ਅਮਰੀਕਾ ‘ਚ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਮਾਮਲੇ ‘ਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ 19 ਸਾਲ ਦੀ ਸਜ਼ਾ
ਨਿਊਯਾਰਕ, 21 ਨਵੰਬਰ – ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਮਾਮਲੇ ‘ਚ ਇੱਕ ਭਾਰਤੀ ਨਾਗਰਿਕ ਨੂੰ ਅਮਰੀਕਾ ਦੀ ਜੇਲ੍ਹ ‘ਚ 19 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ। ਸ਼ੁੱਕਰਵਾਰ ਨੂੰ ਅਮਰੀਕਾ ਦੀ ਇੱਕ ਅਦਾਲਤ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ 19 ਸਾਲ ਤੇ 7 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ। ਉਸ ਨੂੰ ਅਮਰੀਕੀ ਧਰਤੀ ‘ਤੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ‘ਚ ਸ਼ਾਮਲ ਹੋਣ ਦਾ ਦੋਸ਼ੀ ਪਾਇਆ ਗਿਆ ਸੀ। ਪੰਨੂ ਨੂੰ ਭਾਰਤੀ ਕਾਨੂੰਨ ਤਹਿਤ ਅੱਤਵਾਦੀ ਐਲਾਨਿਆ ਗਿਆ ਹੈ ਤੇ ਉਸ ਦੇ ਸੰਗਠਨ ‘ਸਿੱਖਸ ਫਾਰ ਜਸਟਿਸ’ ‘ਤੇ ਪਾਬੰਦੀ ਲਗਾਈ ਗਈ ਹੈ। 55 ਸਾਲਾ ਨਿਖਿਲ ਗੁਪਤਾ ਨੇ ਇਸ ਸਾਲ ਦੀ ਸ਼ੁਰੂਆਤ ‘ਚ ਆਪਣਾ ਜੁਰਮ ਕਬੂਲ ਕਰ ਲਿਆ ਸੀ। ਉਸ ‘ਤੇ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਲੱਗੇ ਸਨ। ਪੰਨੂ ਭਾਰਤੀ ਮੂਲ ਦਾ ਵਕੀਲ ਹੈ ਤੇ ਉਸ ਕੋਲ ਅਮਰੀਕਾ ਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ। ਸ਼ੁੱਕਰਵਾਰ ਨੂੰ ਲਗਭਗ 80 ਮਿੰਟ ਤੱਕ ਚੱਲੀ ਸੁਣਵਾਈ ਤੋਂ ਬਾਅਦ ਨਿਊਯਾਰਕ ਦੀ ਦੱਖਣੀ ਜ਼ਿਲ੍ਹਾ ਅਦਾਲਤ ਦੇ ਜੱਜ ਵਿਕਟਰ ਮੈਰੇਰੋ ਨੇ ਨਿਖਿਲ ਗੁਪਤਾ ਨੂੰ 235 ਮਹੀਨੇ ਯਾਨੀ ਲਗਭਗ 19 ਸਾਲ ਤੇ 7 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ।
ਨਿਖਿਲ ਗੁਪਤਾ ‘ਤੇ ਨਹੀਂ ਲਗਾਈ ਗਈ ਸੁਪਰਵਾਈਜ਼ਡ ਰਿਲੀਜ਼ ਦੀ ਸ਼ਰਤ
