ਅਮਰੀਕਾ ‘ਤੇ ਭਾਰਤ ਦੀ ਯਾਰੀ ‘ਚ ਪਿਆ ਫਿੱਕ, ਟਰੰਪ ਦੀ ਭਾਰਤ ਤੋਂ 500 ਫ਼ੀਸਦ ਟੈਕਸ ਵਸੂਲਣ ਦੀ ਧਮਕੀ
ਨਵੀਂ ਦਿੱਲੀ, 4 ਜੁਲਾਈ – ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਮਗਰੋਂ ਅਮਰੀਕਾ ਲਗਤਾਰ ਭਾਰਤ ਨੂੰ ਅੱਖਾਂ ਵਿਖਾ ਰਿਹਾ ਹੈ। ਟਰੰਪ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੋਸਤੀ ਨੂੰ ਵੀ ਨਜ਼ਰ ਅੰਦਾਜ ਕਰ ਰਹੇ ਹਨ। ਅਮਰੀਕਾ ਨੇ ਹੁਣ ਫਿਰ 500 ਫ਼ੀਸਦ ਟੈਕਸ ਵਸੂਲਣ ਦੀ ਧਮਕੀ ਦਿੱਤੀ ਹੈ। ਜੇਕਰ ਅਮਰੀਕਾ ਅਜਿਹਾ ਕਰਦਾ ਹੈ ਤਾਂ ਭਾਰਤ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਭਾਰਤ ਨੇ ਇਸ ਸਬੰਧੀ ਆਪਣਾ ਇਤਰਾਜ਼ ਵੀ ਜਤਾਇਆ ਹੈ। ਇਸ ਬਾਰੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ ਕੋਲ ਉਸ ਬਿੱਲ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ, ਜਿਸ ’ਚ ਉਨ੍ਹਾਂ ਰੂਸ ਤੋਂ ਤੇਲ ਖ਼ਰੀਦਣ ਵਾਲੇ ਮੁਲਕਾਂ ’ਤੇ 500 ਫ਼ੀਸਦ ਟੈਕਸ ਵਸੂਲਣ ਦੀ ਤਜਵੀਜ਼ ਪੇਸ਼ ਕੀਤੀ ਹੈ। ਜੈਸ਼ੰਕਰ ਨੇ ਕਿਹਾ, ‘‘ਅਸੀਂ ਊਰਜਾ ਸੁਰੱਖਿਆ ਨਾਲ ਜੁੜੇ ਆਪਣੇ ਖ਼ਦਸ਼ਿਆਂ ਤੇ ਹਿੱਤਾਂ ਤੋਂ ਗ੍ਰਾਹਮ ਨੂੰ ਜਾਣੂ ਕਰਵਾ ਦਿੱਤਾ ਹੈ। ਭਾਰਤ ਉਦੋਂ ਉਸ ਪੁਲ ਨੂੰ ਪਾਰ ਕਰਨਾ ਕਰੇਗਾ ਜਦੋਂ ਉਹ ਆਵੇਗਾ।’’ ਦੱਸ ਦਈਏ ਕਿ ਗ੍ਰਾਹਮ ਵੱਲੋਂ ਪ੍ਰਸਤਾਵਿਤ ਬਿੱਲ ’ਚ ਕਿਹਾ ਗਿਆ ਹੈ ਕਿ ਜੇ ਮਾਸਕੋ, ਯੂਕਰੇਨ ਨਾਲ ਸ਼ਾਂਤੀ ਵਾਰਤਾ ’ਚ ਹਿੱਸਾ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਰੂਸ ਤੋਂ ਤੇਲ ਖ਼ਰੀਦਣ ਵਾਲੇ ਮੁਲਕਾਂ ’ਤੇ 500 ਫ਼ੀਸਦ ਟੈਕਸ ਲਗਾਇਆ ਜਾਵੇ। ਜੈਸ਼ੰਕਰ ਨੇ ਕਿਹਾ ਕਿ ਭਾਰਤੀ ਸਫ਼ਾਰਤਖਾਨੇ ਤੇ ਅਧਿਕਾਰੀ ਇਸ ਮੁੱਦੇ ’ਤੇ ਗ੍ਰਾਹਮ ਦੇ ਸੰਪਰਕ ’ਚ ਹਨ। ਉਨ੍ਹਾਂ ਕਿਹਾ ਕਿ ਅਮਰੀਕੀ ਸੰਸਦ ’ਚ ਹੋਣ ਵਾਲਾ ਕੋਈ ਵੀ ਘਟਨਾਕ੍ਰਮ ਭਾਰਤ ਲਈ ਉਦੋਂ ਅਹਿਮ ਹੋ ਜਾਂਦਾ ਹੈ, ਜਦੋਂ ਇਸ ਨਾਲ ਮੁਲਕ ਦੇ ਹਿੱਤ ਪ੍ਰਭਾਵਿਤ ਹੁੰਦੇ ਹਨ ਜਾਂ ਹੋ ਸਕਦੇ ਹਨ।
