Loading Now

ਅਮਰੀਕਾ ਵਲੋਂ ਫ਼ੀਸ ਵਾਧੇ ਕਾਰਨ ਪੰਜਾਬੀ ਵਿਦਿਆਰਥੀ ਚਿੰਤਾ ‘ਚ

ਅਮਰੀਕਾ ਵਲੋਂ ਫ਼ੀਸ ਵਾਧੇ ਕਾਰਨ ਪੰਜਾਬੀ ਵਿਦਿਆਰਥੀ ਚਿੰਤਾ ‘ਚ

ਅਮਰੀਕਾ, 26 ਸਤੰਬਰ – ਅਮਰੀਕਾ ਦੀ ਟਰੰਪ ਸਰਕਾਰ ਨੇ ਪਿਛਲੇ ਹਫ਼ਤੇ ਵੀਜ਼ਾ ਫ਼ੀਸ 12000 ਡਾਲਰ ਤੋਂ ਵਧਾ ਕੇ 1 ਲੱਖ ਡਾਲਰ ਕਰਨ ਦਾ ਜੋ ਤੁਗਲਕੀ ਫ਼ੁਰਮਾਨ ਜਾਰੀ ਕੀਤਾ ਸੀ ਭਾਵੇਂ ਉਸ ਬਾਰੇ ਸਪੱਸ਼ਟੀਕਰਨ ਵੀ ਦਿਤਾ ਗਿਆ ਕਿ ਸਾਲ ਵਿਚ ਇਕ ਵਾਰ ਜਾਂ ਹਰ ਸਾਲ ਨਹੀਂ ਅਤੇ ਸਤੰਬਰ 21 ਤੋਂ ਪਹਿਲਾਂ ਵਾਲਿਆਂ ’ਤੇ ਲਾਗੂ ਨਹੀਂ ਹੋਵੇਗਾ ਪਰ ਫਿਰ ਵੀ ਭਾਰਤ ਤੋਂ 4,50,000 ਤਕਨੀਕੀ ਵਿਦਿਆਰਥੀ ਤੇ ਵਿਸ਼ੇਸ਼ ਕਰ ਪੰਜਾਬੀ ਨੌਜਵਾਨ ਕਾਫ਼ੀ ਚਿੰਤਾ ਵਿਚ ਫਸ ਗਏ ਹਨ।

ਪੰਜਾਬੀ ਪ੍ਰਵਾਰ ਸਾਲਾਨਾ 50,000 ਕਰੋੜ ਫ਼ੀਸ ’ਤੇ ਖ਼ਰਚਦੇ ਹਨ। ਰੋਜ਼ਾਨਾ ਸਪੋਕਸਮੈਨ ਵਲੋਂ ਦੋਆਬਾ ਦੇ ਜਲੰਧਰ ਲੁਧਿਆਣਾ, ਮਾਲਵਾ ਤੋਂ ਬਠਿੰਡਾ ਮੋਗਾ ਤੇ ਰਾਜਧਾਨੀ ਚੰਡੀਗੜ੍ਹ ਸਮੇਤ ਹਰਿਆਣਾ ਵਿਚ ਗੁੜਗਾਵਾਂ ਜੋ ਤਕਨੀਕੀ ਸਿਖਿਆ ਦੇ ਕੇਂਦਰ ਯਾਨੀ ਆਇਲਟ ਤੇ ਵੀਜ਼ਾ ਅਰਜ਼ੀਆਂ ਦੇ ਮਾਹਰ ਹਨ, ਨਾਲ ਗੱਲਬਾਤ ਕਰਨ ’ਤੇ ਪਤਾ ਲੱਗਾ ਹੈ ਕਿ ਵੱਡੀਆਂ ਕੰਪਨੀਆਂ ਬਿਜਨੈਸ ਅਦਾਰੇ ਅਤੇ ਨਵੀਆਂ ਇਲੈਕਟ੍ਰੋਨਿਕ ਅਤੇ ਡਿਜੀਟਲ ਅਦਾਰੇ ਹੌਲੀ ਹੌਲੀ ਅਪਣਾ ਕਾਰੋਬਾਰ ਯੂਰਪ ਅਤੇ ਹੋਰ ਦੇਸ਼ਾਂ ਆਸਟ੍ਰੇਲੀਆ ਨਿਊਜ਼ੀਲੈਂਡ, ਕੈਨੇਡਾ ਵਲ ਕਰਨ ਲੱਗ ਪੈਣਗੇ।