ਜੱਜ ਨੇ ਨਿਖਿਲ ਗੁਪਤਾ ‘ਤੇ ਸਜ਼ਾ ਪੂਰੀ ਹੋਣ ਤੋਂ ਬਾਅਦ ਨਿਗਰਾਨੀ ਹੇਠ ਰਹਿਣ ਦੀ ਕੋਈ ਸ਼ਰਤ ਨਹੀਂ ਲਗਾਈ। ਉਨ੍ਹਾਂ ਕਿਹਾ ਕਿ ਜੇਲ੍ਹ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਨਿਖਿਲ ਨੂੰ ਦੇਸ਼ ‘ਚੋਂ ਬਾਹਰ ਭੇਜਣ ਯਾਨੀ ਡਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਸੁਣਵਾਈ ਦੌਰਾਨ ਭੂਰੇ ਰੰਗ ਦੀ ਜੇਲ੍ਹ ਵਰਦੀ ਪਹਿਨੇ ਨਿਖਿਲ ਗੁਪਤਾ ਨੂੰ ਅਦਾਲਤ ਦੇ ਕਮਰੇ ‘ਚ ਲਿਆਂਦਾ ਗਿਆ। ਅੰਦਰ ਆਉਂਦੇ ਹੀ ਉਸ ਨੇ ਪੂਰੇ ਕਮਰੇ ਵੱਲ ਦੇਖਿਆ ਤੇ ਫਿਰ ਆਪਣੇ ਵਕੀਲਾਂ ਵਿਚਕਾਰ ਜਾ ਕੇ ਬੈਠ ਗਿਆ।
ਨਿਖਿਲ ਗੁਪਤਾ ਨੇ ਅਦਾਲਤ ‘ਚ ਮੰਗੀ ਮੁਆਫ਼ੀ
ਨਿਖਿਲ ਗੁਪਤਾ ਨੇ ਮਹਾਤਮਾ ਗਾਂਧੀ, ਮਦਰ ਟੈਰੇਸਾ, ਨੈਲਸਨ ਮੰਡੇਲਾ ਤੇ ਮਾਰਟਿਨ ਲੂਥਰ ਕਿੰਗ ਦੀਆਂ ਸਿੱਖਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਆਗੂਆਂ ਦੇ ਆਦਰਸ਼ਾਂ ‘ਤੇ ਚੱਲਣ ਦੀ ਉਮੀਦ ਰੱਖਦਾ ਸੀ। ਅਦਾਲਤ ‘ਚ ਅੰਗਰੇਜ਼ੀ ਵਿੱਚ ਦਿੱਤੇ ਆਪਣੇ 6 ਮਿੰਟ ਦੇ ਸੰਖੇਪ ਬਿਆਨ ਦੌਰਾਨ ਨਿਖਿਲ ਗੁਪਤਾ ਨੇ ਆਪਣੇ ਕੀਤੇ ਲਈ ਮੁਆਫ਼ੀ ਮੰਗੀ। ਪੰਨੂ ਵੱਲ ਦੇਖਦਿਆਂ ਉਸ ਨੇ ਕਿਹਾ ਕਿ ਜੋ ਕੁਝ ਉਸ ਨੇ ਕੀਤਾ ਹੈ, ਉਹ ਉਸ ਨੂੰ ਬਦਲ ਨਹੀਂ ਸਕਦਾ। ਉਸ ਨੇ ਪੰਨੂ, ਪੂਰੇ ਭਾਈਚਾਰੇ ਤੇ ਬਿਰਾਦਰੀ ਤੋਂ ਮੁਆਫ਼ੀ ਮੰਗਦਿਆਂ ਅਫ਼ਸੋਸ ਪ੍ਰਗਟਾਇਆ। ਸੁਣਵਾਈ ਦੌਰਾਨ ਪੰਨੂ ਦੇ ਨਾਲ ਸਿੱਖ ਭਾਈਚਾਰੇ ਦੇ ਕਈ ਲੋਕ ਵੀ ਮੌਜੂਦ ਸਨ। ਨਿਖਿਲ ਗੁਪਤਾ ਨੇ ਕਿਹਾ ਕਿ ਉਸ ਦੇ ਪਰਿਵਾਰ, ਪਤਨੀ, ਮਾਂ ਤੇ ਬੱਚਿਆਂ ਨੂੰ ਬਹੁਤ ਤਕਲੀਫ਼ਾਂ ਝੱਲਣੀਆਂ ਪਈਆਂ ਹਨ ਤੇ ਉਸ ਨੂੰ ਉਸ ਕੰਮ ਲਈ ਸਜ਼ਾ ਮਿਲ ਰਹੀ ਹੈ, ਜੋ ਉਸ ਨੇ ਨਹੀਂ ਕੀਤਾ। ਅਦਾਲਤ ‘ਚ ਬੋਲਦਿਆਂ ਉਸ ਦਾ ਗਲਾ ਭਰ ਆਇਆ ਤੇ ਉਹ ਭਾਵੁਕ ਹੋ ਗਿਆ। ਉਸ ਨੇ ਕਿਹਾ ਕਿ ਅਦਾਲਤ ਵੱਲੋਂ ਦਿੱਤੀ ਜਾਣ ਵਾਲੀ ਸਜ਼ਾ ਨੂੰ ਉਹ ਸਵੀਕਾਰ ਕਰੇਗਾ ਤੇ ਸਜ਼ਾ ਪੂਰੀ ਕਰਨ ਤੋਂ ਬਾਅਦ ਇੱਕ ਬਿਹਤਰ ਇਨਸਾਨ ਬਣ ਕੇ ਬਾਹਰ ਆਵੇਗਾ।
ਅਦਾਲਤ ‘ਚ ਕੀ ਬੋਲਿਆ ਗੁਰਪਤਵੰਤ ਸਿੰਘ ਪੰਨੂ?
ਗੁਰਪਤਵੰਤ ਸਿੰਘ ਪੰਨੂ ਨੇ ਵੀ ਅਦਾਲਤ ‘ਚ ਆਪਣਾ ਬਿਆਨ ਦਰਜ ਕਰਵਾਇਆ। ਉਸ ਨੇ ਦਾਅਵਾ ਕੀਤਾ ਕਿ ਆਪਣੀ ਜਾਨ ਨੂੰ ਖ਼ਤਰਾ ਹੋਣ ਬਾਰੇ ਪਤਾ ਲੱਗਣ ਤੋਂ ਬਾਅਦ ਪਿਛਲੇ 1200 ਤੋਂ ਵੱਧ ਦਿਨਾਂ ਤੋਂ ਉਹ ਆਪਣੀ ਨਿਯਮਤ ਕਾਨੂੰਨੀ ਪ੍ਰੈਕਟਿਸ ਨਹੀਂ ਕਰ ਸਕਿਆ ਹੈ। ਪੰਨੂ ਨੇ ਲਗਭਗ 20 ਮਿੰਟ ਤੱਕ ਆਪਣਾ ਪੱਖ ਰੱਖਿਆ। ਉਸ ਦੇ ਲੰਬੇ ਬਿਆਨ ਦੌਰਾਨ ਇੱਕ ਸਮਾਂ ਅਜਿਹਾ ਵੀ ਆਇਆ, ਜਦੋਂ ਜੱਜ ਨੇ ਉਸ ਨੂੰ ਆਪਣੀ ਗੱਲ ਸੰਖੇਪ ‘ਚ ਰੱਖਣ ਤੇ ਬਿਆਨ ਖ਼ਤਮ ਕਰਨ ਲਈ ਕਿਹਾ, ਤਾਂ ਜੋ ਅਦਾਲਤ ਅਗਲੀ ਕਾਰਵਾਈ ਸ਼ੁਰੂ ਕਰ ਸਕੇ।
ਵਕੀਲਾਂ ਨੇ ਸਜ਼ਾ ‘ਤੇ ਜਤਾਈ ਨਿਰਾਸ਼ਾ
235 ਮਹੀਨਿਆਂ ਦੀ ਸਜ਼ਾ ਸੁਣਾਉਂਦਿਆਂ ਜੱਜ ਨੇ ਕਿਹਾ ਕਿ ਅਪਰਾਧ ਦੀ ਪ੍ਰਕਿਰਤੀ ਨੂੰ ਦੇਖਦਿਆਂ ਇਹ ਸਜ਼ਾ ਉਚਿਤ ਤੇ ਸਹੀ ਹੈ। ਫੈਸਲੇ ਤੋਂ ਬਾਅਦ ਬਚਾਅ ਪੱਖ ਦੇ ਵਕੀਲਾਂ ਨੇ ਸਜ਼ਾ ‘ਤੇ ਨਿਰਾਸ਼ਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਸਨ ਕਿ ਨਿਖਿਲ ਗੁਪਤਾ ਨੂੰ ਇਸ ਤੋਂ ਘੱਟ ਸਮੇਂ ਦੀ ਜੇਲ੍ਹ ਦੀ ਸਜ਼ਾ ਮਿਲੇ।
Share this content:



Post Comment