ਉਧਰ ਭਾਰਤ ਤੇ ਅਮਰੀਕਾ ਦੇ ਅਧਿਕਾਰੀਆਂ ਵਿਚਾਲੇ ਵਾਸ਼ਿੰਗਟਨ ’ਚ ਦੋਵੇਂ ਮੁਲਕਾਂ ਵਿਚਾਲੇ ਤਜਵੀਜ਼ਤ ਅੰਤਰਿਮ ਵਪਾਰ ਸਮਝੌਤੇ ਬਾਰੇ ਵਿਚਾਰ ਵਟਾਂਦਰਾ ਜਾਰੀ ਹੈ। ਇਸ ਬਿੱਲ ਦੇ ਸੈਨੇਟ ਵਿੱਚ 80 ਤੋਂ ਵੱਧ ਸਹਿ-ਪ੍ਰਾਯੋਜਕ ਹਨ ਜਿਸ ਨਾਲ ਇਹ ਸੰਭਾਵੀ ਤੌਰ ’ਤੇ ਵੀਟੋ-ਪਰੂਫ ਬਣ ਗਿਆ ਹੈ। ਰੂਸ ਤੇ ਯੂਕਰੇਨ ਵਿਚਾਲੇ ਜੰਗ ਛਿੜਨ ਤੋਂ ਬਾਅਦ ਅਮਰੀਕਾ ਤੇ ਪੱਛਮੀ ਮੁਲਕਾਂ ਨੇ ਮਾਸਕੋ ’ਤੇ ਪਾਬੰਦੀਆਂ ਲਗਾਈਆਂ ਸਨ। ਹਾਲਾਂਕਿ ਭਾਰਤ ਨੇ ਰੂਸ ਤੋਂ ਤੇਲ ਖ਼ਰੀਦਣਾ ਜਾਰੀ ਰੱਖਿਆ ਹੈ।ਮਈ ਦੇ ਸ਼ੁਰੂ ਵਿੱਚ ਲਿੰਡਸੇ ਗ੍ਰਾਹਮ ਨੇ ਕਿਹਾ ਸੀ ਕਿ ਉਹ ਬਿੱਲ ਦੇ ਸਬੰਧ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸੰਪਰਕ ਵਿੱਚ ਹਨ। ਰਿਪਬਲਿਕਨ ਸੰਸਦ ਮੈਂਬਰਾਂ ਨੇ ਸੰਕੇਤ ਦਿੱਤਾ ਹੈ ਕਿ ਉਹ ਬਿੱਲ ਨੂੰ ਅੱਗੇ ਵਧਾਉਣ ਬਾਰੇ ਚਿੰਤਤ ਹਨ ਪਰ ਉਹ ਟਰੰਪ ਦੀ ਮਨਜ਼ੂਰੀ ਦੀ ਉਡੀਕ ਕਰ ਰਹੇ ਹਨ। ਜਦੋਂ ਪੁੱਛਿਆ ਗਿਆ ਕਿ ਕੀ ਟਰੰਪ ਬਿੱਲ ਪੇਸ਼ ਕਰਨ ਬਾਰੇ ਵਿਚਾਰ ਕਰ ਰਹੇ ਹਨ ਤਾਂ ਗ੍ਰਾਹਮ ਨੇ ਕਿਹਾ, ‘‘ਹਰ ਕੋਈ ਆਪੋ ਆਪਣੇ ਪੱਧਰ ’ਤੇ ਕੰਮ ਕਰ ਰਿਹਾ ਹੈ।’’ ਗ੍ਰਾਹਮ ਰੂਸੀ ਪਾਬੰਦੀਆਂ ਵਾਲੇ ਬਿੱਲ ’ਚੋਂ ਯੂਕਰੇਨ ਦੀ ਰੱਖਿਆ ਵਿੱਚ ਮਦਦ ਕਰਨ ਵਾਲੇ ਮੁਲਕਾਂ ਨੂੰ ਬਾਹਰ ਰੱਖਣ ਦੀ ਤਜਵੀਜ਼ ਬਾਰੇ ਵੀ ਵਿਚਾਰ ਕਰ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਰੂਸ ਨਾਲ ਵਪਾਰ ਕਰਨ ’ਤੇ ਲੱਗਣ ਵਾਲੇ 500 ਫ਼ੀਸਦ ਟੈਕਸ ਤੋਂ ਬਚਾਇਆ ਜਾ ਸਕੇ।
Share this content:



Post Comment