ਅਮਰੀਕਾ ਦੌਰੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
ਅੰਮ੍ਰਿਤਸਰ, 19 ਜੂਨ, (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਅਮਰੀਕਾ ਦੌਰੇ ਦੌਰਾਨ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਧਰਮਪਤਨੀ ਬੀਬੀ ਹਰਮੀਤ ਕੌਰ, ਸਪੁੱਤਰ ਭਾਈ ਤਰਲੋਚਨ ਸਿੰਘ ਅਤੇ ਪਰਿਵਾਰ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਪੰਥ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਸਤਿਕਾਰ ਸਹਿਤ ਯਾਦ ਕੀਤਾ। ਉਨ੍ਹਾਂ ਭਾਈ ਅਮਰੀਕ ਸਿੰਘ ਦੇ ਪਰਿਵਾਰ ਨਾਲ ਪੰਥਕ ਵਿਚਾਰਾਂ ਵੀ ਕੀਤੀਆਂ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਵਫ਼ਦ ਵਿਚ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਓਐਸਡੀ ਸ. ਸਤਬੀਰ ਸਿੰਘ ਵੀ ਮੌਜੂਦ ਸਨ। ਐਡਵੋਕੇਟ ਧਾਮੀ ਨੇ ਕਿਹਾ ਕਿ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦਾ ਨਾਮ ਸਿੱਖ ਕੌਮ ਦੇ ਇਤਿਹਾਸ ਵਿੱਚ ਅਦੁੱਤੀ ਕੁਰਬਾਨੀ, ਦ੍ਰਿੜ੍ਹਤਾ ਅਤੇ ਪੰਥਕ ਸਮਰਪਣ ਦੇ ਪ੍ਰਤੀਕ ਵਜੋਂ ਸਦਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਈ ਅਮਰੀਕ ਸਿੰਘ ਨੇ ਆਪਣੇ ਜੀਵਨ ਨੂੰ ਸਿੱਖ ਕੌਮ ਦੇ ਹੱਕਾਂ, ਧਾਰਮਿਕ ਆਜ਼ਾਦੀ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਸਮਰਪਿਤ ਕੀਤਾ ਅਤੇ ਉਨ੍ਹਾਂ ਦੀ ਸ਼ਹਾਦਤ ਨੇ ਸਿੱਖ ਸੰਘਰਸ਼ ਦੇ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਹਾਸਲ ਕੀਤਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ ਦਾ ਸਤਿਕਾਰ ਕਰਨਾ ਸਮੁੱਚੀ ਕੌਮ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪਰਿਵਾਰਾਂ ਨੇ ਪੰਥ ਦੀ ਚੜ੍ਹਦੀ ਕਲਾ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ, ਜਿਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਭਾਈ ਅਮਰੀਕ ਸਿੰਘ ਜੀ ਦੇ ਜੀਵਨ, ਵਿਚਾਰਧਾਰਾ ਅਤੇ ਪੰਥਕ ਯੋਗਦਾਨ ਬਾਰੇ ਵੀ ਵਿਚਾਰ ਸਾਂਝੇ ਕੀਤੇ।
Share this content:


Post Comment