Loading Now

ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ

ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ

ਇਤਿਹਾਸ ਅਤੇ ਸੂਰਮਿਆਂ ਦਾ ਗੂੜ੍ਹਾ ਸਬੰਧ ਹੈ। ਸੂਰਮੇ ਇਤਿਹਾਸ ਨੂੰ ਗਤੀ ਬਖਸ਼ਦੇ ਹਨ ਅਤੇ ਗਤੀਸ਼ੀਲ ਇਤਿਹਾਸ ਅਨੇਕਾਂ ਹੀ ਸੂਰਮੇ ਪੈਦਾ ਕਰਦਾ ਹੈ। ਆਜ਼ਾਦੀ ਦੇ ਸੰਘਰਸ਼ ਦੇ ਕਿੰਨੇ ਹੀ ਸ਼ਹੀਦਾਂ ਨੇ ਕੁਰਬਾਨੀ, ਤਿਆਗ ਤੇ ਨਿਰਸਵਾਰਥ ਭਾਵਨਾ ਵਾਲਾ ਸੁਨਹਿਰੀ ਇਤਿਹਾਸ ਸਿਰਜਦਿਆਂ ਆਪਾ ਨਿਛਾਵਰ ਕੀਤਾ ਪਰ ਇਨ੍ਹਾਂ ਸੂਰਮਿਆਂ ’ਚੋਂ ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਲਾਸਾਨੀ ਹੈ। ਇਸ ਪੱਖੋਂ ਨਹੀਂ ਕਿ ਉਹ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਹੈ ਸਗੋਂ ਇਸ ਪੱਖੋਂ ਕਿ ਜਿੰਨੀ ਸ਼ਿੱਦਤ, ਦ੍ਰਿੜਤਾ ਅਤੇ ਪਰਿਪੱਕ ਨਿਸ਼ਾਨੇ ਦਾ ਉਹ ਇਜ਼ਹਾਰ ਕਰਦਾ ਸੀ, ਆਜ਼ਾਦੀ ਸੰਗਰਾਮ ਦੇ ਇਤਿਹਾਸ ਵਿੱਚ ਇਸ ਦੀ ਮਿਸਾਲ ਘੱਟ ਹੀ ਮਿਲਦੀ ਹੈ। ਮੌਤ ਕੁਦਰਤ ਦਾ ਅਟੱਲ ਵਰਤਾਰਾ ਹੈ ਪਰ ਮੌਤ-ਮੌਤ ਵਿੱਚ ਫ਼ਰਕ ਹੁੰਦਾ ਹੈ। ਆਪਣੇ ਲਈ ਤਾਂ ਹਰ ਕੋਈ ਮਰਦਾ ਹੈ ਪਰ ਜੋ ਲੋਕ ਦੂਸਰਿਆਂ ਲਈ ਮੌਤ ਨੂੰ ਪਰਣਾਏ ਜਾਂਦੇ ਹਨ, ਉਨ੍ਹਾਂ ਨੂੰ ‘ਪਰਬਤੋਂ ਭਾਰੀ’ ਮੌਤ ਮਰਨਾ ਕਿਹਾ ਜਾਂਦਾ ਹੈ। ਅਜਿਹੀ ਮੌਤ ਨੂੰ ਅਪਣਾਉਣ ਵਾਲੇ ਕਦੇ ਮਰਦੇ ਨਹੀਂ ਸਗੋਂ ਲੋਕ ਮਨਾਂ ਵਿੱਚ ਸਦਾ ਲਈ ਅਮਰ ਹੋ ਜਾਂਦੇ ਹਨ। ਸ਼ਹੀਦ ਕਰਤਾਰ ਸਿੰਘ ਸਰਾਭਾ ਵੀ ਗਦਰ ਪਾਰਟੀ ਲਹਿਰ ਦਾ ਇੱਕ ਅਜਿਹਾ ਹੀ ਹੋਣਹਾਰ ਜਰਨੈਲ ਸੀ ਜੋ ਅੱਗੋਂ ਆਉਣ ਵਾਲੀ ਨੌਜਵਾਨ ਪੀੜ੍ਹੀ ਲਈ ਸਦਾ ਹੀ ਆਦਰਸ਼ ਬਣਿਆ ਰਹੇਗਾ।

