ਅਮਰੀਕੀ ਕੋਰਟ ਤੋਂ ਝਟਕੇ ਤੋਂ ਬਾਅਦ ਟਰੰਪ ਦਾ ਵੱਡਾ ਐਕਸ਼ਨ, ਸਾਰੇ ਦੇਸ਼ਾਂ ‘ਤੇ ਲਾਇਆ 10% ਟੈਰਿਫ
ਵਾਸ਼ਿੰਗਟਨ, 21 ਫਰਵਰੀ 0- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀਆਂ ਵਪਾਰ ਨੀਤੀਆਂ ਨੂੰ ਲੈ ਕੇ ਨਿਆਂਪਾਲਿਕਾ ਨਾਲ ਇੱਕ ਤਿੱਖੀ ਲੜਾਈ ਛੇੜ ਦਿੱਤੀ ਹੈ। ਸੁਪਰੀਮ ਕੋਰਟ ਵੱਲੋਂ ਉਨ੍ਹਾਂ ਦੇ ਪਿਛਲੇ ਟੈਰਿਫਾਂ ਨੂੰ ਅਵੈਧ ਘੋਸ਼ਿਤ ਕਰਨ ਤੋਂ ਕੁਝ ਘੰਟਿਆਂ ਬਾਅਦ ਟਰੰਪ ਨੇ ਓਵਲ ਆਫਿਸ ਤੋਂ ਇੱਕ ਨਵੇਂ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ। ਇਸ ਆਦੇਸ਼ ਤਹਿਤ ਹੁਣ ਸਾਰੇ ਦੇਸ਼ਾਂ ਤੋਂ ਦਰਾਮਦ ‘ਤੇ 10 ਫੀਸਦੀ ਗਲੋਬਲ ਟੈਰਿਫ ਲਗਾਇਆ ਜਾਵੇਗਾ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਲਿਖਿਆ, “ਮੈਨੂੰ ਇਹ ਐਲਾਨ ਕਰਦੇ ਹੋਏ ਮਾਣ ਹੋ ਰਿਹਾ ਹੈ ਕਿ ਮੈਂ ਓਵਲ ਆਫਿਸ ਤੋਂ ਸਾਰੇ ਦੇਸ਼ਾਂ ‘ਤੇ 10 ਫੀਸਦੀ ਗਲੋਬਲ ਟੈਰਿਫ ‘ਤੇ ਦਸਤਖਤ ਕੀਤੇ ਹਨ, ਜੋ ਲਗਭਗ ਤੁਰੰਤ ਲਾਗੂ ਹੋਵੇਗਾ।”
ਇਸ ਤੋਂ ਪਹਿਲਾਂ, ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਉਹ 1974 ਦੇ ਵਪਾਰ ਐਕਟ ਦੀ ਧਾਰਾ 122 ਦੇ ਤਹਿਤ 10 ਫੀਸਦੀ ਗਲੋਬਲ ਟੈਰਿਫ ਦਾ ਆਦੇਸ਼ ਦੇਣਗੇ, ਜੋ ਕਿ ਮੌਜੂਦਾ ਟੈਰਿਫਾਂ ਤੋਂ ਇਲਾਵਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ “ਮੈਂ ਇਸ ਤੋਂ ਕਿਤੇ ਵੱਧ ਵੀ ਟੈਕਸ ਲਾ ਸਕਦਾ ਹਾਂ।”
ਵਪਾਰ ਐਕਟ ਦੀ ਧਾਰਾ 122 ਦੇ ਤਹਿਤ ਲਾਇਆ ਗਿਆ ਇਹ ਟੈਰਿਫ ਲਗਭਗ ਪੰਜ ਮਹੀਨਿਆਂ (150 ਦਿਨਾਂ) ਲਈ ਪ੍ਰਭਾਵੀ ਰਹੇਗਾ। ਇਸ ਸਮੇਂ ਦੌਰਾਨ ਪ੍ਰਸ਼ਾਸਨ ਦੂਜੇ ਦੇਸ਼ਾਂ ‘ਤੇ ਢੁਕਵੇਂ ਟੈਰਿਫ ਤੈਅ ਕਰਨ ਲਈ ਜ਼ਰੂਰੀ ਜਾਂਚ ਕਰੇਗਾ। ਟਰੰਪ ਨੇ ਸੰਕੇਤ ਦਿੱਤਾ ਕਿ ਜੇ ਲੋੜ ਪਈ ਤਾਂ ਟੈਰਿਫ ਵਧਾਏ ਜਾ ਸਕਦੇ ਹਨ। ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ, “ਅਸੀਂ ਜੋ ਚਾਹੀਏ ਕਰ ਸਕਦੇ ਹਾਂ। ਦਰਾਂ ਸੰਭਾਵੀ ਤੌਰ ‘ਤੇ ਵੱਧ ਹੋ ਸਕਦੀਆਂ ਹਨ।”
ਅਮਰੀਕੀ ਸੁਪਰੀਮ ਕੋਰਟ ਨੇ 6-3 ਦੇ ਫੈਸਲੇ ਵਿੱਚ 1977 ਦੇ ਅੰਤਰਰਾਸ਼ਟਰੀ ਐਮਰਜੈਂਸੀ ਆਰਥਿਕ ਸ਼ਕਤੀਆਂ ਐਕਟ (IEEPA) ਦੇ ਤਹਿਤ ਕਾਂਗਰਸ ਦੀ ਪ੍ਰਵਾਨਗੀ ਤੋਂ ਬਿਨਾਂ ਟੈਰਿਫ ਲਗਾਉਣ ਦੇ ਰਾਸ਼ਟਰਪਤੀ ਦੇ ਅਧਿਕਾਰ ਨੂੰ ਰੱਦ ਕਰ ਦਿੱਤਾ। ਟਰੰਪ ਨੇ ਇਸ ਫੈਸਲੇ ਨੂੰ ਬਹੁਤ ਨਿਰਾਸ਼ਾਜਨਕ ਕਿਹਾ ਅਤੇ ਕਿਹਾ ਕਿ ਉਹ ਅਦਾਲਤ ਦੇ ਕੁਝ ਮੈਂਬਰਾਂ ਤੋਂ ਸ਼ਰਮਿੰਦਾ ਹਨ।
ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ IEEPA ਦੇ ਤਹਿਤ ਪਾਬੰਦੀ ਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਕੋਲ ਹੋਰ ਕਾਨੂੰਨੀ ਵਿਕਲਪਾਂ ਦੀ ਘਾਟ ਹੈ। ਉਨ੍ਹਾਂ ਕਿਹਾ ਕਿ “ਮੈਂ ਵਪਾਰ ਨੂੰ ਤਬਾਹ ਕਰ ਸਕਦਾ ਹਾਂ, ਮੈਂ ਕਿਸੇ ਦੇਸ਼ ‘ਤੇ ਪਾਬੰਦੀਆਂ ਲਗਾ ਸਕਦਾ ਹਾਂ। ਮੈਂ ਬਹੁਤ ਕੁਝ ਕਰ ਸਕਦਾ ਹਾਂ, ਪਰ ਮੈਂ 1 ਡਾਲਰ ਟੈਰਿਫ ਨਹੀਂ ਲਗਾ ਸਕਦਾ?” ਇਹ ਕਿੰਨਾ ਹਾਸੋਹੀਣਾ ਹੈ?’
ਟਰੰਪ ਨੇ ਜਸਟਿਸ ਬ੍ਰੇਟ ਕੈਵਾਨੌ ਦੇ ਅਸਹਿਮਤੀ ਵਾਲੇ ਨੋਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਰਾਸ਼ਟਰਪਤੀ ਦੀਆਂ ਟੈਰਿਫ ਸ਼ਕਤੀਆਂ ਭਵਿੱਖ ਵਿੱਚ ਸੀਮਤ ਨਹੀਂ ਹੋਣਗੀਆਂ।
Share this content:


Post Comment