ਆਂਗਣਵਾੜੀ ਵਰਕਰਾਂ ਦਾ ਸਰਕਾਰ ਵਿਰੁੱਧ ਪ੍ਰਦਰਸ਼ਨ, ਨਵੇਂ ਮੋਬਾਇਲ ਤੁਰੰਤ ਵੰਡਣ ਦੀ ਮੰਗ
ਫਤਿਹਗੜ੍ਹ ਸਾਹਿਬ, 22 ਅਪ੍ਰੈਲ – ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਅੱਜ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਹਿੱਸਾ ਲਿਆ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਨੀਅਨ ਦੀ ਸੂਬਾ ਪ੍ਰਧਾਨ ਹਰਜੀਤ ਕੌਰ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਲਈ ਖਰੀਦੇ ਗਏ ਨਵੇਂ ਮੋਬਾਇਲ ਫੋਨ ਬਿਨ੍ਹਾਂ ਕਿਸੇ ਦੇਰੀ ਦੇ ਤੁਰੰਤ ਵੰਡੇ ਜਾਣ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 2018 ਵਿੱਚ ਮੋਬਾਇਲ ਦੇਣ ਦਾ ਫੈਸਲਾ ਕੀਤਾ ਗਿਆ ਸੀ, ਪਰ ਕਰੀਬ ਪੰਜ ਸਾਲ ਬਾਅਦ ਹੀ ਇਸ ਲਈ ਰਕਮ ਜਾਰੀ ਕੀਤੀ ਗਈ ਅਤੇ ਹੁਣ ਲਗਭਗ ਅੱਠ ਸਾਲ ਬਾਅਦ ਫੋਨ ਖਰੀਦੇ ਗਏ ਹਨ। ਯੂਨੀਅਨ ਨੇ ਦੋਸ਼ ਲਗਾਇਆ ਕਿ ਹੁਣ ਇਨ੍ਹਾਂ ਮੋਬਾਇਲ ਫੋਨਾਂ ਨੂੰ ਵਰਕਰਾਂ ਨੂੰ ਦੇਣ ਦੀ ਬਜਾਏ ਬੀ.ਐਲ.ਓ. ਡਿਊਟੀ ਜਾਂ ਡਰੱਗ ਸਰਵੇ ਵਰਗੇ ਹੋਰ ਕੰਮਾਂ ਲਈ ਵਰਤਣ ਦੀ ਯੋਜਨਾ ਬਣਾਈ ਜਾ ਰਹੀ ਹੈ। ਹਰਜੀਤ ਕੌਰ ਨੇ ਸਪੱਸ਼ਟ ਕੀਤਾ ਕਿ ਵਰਕਰ ਕਿਸੇ ਵੀ ਹਾਲਤ ਵਿੱਚ ਵਰਤੇ ਹੋਏ ਜਾਂ ਡੱਬਾ ਖੁੱਲੇ ਫੋਨ ਕਬੂਲ ਨਹੀਂ ਕਰਨਗੇ ਅਤੇ ਸਿਰਫ਼ ਸੀਲ-ਬੰਦ ਨਵੇਂ ਮੋਬਾਇਲ ਹੀ ਲੈਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਆਂਗਣਵਾੜੀ ਵਰਕਰ ਪਹਿਲਾਂ ਹੀ ਆਪਣੇ ਨਿੱਜੀ ਮੋਬਾਇਲਾਂ ਰਾਹੀਂ ਸਰਕਾਰ ਦੀਆਂ ਕਈ ਐਪਸ ਜਿਵੇਂ ਕਿ “ਪੋਸ਼ਣ ਟਰੈਕਰ”, “ਐਮ-ਸੇਵਾ” ਅਤੇ “ਪੀਐਮਬੀ ਵਾਈ” ਚਲਾ ਰਹੀਆਂ ਹਨ। ਇਸ ਦੇ ਬਾਵਜੂਦ ਸਰਕਾਰ ਵੱਲੋਂ ਸਿਰਫ਼ 153.84 ਰੁਪਏ ਮਹੀਨਾਵਾਰ ਭੱਤਾ ਦਿੱਤਾ ਜਾ ਰਿਹਾ ਹੈ, ਜੋ ਕਿ ਮੌਜੂਦਾ ਰਿਚਾਰਜ ਦੇ ਖਰਚੇ ਨੂੰ ਪੂਰਾ ਕਰਨ ਲਈ ਵੀ ਕਾਫ਼ੀ ਨਹੀਂ ਹੈ। ਯੂਨੀਅਨ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਨਵੇਂ ਕੰਮਾਂ ਦੀ ਉਮੀਦ ਰੱਖੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਖਰੀਦੇ ਹੋਏ ਮੋਬਾਇਲ ਫੋਨ ਤੁਰੰਤ ਵਰਕਰਾਂ ਨੂੰ ਦਿੱਤੇ ਜਾਣ। ਜੇਕਰ ਇਹ ਫੋਨ ਕਿਸੇ ਹੋਰ ਕੰਮ ਲਈ ਵਰਤੇ ਗਏ ਜਾਂ ਵਰਕਰਾਂ ਨੂੰ ਨਾ ਦਿੱਤੇ ਗਏ, ਤਾਂ ਯੂਨੀਅਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਰਿਸੀਵਿੰਗ ਨਹੀਂ ਦਿੱਤੀ ਜਾਵੇਗੀ ਅਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
Share this content:



Post Comment