ਕਰਤਾਰ ਸਿੰਘ ਸਰਾਭਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ’ਚ ਸੰਨ 1896 ਵਿੱਚ ਪੈਦਾ ਹੋਇਆ ਸੀ। ਸੰਨ 1912 ਵਿੱਚ ਦਸਵੀਂ ਪਾਸ ਕਰਕੇ ਉੱਚ ਵਿਦਿਆ ਹਾਸਲ ਕਰਨ ਲਈ ਅਮਰੀਕਾ ਚਲਾ ਗਿਆ ਜਿੱਥੇ ਉਹ ਪੜ੍ਹਾਈ ਦੇ ਨਾਲ ਨਾਲ ਬਰਤਾਨਵੀ ਹਕੂਮਤ ਦੀ ਗੁਲਾਮੀ ਅਤੇ ਜਗੀਰੂ ਪ੍ਰਬੰਧ ਦੇ ਸਤਾਏ ਰੋਜ਼ੀ-ਰੋਟੀ ਲਈ ਭਟਕਦੇ ਲੋਕਾਂ ਦੇ ਜਹਾਲਤ ਭਰੇ ਹਾਲਾਤ ਤੋਂ ਜਾਣੂ ਹੋਇਆ। ਹਿੰਦੁਸਤਾਨ ਦੇ ਨਾਗਰਿਕ ਅੰਗਰੇਜ਼ੀ ਸਾਮਰਾਜ ਦੀ ਗੁਲਾਮੀ ਹੇਠ ਨਪੀੜੇ ਜਾ ਰਹੇ ਸਨ। ਗੋਰੇ ਹਾਕਮ ਹਿੰਦੁਸਤਾਨੀਆਂ ਨੂੰ ਕੁੱਤਿਆਂ ਵਾਂਗ ਦੁਰਕਾਰਦੇ ਸਨ। ਹਕੂਮਤ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਗੋਲੀਆਂ ਨਾਲ ਛਲਣੀ ਕਰਨਾ ਤੇ ਉਮਰ ਕੈਦ ਤਹਿਤ ਕਾਲੇ ਪਾਣੀਆਂ ਦੀ ਸਜ਼ਾ ਦੇਣਾ ਆਮ ਵਰਤਾਰਾ ਬਣ ਗਿਆ ਸੀ।

ਇਹ ਉਹ ਸਮਾਂ ਸੀ ਜਦੋਂ ਵਿਸ਼ਵ ਭਰ ’ਚ ਇਨਕਲਾਬੀ ਤੇ ਜਮਹੂਰੀ ਵਿਚਾਰਾਂ ਦੀ ਲਹਿਰ ਜ਼ੋਰ ਫੜ ਰਹੀ ਸੀ। ਅਜਿਹੇ ਦੌਰ ਵਿੱਚ ਇਨਕਲਾਬੀ ਲਹਿਰਾਂ ਦਾ ਪੈਦਾ ਹੋਣਾ ਸੁਭਾਵਿਕ ਸੀ। ਇਸੇ ਦੌਰ ’ਚੋਂ ਪੈਦਾ ਹੋਈ ਸੀ ਗ਼ਦਰ ਪਾਰਟੀ ਲਹਿਰ। ਅਮਰੀਕਾ ਵਿੱਚ ਰੋਜ਼ੀ-ਰੋਟੀ ਦੇ ਆਹਰ ਲਈ ਗਏ ਭਾਰਤੀਆਂ ਨੇ ਅੰਗਰੇਜ਼ੀ ਹਕੂਮਤ ਦੇ ਖੂਨੀ ਪੰਜੇ ਤੋਂ ਛੁਟਕਾਰਾ ਪਾਉਣ ਲਈ ਵਿਦੇਸ਼ੀ ਧਰਤੀ ’ਤੇ ਆਜ਼ਾਦੀ ਸੰਗਰਾਮ ਦਾ ਬਿਗਲ ਵਜਾਇਆ। ਗ਼ਦਰ ਪਾਰਟੀ ਦੇ ਕ੍ਰਾਂਤੀਕਾਰੀ ਆਗੂ ਸੋਹਣ ਸਿੰਘ ਭਕਨਾ ਦੀ ਅਗਵਾਈ ਹੇਠ ‘ਗ਼ਦਰ’ ਦੀਆਂ ਤਿਆਰੀਆਂ ਦਾ ਆਰੰਭ ਹੋ ਗਿਆ। ਇਸ ਪਾਰਟੀ ਦਾ ਉਦੇਸ਼ ਹਥਿਆਰਬੰਦ ਘੋਲ ਰਾਹੀਂ ਬਰਤਾਨਵੀ ਰਾਜ ਨੂੰ ਉਲਟਾਉਣਾ ਤੇ ਇਸ ਦੀ ਥਾਂ ’ਤੇ ‘ਸੈਕੁਲਰ ਡੈਮੋਕਰੈਟਿਕ ਰਿਪਬਲਿਕ’ ਕਾਇਮ ਕਰਨਾ ਸੀ। ਗ਼ਦਰੀਆਂ ਦਾ ਨਾਅਰਾ ਸੀ, ‘ਇਨਕਲਾਬ ਅਤੇ ਦੇਸ਼ ਦੀ ਮੁਕਤੀ ਲਈ ਸਭ ਕੁੱਝ ਦਾਅ ’ਤੇ ਲਾ ਦਿਓ’। ਭਾਰਤ ਵਿੱਚ ਉੱਠੀ ‘ਪਗੜੀ ਸੰਭਾਲ ਜੱਟਾ’ ਲਹਿਰ ਦਾ ਸਿੱਧੇ ਜਾਂ ਅਸਿੱਧੇ ਤੌਰ ’ਤੇ ਵਿਦੇਸ਼ਾਂ ’ਚ ਰਹਿੰਦੇ ਇਨ੍ਹਾਂ ਇਨਕਲਾਬੀ ਯੋਧਿਆਂ ਨਾਲ ਰਾਬਤਾ ਕਾਇਮ ਹੁੰਦਾ ਗਿਆ।

ਨਵੰਬਰ, 1913 ਵਿੱਚ ਲਾਲਾ ਹਰਦਿਆਲ ਵਰਗੇ ਦਾਨਿਸ਼ਵਰਾਂ ਨੇ ਪਾਰਟੀ ਦਾ ਪਰਚਾ ‘ਗ਼ਦਰ’ ਚਾਲੂ ਕੀਤਾ। ਇਸ ਪਰਚੇ ਦਾ ਵਧੇਰੇ ਕੰਮ ਕਰਤਾਰ ਸਿੰਘ ਸਰਾਭਾ ਜ਼ਿੰਮੇ ਸੀ। ਸਿਰਫ 18 ਸਾਲ ਦੀ ਉਮਰ ਪਰ ਨਿਰੀ ਅੱਗ ਦੀ ਲਾਟ ਸੀ ਸਰਾਭਾ। ਪੜ੍ਹਾਈ ਲਈ ਇਕੱਠੀ ਕੀਤੀ ਰਕਮ ਉਸ ਨੇ ਪਰਚੇ ਦੇ ਲੇਖੇ ਲਾ ਦਿੱਤੀ। ਅਖ਼ਬਾਰ ਛਪਵਾਉਣ ਅਤੇ ਵੰਡਣ ਦਾ ਕੰਮ ਅਤੇ ਹੋਰ ਪ੍ਰਬੰਧਕੀ ਜ਼ਿੰਮੇਵਾਰੀਆਂ ਸੰਭਾਲਣ ਸਦਕਾ ਉਹ ਛੇਤੀ ਹੀ ਪ੍ਰਬੰਧਕੀ ਕਮੇਟੀ ਦਾ ਮੈਂਬਰ ਬਣ ਗਿਆ। ਅਗਸਤ 1914 ਦੀ ਗੱਲ ਹੈ। ਜਦੋਂ ਪਹਿਲੀ ਸੰਸਾਰ ਜੰਗ ਵਿੱਚ ਅੰਗਰੇਜ਼ੀ ਸਾਮਰਾਜ ਕਸੂਤਾ ਫਸ ਚੁੱਕਿਆ ਸੀ ਤਾਂ ਅਜਿਹੇ ਸਮੇਂ ਗ਼ਦਰ ਪਾਰਟੀ ਦੇ ਆਗੂਆਂ ਨੇ ‘ਗ਼ਦਰ’ ਕਰਨ ਦਾ ਫੈਸਲਾ ਕੀਤਾ। ਜਦੋਂ ਪਾਰਟੀ ਵਰਕਰਾਂ ਨੇ ਹਿੰਦੁਸਤਾਨ ਦੀ ਧਰਤੀ ’ਤੇ ‘ਗ਼ਦਰ’ ਕਰਨ ਦੀ ਯੋਜਨਾ ਉਲੀਕੀ ਤਾਂ ਪਾਰਟੀ ਦੇ ਆਦੇਸ਼ ਮੁਤਾਬਿਕ ਬਹੁਤ ਸਾਰੇ ਭਾਰਤੀ ਜਥਿਆਂ ਦੇ ਰੂਪ ਵਿੱਚ ਭਾਰਤ ਪਹੁੰਚਣੇ ਸ਼ੁਰੂ ਹੋ ਗਏ। ਇਸ ਦੌਰਾਨ ਬਾਬਾ ਸੋਹਣ ਸਿੰਘ ਭਕਨਾ ਵਰਗੇ ਚੋਟੀ ਦੇ ਲੀਡਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕਰਤਾਰ ਸਿੰਘ ਸਰਾਭਾ ਆਪਣੀ ਤੀਖਣ ਬੁੱਧੀ ਸਦਕਾ ਆਪਣੇ ਸਾਥੀਆਂ ਸਮੇਤ ਕੋਲੰਬੋ ਰਾਹੀਂ ਭਾਰਤ ਪਹੁੁੰਚਣ ਵਿੱਚ ਸਫ਼ਲ ਹੋ ਗਿਆ। ਭਾਰਤ ਆ ਕੇ ਸਰਾਭਾ ਨੇ ਗ਼ਦਰੀਆਂ ਨੂੰ ਮੁੜ ਜਥੇਬੰਦ ਕਰਨ ਲਈ ਦਿਨ-ਰਾਤ ਇੱਕ ਕਰ ਦਿੱਤਾ। ਸਰਾਭਾ ਜਿੱਥੇ ਆਮ ਲੋਕਾਂ ਨੂੰ ਪਾਰਟੀ ਦੇ ਪ੍ਰੋਗਰਾਮ ਤੋਂ ਜਾਣੂੰ ਕਰਵਾਉਂਦਾ ਤੇ ਵਿਦਰੋਹ ਲਈ ਮਾਨਸਿਕ ਤੌਰ ’ਤੇ ਤਿਆਰ ਕਰਦਾ ਉਥੇ ਵਿਦਿਆਰਥੀਆਂ ਤੇ ਫੌਜੀਆਂ ਨੂੰ ਵੀ ਲਹਿਰ ’ਚ ਸ਼ਾਮਲ ਹੋਣ ਲਈ ਪ੍ਰੇਰਦਾ ਸੀ।

ਪੂਰੀ ਨਿਡਰਤਾ ਅਤੇ ਸਾਵਧਾਨੀ ਨਾਲ ਪੂਰੇ ਪੰਜਾਬ ਅੰਦਰ ਪਾਰਟੀ ਦੇ ਟਿਕਾਣਿਆਂ ’ਤੇ ਸਰਾਭਾ ਬਿਜਲੀ ਵਾਂਗ ਘੁੰਮ ਰਿਹਾ ਸੀ। ਇੱਕ ਦਿਨ ਲੁਧਿਆਣਾ ਵਿੱਚ ਪੁਲੀਸ ਬਾਬਾ ਸੋਹਣ ਸਿੰਘ ਭਕਨਾ ਨੂੰ ਲਈ ਜਾ ਰਹੀ ਸੀ ਤਾਂ ਬੜੀ ਫੁਰਤੀ ਤੇ ਸਾਵਧਾਨੀ ਨਾਲ ਮੌਕੇ ਦਾ ਫਾਇਦਾ ਉਠਾ ਕੇ ਸਰਾਭਾ, ਸੋਹਣ ਸਿੰਘ ਭਕਨਾ ਨੂੰ ਜਾ ਮਿਲਿਆ ਤੇ ਪਾਰਟੀ ਦੇ ਕੰਮ-ਕਾਰ ਬਾਰੇ ਵੀ ਗੱਲਬਾਤ ਕਰ ਆਇਆ। ਕਰਤਾਰ ਸਿੰਘ ਸਰਾਭਾ ਨੇ ਇਸਲਾਮੀਆ ਹਾਈ ਸਕੂਲ, ਲੁਧਿਆਣਾ ਦੇ ਕਈ ਵਿਦਿਆਰਥੀ ਆਪਣੇ ਨਾਲ ਰਲਾ ਲਏ। ਹੱਥ-ਲਿਖਤਾਂ ਲਿਖਣੀਆਂ, ਲਿਖਤਾਂ ਛਾਪਣੀਆਂ ਤੇ ਵੰਡਣ ਦਾ ਕੰਮ ਇਹ ਵਿਦਿਆਰਥੀ ਹੀ ਕਰਦੇ ਸਨ। ‘ਗ਼ਦਰ ਸੰਦੇਸ਼’, ‘ਐਲਾਨੇ ਜੰਗ’, ‘ਨਾਦਰ ਮੌਕਾ’, ‘ਨੌਜਵਾਨੋ ਉਠੋ’ ਅਤੇ ‘ਸੱਚ ਦੀ ਪੁਕਾਰ’ ਵਰਗੇ ਕਈ ਕਿਤਾਬਚੇ ਆਮ ਲੋਕਾਂ ਵਿੱਚ ਅਤੇ ਫੌਜੀ ਛਾਉਣੀਆਂ ਵਿੱਚ ਵੰਡੇ ਗਏ। ਇਸ ਪ੍ਰਚਾਰ ਦੇ ਨਾਲ ਨਾਲ ਗ਼ਦਰ ਪਾਰਟੀ ਦਾ ਅਸਲ ਮਨੋਰਥ ਹਥਿਆਰਬੰਦ ਬਗਾਵਤ ਨਾਲ ਬਰਤਾਨਵੀ ਸਾਮਰਾਜ ਨੂੰ ਭਾਰਤ ਵਿੱਚੋਂ ਜੜ੍ਹੋਂ ਪੁੱਟਣਾ ਸੀ। ਇਸ ਲਈ ਹਥਿਆਰ ਇਕੱਠੇ ਕਰਨ ਅਤੇ ਫੌਜੀ ਛਾਉਣੀਆਂ ’ਚ ਜਾ ਕੇ ਫੌਜੀਆਂ ਨੂੰ ਹਥਿਆਰਬੰਦ ਗ਼ਦਰ ਲਈ ਤਿਆਰ ਕਰਨ ਦਾ ਕੰਮ ਸਰਾਭਾ ਪੂਰੀ ਸੁਚੱਜਤਾ ਨਾਲ ਨਿਭਾਅ ਰਿਹਾ ਸੀ। ਸਰਾਭੇ ਸਦਕਾ ਹੀ ਪੰਜਾਬ ਦੇ ਗ਼ਦਰੀਆਂ ਦਾ ਤਾਲਮੇਲ ਸਚਿੰਦਰ ਨਾਥ ਸਾਨਿਆਲ ਤੇ ਰਾਜ ਬਿਹਾਰੀ ਬੋਸ ਨਾਲ ਹੋਇਆ, ਜਿਨ੍ਹਾਂ ਦੇ ਸੰਪਰਕ ’ਚ ਆਉਣ ਨਾਲ ਗ਼ਦਰ ਦੀਆਂ ਤਿਆਰੀਆਂ ਹੋਰ ਤੇਜ਼ ਹੋ ਗਈਆਂ।

ਬਗ਼ਾਵਤ ਲਈ 21 ਫਰਵਰੀ 1915 ਦਾ ਦਿਨ ਤੈਅ ਕੀਤਾ ਗਿਆ। ਫਿਰੋਜ਼ਪੁਰ ਛਾਉਣੀ ਤੋਂ ‘ਗ਼ਦਰ’ ਸ਼ੁਰੂ ਹੋਣਾ ਸੀ ਪਰ ਪਾਰਟੀ ਵਿਚਲੇ ਗੱਦਾਰ ਕ੍ਰਿਪਾਲ ਸਿੰਘ ਦੀ ਮੁਖ਼ਬਰੀ ਕਾਰਨ ਅੰਗਰੇਜ਼ ਹਕੂਮਤ ਨੂੰ ਇਸ ਦੀ ਖ਼ਬਰ ਹੋ ਗਈ। ਪਾਰਟੀ ਨੇ ਮਿੱਥਿਆ ਦਿਨ 21 ਫਰਵਰੀ ਤੋਂ ਬਦਲ ਕੇ 19 ਫ਼ਰਵਰੀ ਕਰ ਦਿੱਤਾ। ਪਰ ਕ੍ਰਿਪਾਲ ਸਿੰਘ ਨੇ ਇਸ ਬਾਰੇ ਵੀ ਬਰਤਾਵਨੀ ਹਕੂਮਤ ਨੂੰ ਸੂਚਿਤ ਕਰ ਦਿੱਤਾ। ਸਿੱਟੇ ਵਜੋਂ ਬਹੁਤ ਸਾਰੇ ਹਿੰਦੁਸਤਾਨੀ ਫੌਜੀਆਂ ਨੂੰ ਨਿਰ-ਹਥਿਆਰ ਕਰ ਦਿੱਤਾ ਗਿਆ। ਪੁਲੀਸ ਨੇ ਕ੍ਰਿਪਾਲ ਸਿੰਘ ਦੀ ਸੂਹ ਨਾਲ ਪਾਰਟੀ ਦੇ ਟਿਕਾਣਿਆਂ ’ਤੇ ਛਾਪੇ ਮਾਰ ਕੇ ਵੱਡੀ ਗਿਣਤੀ ਗ਼ਦਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇੱਕ ਗੱਦਾਰ ਨੇ ਸੂਰਮਿਆਂ ਦੀ ਅਣਥੱਕ ਮਿਹਨਤ ਮਿੱਟੀ ’ਚ ਮਿਲਾ ਦਿੱਤੀ। ‘ਗ਼ਦਰ’ ਦੀ ਯੋਜਨਾ ਅਸਫ਼ਲ ਹੋ ਗਈ। ਸਰਗੋਧੇ ਨੇੜੇ ਚੱਕ ਨੰਬਰ 5 ਵਿੱਚ ਸਰਾਭਾ ਕੁੱਝ ਲੋਕਾਂ ਨੂੰ ‘ਗ਼ਦਰ ਦੀ ਗੂੰਜ’ ਪੜ੍ਹਾ ਰਿਹਾ ਸੀ ਕਿ ਵਿਸ਼ਵਾਸਘਾਤੀ ਰਸਾਲਦਾਰ ਨੇ ਪੁਲੀਸ ਸੱਦ ਕੇ ਸਰਾਭਾ ਨੂੰ ਉਸ ਦੇ ਸਾਥੀਆਂ ਸਮੇਤ ਗ੍ਰਿਫ਼ਤਾਰ ਕਰਵਾ ਦਿੱਤਾ। ਸਪੈਸ਼ਲ ਅਦਾਲਤ ਵਿੱਚ ਮੁਕੱਦਮਾ ਚੱਲਿਆ। ਸਾਰੇ ਸਾਥੀਆਂ ਵਿੱਚ ਸਭ ਤੋਂ ਛੋਟੀ ਉਮਰ ਦੇ ਕਰਤਾਰ ਸਿੰਘ ਸਰਾਭਾ ਨੂੰ ਜੱਜ ਨੇ ਸਭ ਤੋਂ ਖਤਰਨਾਕ ਦੋਸ਼ੀ ਦੱਸਿਆ। 13 ਸਤੰਬਰ, 1915 ਨੂੰ 23 ਸਾਥੀਆਂ ਸਮੇਤ ਸਰਾਭੇ ਨੂੰ ਫਾਂਸੀ ਅਤੇ ਜਾਇਦਾਦ ਕੁਰਕੀ ਦੇ ਹੁਕਮ ਸੁਣਾ ਦਿੱਤੇ ਗਏ। ਅਖੀਰ 16 ਨਵੰਬਰ, 1915 ਨੂੰ ਅੰਗਰੇਜ਼ ਹਕੂਮਤ ਨੇ ਗ਼ਦਰ ਲਹਿਰ ਦੇ ਮਹਾਨ ਜਰਨੈਲ ਤੇ ਕੌਮ ਦੇ ਕੀਮਤੀ ਹੀਰੇ ਕਰਤਾਰ ਸਿੰਘ ਸਰਾਭਾ ਨੂੰ ਉਸ ਦੇ ਸਾਥੀਆਂ ਸਮੇਤ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ।

Share this content:

Post Comment