਂਡਰ ਅਤੇ ਹੋਰ ਮਹਿੰਗੀਆਂ ਗੱਡੀਆਂ ਦੇ ਬਦਲੇ ਟਿਕਟਾਂ ਵੰਡੀਆਂ ਗਈਆਂ ਸਨ। ਇਸ ਵਾਰ ਤਾਂ ਪਤਾ ਨਹੀਂ ਗੱਲ ਹੈਲੀਕਾਪਟਰਾਂ ਤੱਕ ਪਹੁੰਚ ਜਾਵੇ। ਉਨ੍ਹਾਂ ਕਿਹਾ ਕਿ ਡਿਫੈਂਡਰ ਤੋਂ ਉੱਪਰ ਹੁਣ ਹੋਰ ਕੀ ਹੋਵੇਗਾ। ਪੰਨੂ ਨੇ ਕਿਹਾ ਕਿ ਉਹ ਮੱਧ ਪ੍ਰਦੇਸ਼ ਦੇ ਇੱਕ ਆਗੂ ਦੀ ਪ੍ਰੈੱਸ ਕਾਨਫਰੰਸ ਸੁਣ ਰਹੇ ਸਨ, ਜਿਸ ਵਿੱਚ ਉਨ੍ਹਾਂ ਇਹ ਆਰੋਪ ਲਗਾਏ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਨਵਜੋਤ ਕੌਰ ਨੇ ਵੀ ਜਨਤਕ ਤੌਰ ‘ਤੇ ਕਿਹਾ ਸੀ ਕਿ ਉਨ੍ਹਾਂ ਕੋਲ 500 ਕਰੋੜ ਰੁਪਏ ਨਹੀਂ ਹਨ। ਉੱਥੇ ਤਾਂ 500 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਦਾ ਅਹੁਦਾ ਮਿਲਦਾ ਹੈ। ਉਹ 500 ਕਰੋੜ ਦੀ ਅਟੈਚੀ ਕਿਸ ਨੇ ਦਿੱਤੀ ਜਾਂ ਕੌਣ ਇਸ ਦੀ ਤਿਆਰੀ ਕਰ ਰਿਹਾ ਹੈ, ਇਹ ਵੀ ਸਵਾਲ ਹੈ।

ਰੰਧਾਵਾ ਅਮਿਤ ਸ਼ਾਹ ਨੂੰ ਕਿਉਂ ਮਿਲੇ, ਸਭ ਜਾਣਦੇ ਹਨ

ਪੰਨੂ ਨੇ ਆਰੋਪ ਲਗਾਇਆ ਕਿ ਸੀਨੀਅਰ ਕਾਂਗਰਸੀ ਆਗੂ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਕੁਝ ਦਿਨ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਆਏ ਸਨ। ਹਾਲਾਂਕਿ ਉਹ ਕਹਿ ਰਹੇ ਹਨ ਕਿ ਉਹ ਕਿਸੇ ਹੋਰ ਮਸਲੇ ਸਬੰਧੀ ਮਿਲਣ ਗਏ ਸਨ, ਪਰ ਸਭ ਜਾਣਦੇ ਹਨ ਕਿ ਉੱਥੇ ਕੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਭਾਜਪਾ ਵਿੱਚ ਕੀ ਚੱਲ ਰਿਹਾ ਹੈ, ਉਸ ਦਾ ਜਵਾਬ ਕਾਂਗਰਸ ਵਾਲੇ ਦੇ ਰਹੇ ਹਨ ਅਤੇ ਕਾਂਗਰਸ ਵਿੱਚ ਕੀ ਚੱਲ ਰਿਹਾ ਹੈ, ਉਸ ਦਾ ਜਵਾਬ ਭਾਜਪਾ ਵੱਲੋਂ ਆ ਰਿਹਾ ਹੈ। ਦੋਵੇਂ ਪਾਰਟੀਆਂ ਮਿਲ ਕੇ ਖੇਡ ਖੇਡ ਰਹੀਆਂ ਹਨ। ਭਾਜਪਾ ਵਿੱਚ ਪਹਿਲਾਂ ਹੀ ਕਾਂਗਰਸ ਵਿੰਗ ਬਣਿਆ ਹੋਇਆ ਹੈ, ਜਿਸ ਵਿੱਚ ਕਾਂਗਰਸ ਤੋਂ ਗਏ ਹੋਏ ਆਗੂ ਹਨ। ਅਸਲ ਭਾਜਪਾਈ ਤਾਂ ਉੱਥੇ ਦਿਖਾਈ ਹੀ ਨਹੀਂ ਦਿੰਦੇ ਅਤੇ ਹੋਰ ਵੀ ਕਈ ਆਗੂ ਉੱਥੇ ਜਾਣ ਲਈ ਤਿਆਰ ਬੈਠੇ ਹਨ।

ਕਾਂਗਰਸ ਵਿੱਚ ਦੋ-ਚਾਰ ਤੋਂ ਵੱਧ ਆਗੂ ਨਹੀਂ ਰਹਿਣਗੇ

ਪੰਨੂ ਨੇ ਕਿਹਾ ਕਿ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਹਮੇਸ਼ਾ ਕਹਿੰਦੀਆਂ ਹਨ ਕਿ ਆਮ ਆਦਮੀ ਪਾਰਟੀ ਦੇ ਆਗੂ ਦਿੱਲੀ ਤੋਂ ਆਉਂਦੇ ਹਨ। ਉਨ੍ਹਾਂ ਕਿਹਾ, “ਕੀ ਰਾਹੁਲ ਗਾਂਧੀ ਜੰਡਿਆਲਾ ਗੁਰੂ ਤੋਂ ਆਉਂਦੇ ਹਨ? ਭੂਪੇਸ਼ ਬਘੇਲ ਕਿੱਥੋਂ ਆਉਂਦੇ ਹਨ? ਵੱਡੀਆਂ ਰਾਸ਼ਟਰੀ ਪਾਰਟੀਆਂ ਦੇ ਫ਼ੈਸਲੇ ਦਿੱਲੀ ਤੋਂ ਹੀ ਹੁੰਦੇ ਹਨ। ਰਾਸ਼ਟਰੀ ਪਾਰਟੀਆਂ ਇਸੇ ਤਰ੍ਹਾਂ ਚਲਦੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਆਪਣੇ ਆਪ ਨੂੰ ਪੰਜਾਬ ਦਾ ਸਭ ਤੋਂ ਵੱਡਾ ਹਿਤੈਸ਼ੀ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਪੰਜਾਬ ਦੇ ਫ਼ੈਸਲੇ ਪੰਜਾਬ ਤੋਂ ਹੀ ਹੋਣੇ ਚਾਹੀਦੇ ਹਨ ਪਰ ਮੌਜੂਦਾ ਹਾਲਾਤ ਦੇਖ ਕੇ ਨਹੀਂ ਲੱਗਦਾ ਕਿ ਇਨ੍ਹਾਂ ਵਿੱਚੋਂ ਦੋ-ਚਾਰ ਤੋਂ ਵੱਧ ਆਗੂ ਕਾਂਗਰਸ ਵਿੱਚ ਰਹਿਣਗੇ। ਪੰਨੂ ਨੇ ਆਰੋਪ ਲਗਾਇਆ ਕਿ ਕਾਂਗਰਸ ਅਤੇ ਭਾਜਪਾ ਵਿਚਾਲੇ ਮਿਲੀਭੁਗਤ ਚੱਲ ਰਹੀ ਹੈ ਅਤੇ ਦੋਵਾਂ ਵਿਚਕਾਰ ਕਿਸੇ ਤਰ੍ਹਾਂ ਦੀ ਸੌਦੇਬਾਜ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਇਹ ਸੌਦਾ ਪੂਰਾ ਹੋ ਗਿਆ, ਉਸ ਤੋਂ ਬਾਅਦ ਕਾਂਗਰਸ ਦੇ ਕਈ ਆਗੂ ਭਾਜਪਾ ਵਿੱਚ ਸ਼ਾਮਲ ਹੋ ਕੇ ਉੱਥੇ ਕਾਂਗਰਸ ਵਿੰਗ ਦਾ ਹਿੱਸਾ ਬਣ ਜਾਣਗੇ।

Share this content:

Previous post

ਨਿਊਜ਼ੀਲੈਂਡ ਵੀਜ਼ਾ ਨਿਯਮਾਂ ’ਚ ਵੱਡਾ ਬਦਲਾਅ: ਹੁਣ ਅਰਜ਼ੀ ਦੇ ਨਾਲ ਹੀ ਦੇਣਾ ਪਵੇਗਾ ਪੁਲਿਸ ਕਲੀਅਰੈਂਸ ਸਰਟੀਫਿਕੇਟ (PCC), ਨਹੀਂ ਤਾਂ ਵੀਜ਼ਾ ਹੋ ਸਕਦੈ ਰੱਦ

Next post

ਅਗਨੀਵੀਰਾਂ ਨੂੰ ਲੈਕੇ ਵੱਡੀ ਖੁਸ਼ਖਬਰੀ! 25 ਫੀਸਦੀ ਤੋਂ ਵੱਧ ਫੌਜੀਆਂ ਨੂੰ ਕੀਤਾ ਜਾਵੇਗਾ ਪਰਮਾਨੈਂਟ?

Post Comment