ਇਨ੍ਹਾਂ ਮਾਹਰਾਂ ਨੇ ਦਸਿਆ ਕਿ ਪਿਛਲੇ ਸਾਲ ਭਾਰਤ ਅਤੇ ਕੈਨੇਡਾ ਵਿਚਾਲੇ ਡਿਪਲੋਮੈਟਿਕ ਸਬੰਧ ਵਿਗੜਨ ਕਾਰਨ ਜੋ ਝਟਕਾ ਪੰਜਾਬੀ ਲੜਕੇ ਲੜਕੀਆਂ ਯਾਨੀ ਪੜ੍ਹੇ ਲਿਖੇ ਵਰਗ ਨੂੰ ਲੱਗਾ ਸੀ ਉਸ ਵਿਚ ਕਾਫ਼ੀ ਸੁਧਾਰ ਹੋ ਰਿਹਾ ਹੈ ਅਤੇ ਹੁਣ ਟਰੰਪ ਪ੍ਰਸ਼ਾਸਨ ਵਲੋਂ ਆਏ ਦਿਨ ਜਾਰੀ ਕੀਤੇ ਫ਼ੈਸਲਿਆਂ ਸਬੰਧੀ ਉਥੋਂ ਦੀਆਂ ਕੰਪਨੀਆਂ ਅਪਣੀਆਂ ਫ਼ੈਡਰਲ ਅਦਾਲਤਾਂ ਰਾਹੀਂ ਸਰਕਾਰਾਂ ’ਤੇ ਦਬਾਅ ਪਾਉਣਗੀਆਂ ਜਾਂ ਫਿਰ ਯੂ.ਐਸ. ਤੇ ਭਾਰਤ ਵਿਚ ਸਥਾਪਤ ਸਾਂਝੀਆਂ ਕੰਪਨੀਆਂ ਰਸਤਾ ਲੱਭ ਕੇ ਮਸਲੇ ਦਾ ਹੱਲ ਲੱਭ ਲੈਣਗੀਆ।

ਤਕਨੀਕੀ ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਦੇ ਆਈ.ਟੀ.ਸੈਕਟਰ ਇਸ ਵੀਜ਼ਾ ਫ਼ੀਸ ਵਿਚ ਵਾਧੇ ਅਤੇ ਨਿਯਮਾਂ ਵਿਚ ਸਖ਼ਤੀ ਕਰਨ ਨੂੰ ਭਾਵੇਂ ਅਮਰੀਕਾ ਨਾਲ ਟੈ੍ਰਰਿਫ਼ ਵਾਧੇ ਅਤੇ ਯੂਕਰੇਨ ਰੂਸ ਲੜਾਈ ਵਿਚ ਭਾਰਤ ਸਰਕਾਰ ਦੀ ਭੂਮਿਕਾ ਨੂੰ ਵੱਡਾ ਕਾਰਨ ਸਮਝਦਾ ਹੈ ਪਰ ਉਨ੍ਹਾਂ ਦਾ ਵਿਚਾਰ ਹੈ ਕਿ ਇਸ ਵੱਡੀ ਖਿੱਚੋਤਾਣ ਨਾਲ ਅਮਰੀਕਾ ਦੀ ਆਰਥਕ ਹਾਲਤ ’ਤੇ ਵੀ ਮਾੜਾ ਅਸਰ ਪਵੇਗਾ। ਇਨ੍ਹਾਂ ਮਾਹਰਾਂ ਦਾ ਕਹਿਣਾ ਹੈ ਕਿ ਜਿਵੇਂ ਭਾਰਤ ਸਰਕਾਰ ਨੇ ਜਾਪਾਨ, ਚੀਨ, ਆਸਟ੍ਰੇਲੀਆ ਤੇ ਹੋਰ ਦੇਸ਼ਾਂ ਨਾਲ ਤਕਨੀਕੀ ਤੇ ਕੰਪਨੀਆਂ ਵਿਚ ਕਿੱਤਾ ਮੁਖੀ ਨੌਜਵਾਨ ਲੜਕੇ ਲੜਕੀਆਂ ਨੂੰ ਇਕ ਦੂਜੇ ਦੇਸ਼ਾਂ ਵਿਚ ਟੇ੍ਰਨਿੰਗ ਤੇ ਨੌਕਰੀਆਂ ਦੇਣ ਦਾ ਹੁਲਾਰਾ ਦਿਤਾ ਹੈ ਉਸ ਨਾਲ ਐਚ ਵਨ ਵੀਜ਼ਾ ਦਾ ਸੰਕਟ ਜ਼ਰੂਰ ਟਲ ਜਾਵੇਗਾ। ਅਮਰੀਕਨ ਕੰਪਨੀ ਦੇ ਵੱਡੇ ਮਾਹਰ ਫ਼ਰੈਂਕ ਐਫ਼ ਇਸਲਾਮ ਨੇ ਅਪਣੇ ਵਿਚਾਰ ਦਿੰਦਿਆਂ ਕਿਹਾ ਹੈ ਕਿ ਟਰੰਪ ਸਰਕਾਰ ਜ਼ਰੂਰ ਛੇਤੀ ਹੀ ਇਸ ਵੱਡੇ ਅਤੇ ਤਰਕਹੀਣ ਫ਼ੈਸਲੇ ਬਾਰੇ ਅਪਣੇ ਸਲਾਹਕਾਰਾਂ ਮੁਤਾਬਕ ਵਿਚ ਵਿਚਾਲੇ ਹੱਲ ਲੱਭਣਗੇ।

Share this content:

Post Comment