Loading Now

ਅਮਰੀਕਾ-ਇਰਾਨ ਤਣਾਅ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਉਛਾਲ

ਅਮਰੀਕਾ-ਇਰਾਨ ਤਣਾਅ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਉਛਾਲ

ਨਵੀਂ ਦਿੱਲੀ, 4 ਫਰਵਰੀ – ਸੁਰੱਖਿਅਤ ਨਿਵੇਸ਼ ਵਜੋਂ ਮੰਗ ਵਧਣ ਕਾਰਨ ਬੁੱਧਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋਇਆ। ਅਮਰੀਕਾ ਅਤੇ ਇਰਾਨ ਵਿਚਾਲੇ ਫਿਰ ਤੋਂ ਪੈਦਾ ਹੋਏ ਭੂ-ਰਾਜਨੀਤਿਕ ਤਣਾਅ ਨੇ ਪੀਲੀ ਧਾਤ ਦੀਆਂ ਕੀਮਤਾਂ ਨੂੰ ਹੋਰ ਹੁਲਾਰਾ ਦਿੱਤਾ ਹੈ। ਇਸ ਤੋਂ ਪਿਛਲੇ ਸੈਸ਼ਨ ਵਿੱਚ ਸੋਨੇ ਨੇ 2008 ਤੋਂ ਬਾਅਦ ਆਪਣਾ ਸਭ ਤੋਂ ਵਧੀਆ ਦਿਨ ਦਰਜ ਕੀਤਾ ਸੀ। ਸਪਾਟ ਗੋਲਡ 03:53 ਤੱਕ 2.7 ਫੀਸਦੀ ਵਧ ਕੇ 5,071.79 ਡਾਲਰ ਪ੍ਰਤੀ ਔਂਸ ਹੋ ਗਿਆ, ਜਦੋਂ ਕਿ ਮੰਗਲਵਾਰ ਨੂੰ ਇਸ ਵਿੱਚ 5.9% ਦਾ ਉਛਾਲ ਆਇਆ ਸੀ, ਜੋ ਕਿ ਨਵੰਬਰ 2008 ਤੋਂ ਬਾਅਦ ਇਸਦਾ ਸਭ ਤੋਂ ਵੱਡਾ ਰੋਜ਼ਾਨਾ ਵਾਧਾ ਹੈ। ਪਿਛਲੇ ਵੀਰਵਾਰ ਨੂੰ ਸੋਨਾ 5,594.82 ਡਾਲਰ ਦੇ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਿਆ ਸੀ। ਅਪਰੈਲ ਡਿਲੀਵਰੀ ਲਈ ਅਮਰੀਕੀ ਸੋਨਾ ਵਾਅਦਾ 3.2% ਚੜ੍ਹ ਕੇ 5,092.0 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਿਆ।

ਇੰਡਸਇੰਡ ਸਕਿਓਰਿਟੀਜ਼ ਦੇ ਸੀਨੀਅਰ ਰਿਸਰਚ ਐਨਾਲਿਸਟ ਜਿਗਰ ਤ੍ਰਿਵੇਦੀ ਨੇ ਕਿਹਾ, “ਸੋਨਾ 5,000 ਡਾਲਰ ਦੇ ਅਹਿਮ ਪੱਧਰ ਤੋਂ ਉੱਪਰ ਵਾਪਸ ਆ ਗਿਆ ਹੈ, ਕਿਉਂਕਿ ਅਮਰੀਕੀ ਫੌਜਾਂ ਵੱਲੋਂ ਇੱਕ ਈਰਾਨੀ ਡਰੋਨ ਨੂੰ ਡੇਗਣ ਤੋਂ ਬਾਅਦ ਭੂ-ਰਾਜਨੀਤਿਕ ਤਣਾਅ ਨੇ ਸੁਰੱਖਿਅਤ ਨਿਵੇਸ਼ ਵਜੋਂ ਇਸ ਧਾਤ ਦੀ ਖਿੱਚ ਵਧਾ ਦਿੱਤੀ ਹੈ। ਅਮਰੀਕੀ ਫੌਜ ਨੇ ਮੰਗਲਵਾਰ ਨੂੰ ਇੱਕ ਈਰਾਨੀ ਡਰੋਨ ਨੂੰ ਮਾਰ ਗਿਰਾਇਆ ਜੋ ਅਰਬ ਸਾਗਰ ਵਿੱਚ ‘ਅਬਰਾਹਮ ਲਿੰਕਨ’ ਜੰਗੀ ਬੇੜੇ ਦੇ ਨੇੜੇ “ਹਮਲਾਵਰ” ਤਰੀਕੇ ਨਾਲ ਪਹੁੰਚ ਰਿਹਾ ਸੀ। ਇਸ ਦੌਰਾਨ, ਐਕਸੀਓਸ ਦੇ ਪੱਤਰਕਾਰ ਬਾਰਕ ਰਾਵਿਡ ਨੇ ਇੱਕ ਅਰਬ ਸਰੋਤ ਦੇ ਹਵਾਲੇ ਨਾਲ ਕਿਹਾ ਕਿ ਅਮਰੀਕਾ ਅਤੇ ਈਰਾਨ ਵਿਚਕਾਰ ਪ੍ਰਮਾਣੂ ਗੱਲਬਾਤ ਸ਼ੁੱਕਰਵਾਰ ਨੂੰ ਓਮਾਨ ਵਿੱਚ ਹੋਣ ਦੀ ਉਮੀਦ ਹੈ।

ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਇੱਕ ਖਰਚੇ ਦੇ ਸੌਦੇ ‘ਤੇ ਦਸਤਖਤ ਕੀਤੇ ਹਨ ਜਿਸ ਨਾਲ ਅੰਸ਼ਕ ਸਰਕਾਰੀ ਸ਼ਟਡਾਊਨ ਖਤਮ ਹੋ ਗਿਆ ਹੈ। ਨਿਵੇਸ਼ਕਾਂ ਨੂੰ 2026 ਵਿੱਚ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿੱਚ ਘੱਟੋ-ਘੱਟ ਦੋ ਕਟੌਤੀਆਂ ਦੀ ਉਮੀਦ ਹੈ ਅਤੇ ਉਹ ਫੈਡ ਦੀ ਨੀਤੀ ਬਾਰੇ ਹੋਰ ਸੰਕੇਤਾਂ ਲਈ ADP ਨਿੱਜੀ ਪੇਰੋਲ ਡੇਟਾ ਦੀ ਉਡੀਕ ਕਰ ਰਹੇ ਹਨ। ਵਿਆਜ ਨਾ ਦੇਣ ਵਾਲਾ ਸੋਨਾ ਘੱਟ ਵਿਆਜ ਦਰਾਂ ਵਾਲੇ ਮਾਹੌਲ ਵਿੱਚ ਬਿਹਤਰ ਪ੍ਰਦਰਸ਼ਨ ਕਰਦਾ ਹੈ। ਤ੍ਰਿਵੇਦੀ ਨੇ ਅੱਗੇ ਕਿਹਾ ਕਿ ਕੀਮਤਾਂ ਬਹੁਤ ਜਲਦ 5,100 ਡਾਲਰ ਨੂੰ ਛੂਹ ਸਕਦੀਆਂ ਹਨ ਅਤੇ ਸਾਲ ਦੇ ਅੰਤ ਤੱਕ ਸਾਡਾ ਟੀਚਾ 6,000 ਡਾਲਰ ਪ੍ਰਤੀ ਔਂਸ ਹੈ।

Share this content:

Post Comment