ਆਟੋਮੈਟਿਕ ਸੈਂਸਰਸ਼ਿਪ
ਯੂਟਿਊਬ ਨੇ 12 ਮਾਰਚ ਨੂੰ ਚੈਨਲ 4ਪੀਐੱਮ ਨਿਊਜ਼ ਦੇ ਸੰਪਾਦਕ ਸੰਜੇ ਸ਼ਰਮਾ ਨੂੰ ਈ-ਮੇਲ ਕਰਕੇ ਦੱਸਿਆ ਕਿ ਭਾਰਤ ਸਰਕਾਰ ਨੇ ਕੌਮੀ ਸੁਰੱਖਿਆ ਦਾ ਹਵਾਲਾ ਦੇ ਕੇ ਤੁਹਾਡਾ ਚੈਨਲ ਬੰਦ ਕਰਨ ਦਾ ਹੁਕਮ ਦਿੱਤਾ ਹੈ। ਮੋਦੀ ਸਰਕਾਰ ਨੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੂੰ ਤੇਜ਼ੀ ਨਾਲ ਸਮੱਗਰੀ ਹਟਾਉਣ ਤੇ ਬਲਾਕ ਕਰਨ ਦੇ ਹੁਕਮ ਦੇਣ ਦੀ ਤਾਕਤ ਦੇ ਦਿੱਤੀ ਹੈ। ਇਹ ਰੁਝਾਨ 2024 ਦੇ ਬਾਅਦ ਤੇਜ਼ ਹੋਇਆ ਹੈ। ਖਾਸਕਰ ਜੰਮੂ-ਕਸ਼ਮੀਰ ਵਿੱਚ ਪਹਿਲਗਾਮ ’ਚ ਦਹਿਸ਼ਤਗਰਦਾਂ ਦੇ ਹਮਲੇ ਤੇ ਯੂ ਜੀ ਸੀ ਇੱਕਵਿਟੀ ਰੈਗੂਲੇਸ਼ਨਜ਼ ਵਰਗੇ ਘਰੇਲੂ ਵਿਵਾਦਾਂ ਨੇ ਸਰਕਾਰੀ ਹੁਕਮ ਵਧਾ ਦਿੱਤੇ ਹਨ। ਮੇਟਾ (ਫੇਸਬੁੱਕ ਤੇ ਇੰਸਟਾਗ੍ਰਾਮ) ਨੇ 2025 ਦੇ ਪਹਿਲੇ ਛੇ ਮਹੀਨਿਆਂ ਵਿੱਚ 2023 ਦੀ ਤੁਲਨਾ ’ਚ ਤਿੰਨ ਗੁਣਾ ਵੱਧ ਸਮੱਗਰੀ ਹਟਾਉਣ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ। ਗ੍ਰਹਿ ਮੰਤਰਾਲੇ ਨੇ 2025 ਵਿੱਚ ਹੀ ਇੱਕ ਲੱਖ ਇੱਕ ਹਜ਼ਾਰ ਤੋਂ ਵੱਧ ਸਮੱਗਰੀਆਂ ਹਟਾਉਣ ਦਾ ਟੀਚਾ ਬਣਾਇਆ, ਜਿਸ ਵਿੱਚ ਸਿਆਸੀ ਪਾਰਟੀਆਂ, ਪੱਤਰਕਾਰਾਂ ਤੇ ਕੌਮਾਂਤਰੀ ਉਪਯੋਗਕਰਤਿਆਂ ਦੀਆਂ ਪੋਸਟਾਂ ਸ਼ਾਮਲ ਹਨ।
ਇਹ ਅਣਐਲਾਨੀ ਸੈਂਸਰਸ਼ਿਪ ਅਪਾਰਦਰਸ਼ੀ ਤੰਤਰਾਂ ਦੇ ਜ਼ਰੀਏ ਕੰਮ ਕਰਦੀ ਹੈ, ਜਿਸ ਵਿੱਚ ਜੁਡੀਸ਼ੀਅਲ ਨਿਗਰਾਨੀ ਤੇ ਸੁਰੱਖਿਆ ਨੂੰ ਦਰਕਿਨਾਰ ਕੀਤਾ ਜਾਂਦਾ ਹੈ। ਇਹ ਭਾਰਤ ਦੇ ਸੰਵਿਧਾਨ ਦੇ ਆਰਟੀਕਲ 19 (1) (ਏ) ਤਹਿਤ ਪ੍ਰਗਟਾਵੇ ਦੀ ਆਜ਼ਾਦੀ ਦੇ ਉਲਟ ਹੈ, ਜਿਸ ਤਹਿਤ ਸਿਰਫ ਕੌਮੀ ਸੁਰੱਖਿਆ ਜਾਂ ਜਨਤਕ ਸੁਰੱਖਿਆ ਵਰਗੇ ਵਾਜਬ ਆਧਾਰਾਂ ’ਤੇ ਪਾਬੰਦੀ ਲਾਈ ਜਾ ਸਕਦੀ ਹੈ। ਹਾਲਾਂਕਿ ਅਦਾਲਤੀ ਦਸਤਾਵੇਜ਼ਾਂ ਤੇ ਪਲੇਟਫਾਰਮ ਦੇ ਖੁਲਾਸਿਆਂ ਤੋਂ ਪਤਾ ਲੱਗਦਾ ਹੈ ਕਿ ਵਿਅੰਗਾਤਮਕ ਜਾਂ ਜਾਂਚ-ਪੜਤਾਲ ਵਾਲੀ ਸਮੱਗਰੀ ਨੂੰ ਜ਼ਿਆਦਾਤਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਨਾਲ ਸਿਆਸੀ ਮਣਸ਼ਾ ’ਤੇ ਸਵਾਲ ਉੱਠਦੇ ਹਨ। ਸਰਕਰਦਾ ਵੈੱਬਸਾਈਟ ‘ਦੀ ਵਾਇਰ’ ਨੂੰ ਸਰਕਾਰ ਨੇ ਕਈ ਵਿਅੰਗਾਤਮਕ ਕਾਰਟੂਨ ਤੇ ਵੀਡੀਓ ਹਟਾਉਣ ਲਈ ਮਜਬੂਰ ਕੀਤਾ।
4ਪੀਐੱਮ ਨਿਊਜ਼ ਚੈਨਲ ਦੇ 73 ਲੱਖ ਤੋਂ ਵੱਧ ਸਬਸਕ੍ਰਾਈਬਰ ਹਨ ਤੇ ਚੈਨਲ ਮੋਦੀ ਸਰਕਾਰ ਦੀ ਅਲੋਚਨਾ ਕਰਨ ਤੋਂ ਨਹੀਂ ਝਿਜਕਦਾ।
29 ਅਪ੍ਰੈਲ 2025 ਨੂੰ ਪਹਿਲਗਾਮ ਹਮਲੇ (ਜਿਸ ’ਚ 26 ਲੋਕ ਮਾਰੇ ਗਏ ਸਨ) ਦੇ ਬਾਅਦ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਚੈਨਲ ਨੂੰ ਬੰਦ ਕਰਨ ਦਾ ਹੁਕਮ ਦਿੱਤਾ, ਜਿਸ ਵਿੱਚ ਕੌਮੀ ਸੁਰੱਖਿਆ ਤੇ ਆਈ ਟੀ ਐਕਟ ਦੀ ਧਾਰਾ 69ਏ ਤਹਿਤ ਜਨਤਕ ਵਿਵਸਥਾ ਬਣਾਈ ਰੱਖਣ ਦਾ ਹਵਾਲਾ ਦਿੱਤਾ ਗਿਆ। ਚੈਨਲ ਵੱਲੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ’ਤੇ ਇਹ ਹੁਕਮ ਚੁੱਪਚਾਪ ਵਾਪਸ ਲੈ ਲਿਆ ਗਿਆ ਸੀ। ਮੋਦੀ ਸਰਕਾਰ ਨੇ ਕੰਟੈਂਟ ਰੈਗੂਲੇਸ਼ਨ ਲਈ ਆਈ ਟੀ ਨਿਯਮਾਂ ਵਿੱਚ ਸੋਧ ਕਰਕੇ ਫਰਵਰੀ ਤੋਂ ਨਿਯਮ ਹੋਰ ਸਖਤ ਕਰ ਦਿੱਤੇ ਹਨ, ਜਿਨ੍ਹਾਂ ਵਿੱਚ ‘ਨਾਜਾਇਜ਼’ ਸਮੱਗਰੀ ਨੂੰ ਹਟਾਉਣ ਦੀ ਸਮਾਂ-ਸੀਮਾ 36 ਘੰਟੇ ਤੋਂ ਘਟਾ ਕੇ ਸਿਰਫ ਤਿੰਨ ਘੰਟੇ ਕਰ ਦਿੱਤੀ ਹੈ। ਮੇਟਾ, ਯੂਟਿਊਬ ਤੇ ਐੱਕਸ ਵਰਗੇ ਪਲੇਟਫਾਰਮਾਂ ਨੇ ਇਨ੍ਹਾਂ ਨਿਯਮਾਂ ਨੂੰ ਲਾਗੂ ਕੀਤਾ ਹੈ। ਅਲੋਚਕ ਇਸ ਨੂੰ ਆਟੋਮੈਟਿਕ ਸੈਂਸਰਸ਼ਿਪ ਦੱਸਦੇ ਹਨ। ਸਰਕਾਰ ਆਪਣੀ ਅਲੋਚਨਾ ਨੂੰ ਕਤਈ ਬਰਦਾਸ਼ਤ ਕਰਨ ਲਈ ਤਿਆਰ ਨਹੀਂ।
Share this content:



Post Comment